ਅਨੁਵਾਦ : ਗੁਰਪ੍ਰੀਤ
1.
ਇੱਕ ਦਿਨ
ਮਨੁੱਖੀ ਸੱਭਿਅਤਾ ਦੀ ਸਭ ਤੋਂ ਸੁਹਣੀ ਕਵਿਤਾ
ਲਿਖੇਗੀ ਇੱਕ ਮਸ਼ੀਨ
ਪਰ ਕੀ ਮਸ਼ੀਨ ਲਿਖ ਸਕੇਗੀ
ਆਪਣੇ ਵਕਤ ਦੇ ਖ਼ਿਲਾਫ਼
ਕਿਸੇ ਮਸ਼ੀਨੀ ਤਾਨਾਸ਼ਾਹ ਦੇ
ਵਿਰੁੱਧ ਹੋ ਸਕੇਗੀ?
ਫਿਰ ਮੈਂ ਆਪਣੇ ਯੁੱਗ ਦੇ ਕਵੀਆਂ ਵੱਲ ਵੇਖਦਾ ਹਾਂ
ਸਰਕਾਰੇ ਦਰਬਾਰੇ ਉਨ੍ਹਾਂ ਦੇ ਝੁਕੇ ਹੋਏ ਸਿਰ
ਹੁਣ ਮੈਨੂੰ
ਦਿਖਾਈ ਦਿੰਦੀ ਹੈ
ਕੁਝ ਉਮੀਦ
ਉਨ੍ਹਾਂ ਮਸ਼ੀਨਾਂ ‘ਚ।
2.
ਮੀਂਹ ਨੂੰ ਬਚਾ ਸਕਦਾ ਹੈ ਵਿਗਿਆਨ
ਸਾਵਣ ਨੂੰ ਬਚਾ ਸਕਦੀ ਹੈ ਬਸ ਕਵਿਤਾ
ਵਿਗਿਆਨ ਬਣਾ ਸਕਦਾ ਹੈ ਸੜਕ
ਪਰ ਰਾਹ ਤਾਂ ਕਵਿਤਾ ਨੇ ਹੀ ਬਣਾਉਣਾ ਹੈ
ਦੂਰ ਲੁਕੇ ਹੋਏ ਕਿਸੇ ਸਿਤਾਰੇ ਗ੍ਰਹਿ ਦਾ ਪਤਾ
ਦੱਸਦਾ ਹੈ ਵਿਗਿਆਨ
ਪਰ ਘਰ ਦਾ ਪਤਾ ਤਾਂ ਕਵਿਤਾ ਕੋਲ਼ ਹੀ ਹੈ
ਵਿਗਿਆਨ ਜਾਣਦਾ ਹੈ ਉਸ ਬਾਂਦਰ ਨੂੰ
ਜਿਸ ਤੋਂ ਪੈਦਾ ਹੋਏ ਆਪਾਂ ਸਾਰੇ
ਪਰ ਕਵਿਤਾ ਨੂੰ ਪਤਾ ਹੈ ਉਸ ਦਿਨ ਦਾ
ਜਦੋਂ ਬਾਂਦਰ ਮਨੁੱਖ ਬਣਿਆ
ਵਿਗਿਆਨ ਚੰਦ ‘ਤੇ ਪਹੁੰਚ ਗਿਆ
ਪਰ ਚੰਦ ਨੂੰ ਬਾਲਕੋਨੀ ‘ਚ ਤਾਂ ਕਵਿਤਾ ਹੀ ਉਤਾਰ ਸਕਦੀ ਹੈ ਬਸ।
3.
ਵਿਦਾ ਲੈਂਦਿਆਂ
ਯਾਦ ਕੀਤਾ ਇੱਕ ਦੂਜੇ ਨੂੰ
ਸ਼ਾਇਦ ਇਸੇ ਲਈ
ਧਰਤੀ ਕਦੇ ਵੀ ਐਨੀ ਵੱਡੀ ਨਹੀਂ ਹੁੰਦੀ
ਕਿ
ਦੁਬਾਰਾ ਮਿਲਣ ਦੀ ਸੰਭਾਵਨਾ ਖਤਮ ਹੋ ਜਾਵੇ।
4.
ਮੈਂ ਮਨੁੱਖੀ ਇਤਿਹਾਸ ਦੇ ਪਹਿਲੇ ਦਿਨ ਤੋਂ
ਅੱਜ ਤੱਕ ਹੋਏ ਸਾਰੇ ਮਨੁੱਖਾਂ ਵਿਚੋਂ
ਕਿਸੇ ਨੂੰ ਵੀ ਅਪਣਾ
ਆਦਰਸ਼ ਮੰਨਣ ਤੋਂ ਮਨਾਂ ਕਰਦਾ ਹਾਂ।
ਮੈਂ ਮਨੁੱਖ ਹਾਂ
ਤੇ ਮਨੁੱਖਤਾ ਦੇ ਨਾਤੇ
ਕਿਸੇ ਨੂੰ ਅਜਿਹੇ ਬੋਝ ਥੱਲੇ ਦੱਬਣ ਤੋਂ
ਮਨਾਂ ਕਰਦਾ ਹਾਂ
ਮੈਂ ਮਨੁੱਖ ਹਾਂ
ਤੇ ਬਾਕੀਆਂ ਨੂੰ ਵੀ
ਮਨੁੱਖ ਹੋਣ ਦੀ ਥਾਂ ਦਿੰਦਾ ਹਾਂ।
5.
ਏਨੀ ਨੇੜੇ ਤੋਂ ਦੇਖਿਆ ਹੈ ਤੈਨੂੰ।
ਪਹਿਲਾਂ ਵੀ ਕਦੇ
ਆਪਣੀਆਂ ਕਵਿਤਾਵਾਂ ਵਿੱਚ
ਸ਼ਾਇਦ ਦੇਖਿਆ ਹੈ ਤੈਨੂੰ।
6.
ਉਸ ਦੀਆਂ ਅੱਖਾਂ ‘ਚ ਹੈ
ਗਜ਼ ਭਰ ਜ਼ਮੀਨ ਮੇਰੇ ਲਈ
ਬਹੁਤ ਹੈ
ਇਸ ਦੂਰ ਦੇਸ਼ ਨੂੰ
ਆਪਣਾ ਕਹਿਣ ਲਈ।
7.
ਕਿਸੇ ਬਹੁਤ ਵਧੀਆ ਦੁਨੀਆ ਵਿੱਚ
ਇਕੱਠੇ ਹਾਂ ਆਪਾਂ
ਅਜਿਹੀ ਬਹੁਤ ਸੁਹਣੀ ਦੁਨੀਆ
ਮੇਰੇ ਮਨ ਦੀਆਂ ਸੱਤ ਤੈਹਾਂ ਹੇਠਾਂ ਵਸਦੀ ਹੈ।
ਉਸ ਦੁਨੀਆ ਦੀਆਂ ਆਪਣੀਆਂ ਰੁੱਤਾਂ ਨੇ
ਉਸ ਦੁਨੀਆ ਦਾ ਇੱਕ ਸਾਵਣ ਵੀ
ਸੱਤ ਤੈਹਾਂ ‘ਚੋਂ ਹੁੰਦਾ ਹੋਇਆ ਵਹਿੰਦਾ ਹੈ
ਮੇਰੀਆਂ ਅੱਖਾਂ ‘ਚੋਂ।
ਦੇਖੋ !
ਉਸ ਦੁਨੀਆ ‘ਚ ਵੀ ਭਿਜਦੇ ਹਾਂ ਆਪਾਂ
ਤੇ ਇਸ ਦੁਨੀਆ ਵਿੱਚ ਵੀ।
8.
ਮੇਰੇ ਮਨ ‘ਚ ਉੱਠਦਾ
ਤੇਰੀਆਂ ਯਾਦਾਂ ਦਾ ਜਵਾਰਭਾਟਾ
ਅਹਿਸਾਸ ਕਰਵਾਉਂਦਾ ਹੈ
ਕਿ
ਆਪਣੇ ਚੰਦ ਤੋਂ ਜ਼ਿਆਦਾ ਦੂਰ
ਭੱਜ ਨਹੀਂ ਸਕਦਾ ਮਨੁੱਖ।
9.
ਤੂੰ ਅੱਖਾਂ ਬੰਦ ਕਰਕੇ
ਜਾਦੂ ਦਾ ਇੰਤਜ਼ਾਰ ਕਰਦੀ ਰਹੀ
ਬਿਨਾਂ ਇਹ ਜਾਣਿਆ
ਕਿ ਜਾਦੂ ਤਾਂ
ਤੇਰੀਆਂ ਹੀ ਅੱਖਾਂ ‘ਚ ਸੀ।
10.
ਜੇਲ੍ਹ ਦੀ ਤਰਜ਼ ‘ਤੇ
ਨੇ ਸਾਰੇ ਸਕੂਲ
ਆਪਣੇ ਅਧਿਆਪਕ ਤੋਂ
ਡਰਿਆ ਬੱਚਾ
ਕਿੱਥੋਂ ਲਿਆਵੇਗਾ ਹਿੰਮਤ
ਲੋਕਤੰਤਰ ਨੂੰ ਸੁਆਲ ਕਰਨ ਦੀ।
11.
ਉਹ ਕਹਿੰਦੇ ਨੇ
ਅੱਜ ਕੱਲ੍ਹ ਸਾਰੇ ਹੀ ਲਿਖਣ ਲੱਗ ਪਏ ਨੇ ਕਵਿਤਾ
ਅੱਜ ਕੱਲ੍ਹ ਕੋਈ ਵੀ ਕੁਝ ਵੀ ਲਿਖ ਦਿੰਦਾ ਹੈ।
ਉਹ ਇਸ ਗੱਲ ਨੂੰ ਸਾਹਿਤ ਲਈ ਚੰਗਾ ਨ੍ਹੀਂ ਮੰਨਦੇ
ਉਹ ਸਾਨੂੰ ਸਭ ਨੂੰ ਸ਼ਾਇਦ
ਸਬਜ਼ੀ ਮੰਡੀ ਦਾ ਸਾਹਿਤ ਕਹਿੰਦੇ ਨੇ।
ਮੇਰਾ ਮੰਨਣਾ ਹੈ
ਕਿ
ਉਹ ਡਰੇ ਹੋਏ ਨੇ ਕਿ
ਜਦੋਂ ਸਾਰੇ ਲਿਖਣ ਲੱਗੇ
ਤਾਂ ਲਿਖੀਆਂ ਜਾਣਗੀਆਂ ਉਹ ਕਵਿਤਾਵਾਂ ਵੀ
ਜਿਨ੍ਹਾਂ ਤੋਂ ਉਹ ਦੂਰ ਭੱਜਦੇ ਨੇ
ਸੁਣਨ ਦੀ ਹਿੰਮਤ ਨਹੀਂ ਰੱਖਦੇ।
ਉਨ੍ਹਾਂ ਨੂੰ ਸਾਹਿਤ ਉਦੋਂ ਤੱਕ ਹੀ ਚੰਗਾ ਲਗਦਾ ਸੀ
ਜਦੋਂ ਸਿਰਫ ਇੱਕ ਤਬਕਾ ਲਿਖ ਸਕਦਾ ਸੀ
ਤੇ ਦੂਜੇ ਨੂੰ ਕਿਤਾਬ ਦਾ ਵੀ ਪਤਾ ਨਹੀਂ ਸੀ
ਉਨ੍ਹਾਂ ਦਾ ਕਹਿਣਾ ਹੈ
ਕਿ ਹੁਣ ਜ਼ਿਆਦਾ ਹੀ ਲਿਖਣ ਲੱਗ ਪਏ ਲੋਕ
ਅਜਿਹਾ ਇਸ ਲਈ ਕਿ
ਹੁਣ ਉਹ ਵੀ ਲਿਖਣ ਲੱਗ ਪਏ ਨੇ
ਜਿਨ੍ਹਾਂ ਦੇ ਛੋਹਣ ਨਾਲ਼
ਅਸ਼ੁੱਧ ਹੋ ਜਾਂਦੀ ਸੀ ਕਲਮ
ਉਨ੍ਹਾਂ ਦਾ ਕਹਿਣਾ ਹੈ ਕਿ
ਸਾਹਿਤ ਦਾ ਪੱਧਰ ਡਿੱਗ ਜਿਹਾ ਗਿਆ ਹੈ
ਕਿਉਂਕਿ ਲਿਖਣ ਲੱਗੇ ਨੇ ਉਹ ਲੋਕ
ਜਿਨ੍ਹਾਂ ਨੂੰ ਉਹ ਗਿਰੇ ਹੋਏ ਸਮਝਦੇ ਸਨ।
(ਕੁਝ ਵੱਡੇ ਲੇਖਕਾਂ ਨੂੰ ਪੜ੍ਹਦਿਆਂ, ਜਿਨ੍ਹਾਂ ਦੀ ਸ਼ਿਕਾਇਤ ਹੈ ਕਿ ਅੱਜ ਕੱਲ੍ਹ ਹਰ ਕੋਈ ਲਿਖ ਰਿਹਾ ਹੈ)
ਕਹਾਣੀਆਂ
ਇੱਥੇ ਕਹਾਣੀਆਂ ਨੇ
ਕਹਾਣੀਆਂ ਸੁਣਾਉਣ ਵਾਲੇ
ਕਹਾਣੀਆਂ ਸੁਣਨ ਵਾਲੇ
ਕਮਰਾ ਭਰਿਆ ਹੋਇਆ ਹੈ
ਕਹਾਣੀਆਂ ਦੇ ਸਾਹਾਂ ਨਾਲ
ਇਹ ਬਹੁਤ ਹੈ
ਮਨਫੀ ਚਾਲੀ ਦੀ ਠੰਢ ‘ਚ
ਦੁੱਧੋਂ ਛੁਡਾਏ ਇੱਕ ਬੱਚੇ ਦੀ ਮੌਤ
ਰੋ ਰੋ ਠੁਰ ਠੁਰ ਕਰਦਿਆਂ
ਦੁੱਖ ਜ਼ਿਆਦਾ ਸਮਾਂ ਨਹੀਂ ਰਿਹਾ
ਪ੍ਰਾਰਥਨਾਵਾਂ ਤੇ ਹੋਰ ਪ੍ਰਾਰਥਨਾਵਾਂ
ਇੱਕ ਭੋਜਨ ਤੇ ਦੂਜੇ ਭੋਜਨ ਵਿਚਕਾਰ
ਕਹਾਣੀਆਂ ਨੇ
ਪੂਰਨ ਹੈ ਇਹ ਅਵਸਥਾ।

Read more
ਬਲਵਿੰਦਰ ਸੰਧੂ
ਹਰਮੀਤ ਵਿਦਿਆਰਥੀ
ਅਮਰਜੀਤ ਕੌਂਕੇ