ਅਵਤਾਰਜੀਤ

1.

ਉਹ ਆਦਿ ਪੱਥਰ ਯੁੱਗ ਤੋਂ
ਜੰਗਲ-ਵਾਸ ਹੁੰਦਾ
ਵਾਸਨਾ ਨੂੰ ਲਤਾੜਦਾ
ਜਾਨਵਰ ਤੋਂ ਆਪਣੇ ਆਪ ਨੂੰ
ਅਲੱਗ ਕਰਦਾ
ਸਿਆਣਪਾਂ ਦਾ ਸਮੂਹ
ਤਕਨੀਕ ਦੇ ਸਿਖਰ ‘ਤੇ ਪਹੁੰਚ ਗਿਆ
ਕੁਦਰਤ ਤੇ ਰਾਜ ਕਰਦਾ
ਹਵਾ ਤੇ ਪਾਣੀ ਨੂੰ
ਆਪਣੇ ਸੰਕੇਤਾਂ ‘ਤੇ ਚਲਾਉਂਦਾ ਵਗਾਉਂਦਾ
ਜਾਗਦੇ ਅੰਗਾਂ ਪੈਰਾਂ ਨੂੰ
ਪਹੀਏ ‘ਚ ਤਬਦੀਲ ਕਰ
ਵਕਤ ਦੀ ਰਫਤਾਰ
ਗ੍ਰਹਿ ਦੀ ਤੇਜ਼ ਗਤੀ ‘ਚ ਸ਼ਾਮਿਲ
ਕਦਮ ਅਗਾਂਹ ਧਰਦਾ
ਸੋਚ ਅਤੇ ਸਪੇਸ ਅੰਦਰ
ਜਿਊਣ ਨੂੰ ਅੰਕਿਤ ਕਰਦਾ
ਅੱਜ
ਹੋਂਦ ਲਈ ਤਲਾਸ਼ਦਾ ਹੋਰ ਰਹਿਤਲਾਂ
ਅਲੱਗ ਧਰਤੀਆਂ ਲੱਭਦਾ
ਗੁੰਮ ਹੋ ਗਿਆ ਹੈ ਕਿਤੇ
ਤਨ ਦੇ ਧਰਾਤਲ ਤੋਂ ਪਰਾਂ
ਕਦਮ ਤੇ ਪੈੜ  ਵਿਚਕਾਰ ਕਿਧਰੇ
ਆਪੇ ਸਿਰਜਿਆ
ਕੰਧਾਂ ਵਿਚਕਾਰ ਜੋ ਸੰਸਾਰ….

2.

ਉਹ
ਆਪਣੇ ਅੰਦਰ
ਦਫਨ ਕਰ ਚੁੱਕਿਆ
ਇਕ ਚਹਿਚਹਾਉਦਾ ਪਿੰਡ
‘ਕੱਲਾ ਕਿਤੇ ਨਾ ਕਿਤੇ
ਉਂਗਲ ਉਤੇ ਗੁਲੋਬ ਘੁਮਾਉਂਦਾ
ਉਪ ਵਿਸ਼ਵਾਸੀ ਹੋ  ਗਿਆ
ਤੇ ਵਿਸ਼ਵੀ ਵੀ
ਹੋ ਗਿਆ ਕਿਸੇ ਭੁੱਲ ਦਾ ਸ਼ਿਕਾਰ
ਦੁਬਾਰਾ ਜਾਨਵਰਾਂ ‘ਚ ਸੁਮਾਰ
ਜਾਗ ਪਿਆ ਉਸ ਦੇ ਅੰਦਰ ਜੰਗਲ
ਤੇ ਅਜ ਕੱਲ੍ਹ
ਸੱਭਿਅਤਾ
ਉਸ ਵੱਲ ਪਿੱਠ ਕਰ ਖੜ੍ਹ ਜਾਂਦੀ …

3.

ਹੁਣ
ਉਸ ਦੀ ਪਹਿਚਾਣ
ਕੁਦਰਤੀ ਮੌਲਿਕ ਨਹੀਂ  ਰਹੀ
ਉਸ ਦੇ ਪੋਟਿਆਂ ‘ਚ ਹੈ
ਕਾਰਾਵਾਸ ਕਿਤੇ
ਉਡਾਨ ਬੇਲਗਾਮ
ਗੂੰਜਦਾ ਗੁਮਾਨ ਉਸਦਾ
ਮੱਥੇ ਚ ਬਿਜਲਈ ਸਕਰੀਨ ਥਰਰਾਂਦੀ
ਸਿਰਾਂ ਦੇ ਅਸਮਾਨ ਚ
ਆਪਣੇ ਆਪ ਨੂੰ ਲੱਭਦਾ
ਕਲਪਨਾ ਚ ਅਕਾਂਕਸ਼ਾ ਦੀਆਂ
ਅਣਸੁਣੀਆ ਧੁੰਨਾਂ
ਧੁੰਦ ਮਨਾਂ ਦਿਲਾਂ ਦੀ ਚੁੱਪ
ਜ਼ਿਹਨ ‘ਚ ਕਿਸੇ
ਕਰੂਰ ਚਾਬਕ ਦੀਆਂ ਚੋਭਾਂ
ਉਸ ਦੇ ਧੁਰ ਅੰਦਰ ਵੱਜਣ ਖੋਭਾਂ
ਉਸ ਦਾ ਨਾ ਹੋਣ ‘ਚ
ਪਰਤ ਦਰ ਪਰਤ ਰੂਪਾਂਤਰਣ ਹੁੰਦਾ
ਉਹ ਝੱਟ
ਇਕ ਦ੍ਰਿਸ਼ ਕਲਿਕ ਕਰਦਾ
ਆਪਣੇ ਹੋਣ ਦਾ ਵਿਸ਼ਵਾਸ
ਜਗਾਈ ਰਖਦਾ

ਆਤਮਕਰਿਤ ਹੋਣ ਬਾਰੇ ਸੋਚਦਾ….

4.

ਉਸ ਦੀ
ਚੇਤਨਾ ‘ਚ ਕੈਮਰੇ ਦੀ ਅੱਖ

ਦੂਰ ਕਿਤੇ ਵਿਜਨ ‘ਚ
ਵਿਛਿਆ ਜਾਲ਼
ਸਟਿਲ ਚੱਕਰਵਿਊ
ਜਿਸ ਅੰਦਰ
ਉਹ ਦੌੜ ਰਿਹਾ  ਸਰਪਟ
ਵਾਰ ਵਾਰ ਆਪਣੇ ਨਾਲ ਹੀ ਲੜਦਾ

ਦੂਰ ਬੈਠੀ
ਚੁੱਪ ਚਾਪ ਵੇਖ ਰਹੀ ਕਿਤਾਬ
ਕਿਤਾਬ ਤਸਵੀਰ ਅੰਦਰ
ਹੌ ਰਹੀ ਪਰਵਰਤਿਤ

ਤੇ ਉਹ ਤਸਵੀਰ ‘ਚ
ਫਰੇਮ ਹੋ ਗਿਆ ਹੈ
ਸਾਰੇ ਦਾ ਸਾਰਾ

ਉਹ ਧਰਤੀ ਦੀ ਇੱਕ ਨੁਕਰੇ
ਬਰਫ ਦੀ ਦੀਵਾਰ ‘ਤੇ ਟੰਗਿਆ
ਸਾਹਾਂ ਦਾ ਕਲੰਡਰ
ਕਾਲ ਚੱਕਰ ‘ਚੋਂ
ਬਸ ਕਰਦਾ ਹੈ ਮਾਈਨਸ ਤਾਰੀਖਾਂ

ਬਰਫ਼ ਤੁਪਕਾ ਤੁਪਕਾ
ਪਾਣੀ ਹੋ ਰਹੀ ….