
ਨਹੀਂ ਚਾਹੁੰਦਾ ਸ਼ਹਿਰ
ਜਦ ਵੀ
ਮੈਨੂੰ ਵਿਚਰਦਿਆਂ
ਕੰਮ ਕਰਦਿਆਂ ਤੱਕਦੀ ਹੈ
ਮਾਂ
ਕੋਈ ਸ਼ਰੀਕ
ਰਿਸ਼ਤੇਦਾਰ
ਤਾਂ ਖ਼ੁਸ਼ ਹੋ ਅਕਸਰ ਕਹਿੰਦੇ ਨੇ
”ਇਹ ਤਾਂ ਦਾਦੇ ‘ਤੇ ਗਿਐ”
ਦਾਦਾ!
ਜੋ ਪਿੰਡ ਵਿੱਚ ਸਭ ਤੋਂ ਚੀੜ?
ਸ਼ਰੀਫ਼, ਇਮਾਨਦਾਰ
ਖੁੱਲ੍ਹ ਕੇ ਹੱਸਣ ਵਾਲ਼ਾ
ਕਈ ਪਿੰਡਾਂ ‘ਚ
ਮੰਨਿਆਂ-ਪ੍ਰਮੰਨਿਆਂ ਸੀ ਸਾਂਝੀ-ਸੀਰੀ
ਮੈਂ ਨਹੀਂ ਡਿੱਠਾ ਦਾਦਾ
ਸੁਣ!
ਆਪਣੀ ਨਹੀਂ
ਉਸਦੀ ਸਿਫ਼ਤ
ਸੀਨਾ ਚੌੜਾ ਹੋ ਜਾਦੈ ਫ਼ਖ਼ਰ ਦੇ ਨਾਲ਼
ਪਰ!
ਸ਼ਹਿਰ ‘ਚ ਰਹਿੰਦਿਆਂ
ਕੁਲੀਗਾਂ
ਮੁਹੱਲੇਦਾਰਾਂ ਦੇ ਸਾਹਵੇਂ
ਜਦ ਵੀ
ਮੇਰੇ ‘ਚੋਂ ਬੋਲਣ ਲੱਗਦਾ ਹੈ ਦਾਦਾ
ਤਾਂ!
ਸਭ ਦਿੰਦੇ ਨੇ ਮੈਨੂੰ
ਪਰੰਪਰਾਵਾਦੀ
ਮਨੁੱਖ ਹੋਣ ਦਾ ਲਕਬ
ਕਹਿੰਦੇ ਨੇ ਸਭ!
ਵੇਲ਼ਾ ਵਿਹਾਅ ਚੁੱਕੀਆਂ
ਕੀਮਤਾਂ ਦਾ ਉਪਾਸ਼ਕ
ਨਹੀਂ ਚਾਹੁੰਦਾ ਸ਼ਹਿਰ
ਮੇਰੇ ‘ਚੋਂ ਬੋਲੇ ਦਾਦਾ
ਮੇਰੇ ਧੀਅ, ਪੁੱਤਰ ‘ਚੋਂ
ਬੋਲਾਂ ਮੈਂ….।
ਮੱਲੂ ਰੋੜੀਕੁੱਟ
ਸਾਰੇ ਪਿੰਡ ਲਈ
ਮੀਰ ਆਲਮਾਂ ਦਾ
ਮੱਲੂ ਕੁੱਬਾ
ਪਰ!
ਵਿਧਵਾ ਸ਼ਿੰਬੋ ਮਾਈ ਦਾ
ਮਲਕ!
ਘੋਰ ਗ਼ਰੀਬੀ ਦੇ
ਨਿਰੰਤਰ ਸਫ਼ਰ ‘ਚ
ਦਾਦੇ ਪੜਦਾਦੇ ਦੀ ਲੀਹ ਕੱਟਦਿਆਂ
ਉਨ੍ਹਾਂ ਨੂੰ ਦੋ ਕਦਮ ਪਛਾੜ ਗਿਐ।।।
ਬਦਲੇ ਜ਼ਮਾਨੇ ‘ਤੇ ਖ਼ਫ਼ਾ ਮੱਲੂ
ਬੇਸ਼ਕ ਹੈ ਖ਼ੂਬ ਸੁਰੀਲਾ
ਪਰ!
ਮੀਰ ਆਲਮੀ ਛੱਡ
ਬਣ ਗਿਐ
ਮੱਲੂ ਰੋੜੀਕੁੱਟ
ਸੁਖ ਨਾਲ਼ ਚੌਥੀ ਪਾਸ ਕਰ ਗਿਐ
ਉਸਦਾ ਰਹਿਮਾਨ
ਉਸ!
ਝੁੱਗੀ ਨੂੰ ਕਿਹੈ ਅਲਵਿਦਾ ਤੇ
ਅੱਜਕੱਲ੍ਹ
ਕੋਠਾ ਰਿਹੈ ਉਸਾਰ
ਉਫ਼!
ਟੁੱਟੀ ਪੈੜ ਤੋਂ ਡਿੱਗ
ਮਰ ਗਿਆ ਹੈ
ਮੱਲੂ!
ਉਸਦੀ ਲਾਸ਼
ਕੋਠੇ ਦੀ ਦਹਿਲੀਜ਼ ਤੋਂ
ਦੋ ਕਦਮ ਅੱਗੇ ਪਈ ਹੈ
ਕੋਠਾ
ਵੀਹ ਸਾਲ
ਪਿੱਛੇ ਖ਼ਿਸਕ ਗਿਆ ਹੈ।।।
ਮਿਲਖੀ ਮੋਚੀ ਦਾ ਮੰਗਲ
ਪੰਜਾਬੀ ‘ਚ
ਮਾਈ ਸੈਲਫ ਸੁਣਾ ਰਿਹਾ
ਮਿਲਖੀ ਮੋਚੀ ਦਾ
ਮੰਗਲ
ਜਦੋਂ ਕਣਕ-ਵੰਨੇ ਰੰਗ ਨੂੰ
ਮੇਰਾ ਰੰਗ ਗੋਰਾ ਹੈ
ਕਹਿੰਦੈ!
ਸਾਰੀ ਜਮਾਤ ਵਿਚ
ਫੈਲ ਜਾਂਦੀ ਹੈ ਹਾਸੇ ਦੀ ਲਹਿਰ
ਅੱਜ!
ਸਕੂਲੀ ਵਰਦੀ ਤੋਂ ਛੋਟ ਹੈ
ਸਿਆਣ-ਸਿਆਣ ਦੱਸੇ ਹਨ
ਉਸ ਕਮੀਜ਼ ਅਤੇ
ਲੱਕ ‘ਤੇ ਲੱਗੀ
ਕਾਨਵੈਂਟ ਸਕੂਲ ਦੀ
ਬੈਲਟ ਦੇ ਰੰਗ
ਉਸ ਤੋਂ ਵੱਡੇ ਰਾਮੂ ਤੇ ਰਾਧਾ
ਤੋਂ ਹੁੰਦੀ ਹੋਈ
ਖ਼ਾਕੀ ਪੈਂਟ ਦੇ ਫਿੱਟੇ ਰੰਗ ਨੂੰ
ਉਸ ਅੱਖਾਂ ਸੁੰਗੇੜ ਜਾਂਚਦਿਆਂ ਕਿਹਾ
ਮੇਰੀ ਪੈਂਟ ਰੋਟੀ ਰੰਗੀ ਹੈ
ਤਾਂ ਜਮਾਤ ਵਿਚ
ਆ ਗਿਐ ਹਾਸੇ ਦਾ ਭੂਚਾਲ
ਮੈਂ ਝਿੜਕਿਐ!
ਸਾਰੇ ਬੱਚੇ ਹੋਏ ਨੇ ਸ਼ਾਂਤ
ਮੰਗਲ ਨੇ ਸ਼ਾਨ ਨਾਲ ਦੱਸਿਐ
ਬੂਟਾਂ ਦਾ ਰੰਗ
ਤੇ ਹੁਣ!
ਜਮਾਤ ਦੇ ਸਾਰੇ ਬੱਚੇ
ਜਾਂਚ ਰਹੇ ਹਨ ਆਪਣੇ ਬੂਟ
ਮੰਗਲ ਦੇ ਚਿਹਰੇ ‘ਤੇ
ਫੈਲ ਗਈ ਹੈ ਜੇਤੂ ਮੁਸਕਾਨ
Read more
ਫ਼ੈਜ਼ ਅਹਿਮਦ ਫ਼ੈਜ਼
ਸਾਹਿਰ ਲੁਧਿਆਣਵੀ
ਫ਼ਹਮੀਦਾ ਰਿਆਜ਼