ਪਤਾਲ ‘ਚ ਜੜ੍ਹਾਂ
ਕਿੱਥੋਂ ਤੁਰਿਆ ਕਿੱਥੇ ਜਾਣਾ
ਕਰਾਂ ਮਰਜ਼ੀ, ਮੰਨਾ ਭਾਣਾ
ਕੌਣ ਦੱਸੇ, ਕਿਸ ਤੋਂ ਪੁੱਛਾਂ
ਕੀ ਇਹ ਗੱਲ ਵੀ
ਆਪਣੇ ਅੰਦਰ ਦੀ?
ਫੇਰ ਬਾਹਰ ਕੀ
ਗੁਫਾ ‘ਚ ਈ ਰਹਿੰਦਾ
ਨ੍ਹੇਰੇ ਵਿਚ ਵੀ ਸਭ ਕੁਝ ਵਿੰਹਦਾ
ਜੋ ਚਾਨਣ ‘ਚ ਵੀ ਨੀ ਦੀਂਹਦਾ
ਕੀ ਮੈਂ ਤੁਰਿਆ ਵੀ
ਕਿ ਖੜ੍ਹਾ ਉੱਥੇ ਹੀ
ਹਾਂ ਜਿੱਥੇ
ਉੱਥੇ ਵੀ ਨਹੀਂ?
ਦੱਸੇ ਕੌਣ ਪੁੱਛਾਂ ਕਿਸ ਤੋਂ
ਕੀ ਇਹ ਗੱਲ ਵੀ
ਆਪਣੇ ਅੰਦਰ ਨਾਲ ਜੁੜੀ
ਫੇਰ ਬਾਹਰ ਕੀ
ਗੁਫਾ ‘ਚ ਹੀ ਰਹਿੰਦਾ
ਨ੍ਹੇਰੇ ‘ਚ ਵੀ ਸਭ ਕੁਝ ਵੇਂਹਦਾ
ਜੋ ਚਾਨਣ ‘ਚ ਵੀ ਨੀ ਦੀਂਹਦਾ
ਇਹ ਗੱਲ ਹੈ ਤੇਰੀ
ਜਾਂ ਮੇਰੀ
ਕਿ ਧਰਤੀ ਵਾਲ਼ੀ ਫੇਰੀ
ਦਿਨ ਜੇ ਦਿਨ ਹੈ
ਰਾਤ ਜੇ ਰਾਤ ਹੈ
ਤਾਹੀਂ ਬਾਤ ਦੀ ਬਾਤ ਹੈ
ਕੀਹਦੇ ਨਾਲ਼ ਕਰਾਂ
ਦੱਸੇ ਕੌਣ ਪੁੱਛਾਂ ਕਿਸ ਤੋਂ
ਕੀ ਇਹ ਗੱਲ ਵੀ ਆਪਣੇ ਅੰਦਰ ਹੀ ਖੜ੍ਹੀ
ਫੇਰ ਬਾਹਰ ਕੀ
ਅੰਦਰ ਹੀ ਰਹਿੰਦਾ
ਨ੍ਹੇਰੇ ‘ਚ ਵੀ ਸਭ ਕੁਝ ਵੇਂਹਦਾ
ਜੋ ਚਾਨਣ ‘ਚ ਵੀ ਨੀ ਦੀਂਹਦਾ
ਇਹ ਗੱਲਾਂ
ਕੀ ਤੇਰੇ ਨਾਲ਼ ਕਰਦਾਂ
ਜਾਂ ਆਪ ਹੀ
ਹਾਂ ਨਾ ਹਾਂ ਨਾ ਕਰਦਾਂ
ਖੁਦ ਨੂੰ ਹੀ ਕੁਝ ਦਸਦਾਂ
ਖੁਦ ਨੂੰ ਹੀ ਕੁਝ ਪੁੱਛਦਾ
ਦੱਸੇ ਕੌਣ ਪੁੱਛਾਂ ਕਿਸ ਤੋਂ
ਕੀ ਇਹ ਗੱਲ ਵੀ ਅੰਦਰ ਹੀ ਪਈ
ਫੇਰ ਬਾਹਰ ਕੀ
ਅੰਦਰ ਹੀ ਰਹਿੰਦਾ ….
ਕੀ ਤਾਣੀ ਉਲਝੀ
ਕਿ ਇਹੋ ਸੁਲਝੀ
ਸਿਰਾ ਤੰਦ ਦਾ
ਹੱਥ ਆਵੇ ਕਿਵੇਂ
ਮੁੱਠੀ ‘ਚੋਂ ਰੇਤਾ ਕਿਰਦਾ ਜਾਵੇ ਜਿਵੇਂ
ਚੱਲ ਛੱਡ ਪਰੇ
ਕਿਰ ਜਾਣ ਦੇ ਸਭ
ਗੱਲ ਮੁੱਕੇ!!
ਪਹਿਲੀ ਤੇ ਆਖ਼ਰੀ ਗੱਲ
ਧਰਤੀਏ, ਮਿੱਟੀਏ
ਜੇ ਮੈਂ
ਨਾਲ਼ ਨਾ ਹੋਵਾਂ ਤੇਰੇ
ਬੁਰਕੀ ਨਾ ਲੰਘੇ
ਸੰਘੋਂ ਮੇਰੇ£
ਐਨਾ ਚਾਨਣ
ਉਹ ਪਿੰਡੋਂ
ਮਾਨਸਾ ਆਇਆ
ਆਥਣੇ ਕਿਰਾਏ ਦੇ ਕਮਰੇ ‘ਚ
ਸੁੱਚ ਦੱਬਦਾ
ਲਾਟੂ ਜਗਦਾ
ਉਹ ਹੈਰਾਨ ਹੋ ਜਾਂਦਾ
ਕਮਰੇ ਦੇ ਬਾਹਰ ਖੜ੍ਹ ਦੇਖਦਾ
ਤੇ ਆਪਣੇ ਆਪ ਨੂੰ ਸੁਣਾ ਕੇ ਆਖਦਾ
ਐਨਾ ਚਾਨਣ !
ਸ਼ੁਕਰ ਹੈ!
ਜ਼ਮੀਨ ਬਚ ਗਈ
ਮਾਲਕ ਦੀ
ਸ਼ੁਕਰ ਹੈ ਮਾਲਕ ਦਾ !
ਮੇਰੇ ਨਿਆਣਿਆਂ ਨੂੰ
ਟੁੱਕੜ ਜੁੜਿਆ ਰਹੂ
ਥੋੜ੍ਹੀ ਵਿੱਥ ‘ਤੇ ਨੱਚਦਾ
ਆਪਣੇ ਆਪ ਨੂੰ ਆਖਦਾ
ਫੁੱਲਾਂ ਦੇ ਵਰ੍ਹਦੇ ਮੀਂਹ ਹੇਠ
ਉਹ ਹੁਬਕੀ ਹੁਬਕੀ ਰੋ ਪਿਆ।

Read more
ਬਲਵਿੰਦਰ ਸੰਧੂ
ਹਰਮੀਤ ਵਿਦਿਆਰਥੀ
ਅਮਰਜੀਤ ਕੌਂਕੇ