ਅਣਸੂਚਿਤ
ਪਸ਼ੂ-ਪੰਛੀਆਂ
ਪੁਰਾਤੱਤਵ ਦੀਆਂ ਚੀਜ਼ਾਂ
ਅਤੇ ਭਾਸ਼ਾਵਾਂ ਸੰਬੰਧੀ
ਜਿੱਥੇ ਚਿੰਤਾਵਾਂ ਦਿੱਸ ਰਹੀਆਂ ਨੇ
ਓਥੇ
ਦੂਜੇ ਪਾਸੇ
ਮਾਨਵ
ਸਭ ਤੋਂ ਵੱਧ ਨਾਜ਼ੁਕ ਦੌਰ ਵਿੱਚੋਂ ਲੰਘ ਰਿਹਾ ਹੈ
ਬਨਾਉਟੀ ਬੁੱਧੀਮਾਨੀ
ਅਤੇ ਡੈਟਾ ਨੇ
ਮਨੁੱਖ ਨੂੰ
ਨਾ ਸਿਰਫ਼ ਮਨਫ਼ੀ ਕਰ ਦਿੱਤਾ ਹੈ
ਸਗੋਂ
ਪਹਿਲਾਂ ਦੇ ਕਿਸੇ ਵੀ ਦੌਰ ਦੀ ਤੁਲਨਾ ਵਿੱਚ
ਜ਼ਿਆਦਾ ਇਕੱਲਾ
ਡਰਿਆ ਹੋਇਆ
ਅਤੇ ਬੇਸਹਾਰਾ ਵੀ ਬਣਾ ਦਿੱਤਾ ਹੈ
ਯਾਨੀ
ਮਨੁੱਖ ਨੂੰ ਹੈਕ ਕੀਤਾ ਜਾ ਚੁੱਕਾ ਹੈ।
ਸੱਭਿਅਤਾ ਦਾ ਵਿਕਾਸ
ਮਾਨਵ ਨੇ
ਜਿਸ ਸਹਿ-ਹੋਂਦ
ਸਹਿ-ਯੋਗ
ਅਤੇ
ਸਹਿ-ਜੀਵਨ
ਦੇ ਮੁੱਲਾਂ ਨਾਲ਼ ਕੀਤਾ ਸੀ
ਉਨ੍ਹਾਂ ਨੂੰ
ਵਿਸ਼ਵੀਕਰਨ ਤੇ ਸਵਾਰ
ਸਾਮਰਾਜਵਾਦੀ ਤਾਕਤਾਂ ਨੇ
ਖ਼ਤਰੇ ਵਿੱਚ ਪਾ ਦਿੱਤਾ ਹੈ
ਅਤੇ ਇੰਨਾ ਸ਼ੋਰ ਕਰ ਰਹੀਆਂ ਨੇ
ਕਿ ਜ਼ਿਆਦਾਤਰ ਲੋਕ
ਇਸ ਖ਼ਤਰੇ ਨੂੰ
ਮਹਿਸੂਸ ਹੀ ਨਹੀਂ ਕਰ ਰਹੇ।
ਬਾਬਿਆਂ ਦਾ ਬਜ਼ਾਰ ਹੈ
ਧਾਰਮਿਕ ਪਾਗਲਪਣ ਹੈ
ਜਾਤੀਆਂ ਹਨ
ਮੌਬ-ਲਿੰਚਿੰਗ ਹੈ
ਖਾਪ ਪੰਚਾਇਤਾਂ ਹਨ
ਫ੍ਰੀ ਡਾਟਾ ਹੈ
ਵਟਸਐਪ-ਫ਼ੇਸਬੁੱਕ ਹੈ
ਟੀਵੀ ਦੇ ਰਿਐਲਿਟੀ ਸ਼ੋਅ ਹਨ
ਖਬਰੀਆ ਚੈਨਲ ਹਨ
ਹਰੇਕ ਦਾ ਆਪਣਾ ਮੀਡੀਆ ਹੈ
ਖੂਬ ਸਾਰਾ ਪ੍ਰਸਾਰਣ-ਪ੍ਰਕਾਸ਼ਨ ਹੈ।
ਭੁੱਖ ਨਾਲ਼ੋਂ ਜ਼ਿਆਦਾ
ਲੋਕ ਵੱਧ ਖਾਣ ਨਾਲ਼ ਮਰ ਰਹੇ ਨੇ
ਯੁੱਧ
ਅਤੇ ਮਹਾਮਾਰੀਆਂ ਦਾ ਕੰਮ
ਹੁਣ ਦੁਨੀਆ ਦੀਆਂ
ਵੀਹ-ਤੀਹ ਵੱਡੀਆਂ ਕੰਪਨੀਆਂ
ਕਰ ਰਹੀਆਂ ਨੇ
ਜੋ ਆਪਣੇ ਮੁਖੌਟੇ ਵਿੱਚ
ਸਭ ਤੋਂ ਵੱਧ ਮਾਨਵੀ
ਅਤੇ ਪੀਪਲ-ਸੈਂਟ੍ਰਿਕ ਲੱਗਦੀਆਂ ਨੇ।
ਹੁਣ ਨਾ ਅੱਖ ਵਿੰਹਦੀ ਹੈ
ਨਾ ਮੂੰਹ ਬੋਲਦਾ ਹੈ
ਕੰਨ ਉਹੀ ਸੁਣਦੇ ਨੇ
ਜੋ ਬਜ਼ਾਰ ਚਾਹੁੰਦਾ ਹੈ।
ਬਨਾਉਟੀ ਰੌਸ਼ਨੀ ਵਿੱਚ
ਚੱਲ ਰਹੇ ਆਈਪੀਐਲ
ਜਾਂ ਅਜਿਹੇ ਹੀ
ਕਿਸੇ ਕਾਰਨੀਵਲ ਦੀਆਂ ਟਿਕਟਾਂ
ਆਨਲਾਈਨ ਵਿਕ ਰਹੀਆਂ ਨੇ
ਲੋਕੀਂ
ਪੈਕਿਜ ਟੂਰ ‘ਤੇ ਘੁੰਮ ਰਹੇ ਨੇ
ਗੈਜ਼ੇਟਸ ਵਰਤ ਰਹੇ ਨੇ
ਡੀਪੀ ਬਦਲ ਰਹੇ ਨੇ
ਸਭ ਕੁਝ
ਡਿਜ਼ਾਇਨਰ ਹੈ
ਅਤੇ ਵਿਕਾਊ ਵੀ
ਬਸ
ਤੁਹਾਡੇ ਖਾਤੇ ਵਿੱਚ
ਪੈਸਾ ਹੋਣਾ ਚਾਹੀਦਾ ਹੈ।
ਖੁੱਸ ਰਹੇ ਰੋਜ਼ਗਾਰ
ਜ਼ਹਿਰ ਵਿੱਚ ਬਦਲਦੇ ਖਾਧ-ਪਦਾਰਥ
ਮਿਟ ਰਹੇ ਦੇਸ਼
ਖ਼ਤਮ ਹੁੰਦੀ ਖੇਤੀ
ਨਸ਼ਟ ਹੁੰਦੇ ਪ੍ਰਾਕਿਰਤਕ ਸਰੋਤ
ਪ੍ਰਦੂਸ਼ਿਤ ਕਚਰੇ
ਅਤੇ ਜ਼ਬਤਸ਼ੁਦਾ ਦਵਾਈਆਂ ਨੂੰ
ਗਰੀਬ ਦੇਸ਼ਾਂ ਦੇ ਢਿੱਡ ਵਿੱਚ ਸੁੱਟਣ ਦਾ
ਲਗਾਤਾਰ ਚੱਲ ਰਿਹਾ ਗੋਰਖਧੰਦਾ
ਵਾਇਰਸ
ਐਂਟੀ-ਵਾਇਰਸ
ਅਤੇ ਸੈਟੇਲਾਈਟ ਬਣਾਉਣ ਦੇ ਕਾਰਖਾਨੇ
ਦਵਾਈਆਂ ਦੀ ਖਪਤ ਲਈ
ਲੱਭੀਆਂ ਬੀਮਾਰੀਆਂ
ਅਤੇ ਰੋਜ਼ ਬਦਲਦੀ
ਤਕਨੀਕ ਦੀ ਭਿਅੰਕਰਤਾ ਤੋਂ
ਤ੍ਰਹਿੰਦਾ ਮਾਨਵ-ਮਨ…
ਇਹੋ-ਜਿਹੀਆਂ
ਹੋਰ ਕਿੰਨੀਆਂ ਹੀ ਚੀਜ਼ਾਂ ਨੇ…
ਜੋ ਅਣਸੂਚਿਤ ਹਨ…

Read more
ਬਲਵਿੰਦਰ ਸੰਧੂ
ਹਰਮੀਤ ਵਿਦਿਆਰਥੀ
ਅਮਰਜੀਤ ਕੌਂਕੇ