January 19, 2026

ਅੰਤਿਮ ਪਿਆਰ (ਬੰਗਲਾ ਕਹਾਣੀ)

ਰਬਿੰਦਰ ਨਾਥ ਟੈਗੋਰ

ਰਬਿੰਦਰਨਾਥ ਟੈਗੋਰ ਇੱਕ ਬੰਗਾਲੀ ਕਵੀ, ਨਾਟਕਕਾਰ, ਨਾਵਲਕਾਰ ਅਤੇ ਸੰਗੀਤਕਾਰ ਸੀ, ਜਿਸ ਨੇ 19ਵੀਂ ਅਤੇ 20ਵੀਂ ਸਦੀ ਵਿਚ ਬੰਗਾਲੀ ਸਾਹਿਤ ਨੂੰ ਨਵੇਂ ਰਾਹਾਂ ਉੱਤੇ ਪਾਇਆ ਅਤੇ ਆਪਣੀ ਕਾਵਿ-ਪੁਸਤਕ ‘ਗੀਤਾਂਜਲੀ’ ਲਈ 1913 ਦਾ ਸਾਹਿਤ ਦਾ ਨੋਬਲ ਇਨਾਮ ਹਾਸਲ ਕੀਤਾ। ਯੂਰਪ ਤੋਂ ਬਾਹਰ ਦਾ ਉਹ ਪਹਿਲਾ ਬੰਦਾ ਸੀ ਜਿਸ ਨੂੰ ਇਹ ਇਨਾਮ ਮਿਲਿਆ। ਟੈਗੋਰ ਬੰਗਾਲੀ ਸਾਹਿਤ ਦਾ ਸਭ ਤੋਂ ਵੱਡਾ ਨਾਂ ਸਮਝਿਆ ਜਾਂਦਾ ਹੈ। ਰਬਿੰਦਰਨਾਥ ਟੈਗੋਰ, ਦੇਬੇਂਦਰਨਾਥ ਟੈਗੋਰ ਤੇ ਸ਼ਾਰਦਾ ਦੇਵੀ ਦੇ 14 ਬੱਚਿਆਂ ਵਿਚੋਂ 13ਵਾਂ ਸੀ। ਉਹਦੀ ਨਿੱਕੀ ਉਮਰ ਸੀ ਜਦੋਂ ਉਹਦੀ ਮਾਂ ਮਰ ਗਈ ਤੇ ਉਹਨੂੰ ਨੌਕਰਾਂ ਨੇ ਪਾਲਿਆ। ਉਹ ਇੰਗਲੈਂਡ ਕਾਨੂੰਨ ਪੜ੍ਹਨ ਗਿਆ। ਟੈਗੋਰ ਨੇ ਮੁਢਲੀ ਸਿੱਖਿਆ ਘਰ ਵਿਚ ਹੀ ਪ੍ਰਾਪਤ ਕੀਤੀ। 1869 ਵਿਚ 8 ਸਾਲ ਦੀ ਉਮਰ ਵਿਚ ਉਸ ਨੇ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ। ਟੈਗੋਰ ਨੇ 1876 ਈ: ਵਿਚ ਇੱਕ ਸੰਗੀਤ-ਨਾਟ ‘ਬਾਨੋਫੂਲ’ ਦੀ ਰਚਨਾ ਕੀਤੀ। 1877 ਈ: ਵਿੱਚ ਉਨ੍ਹਾਂ ਨੇ ‘ਅਲੀਕਬਾਬੂ’ ਨਾਟਕ ਵਿੱਚ ਅਦਾਕਾਰੀ ਵੀ ਕੀਤੀ ਤੇ ‘ਭਾਨੁਸਿੰਹੇਰ ਪਦਾਵਲੀ’, ‘ਭਿਖਾਰਿਨੀ’ ਤੇ ‘ਕਰੁਣਾ’ ਆਦਿ ਪੁਸਤਕਾਂ ਦੀ ਰਚਨਾ ਕੀਤੀ। 1879 ਵਿੱਚ ਉਹ ਇੰਗਲੈਂਡ ਗਏ। ਉਨ੍ਹਾਂ ਨੂੰ ਲੰਦਨ ਯੂਨੀਵਰਸਿਟੀ ਵਿੱਚ ਦਾਖ਼ਲਾ ਮਿਲ ਗਿਆ। ਉਹਨਾਂ ਨੇ ਪੇਂਟਿੰਗ ਅਤੇ ਸੰਗੀਤ ਵਿੱਚ ਵੀ ਬਹੁਤ ਕੰਮ ਕੀਤਾÎ। ਉਸ ਦੀਆਂ ਕੁਝ ਰਚਨਾਵਾਂ ਪੰਜਾਬੀ ਵਿੱਚ ਵੀ ਅਨੁਵਾਦ ਕੀਤੀਆਂ ਗਈਆਂ ਹਨ। ਉਨ੍ਹਾਂ ਦੀ ਕਾਵਿ ਰਚਨਾ ‘ਗੀਤਾਂਜਲੀ’ ਨੂੰ ਪੰਜਾਬੀ ਤੇ ਉਰਦੂ ਦੇ ਕਵੀ ਅਤੇ ਚਿਤ੍ਰਕਾਰ ਅਜਾਇਬ ਚਿਤ੍ਰਕਾਰ ਨੇ ਪੰਜਾਬੀ ਵਿੱਚ ਅਨੁਵਾਦ ਕੀਤਾ ਹੈ । ਜੀਵਨ ਦੇ ਅਖੀਰ ਸਮਾਂ 7 ਅਗਸਤ 1841 ਦੇ ਕੁੱਝ ਸਮਾਂ ਪਹਿਲਾਂ ਇਲਾਜ ਲਈ ਜਦੋਂ ਉਨ੍ਹਾਂ ਨੂੰ ਸ਼ਾਂਤੀਨਿਕੇਤਨ ਤੋਂ ਕੋਲਕਾਤਾ ਲੈ ਜਾਇਆ ਜਾ ਰਿਹਾ ਸੀ ਤਾਂ ਉਨ੍ਹਾਂ ਦੀ ਨਾਤੀਨ ਨੇ ਕਿਹਾ ਕਿ ਤੁਹਾਨੂੰ ਪਤਾ ਹੈ ਸਾਡੇ ਇੱਥੇ ਨਵਾਂ ਪਾਵਰ ਹਾਊਸ ਬਣ ਰਿਹਾ ਹੈ। ਇਸ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਹਾਂ ਪੁਰਾਣਾ ਆਲੋਕ ਚਲਾ ਜਾਵੇਗਾ ਨਵੇਂ ਦਾ ਆਗਮਨ ਹੋਵੇਗਾ। 7 ਅਗਸਤ, 1941 ਨੂੰ ਭਾਰਤ ਦਾ ਅਦੁੱਤੀ ਕਵੀ, ਨਾਟਕਕਾਰ ਤੇ ਚਿੰਤਕ ਸਵਰਗ ਸਿਧਾਰ ਗਿਆ। ‘ਪੰਜਾਬੀ ਨਕਸ਼’ ਦੇ ਇਸ ਕਹਾਣੀ ਅੰਕ ਵਿਚ ਅਸੀਂ ਰਬਿੰਦਰ ਨਾਥ ਟੈਗੋਰ ਦੀ ਬਹੁਤ ਹੀ ਪ੍ਰਸਿੱਧ ਕਹਾਣੀ ‘ਅੰਤਿਮ ਪਿਆਰ’ ਪਾਠਕਾਂ ਅੱਗੇ ਪੇਸ਼ ਕਰਨ ਦੀ ਖ਼ੁਸ਼ੀ ਲੈ ਰਹੇ ਹਾਂ।

 

ਅਨੁਵਾਦ

ਡਾ. ਸਰਦੂਲ ਸਿੰਘ ਔਜਲਾ

98141-68611

 

ਆਰਟ ਸਕੂਲ ਦੇ ਪ੍ਰੋਫੈਸਰ ਮਨਮੋਹਨ ਘਰ ਵਿਚ ਬੈਠੇ ਆਪਣੇ ਮਿੱਤਰਾਂ ਨਾਲ ਹਾਸਾ ਮਖੌਲ ਕਰ ਰਹੇ ਸੀ ਤਾਂ ਉਸੇ ਵੇਲੇ ਯੋਗੇਸ਼ ਬਾਬੂ ਦੀ ਕਮਰੇ ਵਿਚ ਆਮਦ ਹੋਈ।
ਯੋਗੇਸ਼ ਬਾਬੂ ਵਧੀਆ ਚਿਤਰਕਾਰ ਸਨ ਉਹਨਾਂ ਨੇ ਕੁਝ ਸਮਾਂ ਪਹਿਲਾਂ ਹੀ ਸਕੂਲ ਛੱਡਿਆ ਸੀ। ਉਨ੍ਹਾਂ ਨੂੰ ਵੇਖਦਿਆਂ ਹੀ ਇੱਕ ਵਿਅਕਤੀ ਨੇ ਕਿਹਾ, ”ਯੋਗੇਸ਼ ਬਾਬੂ ਨਰਿੰਦਰ ਕੀ ਕਹਿੰਦਾ ਹੈ? ਕੁਝ ਸੁਣਿਆ ਤੁਸੀਂ।”
ਯੋਗੇਸ਼ ਬਾਬੂ ਨੇ ਆਰਾਮ ਨਾਲ ਕੁਰਸੀ ‘ਤੇ ਬੈਠਦਿਆਂ ਇੱਕ ਲੰਮਾ ਸਾਹ ਲਿਆ ਤੇ ਫਿਰ ਬੋਲੇ, ”ਕੀ ਕਹਿੰਦਾ ਹੈ।”
”ਕਹਿੰਦਾ ਕਹਿੰਦਾ ਹੈ ਕਿ ਬੰਗ-ਪ੍ਰਾਂਤ ਵਿਚ ਕੋਈ ਵੀ ਉੱਚ ਕੋਟੀ ਦਾ ਚਿਤਰਕਾਰ ਨਹੀਂ ਹੈ।”
”ਠੀਕ ਹੈ, ਅੱਜਕੱਲ੍ਹ ਦਾ ਛੋਕਰਾ ਹੈ ਨਾ। ਅਸੀਂ ਲੋਕ ਤਾਂ ਜਿਵੇਂ ਹੁਣ ਤੱਕ ਘਾਹ ਹੀ ਛਿੱਲਦੇ ਰਹੇ ਹਾਂ।” ਛਟਪਟਾਉਂਦਿਆਂ ਯੋਗੇਸ਼ ਬਾਬੂ ਨੇ ਕਿਹਾ।
ਜਿਹੜਾ ਲੜਕਾ ਗੱਲ ਕਰ ਰਿਹਾ ਸੀ ਉਸਨੇ ਇੰਨਾ ਨਹੀਂ ਹੋਰ ਵੀ ਕਿਹਾ ਕਿ ਨਰਿੰਦਰ ਤੁਹਾਨੂੰ ਸਨਮਾਨ ਦੀ ਨਜ਼ਰ ਨਾਲ ਵੀ ਨਹੀਂ ਦੇਖਦਾ।
ਯੋਗੇਸ਼ ਬਾਬੂ ਇੱਛਾ ਪੂਰਵਕ ਕਿਹਾ, ”ਕੋਈ ਅਪਰਾਧ ਕੀਤਾ ਮੈਂ।”
”ਨਹੀਂ ਉਹ ਕਹਿੰਦਾ ਹੈ ਕਿ ਉਹ ਆਦਰਸ਼ ਨੂੰ ਸਾਹਮਣੇ ਰੱਖ ਕੇ ਚਿੱਤਰ ਨਹੀਂ ਬਣਾਉਂਦੇ।”
”ਤਾਂ ਕਿਹੜੇ ਦ੍ਰਿਸ਼ਟੀਕੋਣ ਤੋਂ ਬਣਾਉਂਦਾ ਹਾਂ?”
‘ਦ੍ਰਿਸ਼ਟੀਕੋਣ…।”


”ਰੁਪਏ ਲਈ।”
ਯੋਗੇਸ਼ ਨੇ ਇੱਕ ਅੱਖ ਬੰਦ ਕਰਕੇ ਕਿਹਾ, ”ਵਿਅਰਥ।” ਫਿਰ ਕੰਨਾਂ ਕੋਲੋਂ ਆਪਣੇ ਖਿੱਲਰੇ ਵਾਲਾਂ ਨੂੰ ਠੀਕ ਕਰਕੇ ਕਾਫ਼ੀ ਦੇਰ ਚੁੱਪ ਬੈਠੇ ਰਹੇ। ਚੀਨ ਦਾ ਜਿਹੜਾ ਬਹੁਤ ਵੱਡਾ ਚਿੱਤਰਕਾਰ ਹੋਇਆ ਹੈ ਉਸ ਦੇ ਵਾਲ ਵੀ ਬਹੁਤ ਵੱਡੇ ਸਨ। ਇਹੀ ਕਾਰਨ ਸੀ ਕਿ ਯੋਗੇਸ਼ ਨੇ ਵੀ ਆਪਣੇ ਸੁਭਾਅ ਦੇ ਵਿਰੁੱਧ ਸਿਰ ਉਤੇ ਲੰਮੇ ਲੰਮੇ ਵਾਲ ਰੱਖੇ ਹੋਏ ਸਨ ਕਿ ਵਾਲ ਉਸ ਦੇ ਚਿਹਰੇ ਨੂੰ ਬਿਲਕੁਲ ਚੰਗੇ ਨਹੀਂ ਸਨ ਲੱਗਦੇ, ਕਿਉਂਕਿ ਬਚਪਨ ਵਿਚ ਚੇਚਕ ਦੀ ਬੀਮਾਰੀ ਨਾਲ ਉਸ ਦੀ ਜਾਨ ਤਾਂ ਬਚ ਗਈ ਸੀ ਪਰ ਚਿਹਰਾ ਕਰੂਪ ਹੋ ਗਿਆ ਸੀ। ਇਸ ਤਰ੍ਹਾਂ ਜਾਪਦਾ ਸੀ ਜਿਵੇਂ ਕਿਸੇ ਨੇ ਬੰਦੂਕ ਦੇ ਛਰ੍ਹੇ ਉਸਦੇ ਚਿਹਰੇ ‘ਤੇ ਮਾਰ ਦਿੱਤੇ ਹੋਣ।
ਕਮਰੇ ਵਿਚ ਜਿਹੜੇ ਲੜਕੇ ਬੈਠੇ ਸਨ ਉਹ ਯੋਗੇਸ਼ ਬਾਬੂ ਨੂੰ ਗੁੱਸੇ ਵਿਚ ਦੇਖ ਕੇ ਮੂੰਹ ਬੰਦ ਕਰਕੇ ਹੀ ਹੱਸ ਰਹੇ ਸਨ।
ਅਜਿਹਾ ਰਹੱਸਮਈ ਹਾਸਾ ਦੇਖ ਕੇ ਯੋਗੇਸ਼ ਬਾਬੂ ਗੁੱਸੇ ਵਿਚ ਆਉਂਦਿਆਂ ਬੋਲੇ, ”ਤੁਸੀਂ ਹੱਸ ਕਿਉਂ ਰਹੇ ਹੋ?”
ਇਕ ਲੜਕੇ ਨੇ ਚਮਚਾਗਿਰੀ ਕਰਦੇ ਹੋਏ ਕਿਹਾ, ”ਸ੍ਰੀਮਾਨ ਜੀ ਤੁਹਾਨੂੰ ਗੁੱਸਾ ਆਵੇ ਤੇ ਅਸੀਂ ਹੱਸੀਏ। ਇਹ ਨਹੀਂ ਹੋ ਸਕਦਾ।”
‘ਹਾਂ ਮੈਂ ਸਮਝ ਗਿਆ। ਹੁਣ ਜ਼ਿਆਦਾ ਸਿਆਣੇ ਨਾ ਬਣੋ। ਕੀ ਤੁਸੀਂ ਹੁਣ ਤੱਕ ਦੰਦ ਕੱਢਦੇ ਹੋਏ ਰੋ ਰਹੇ ਸੀ? ਮੈਂ ਕੋਈ ਮੂਰਖ ਨਹੀਂ ਹਾਂ।” ਇਹ ਕਹਿ ਕੇ ਉਨ੍ਹਾਂ ਨੇ ਅੱਖਾਂ ਬੰਦ ਕਰ ਲਈਆਂ।
ਮੁੰਡਿਆਂ ਨੇ ਹਾਸਾ ਰੋਕਦਿਆਂ ਕਿਹਾ, ”ਚਲੋ ਇੰਝ ਹੀ ਸਹੀ। ਅਸੀਂ ਹੱਸਦੇ ਹੀ ਸਾਂ ਪਰ ਰੋਈਏ ਵੀ ਕਿਉਂ? ਪਰ ਅਸੀਂ ਨਰਿੰਦਰ ਦੇ ਪਾਗਲਪਨ ਬਾਰੇ ਸੋਚਕੇ ਹੱਸ ਰਹੇ ਸੀ।” ਉਹ ਦੇਖੋ ਮਾਸਟਰ ਜੀ ਦੇ ਨਾਲ ਨਰਿੰਦਰ ਵੀ ਆ ਰਿਹਾ ਹੈ।”
ਮਾਸਟਰ ਜੀ ਦੇ ਨਾਲ ਨਰਿੰਦਰ ਵੀ ਕਮਰੇ ਵਿਚ ਆਇਆ।
ਯੋਗੇਸ਼ ਨੇ ਨਰਿੰਦਰ ਵੱਲ ਇੱਕ ਵਾਰ ਟੇਢੀ ਨਜ਼ਰ ਨਾਲ ਦੇਖਿਆ ਤੇ ਕਿਹਾ, ”ਸ੍ਰੀਮਾਨ  ਨਰਿੰਦਰ ਮੇਰੇ ਬਾਰੇ ਕੀ ਕਹਿੰਦਾ ਹੈ?”
ਮਨਮੋਹਨ ਬਾਬੂ ਜਾਣਦੇ ਸੀ ਕਿ ਉਹਨਾਂ ਦੋਹਾਂ ਦੀ ਆਪਸ ਵਿਚ ਬਣਦੀ ਨਹੀਂ ਹੈ। ਦੋ ਪੱਥਰ ਜਦੋਂ ਆਪਸ ਵਿਚ ਟਕਰਾਉਂਦੇ ਹਨ ਤਾਂ ਅੱਗ ਤਾਂ ਨਿਕਲਦੀ ਹੀ ਹੈ। ਪਰ ਉਹ ਗੱਲ ਨੂੰ ਸੰਭਾਲਦੇ ਹੋਏ ਮੁਸਕਰਾਉਂਦਿਆਂ ਬੋਲੇ, ”ਯੋਗੇਸ਼ ਬਾਬੂ ਨਰਿੰਦਰ ਕੀ ਕਹਿੰਦਾ ਹੈ?”
”ਨਰਿੰਦਰ ਕਹਿੰਦਾ ਹੈ ਕਿ ਮੈਂ ਰੁਪਏ ਦੇ ਦ੍ਰਿਸ਼ਟੀਕੋਣ ਤੋਂ ਚਿੱਤਰ ਬਣਾਉਂਦਾ ਹਾਂ ਤੇ ਮੇਰਾ ਕੋਈ ਵੀ ਆਦਰਸ਼ ਨਹੀਂ।”
”ਕਿਉਂ ਨਰਿੰਦਰ?” ਮਨਮੋਹਨ ਬਾਬੂ ਨੇ ਪੁੱਛਿਆ।
ਨਰਿੰਦਰ ਜੋ ਹੁਣ ਤੱਕ ਚੁੱਪ ਖੜ੍ਹਾ ਸੀ ਅੱਗੇ ਆ ਕੇ ਬੋਲਿਆ ਤੇ ਕਹਿਣ ਲੱਗਾ ਮੇਰੀ ਸਹਿਮਤੀ ਹੈ? ਯੋਗੇਸ਼ ਬਾਬੂ ਨੇ ਮੂੰਹ ਬਣਾਉਂਦਿਆਂ ਕਿਹਾ, ”ਵੱਡਾ ਸਹਿਮਤੀ ਦੇਣ ਵਾਲਾ। ਅਜੇ ਕੱਲ੍ਹ ਦਾ ਛੋਕਰਾ ਤੇ ਗੱਲਾਂ ਏਨੀਆਂ ਵੱਡੀਆਂ।
ਮਨਮੋਹਨ ਬਾਬੂ ਨੇ ਕਿਹਾ, ”ਯੋਗੇਸ਼ ਬਾਬੂ ਛੱਡੋ ਪਰ੍ਹੇ ਨਰਿੰਦਰ ਅਜੇ ਬੱਚਾ ਹੈ ਅਤੇ ਗੱਲ ਵੀ ਸਾਧਾਰਨ ਹੈ। ਇਸ ਗੱਲ ‘ਤੇ ਵਾਦ-ਵਿਵਾਦ ਦੀ ਕੋਈ ਜ਼ਰੂਰਤ ਨਹੀਂ ਹੈ।
ਯੋਗੇਸ਼ ਬਾਬੂ ਉਸੇ ਤਰ੍ਹਾਂ ਗੁੱਸੇ ਵਿਚ ਬੋਲੇ, ”ਬੱਚਾ ਹੈ। ਨਰਿੰਦਰ ਬੱਚਾ ਹੈ। ਜਿਸ ਦੇ ਮੂੰਹ ‘ਤੇ ਏਡੀਆਂ-ਏਡੀਆਂ ਵੱਡੀਆਂ ਮੁੱਛਾਂ ਹਨ ਜੇ ਉਹ ਬੱਚਾ ਹੈ ਤਾਂ ਬੁੱਢਾ ਕੌਣ ਹੋਵੇਗਾ? ਮਨਮੋਹਨ ਬਾਬੂ ਤੁਸੀਂ ਕੀ ਕਹਿੰਦੇ ਹੋ?
ਇਕ ਵਿਦਿਆਰਥੀ ਨੇ ਕਿਹਾ, ”ਸ੍ਰੀਮਾਨ ਜੀ ਅਜੇ ਕੁਝ ਦੇਰ ਪਹਿਲਾਂ ਹੀ ਤਾਂ ਤੁਸੀਂ ਉਸ ਨੂੰ ਕੱਲ੍ਹ ਦਾ ਛੋਕਰਾ ਕਿਹਾ ਹੈ।
ਯੋਗੇਸ਼ ਬਾਬੂ ਦਾ ਮੂੰਹ ਗੁੱਸੇ ਨਾਲ ਲਾਲ ਹੋ ਗਿਆ ਤੇ ਉਹ ਕਹਿਣ ਲੱਗੇ, ”ਕਦੋਂ ਕਿਹਾ?”
”ਹੁਣੇ ਕੁਝ ਦੇਰ ਪਹਿਲਾਂ।”
”ਝੂਠ ਬਿਲਕੁਲ ਝੂਠ ਜਿਸ ਦੀਆਂ ਏਨੀਆਂ ਵੱਡੀਆਂ ਮੁੱਛਾਂ ਹਨ ਮੈਂ ਉਸ ਨੂੰ ਕਿਵੇਂ ਛੋਕਰਾ ਕਹਾਂਗਾ। ਕੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਮੈਂ ਮੂਰਖ ਹਾਂ।”
ਸਾਰੇ ਲੜਕੇ ਇਕੋ ਆਵਾਜ਼ ਵਿਚ ਬੋਲੇ, ”ਨਹੀਂ ਸ੍ਰੀਮਾਨ ਜੀ ਅਸੀਂ ਐਸੀ ਗੱਲ ਜੀਭ ‘ਤੇ ਕਿਵੇਂ ਲਿਆ ਸਕਦੇ ਹਾਂ।”
ਮਨਮੋਹਨ ਬਾਬੂ ਕਿਸੇ ਤਰ੍ਹਾਂ ਆਪਣਾ ਹਾਸਾ ਰੋਕਦਿਆਂ ਬੋਲੇ, ”ਹੁਣ ਗੱਲ ਗੋਲ ਨਾ ਕਰੋ।”
ਯੋਗੇਸ਼ ਬਾਬੂ ਨੇ ਕਿਹਾ, ”ਹਾਂ ਨਰਿੰਦਰ ਕੀ ਤੂੰ ਇਹ ਕਹਿੰਦਾ ਏਂ ਕੀ ਪੂਰੇ ਬੰਗ-ਪ੍ਰਾਂਤ ਵਿਚ ਤੇਰੇ ਮੇਚ ਦਾ ਕੋਈ ਚਿੱਤਰਕਾਰ ਨਹੀਂ।”
ਨਹਿੰਦਰ ਬੋਲਿਆ, ”ਤੂਹਾਨੂੰ ਕਿਵੇਂ ਪਤਾ ਲੱਗਾ।”
”ਤੇਰੇ ਦੋਸਤਾਂ ਨੇ ਕਿਹਾ।”
”ਮੈਂ ਇਹ ਨਹੀਂ ਕਹਿੰਦਾ ਪਰ ਮੈਂ ਇਹ ਕਹਿੰਦਾ ਹਾਂ ਕਿ ਆਪਣੇ ਦਿਲ ਦੇ ਖੂਨ ਨਾਲ ਕੋਈ ਵੀ ਚਿੱਤਰਕਾਰ ਬੂਰੇ ਬੰਗਾਲ ਵਿਚ ਚਿੱਤਰ ਨਹੀਂ ਬਣਾਉਂਦਾ।”
”ਇਸ ਦਾ ਸਬੂਤ।”
”ਸਬੂਤ ਦੀ ਕੀ ਜ਼ਰੂਰਤ ਹੈ। ਮੇਰਾ ਆਪਣਾ ਵਿਚਾਰ ਹੈ।” ਨਰਿੰਦਰ ਨੇ ਕਾਹਲੀ ਨਾਲ ਕਿਹਾ।
”ਤੇਰਾ ਵਿਚਾਰ ਝੂਠ ਹੈ।”
ਨਰਿੰਦਰ ਬਹੁਤ ਘੱਟ ਬੋਲਣ ਵਾਲ਼ਾ ਆਦਮੀ ਸੀ ਉਸਨੇ ਕੋਈ ਉੱਤਰ ਨਹੀਂ ਦਿੱਤਾ।
ਮਨਮੋਹਨ ਬਾਬੂ ਨੇ ਅਜਿਹੇ ਬੇਲੋੜੇ ਸੰਵਾਦ ਨੂੰ ਬੰਦ ਕਰਨ ਲਈ ਕਿਹਾ। ”ਨਰਿੰਦਰ ਇਸ ਵਾਰ ਤੁਸੀਂ ਪ੍ਰਦਰਸ਼ਨੀ ਲਈ ਚਿੱਤਰ ਬਣਾਓਗੇ।”
”ਵਿਚਾਰ ਤਾਂ ਹੈ।”


”ਦੇਖਾਂ ਤਾਂ ਤੇਰਾ ਚਿੱਤਰ ਕਿਵੇਂ ਰਹਿੰਦਾ ਹੈ।”
ਨਰਿੰਦਰ ਨੇ ਸ਼ਰਧਾ ਭਾਵ ਨਾਲ ਉਹਨਾਂ ਦੇ ਚਰਨ ਸਪਰਸ਼ ਕਰਦਿਆਂ ਕਿਹਾ, ”ਜਿਸ ਦਾ ਤੁਸੀਂ ਗੁਰੂ ਹੋ। ਉਸ ਨੂੰ ਕਾਹਦੀ ਚਿੰਤਾ। ਦੇਖਣਾ ਚਿੱਤਰ ਸਰਬੋਤਮ ਹੀ ਰਹੇਗਾ।”
ਯੋਗੇਸ਼ ਬਾਬੂ ਨੇ ਕਿਹਾ, ”ਰਾਮ ਤੋਂ ਪਹਿਲਾਂ ਰਮਾਇਣ। ਪਹਿਲਾਂ ਚਿੱਤਰ ਤਾਂ ਬਣਾਓ।”
ਨਰਿੰਦਰ ਨੇ ਮੂੰਹ ਫੇਰਕੇ ਯੋਗੇਸ਼ ਬਾਬੂ ਵੱਲ ਦੇਖਿਆ ਪਰ ਬੋਲਿਆ ਕੁਝ ਵੀ ਨਹੀਂ। ਪ੍ਰੰਤੂ ਉਸ ਦੀ ਚੁੱਪ ਨੇ ਹੀ ਯੋਗੇਸ਼ ਬਾਬੂ ਦੇ ਹਿਰਦੇ ਨੂੰ ਜਿਵੇਂ ਠੇਸ ਪਹੁੰਚਾਈ ਹੋਵੇ।
ਮਨਮੋਹਨ ਬਾਬੂ ਨੇ ਕਿਹਾ, ”ਯੋਗੇਸ਼ ਬਾਬੂ ਕੁਝ ਵੀ ਕਹੋ ਪਰ ਨਰਿੰਦਰ ਨੂੰ ਆਪਣੀ ਆਤਮਿਕ ਸ਼ਕਤੀ ਤੇ ਪੂਰਾ ਭਰੋਸਾ ਹੈ। ਮੈਂ ਪੂਰੇ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਉਹ ਵੱਡਾ ਚਿੱਤਰਕਾਰ ਬਣੇਗਾ।
ਨਰਿੰਦਰ ਹੌਲੀ-ਹੌਲੀ ਕਮਰੇ ਤੋਂ ਬਾਹਰ ਚਲਾ ਗਿਆ।
ਇਕ ਵਿਦਿਆਰਥੀ ਨੇ ਕਿਹਾ, ”ਨਰਿੰਦਰ ਵਿਚ ਕਿਸੇ ਹੱਦ ਤੱਕ ਪ੍ਰਸਿੱਧੀ ਦੀ ਝਲਕ ਦਿਖਾਈ ਦਿੰਦੀ ਹੈ। ਮਨਮੋਹਨ ਬਾਬੂ ਨੇ ਕਿਹਾ, ”ਹਾਂ ਮੈਂ ਵੀ ਇਸ ਗੱਲ ਨੂੰ ਮੰਨਦਾ ਹਾਂ। ਜਿਹੜਾ ਵਿਅਕਤੀ ਆਪਣੇ ਜ਼ਖ਼ਮ ਚੰਗੀ ਤਰ੍ਹਾਂ ਪੜ੍ਹਨ ਕਰਨ ਵਿਚ ਸਫ਼ਲ ਹੋ ਜਾਂਦਾ ਹੈ। ਉਸ ਨੂੰ ਸਧਾਰਨ ਵਿਅਕਤੀ ਕਿਸੇ ਸੀਮਾ ਤੱਕ ਪ੍ਰਸਿੱਧ ਸਮਝਦੇ ਹਨ। ਚਿੱਤਰ ਵਿਚ ਮਨਮੋਹਕਤਾ ਅਤੇ ਖਿੱਚ ਪੈਦਾ ਕਰਨ ਦੀ ਇਸ ਵਿਚ ਅਸਾਧਾਰਨ ਯੋਗਤਾ ਹੈ। ਤੁਹਾਨੂੰ ਮਾਲੂਮ ਹੈ ਕਿ ਨਰਿੰਦਰ ਨੇ ਇੱਕ ਵਾਰ ਕੀ ਕੀਤਾ ਸੀ। ਮੈਂ ਦੇਖਿਆ ਸੀ ਕਿ ਉਸ ਦੀ ਖੱਬੇ ਹੱਥ ਦੀ ਉਂਗਲੀ ਵਿਚ ਬਹੁਤ ਜ਼ਿਆਦਾ ਖ਼ੂਨ ਵਹਿ ਰਿਹਾ ਸੀ ਅਤੇ ਉਹ ਬਿਨਾਂ ਕਿਸੇ ਤਕਲੀਫ਼ ਤੋਂ ਬੈਠਾ ਚਿੱਤਰ ਬਣਾ ਰਿਹਾ ਸੀ। ਮੈਂ ਇਹ ਦ੍ਰਿਸ਼ ਦੇਖਕੇ ਹੈਰਾਨ ਰਹਿ ਗਿਆ। ਮੇਰੇ ਪੁੱਛਣ ‘ਤੇ ਉਹ ਕਹਿਣ ਲੱਗਾ ਕਿ ਉਹ ਉਂਗਲੀ ਕੱਟ ਕੇ ਦੇਖ ਰਿਹਾ ਸੀ ਕਿ ਖ਼ੂਨ ਦਾ ਅਸਲੀ ਰੰਗ ਕੀ ਹੁੰਦਾ ਹੈ। ਬੜਾ ਅਜੀਬ ਬੰਦਾ ਹੈ ਉਹ। ਤੁਸੀਂ ਲੋਕ ਇਸਨੂੰ ਵਿਸ਼ੇਸ਼ ਪ੍ਰਸਿੱਧੀ ਕਹਿ ਸਕਦੇ ਹੋ ਪ੍ਰੰਤੂ ਇਸੇ ਵੱਖਰਤਾ ਦੇ ਕਾਰਨ ਹੀ ਉਹ ਕਿਸੇ ਦਿਨ ਵੱਡਾ ਕਲਾਕਾਰ ਕਹਾਏਗਾ।
ਯੋਗੇਸ਼ ਬਾਬੂ ਅੱਖਾਂ ਬੰਦ ਕਰਕੇ ਸੋਚਣ ਲੱਗੇ ਦੋਨੋਂ ਪਾਗਲ ਹੈ। ਜਿਵੇਂ ਦਾ ਗੁਰੂ ਉਵੇਂ ਦੇ ਚੇਲੇ। ਨਰਿੰਦਰ ਸੋਚਦੇ-ਸੋਚਦੇ ਜਦੋਂ ਘਰ ਵੱਲ ਗਿਆ ਤਾਂ ਰਸਤੇ ਵਿਚ ਬੜੀ ਭੀੜ ਸੀ। ਕਿੰਨੀਆਂ ਹੀ ਮੋਟਰਾਂ ਦੌੜੀਆਂ ਜਾ ਰਹੀਆਂ ਸਨ, ਪਰ ਇਨ੍ਹਾਂ ਗੱਲਾਂ ਵੱਲ ਉਸਦਾ ਧਿਆਨ ਨਹੀਂ ਸੀ ਉਸ ਨੂੰ ਕਿਹੜੀ ਚਿੰਤਾ ਸੀ? ਇਸ ਦਾ ਵੀ ਉਸ ਨੂੰ ਅਨੁਮਾਨ ਨਹੀਂ ਸੀ।
ਉਹ ਥੋੜ੍ਹੇ ਸਮੇਂ ਵਿਚ ਹੀ ਵੱਡਾ ਚਿੱਤਰਕਾਰ ਬਣ ਗਿਆ ਸੀ। ਉਹ ਏਨੇ ਥੋੜ੍ਹੇ ਵਿਚ ਏਨਾ ਹਰਮਨ ਪਿਆਰਾ ਅਤੇ ਪ੍ਰਸਿੱਧ ਹੋ ਗਿਆ ਸੀ ਕਿ ਉਸ ਦੇ ਈਰਖਾਲੂ ਮਿੱਤਰਾਂ ਨੂੰ ਉਹ ਜ਼ਰਾ ਵੀ ਚੰਗਾ ਨਹੀਂ ਸੀ ਲੱਗਦਾ। ਇਹਨਾਂ ਹੀ ਈਰਖਾਲੂ ਮਿੱਤਰਾਂ ਵਿਚੋਂ ਯੋਗੇਸ਼ ਬਾਬੂ ਵੀ ਸ਼ਾਮਿਲ ਸੀ। ਨਰਿੰਦਰ ਵਿਚ ਇੱਕ ਵਿਸ਼ੇਸ਼ ਯੋਗਤਾ ਅਤੇ ਉਸ ਦੀ ਕਲਮ ਵਿਚ ਇੱਕ ਅਸਾਧਾਰਨ ਸ਼ਕਤੀ ਸੀ। ਯੋਗੇਸ਼ ਬਾਬੂ ਭਾਵੇਂ ਦਿਲ ਹੀ ਦਿਲ ਵਿਚ ਇਸ ਨੂੰ ਸਮਝਦੇ ਸੀ ਪਰ ਮੰਨਣ ਨੂੰ ਤਿਆਰ ਨਹੀਂ ਸਨ।
ਏਨੇ ਥੋੜ੍ਹੇ ਸਮੇਂ ਵਿਚ ਉਸਦਾ ਪ੍ਰਸਿੱਧੀ ਪ੍ਰਾਪਤ ਕਰਨ ਦਾ ਇੱਕ ਵਿਸ਼ੇਸ਼ ਕਾਰਨ ਵੀ ਸੀ। ਨਰਿੰਦਰ ਜਿਸ ਚਿੱਤਰ ਨੂੰ ਵੀ ਬਣਾਉਂਦਾ ਸੀ ਆਪਣੀ ਪੂਰੀ ਮਿਹਨਤ ਅਤੇ ਯੋਗਤਾ ਨਾਲ ਬਣਾਉਂਦਾ ਸੀ। ਉਸ ਦੀ ਨਜ਼ਰ ਕੇਵਲ ਚਿੱਤਰ ‘ਤੇ ਹੀ ਰਹਿੰਦੀ ਸੀ। ਉਸ ਦਾ ਧਿਆਨ ਕਦੇ ਵੀ ਭਟਕਦਾ ਨਹੀਂ ਸੀ। ਉਸ ਦੇ ਦਿਲ ਦੀ ਇੱਛਾ ਸੀ ਹੁੰਦੀ ਸੀ ਕਿ ਚਿੱਤਰ ਬਹੁਤ ਸੋਹਣਾ ਹੋਵੇ। ਉਸ ਵਿਚ ਆਪਣੀ ਕਿਸਮ ਦੀ ਵਿਲੱਖਣਤਾ ਹੋਵੇ। ਮੁੱਲ ਭਾਵੇਂ ਘੱਟ ਮਿਲੇ ਜਾਂ ਵੱਧ। ਉਹ ਆਪਣੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਚਿੱਤਰਾਂ ਦੀ ਮਿਠਾਸ ਵਿਚ ਦੇਖਦਾ ਸੀ। ਉਹ ਜਦੋਂ ਵੀ ਚਿੱਤਰ ਬਣਾਉਂਦਾ ਆਪਣੇ ਆਲੇ-ਦੁਆਲੇ ੍ਰਫੈਲੀ ਅਸੀਮ ਪ੍ਰਕਿਰਤੀ ਦੀਆਂ ਰੂਪ-ਰੇਖਾਵਾਂ ਉਸ ਵਿਚ ਸਮੋ ਦਿੰਦਾ ਤੇ ਉਸਨੂੰ ਉਸ ਸਮੇਂ ਆਪਣੀ ਜਾਨ ਦੇਣ ਵਿਚ ਵੀ ਕੋਈ ਸੰਕੋਚ ਨਹੀਂ ਸੀ ਹੁੰਦਾ। ਇਹੀ ਉਸ ਦੀ ਇਕਾਗਰਤਾ ਸੀ। ਇਸੇ ਕਰਕੇ ਹੀ ਉਸਨੂੰ ਸਨਮਾਨ ਪ੍ਰਾਪਤ ਹੋਇਆ ਸੀ। ਉਸ ਦੇ ਸੁਭਾਅ ਵਿਚ ਸਾਦਗੀ ਸੀ ਉਹ ਜਿਹੜੀ ਗੱਲ ਵੀ ਸਾਦਗੀ ਨਾਲ ਕਹਿੰਦਾ ਲੋਕ ਉਸਨੂੰ ਉਸਦਾ ਹੰਕਾਰ ਸਮਝਦੇ ਸਨ। ਉਸ ਦੇ ਸਾਹਮਣੇ ਭਾਵੇਂ ਕੋਈ ਕੁਝ ਨਾ ਕਹਿੰਦਾ ਪਰ ਪਿੱਠ ਪਿੱਛੇ ਉਸ ਦੀ ਬੁਰਾਈ ਕਰਨੋਂ ਨਾ ਹੱਟਦੇ। ਉਹ ਉਸ ਨੂੰ ਭਾਵਨਾਵਾਂ ਤੋਂ ਰਹਿਤ ਸਮਝਦੇ ਕਿ ਉਹ ਸੁਣਦਾ ਕੁਝ ਹੈ ਅਤੇ ਉੱਤਰ ਕੁਝ ਹੋਰ ਦਿੰਦਾ ਹੈ। ਇਸ ਤਰ੍ਹਾਂ ਜਾਪਦਾ ਸੀ ਕਿ ਜਿਵੇਂ ਉਸ ਨੂੰ ਕਿਸੇ ਨੇ ਸੁਪਨੇ ਵਿਚੋਂ ਜਗਾ ਦਿੱਤਾ ਹੋਵੇ। ਉਸ ਦਾ ਵਿਆਹ ਵੀ ਹੋਇਆ ਸੀ ਤੇ ਉਸ ਦਾ ਇੱਕ ਲੜਕਾ ਵੀ ਸੀ। ਉਸ ਦੀ ਸੁੰਦਰ ਪਤਨੀ ਵੀ ਸੀ ਪਰ ਉਸ ਦੀ ਗ੍ਰਹਿਸਥੀ ਜੀਵਨ ਵਿਚ ਕੋਈ ਖਿੱਚ ਨਹੀਂ ਸੀ। ਪਰ ਫਿਰ ਵੀ ਉਸ ਦੇ ਦਿਲ ਵਿਚ ਅਥਾਹ ਪ੍ਰੇਮ ਸੀ। ਉਸ ਦੀ ਇਕੋ ਲਤ ਸੀ ਕਿ ਚਿੱਤਰਕਲਾ ਵਿਚ ਪ੍ਰਸਿੱਧੀ ਪ੍ਰਾਪਤ ਕਰੇ। ਇਹੀ ਕਾਰਨ ਸੀ ਕਿ ਲੋਕ ਉਸਨੂੰ ਪਾਗਲ ਸਮਝਦੇ ਸਨ। ਉਸਦੀ ਹਾਲਤ ਉਸ ਵਸਤੂ ਵਰਗੀ ਸੀ ਜਿਸ ਨੂੰ ਪਾਣੀ ਵਿਚ ਡੁਬੋਣ ‘ਤੇ ਵੀ ਉਸ ‘ਤੇ ਕੋਈ ਅਸਰ ਨਾ ਹੋਵੇ। ਉਹਨਾਂ ਸਾਰੇ ਲੋਕਾਂ ਦੀ ਸੰਸਾਰ ਵਿਚ ਅਜਿਹੀ ਦਸ਼ਾ ਹੁੰਦੀ ਹੈ ਜੋ ਆਪਣੀ ਧੁਨ ਦੇ ਪੱਕੇ ਹੁੰਦੇ ਹਨ। ਉਹ ਸੰਸਾਰਕ ਦੁੱਖਾਂ-ਸੁੱਖਾਂ ਤੋਂ ਉੱਪਰ ਹੁੰਦੇ ਹਨ। ਉਹਨਾਂ ਦਿਲ ਆਪਣੇ ਕੰਮ ਪ੍ਰਤੀ ਸਮਰਪਿਤ ਹੁੰਦਾ ਹੈ।
ਨਰਿੰਦਰ ਸੋਚਦਿਆਂ ਸੋਚਦਿਆਂ ਮਕਾਨ ਦੇ ਸਾਹਮਣੇ ਆਣ ਖੜ੍ਹਾ ਹੋਇਆ। ਉਸ ਦੇ ਦਰਵਾਜੇ ਵਿਚ ਉਸ ਦਾ ਚਾਰ ਸਾਲਾਂ ਦਾ ਬੱਚਾ ਮੂੰਹ ਵਿਚ ਉਂਗਲੀ ਪਾ ਕੇ ਗਹਿਰੀ ਚਿੰਤਾ ਵਿਚ ਖੜ੍ਹਾ ਸੀ ਉਸ ਨੂੰ ਦੇਖਦਿਆਂ ਸਾਰ ਹੀ ਉਹ ਦੌੜ ਕੇ ਆਇਆ ਅਤੇ ਨਰਿੰਦਰ ਦੀਆਂ ਲੱਤਾਂ ਨੂੰ ਚਿੰਬੜਦਿਆਂ ਬੋਲਿਆ, ”ਬਾਬੂ ਜੀ।” ਕਿਉਂ ਬੇਟਾ।”
ਬੱਚੇ ਨੇ ਪਿਤਾ ਦਾ ਹੱਥ ਫੜ ਲਿਆ ਤੇ ਖਿੱਚਦੇ ਹੋਏ ਕਹਿਣ ਲੱਗਾ ਕਿ ਉਸ ਨੇ ਇੱਕ ਡੱਡੂ ਮਾਰਿਆ ਹੈ ਜੋ ਲੰਗੜਾ ਹੋ ਗਿਆ ਹੈ।
ਨਰਿੰਦਰ ਨੇ ਬੱਚੇ ਨੂੰ ਗੋਦ ਵਿਚ ਚੁੱਕਦਿਆਂ ਕਿਹਾ ”ਮੈਂ ਕੀ ਕਰਾਂ ਤੂੰ ਬੜਾ ਗੱਪੀ ਏਂ।”
ਬੱਚੇ ਨੇ ਕਿਹਾ, ”ਉਹ ਲੰਗੜਾ ਹੋ ਚੁੱਕਾ ਹੈ ਤੁਰ ਨਹੀਂ ਸਕਦਾ ਚਲੋ ਉਸ ਨੂੰ ਗੋਦੀ ਵਿਚ ਚੁੱਕੋ ਅਤੇ ਘਰ ਛੱਡਕੇ ਆਓ।”
ਨਰਿੰਦਰ ਨੇ ਬੱਚੇ ਨੂੰ ਗੋਦੀ ਵਿਚ ਚੁੱਕ ਲਿਆ ਅਤੇ ਹੱਸਦੇ-ਹੱਸਦੇ ਘਰ ਲੈ ਆਇਆ।
ਇਕ ਦਿਨ ਨਰਿੰਦਰ ਨੂੰ ਧਿਆਨ ਆਇਆ ਕਿ ਕਿਵੇਂ ਵੀ ਹੋਵੇ ਉਸ ਨੇ ਆਪਣਾ ਚਿੱਤਰ ਪ੍ਰਦਰਸ਼ਨੀ ਵਿਚ ਜ਼ਰੂਰ ਭੇਜਣਾ ਹੈ। ਕਮਰੇ ਦੀ ਦੀਵਾਰ ਤੇ ਬਹੁਤ ਸਾਰੇ ਚਿੱਤਰ ਲੱਗੇ ਹੋਏ ਸਨ ਕਈ ਮਨੁੱਖੀ ਸਰੀਰ ਬਾਰੇ, ਕਈ ਖੇਤਾਂ ਵਿਚ ਸਰੋਂ੍ਹ ਦੀ ਹਰਿਆਲੀ ਬਾਰੇ ਸੋਨੇ ਵਰਗੇ। ਕਈ ਦਰੱਖਤਾਂ ਵਾਲ਼ੇ ਜਿਹਨਾਂ ਦੇ ਥੱਲਿਓਂ ਦੀ ਰਸਤੇ ਨਿਕਲਕੇ ਨਦੀ ਦੇ ਕੋਲ ਜਾ ਕੇ ਮਿਲਦੇ ਸਨ। ਧੂੰਏਂ ਦੀ ਤਰ੍ਹਾਂ ਅਸਮਾਨ ਛੂੰਹਦੇ ਪਹਾੜਾਂ ਦੀ ਕਤਾਰ, ਤੇਜ਼ ਧੁੱਪ ਨਾਲ ਝੁਲਸੇ ਹੋਏ ਰਾਹੀ ਜਿਹੜੇ ਦਰੱਖਤਾਂ ਦੀ ਛਾਂ ਵੱਲ ਜਾ ਰਹੇ ਸਨ। ਅਜਿਹੇ ਕਈ ਦ੍ਰਿਸ਼ ਸਨ। ਦੂਜੇ ਪਾਸੇ ਕਈ ਪੰਛੀਆਂ ਦੇ ਚਿੱਤਰ ਸਨ। ਸਾਰਿਆਂ ਦੇ ਮਨੋਭਾਵ ਪ੍ਰਗਟ ਹੋ ਰਹੇ ਸਨ। ਕੋਈ ਗੁੱਸੇ ਵਿਚ ਸੀ ਕੋਈ ਚਿੰਤਾ ਵਿਚ।
ਕਮਰੇ ਦੇ ਉੱਤਰ ਵਾਲ਼ੇ ਪਾਸੇ ਖਿੜਕੀ ਦੇ ਨਜ਼ਦੀਕ ਇੱਕ ਅਧੂਰਾ ਚਿੱਤਰ ਲੱਗਾ ਹੋਇਆ ਸੀ। ਉਸ ਵਿਚ ਤਾੜ ਦੇ ਦਰੱਖਤਾਂ ਦੇ ਥੱਲੇ ਸਦਾ ਚੁੱਪ ਰਹਿਣ ਵਾਲੀ ਛਾਂ ਦੇ ਥੱਲੇ ਇੱਕ ਸੁੰਦਰ ਲੜਕੀ ਨਦੀ ਦੇ ਨੀਲੇ ਪਾਣੀ ਵਿਚ ਚੁੱਪਚਾਪ ਖੜ੍ਹੀ ਸੀ। ਉਸ ਦੇ ਬੁੱਲਾਂ ਤੇ ਮੂੰਹ ਦੀਆਂ ਰੇਖਾਵਾਂ ਵਿਚ ਚਿੱਤਰਕਾਰ ਨੇ ਦਿਲ ਦੀ ਪੀੜ ਪੇਸ਼ ਕੀਤੀ ਸੀ। ਅਜਿਹਾ ਲਗਦਾ ਸੀ ਕਿ ਜਿਵੇਂ ਚਿੱਤਰ ਬੋਲਣਾ ਚਾਹੁੰਦਾ ਹੋਵੇ। ਇਹਨਾਂ ਸਾਰੇ ਚਿੱਤਰਾਂ ਵਿਚ ਚਿੱਤਰਕਾਰ ਦੀ ਏਨੇ ਦਿਨਾਂ ਦੀ ਆਸ਼ਾ ਤੇ ਨਿਰਾਸ਼ਾ ਸ਼ਾਮਿਲ ਸੀ। ਪਰ ਇਹਨਾਂ ਚਿੱਤਰਾਂ ਦੇ ਰੰਗਾਂ ਅਤੇ ਰੇਖਾਵਾਂ ਨੇ ਉਸ ਨੂੰ ਆਪਣੇ ਵੱਲ ਖਿਚਿਆ ਸੀ। ਉਸ ਦੇ ਦਿਲ ਵਿਚ ਵਾਰ ਵਾਰ ਇਹੀ ਵਿਚਾਰ ਆਉਣ ਲੱਗੇ ਕਿ ਏਨੇ ਦਿਨ ਉਸ ਨੇ ਕੇਵਲ ਬੱਚਿਆਂ ਦੀ ਹੀ ਖੇਡ ਖੇਡੀ ਹੈ। ਕੇਵਲ ਕਾਗਜ਼ ਦੇ ਟੁਕੜਿਆਂ ‘ਤੇ ਰੰਗ ਸੁੱਟਿਆ ਹੈ। ਇਹ ਜਿਹੜੀਆਂ ਉਸ ਨੇ ਕਾਗਜ਼ ਦੀ ਹਿੱਕ ‘ਤੇ ਲਕੀਰਾਂ ਵਾਹੀਆਂ ਸਨ ਉਸ ਦੇ ਦਿਲ ਨੂੰ ਕਿਸੇ ਵੀ ਪ੍ਰਕਾਰ ਦੀ ਅਪੀਲ ਨਾ ਕਰ ਸਕੀਆਂ। ਕਿਉਂਕਿ ਹੁਣ ਉਸ ਦੇ ਵਿਚਾਰ ਪਹਿਲਾਂ ਦੇ ਮੁਕਾਬਲੇ ਕਾਫ਼ੀ ਉੱਚੇ ਸਨ। ਉੱਚੇ ਹੀ ਨਹੀਂ ਬਲਕਿ ਉਚਤਮ ਹੋ ਕੇ ਆਕਾਸ਼ ਵਰਗਾ ਬਣਨਾ ਲੋਚਦੇ ਸਨ। ਜੇਕਰ ਵਰਖਾ ਰੁੱਤ ਦਾ ਸੁਹਾਵਣਾ ਦਿਨ ਹੋਵੇ ਤਾਂ ਕਿਹੜੀ ਸ਼ਕਤੀ ਉਸ ਨੂੰ ਰੋਕ ਸਕਦੀ ਸੀ? ਉਦੋਂ ਉਹ ਆਵੇਸ਼ ਵਿਚ ਆ ਕੇ ਹਵਾ ਵਿਚ ਕਿਸੇ ਅਸੀਮਤ ਦਿਸ਼ਾ ਨੂੰ ਉੱਡ ਜਾਂਦਾ। ਆਪਣੀ ਪਹਿਲੀ ਅਵਸੱਥਾ ‘ਤੇ ਉਹ ਕਿਸੇ ਵੀ ਪ੍ਰਕਾਰ ਸੰਤੁਸ਼ਟ ਨਹੀਂ ਸੀ। ਨਰਿੰਦਰ ਦੇ ਦਿਲ ਵਿਚ ਰਹਿ-ਰਹਿ ਕੇ ਇਹੀ ਵਿਚਾਰ ਆਉਂਦਾ। ਭਾਵਨਾਵਾਂ ਅਤੇ ਲਾਲਸਾਵਾਂ ਦੀ ਇੱਕ ਝੜੀ ਲੱਗ ਚੁੱਕੀ ਸੀ।
ਉਨ੍ਹਾਂ ਇਹ ਪੱਕਾ ਇਰਾਦਾ ਕਰ ਲਿਆ ਕਿ ਇਸ ਵਾਰ ਐਸਾ ਚਿੱਤਰ ਬਣਾਵੇਗਾ, ਜਿਸ ਨਾਲ ਉਸ ਦਾ ਨਾਮ ਅਮਰ ਹੋ ਜਾਵੇਗਾ। ਉਹ ਇਸ ਗੱਲ ਨੂੰ ਸਭ ਦੇ ਦਿਲਾਂ ਵਿਚ ਬਿਠਾ ਦੇਣਾ ਚਾਹੁੰਦਾ ਸੀ ਕਿ ਉਸ ਦਾ ਅਨੁਭਵ ਕੋਈ ਬਚਪਨ ਦਾ ਅਨੁਭਵ ਨਹੀਂ ਹੈ।
ਮੇਜ਼ ‘ਤੇ ਸਿਰ ਰੱਖ ਕੇ ਨਰਿੰਦਰ ਵਿਚਾਰਾਂ ਦਾ ਤਾਣਾ-ਬਾਣਾ ਬੁਣਨ ਲੱਗਾ। ਉਹ ਕੀ ਬਣਾਏਗਾ? ਕਿਸ ਵਿਸ਼ੇ ‘ਤੇ ਬਣਾਵੇਗਾ? ਦਿਲ ਦੇ ਕਿਸੇ ਘਟਨਾ ਦਾ ਅਸਰ ਸਧਾਰਨ ਪ੍ਰਭਾਵ ਹੀ ਸਿਰਜਦਾ ਹੈ। ਭਾਵਨਾਵਾਂ ਦੇ ਕਿੰਨੇ ਹੀ ਪੂਰੇ ਅਤੇ ਅਧੂਰੇ ਚਿੱਤਰ ਸਿਨਮੇ ਦੀ ਫਿਲਮ ਵਾਂਗ ਉਸ ਦੀਆਂ ਅੱਖਾਂ ਸਾਹਮਣੇ ਗੁਜ਼ਰ ਗਏ। ਪਰ ਕਿਸੇ ਨੇ ਰਤੀ ਭਰ ਵੀ ਉਸ ਦਾ ਧਿਆਨ ਨਹੀਂ ਖਿਚਿਆ। ਸੋਚਦਿਆਂ-ਸੋਚਦਿਆਂ ਸ਼ਾਮ ਵੇਲੇ ਸ਼ੰਖ ਦੀ ਮਿੱਠੀ ਆਵਾਜ਼ ਨੇ ਉਸ ਨੂੰ ਮਸਤੀ ਭਰਿਆ ਗੀਤ ਸੁਣਾਇਆ। ਇਸ ਸਵਰ ਲਹਿਰ ਨਾਲ ਨਰਿੰਦਰ ਉਠ ਕੇ ਖੜ੍ਹਾ ਹੋ ਗਿਆ। ਪਰ ਫਿਰ ਇਸੇ ਹਨੇਰੇ ਵਿਚ ਉਹ ਪਾਗਲਾਂ ਵਾਂਗੂੰ ਕਮਰੇ ਵਿਚ ਟਹਿਕਣ ਲੱਗਾ ਪਰ ਸਾਰਾ ਕੁਝ ਵਿਅਰਥ ਸੀ ਕਦੀ ਯਤਨ ਕਰਨ ਦੇ ਬਾਵਜੂਦ ਵੀ ਕੋਈ ਵਿਚਾਰ ਨਾ ਸੁੱਝਿਆ।
ਰਾਤ ਕਾਫ਼ੀ ਗੁਜ਼ਰ ਚੁੱਕੀ ਸੀ। ਮੱਸਿਆ ਦੀ ਕਾਲੀ ਰਾਤ ਵਿਚ ਅਸਮਾਨ ਵੀ ਪ੍ਰਲੋਕ ਵਾਂਗੂੰ ਧੁੰਦਲਾ ਪ੍ਰਤੀਤ ਹੁੰਦਾ ਸੀ। ਨਰਿੰਦਰ ਗੁਆਚਾ ਹੋਇਆ ਪਾਗਲਾਂ ਦੀ ਤਰ੍ਹਾਂ ਉਸ ਨੂੰ ਦੇਖਦਾ ਰਿਹਾ।
ਬਾਹਰ ਰਸੋਈਏ ਨੇ ਦਰਵਾਜ਼ਾ ਖੜਕਾਉਂਦਿਆਂ ਕਿਹਾ, ‘ਬਾਬੂ ਜੀ।
ਨਰਿੰਦਰ ਇੱਕਦਮ ਚੌਂਕਿਆ, ਕੌਣ?
”ਬਾਬੂ ਜੀ ਖਾਣਾ ਤਿਆਰ ਹੈ।”
ਝੁੰਝਲਾਉਂਦੇ ਹੋਏ ਨਰਿੰਦਰ ਨੇ ਸਖ਼ਤ ਲਹਿਜ਼ੇ ਵਿਚ ਕਿਹਾ, ”ਮੈਨੂੰ ਤੰਗ ਨਾ ਕਰੋ। ਜਾਓ ਇਸ ਵੇਲੇ ਮੈਂ ਨਹੀਂ ਖਾਣਾ।”
”ਕੁਝ ਥੋੜ੍ਹਾ ਜਿਹਾ।”
”ਮੈਂ ਕਿਹਾ ਬਿਲਕੁਲ ਨਹੀਂ। ਨਿਰਾਸ਼ ਹੋ ਕੇ ਰਸੋਈਆ ਵਾਪਸ ਚਲਾ ਗਿਆ ਤੇ ਨਰਿੰਦਰ ਨੇ ਆਪਣੇ ਮਨ ਨੂੰ ਵਿਚਾਰਾਂ ਦੇ ਚਿੰਤਨ ਵਿਚ ਡੁਬੋ ਲਿਆ, ਜਿਸ ਨੂੰ ਦੁਨੀਆ ਵਿਚ ਪ੍ਰਸਿੱਧੀ ਪ੍ਰਾਪਤ ਕਰਨ ਦੀ ਖੋਹ ਪੈਂਦੀ ਹੋਵੇ ਉਸ ਨੂੰ ਚੈਨ ਕਿੱਥੇ?
ਇਕ ਹਫ਼ਤਾ ਬੀਤ ਗਿਆ। ਇਸ ਸਮੇਂ ਵਿਚ ਨਰਿੰਦਰ ਨੇ ਘਰੋਂ ਬਾਹਰ ਪੈਰ ਨਾ ਪਾਇਆ। ਘਰ ਵਿਚ ਬੈਠਾ ਸੋਚਦਾ ਰਿਹਾ ਕਿ ਕਦੇ ਨਾ ਕਦੇ ਸਾਧਨਾਂ ਦੀ ਦੇਵੀ ਆਪਣੀ ਸ਼ਕਤੀ ਦਿਖਾਵੇਗੀ।
ਇਸ ਤੋਂ ਪਹਿਲਾਂ ਕਿਸੇ ਵੀ ਚਿੱਤਰ ਦਾ ਵਿਚਾਰ ਬਣਨ ਵਿਚ ਕੋਈ ਦੇਰ ਨਹੀਂ ਸੀ ਲੱਗਦੀ। ਪਰ ਇਸ ਵਾਰੀ ਕੋਈ ਨਵੀਂ ਗੱਲ ਨਹੀਂ ਸੀ ਸੁਝਦੀ। ਜਿਉਂ-ਜਿਉਂ ਦਿਨ ਬੀਤਦੇ ਜਾਂਦੇ ਉਹ ਨਿਰਾਸ਼ ਹੁੰਦਾ ਜਾਂਦਾ ਅਜਿਹਾ ਕਿਉਂ? ਕਈ ਵਾਰੀ ਉਸ ਨੇ ਗੁੱਸੇ ਵਿਚ ਆਪਣੇ ਸਿਰ ਦੇ ਵਾਲ ਵੀ ਪੁੱਟੇ ਸਨ। ਉਹ ਆਪਣੇ ਆਪ ਨੂੰ ਗਾਲਾਂ ਕੱਢਦਾ। ਧਰਤੀ ‘ਤੇ ਢਿੱਡ ਭਾਰ ਲੰਮਾ ਪੈ ਕੇ ਬੱਚਿਆਂ ਵਾਂਗੂੰ ਕਈ ਵਾਰ ਰੋਇਆ ਵੀ ਪਰ ਸਭ ਵਿਅਰਥ ਸੀ।
ਸਵੇਰ ਵੇਲੇ ਨਰਿੰਦਰ ਚੁੱਪ-ਚਾਪ ਬੈਠਾ ਸੀ ਕਿ ਮਨਮੋਹਨ ਬਾਬੂ ਦੇ ਨੌਕਰ ਨੇ ਉਸ ਨੂੰ ਆ ਕੇ ਇੱਕ ਚਿੱਠੀ ਦਿੱਤੀ। ਉਸ ਨੇ ਖੋਲ੍ਹਿਆ ਤਾਂ ਪ੍ਰੋ. ਸਾਹਿਬ ਨੇ ਲਿਖਿਆ ਸੀ?
ਪਿਆਰੇ ਨਰਿੰਦਰ,
ਪ੍ਰਦਰਸ਼ਨੀ ਲੱਗਣ ਵਿਚ ਹੁਣ ਬਹੁਤਾ ਸਮਾਂ ਨਹੀਂ ਹੈ ਜੇਕਰ ਇੱਕ ਹਫ਼ਤੇ ਦੇ ਅੰਦਰ-ਅੰਦਰ ਚਿੱਤਰ ਨਾ ਆਇਆ ਤਾਂ ਗੱਲ ਠੀਕ ਨਹੀਂ ਹੋਵੇਗੀ। ਤੇਰੀ ਕੀ ਤਰੱਕੀ ਹੋਈ ਹੈ ਤੇ ਤੇਰਾ ਚਿੱਤਰ ਕਿੱਥੇ ਪਹੁੰਚਿਆ ਹੈ? ਯੋਗੇਸ਼ ਬਾਬੂ ਨੇ ਚਿੱਤਰ-ਵਚਿੱਤਰ ਕਰ ਦਿੱਤਾ। ਮੈਂ ਦੇਖਿਆ ਵਧੀਆ ਹੈ ਪਰ ਮੈਨੂੰ ਤੇਰੇ ਕੋਲੋਂ ਹੋਰ ਵੀ ਵਧੀਆ ਦੀ ਉਮੀਦ ਹੈ। ਮੇਰੇ ਅਸ਼ੀਰਵਾਦ ਹੈ ਤੇ ਤੂੰ ਆਪਣੇ ਗੁਰੂ ਦੀ ਲਾਜ ਰੱਖੀਂ। ਇਹ ਗੱਲ ਯਾਦ ਰੱਖੀਂ ਕਿ ਜੇਕਰ ਪ੍ਰਦਰਸ਼ਨੀ ਵਿਚ ਤੇਰਾ ਚਿੱਤਰ ਵਧੀਆ ਰਿਹਾ ਤਾਂ ਤੇਰੀ ਪ੍ਰਸਿੱਧੀ ਵਿਚ ਕੋਈ ਰੁਕਾਵਟ ਨਹੀਂ ਰਹੇਗੀ। ਤੇਰੀ ਮਿਹਨਤ ਸਫ਼ਲ ਹੋਵੇ ਇਹੀ ਕਾਮਨਾ ਹੈ।
ਮਨਮੋਹਨ।
ਚਿੱਠੀ ਪੜ੍ਹ ਕੇ ਨਰਿੰਦਰ ਹੋਰ ਵੀ ਵਿਆਕੁਲ ਹੋਇਆ, ਕਿਉਂਕਿ ਕੇਵਲ ਇੱਕ ਹੀ ਹਫ਼ਤੇ ਦਾ ਸਮਾਂ ਸੀ ਪਰ ਚਿੱਤਰ ਦੇ ਬਾਰੇ ਉਸ ਦੇ ਮਨ ਮਸਤਕ ਵਿਚ ਕੋਈ ਵੀ ਵਿਚਾਰ ਨਹੀਂ ਸੀ ਆਇਆ ਹੁਣ ਉਹ ਕੀ ਕਰੂਗਾ? ਉਸ ਨੂੰ ਆਪਣੇ ਆਤਮ ਬਲ ‘ਤੇ ਬੜਾ ਵਿਸ਼ਵਾਸ ਸੀ ਪਰ ਇਸ ਸਮੇਂ ਉਹ ਵੀ ਜਾਂਦਾ ਰਿਹਾ। ਆਪਣੀ ਭੋਰਾ ਕੁ ਤਾਕਤ ਨਾਲ ਹੀ ਉਹ ਦਸ ਬੰਦਿਆਂ ਵਿਚ ਸਿਰ ਚੁੱਕੀ ਫਿਰਦਾ ਰਿਹਾ।
ਉਸ ਨੇ ਸੋਚਿਆ ਸੀ ਉਹ ਕਲਾਕਾਰ ਬਣ ਜਾਵੇਗਾ ਪਰ ਮਾੜੀ ਕਿਸਮਤ/ਆਪਣੀ ਅਯੋਗਤਾ ਬਾਰੇ ਸੋਚਦਿਆਂ ਉਸ ਦੀਆਂ ਅੱਖਾਂ ਵਿਚੋਂ ਅੱਥਰੂ ਛਲਕ ਆਏ।
ਬੀਮਾਰ ਦੀ ਰਾਹ ਜਿਵੇਂ ਅੱਖਾਂ ਵਿਚ ਨਿਕਲ ਜਾਂਦੀ ਹੈ ਨਰਿੰਦਰ ਦੀ ਇਹ ਰਾਤ ਵੀ ਇੰਝ ਹੀ ਗੁਜ਼ਰੀ। ਕਈ ਦਿਨਾਂ ਤੋਂ ਉਹ ਆਪਣੀ ਚਿਤਰਸ਼ਾਲਾ ਵਿਚ ਸੌਂਦਾ ਸੀ। ਨਰਿੰਦਰ ਦੇ ਚਿਹਰੇ ‘ਤੇ ਉਨੀਂਦਰੇ ਦੀ ਪਹਿਚਾਣ ਸੀ। ਏਨੇ ਨੂੰ ਉਸ ਦੀ ਪਤਨੀ ਦੌੜੀ ਆਈ ਅਤੇ ਉਸ ਦਾ ਹੱਥ ਫੜ੍ਹ ਕੇ ਬੋਲੀ, ”ਜੀ ਬੱਚੇ ਨੂੰ ਪਤਾ ਨਹੀਂ ਕੀ ਹੋ ਗਿਆ ਹੈ ਆ ਕੇ ਦੇਖਿਓ।”
”ਕੀ ਹੋਇਆ। ਨਰਿੰਦਰ ਨੇ ਪੁੱਛਿਆ।
ਪਤਨੀ ਬੋਲੀ, ”ਸ਼ਾਇਦ ਹੈਜਾ। ਇਸ ਤਰ੍ਹਾਂ ਖੜ੍ਹੇ ਨਾ ਰਹੋ ਉਹ ਬੇਸੁੱਧ ਪਿਆ ਹੈ।
ਬਹੁਤ ਹੀ ਅਣਮੰਨੇ ਮਨ ਨਾਲ ਨਰਿੰਦਰ ਅੰਦਰ ਗਿਆ।
ਬੱਚਾ ਮੰਜੇ ਨਾਲ ਲੱਗਿਆ ਪਿਆ ਸੀ ਤੇ ਕਿਸੇ ਭਿਆਨਕ ਬੀਮਾਰੀ ਦੇ ਲੱਛਣ ਚਾਰ-ਚੁਫੇਰੇ ਦਿਖਾਈ ਦੇ ਰਹੇ ਸਨ। ਲਾਲ ਰੰਗ ਪਲਾਂ ਵਿਚ ਹੀ ਪੀਲਾ ਹੋ ਗਿਆ ਸੀ। ਦੇਖਣ ਵਿਚ ਲੱਗਦਾ ਸੀ ਕਿ ਬੱਚਾ ਜਿਊਂਦਾ ਨਹੀਂ ਹੈ। ਬੱਸ ਉਸ ਦੇ ਸੀਨੇ ਵਿਚ ਕੁਝ ਧੜਕ ਰਿਹਾ ਸੀ। ਬੱਸ ਇਥੋਂ ਹੀ ਉਸ ਦਾ ਜਿਊਂਦੇ ਹੋਣ ਦਾ ਅਹਿਸਾਸ ਹੋ ਰਿਹਾ ਸੀ।
ਉਹ ਬੱਚੇ ਦੇ ਸਿਰਹਾਣੇ ਸਿਰ ਸੁੱਟ ਕੇ ਖੜ੍ਹਾ ਹੋ ਗਿਆ।
ਲੀਲਾ ਨੇ ਕਿਹਾ, ”ਇਸ ਤਰ੍ਹਾਂ ਖੜ੍ਹੇ ਨਾ ਹੋਵੋ ਡਾਕਟਰ ਨੂੰ ਬੁਲਾ ਕੇ ਲਿਆਵੋ। ਮਾਂ ਦੀ ਆਵਾਜ਼ ਸੁਣਕੇ ਬੱਚੇ ਨੇ ਅੱਖਾਂ ਮਲੀਆਂ। ਰੋਣ ਹਾਕੀ ਆਵਾਜ਼ ਵਿਚ ਬੋਲਿਆ ਮਾਂ ਓ ਮਾਂ।
‘ਮੇਰੇ ਲਾਲ, ਮੇਰੀ ਪੂੰਜੀ ਕੀ ਕਹਿਣਾ ਏ ਲੀਲਾ ਨੇ ਦੋਵੇਂ ਹੱਥਾਂ ਨਾਲ ਬੱਚਾ ਗੋਦ ਵਿਚ ਲੈ ਲਿਆ? ਮਾਂ ਦੇ ਸੀਨੇ ਨਾਲ ਲੱਗ ਕੇ ਬੱਚਾ ਪਿਆ ਰਿਹਾ।
ਨਰਿੰਦਰ ਦੀਆਂ ਅੱਖਾਂ ਵਿਚ ਹੰਝੂ ਸਨ ਤੇ ਉਹ ਬੱਚੇ ਨੂੰ ਦੇਖ ਰਿਹਾ ਸੀ।
ਲੀਲਾ ਨੇ ਫਿਰ ਉੱਚੀ ਸਾਰੀ ਕਿਹਾ, ”ਡਾਕਟਰ ਨੂੰ ਕਿਉਂ ਨਹੀਂ ਬੁਲਾਉਣ ਗਏ।
ਨਰਿੰਦਰ ਨੇ ਹੌਲੀ ਜਿਹੀ ਕਿਹਾ, ”ਡਾਕਟਰ?”
ਪਤੀ ਦੀ ਆਵਾਜ਼ ਦੀ ਅਸੁਭਾਵਿਕਤਾ ਦੇਖਦੇ ਹੋਏ ਲੀਲਾ ਨੇ ਕਿਹਾ ਕੀ?”
”ਕੁਝ ਨਹੀਂ”
”ਜਾਓ ਡਾਕਟਰ ਨੂੰ ਬੁਲਾ ਕੇ ਲਿਆਓ।”
”ਹੁਣੇ ਜਾਂਦਾ ਹਾਂ।”
ਨਰਿੰਦਰ ਘਰ ਤੋਂ ਬਾਹਰ ਨਿਕਲਿਆ। ਘਰ ਦਾ ਦਰਵਾਜ਼ਾ ਬੰਦ ਹੋਇਆ। ਲੀਲਾ ਹੈਰਾਨ ਸੀ ਕਿ ਉਸ ਦੇ ਪਤੀ ਨੇ ਬਾਹਰੋਂ ਕੁੰਡਾ ਲਾ ਦਿੱਤਾ ਸੀ। ਇਹ ਕੀ?
ਨਰਿੰਦਰ ਚਿਤਰਸ਼ਾਲਾ ਵਿਚ ਜਾ ਕੇ ਇੱਕ ਕੁਰਸੀ ‘ਤੇ ਬੈਠ ਗਿਆ। ਦੋਹਾਂ ਹੱਥਾਂ ਨਾਲ ਮੂੰਹ ਢਕ ਕੇ ਉਹ ਸੋਚਣ ਲੱਗਾ। ਉਸ ਦੀ ਹਾਲਤ ਦੇਖ ਕੇ ਲੱਗਦਾ ਸੀ ਕਿ ਉਹ ਇੰਨੇ ਤੇਜ਼ ਆਤਮਿਕ ਦੁੱਖ ਨਾਲ ਪੀੜਤ ਸੀ। ਚਾਰੇ ਚੁਫ਼ੇਰੇ ਸੁੰਨ-ਮਸਾਨ ਸੀ। ਕੇਵਲ ਕੰਧ ‘ਤੇ ਲੱਗੀ ਘੜੀ ਦੀ ਹੀ ਟਿੱਕ-ਟਿੱਕ ਸੁਣਾਈ ਦੇ ਰਹੀ ਸੀ। ਨਰਿੰਦਰ ਦੇ ਸਰੀਰ ਅੰਦਰ ਕੇਵਲ ਉਸਦਾ ਦਿਲ ਹੀ ਧੱਕ-ਧੱਕ ਕਰਕੇ ਇਸ ਦਾ ਉੱਤਰ ਦੇ ਰਿਹਾ ਸੀ। ਉਸ ਦੇ ਭਿਆਨਕ ਸੰਕਲਪਾਂ ਤੋਂ ਜਾਣੂ ਹੋ ਕੇ ਉਸ ਦਾ ਦਿਲ ਅਤੇ ਘੜੀ ਬਰਾਬਰ ਕਾਨਾਫੂਸੀ ਕਰ ਰਹੇ ਜਾਪਦੇ ਸਨ। ਉਹ ਬਿਲਕੁਲ ਅਕ੍ਰਿਆਸ਼ੀਲ ਹੋ ਕੇ ਸੋਚਣ ਲੱਗਾ ਕੀ ਕਰਾਂ। ਅਜਿਹਾ ਆਦਰਸ਼ ਕਦੇ ਨਹੀਂ ਮਿਲੇਗਾ। ਪਰ… ਉਹ ਮੇਰਾ ਪੁੱਤਰ ਹੈ। ਉਹ ਕਹਿੰਦੇ ਕਹਿੰਦੇ ਰੁਕ ਗਿਆ। ਮਕਾਨ ਦੇ ਅੰਦਰੋਂ ਕਿਸੇ ਤੀਰ ਦੀ ਸ਼ੂਕ ਵਰਗੀ ਆਵਾਜ਼ ਉਸ ਦੇ ਕੰਨਾਂ ਨੇ ਸੁਣੀ।
”ਮੇਰੇ ਲਾਲ ਤੂੰ ਕਿਥੇ ਚਲਾ ਗਿਆ।”
ਜਿਸ ਤਰ੍ਹਾਂ ਕਮਾਨ ਦਾ ਚਿੱਲਾ ਟੁੱਟ ਜਾਣ ਨਾਲ ਕਮਾਨ ਸਿੱਧੀ ਹੋ ਜਾਂਦੀ ਹੈ, ਨਰਿੰਦਰ ਉਸ ਤਰ੍ਹਾਂ ਸਿੱਧਾ ਖੜ੍ਹਾ ਹੋ ਗਿਆ। ਉਸ ਦੇ ਮੂੰਹ ਉੱਤੇ ਲਾਲੀ ਦਾ ਕੋਈ ਵੀ ਨਿਸ਼ਾਨ ਨਹੀਂ ਸੀ। ਫਿਰ ਉਸ ਨੇ ਕੰਨ ਲਾ ਕੇ ਉਹ ਆਵਾਜ਼ ਸੁਣੀ ਉਸ ਨੂੰ ਪਤਾ ਲੱਗ ਗਿਆ ਕਿ ਬੱਚਾ ਪੂਰਾ ਹੋ ਚੁੱਕਾ ਹੈ।
ਉਹ ਮਨ ਹੀ ਮਨ ਵਿਚ ਬੋਲਿਆ, ਰੱਬਾ ਤੂੰ ਮੇਰਾ ਗਵਾਹ ਏਂ, ਮੈਂ ਕੋਈ ਗੁਨਾਹ ਨਹੀਂ ਕੀਤਾ।
ਇਸ ਤਰ੍ਹਾਂ ਉਹ ਆਪਣੇ ਸਿਰ ਦੇ ਵਾਲਾਂ ਨੂੰ ਆਪਣੇ ਹੱਥਾਂ ‘ਚ ਫੜ ਕੇ ਸੋਚਣ ਲੱਗਾ। ਜਿਵੇਂ ਕੋਈ ਮਨੁੱਖ ਨੀਂਦ ਵਿਚੋਂ ਜਾਗਦਾ ਹੈ, ਉਸੇ ਤਰ੍ਹਾਂ ਉਸ ਨੇ ਮੇਜ਼ ਤੋਂ ਆਪਣੇ ਕਾਗਜ਼ ਕਲਮ ਅਤੇ ਰੰਗ ਚੁੱਕੇ ਤੇ ਬਾਹਰ ਨਿਕਲ ਗਿਆ।
ਗੁਸਲਖ਼ਾਨੇ ਦੇ ਸਾਹਮਣੇ ਖਿੜਕੀ ਦੇ ਨਜ਼ਦੀਕ ਆ ਕੇ ਉਹ ਇਕਦਮ ਖੜ੍ਹਾ ਹੋ ਆਿ। ਕੀ ਕੁਝ ਸੁਣਾਈ ਦਿੰਦਾ ਏ? ਨਹੀਂ ਸਾਰੇ ਚੁੱਪ ਨੇ। ਉਸ ਖਿੜਕੀ ਤੋਂ ਕਮਰੇ ਦਾ ਸਾਰਾ ਅੰਦਰਲਾ ਭਾਗ ਦਿਖਾਈ ਦਿੰਦਾ ਸੀ। ਅੰਦਰ ਝਾਕਦਿਆਂ ਅਤੇ ਡਰ ਨਾਲ ਕੰਬਦਿਆਂ ਉਸ ਦੇ ਸਾਰੇ ਸਰੀਰ ਵਿਚ ਕੰਡੇ ਚੁੱਭ ਗਏ। ਬਿਸਰ ਉਲਟ-ਪੁਲਟ ਹੋ ਰਿਹਾ ਸੀ। ਪੁੱਤਰ ਤੋਂ ਇਲਾਵਾ ਮਾਂ ਉਥੇ ਬੈਠੀ ਤੜਫ ਰਹੀ ਸੀ। ਇਸ ਤੋਂ ਇਲਾਵਾ ਮਾਂ ਧਰਤੀ ‘ਤੇ ਲੇਟੀ ਹੋਈ ਬੱਚੇ ਨੂੰ ਸੀਨੇ ਨਾਲ ਲਾਈ ਖਿਲਰੇ ਵਾਲਾਂ ਨਾਲ ਉਸ ਨੂੰ ਵਾਰ-ਵਾਰ ਚੁੰਮ ਰਹੀ ਸੀ।
ਨਰਿੰਦਰ ਦੀਆਂ ਦੋਵਾਂ ਅੱਖਾਂ ਵਿਚ ਜਿਵੇਂ ਕਿਸੇ ਨੇ ਸਰੀਏ ਖੋਭ ਦਿੱਤੇ ਹੋਣ। ਉਸ ਨੇ ਆਪਣੇ ਬੁੱਲ੍ਹ ਚੱਬਦੇ ਹੋਏ ਬੜਾ ਔਖਾ ਹੋ ਕੇ ਆਪਣੇ ਆਪ ਨੂੰ ਸਭਾਲਿਆ ਤੇ ਨਾਲ ਹੀ ਕਾਗਜ਼ ਤੇ ਪਹਿਲੀ ਲਕੀਰ ਵਾਹੀ। ਉਸ ਦੇ ਸਾਹਮਣੇ ਕਮਰੇ ਵਿਚ ਉਹੀ ਭਿਆਨਕ ਦ੍ਰਿਸ਼ ਸੀ। ਜੇ ਸੰਸਾਰ ਦੇ ਕਿਸੇ ਹੋਰ ਚਿਤਰਕਾਰ ਨੇ ਇਹ ਦ੍ਰਿਸ਼ ਦੇਖਿਆ ਹੁੰਦਾ ਤਾਂ ਉਸ ਕੋਲੋਂ ਕਲਮ ਹੀ ਨਾ ਉਠਾ ਹੁੰਦੀ।
ਦੇਖਣ ਨੂੰ ਤਾਂ ਨਰਿੰਦਰ ਦੇ ਸਰੀਰ ਵਿਚ ਕੋਈ ਗਤੀ ਨਹੀਂ ਸੀ ਪਰ ਉਸ ਟਿਕ ਵਿਚ ਕਿੰਨੀ ਵੇਦਨਾ ਸੀ? ਉਸ ਨੂੰ ਕੌਣ ਸਮਝ ਸਕਦਾ ਸੀ? ਉਹ ਤਾਂ ਇੱਕ ਪਿਤਾ ਸੀ।
ਨਰਿੰਦਰ ਛੇਤੀ ਛੇਤੀ ਚਿੱਤਰ ਬਣਾਉਣ ਲੱਗਾ। ਜ਼ਿੰਦਗੀ ਭਰ ਉਸਨੇ ਚਿੱਤਰ ਬਣਾਉਣ ਵਿਚ ਏਨੀ ਛੇਤੀ ਕਦੇ ਨਹੀਂ ਸੀ ਕੀਤੀ। ਉਸ ਦੀਆਂ ਉਂਗਲੀਆਂ ਕਿਸੇ ਅਗੰਮੀ ਸ਼ਕਤੀ ਤੋਂ ਸ਼ਕਤੀ ਪ੍ਰਾਪਤ ਕਰ ਚੁੱਕੀਆਂ ਸਨ। ਰੂਪ-ਰੇਖਾ ਬਣਾਉਂਦੇ ਸਮੇਂ ਉਸ ਨੇ ਸੁਣਿਆ, ”ਬੇਟਾਓ ਬੇਟਾ ਗੱਲ ਕਰ, ਇੱਕ ਵਾਰੀ ਦੇਖ ਤਾਂ ਸਹੀ।
ਨਰਿੰਦਰ ਨੇ ਬੜੇ ਭਾਵੁਕ ਸੁਰ ਵਿਚ ਕਿਹਾ ਅਫ਼ਸੋਸ ਇਹ ਅਸਹਿਣਸ਼ੀਲ ਹੈ। ਤੇ ਉਸ ਦੋਂ ਹੱਥੋਂ ਬੁਰਸ਼ ਛੁੱਟ ਗਿਆ।
ਪਰ ਫਿਰ ਉਸ ਸਮੇਂ ਉਹ ਬੁਰਸ਼ ਲੈ ਕੇ ਫਿਰ ਚਿੱਤਰ ਬਣਾਉਣ ਲੱਗਾ। ਰਹਿ ਰਹਿ ਕੇ ਲੀਲਾ ਦਾ ਰੁਦਨ ਕਿਵੇਂ ਕੰਨਾਂ ਤੱਕ ਪਹੁੰਚਕੇ ਉਸ ਦੇ ਦਿਲ ਨੂੰ ਵਿੰਨ ਰਿਹਾ ਸੀ। ਉਹ ਉਸ ਦੇ ਖ਼ੂਨ ਦੀ ਗਤੀ ਨੂੰ ਰੋਕਣ ਅਤੇ ਉਸ ਦੇ ਹੱਥ ਸਥਿਰ ਹੋ ਕੇ ਬੁਰਸ਼ ਰੋਕ ਦਿੰਦੇ।
ਇਸ ਤਰ੍ਹਾਂ ਪਲ ਪਲ ਬੀਤਣ ਲੱਗਾ।
ਮੁੱਖ ਦਰਵਾਜੇ ਤੋਂ ਅੰਦਰ ਆ ਕੇ ਨੌਕਰਾਂ ਨੂੰ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਪ੍ਰੰਤੂ ਨਰਿੰਦਰ ਇਸ ਸਮੇਂ ਕਿਸੇ ਵੀ ਬਾਹਰੀ ਸੋਚ ਤੋਂ ਬੋਲਾ ਹੋ ਚੁੱਕਾ ਸੀ। ਉਹ ਕੁਝ ਵੀ ਸੁਣ ਨਹੀਂ ਰਿਹਾ ਸੀ। ਇਸ ਸਮੇਂ ਉਹ ਇੱਕ ਵਾਰ ਕਮਰੇ ਵੱਲ ਵੇਖਦਾ ਅਤੇ ਇੱਕ ਚਿੱਤਰ ਵੱਲ। ਬੱਸ ਰੰਗ ਵਿਚ ਬੁਰਸ਼ ਡੁਬੋ ਕੇ ਕਾਗਜ਼ ‘ਤੇ ਚਲਾਈ ਜਾਂਦਾ।
ਉਹ ਪਿਤਾ ਸੀ, ਪਰ ਕਮਰੇ ਦੇ ਅੰਦਰ ਪਤਨੀ ਦੇ ਸੀਨੇ ਨਾਲ ਲਿਪਟੇ ਮਰੇ ਬੱਚੇ ਦੀ ਯਾਦ ਨੂੰ  ਵੀ ਉਹ ਭੁੱਲਦਾ ਜਾ ਰਿਹਾ ਸੀ।
ਉਸ ਸਮੇਂ ਲੀਲਾ ਨੇ ਉਸ ਨੂੰ ਦੇਖ ਲਿਆ ਸੀ। ਉਹ ਦੌੜਦੀ ਹੋਈ ਰੋਣ ਹਾਕੀ ਆਵਾਜ਼ ਵਿੱਚ ਉਸ ਨੂੰ ਕਹਿਣ ਲੱਗੀ, ”ਕੀ ਡਾਕਟਰ ਨੂੰ ਬੁਲਾਇਆ ਏ। ਜ਼ਰਾ ਇੱਕ ਵਾਰੀਂ ਆ ਕੇ ਦੇਖ ਤਾਂ ਲੈਂਦੇ ਕਿ ਮੇਰਾ ਲਾਲ ਜਿਊਂਦਾ ਹੈ ਜਾਂ ਨਹੀਂ। ਇਹ ਕੀ ਚਿੱਤਰ ਬਣਾ ਰਹੇ ਹੋ। ਇੱਕ ਦਮ ਨਰਿੰਦਰ ਨੇ ਲੀਲਾ ਵੱਲ ਦੇਖਿਆ। ਉਹ ਲੜਖੜਾਉਂਦੀ ਹੋਈ ਡਿੱਗ ਰਹੀ ਸੀ।
ਵਾਰ-ਵਾਰ ਰੌਲ਼ਾ ਪਾਉਣ ਤੇ ਦਰਵਾਜ਼ਾ ਖੜਕਾਉਣ ‘ਤੇ ਵੀ ਜਦ ਦਰਵਾਜ਼ਾ ਨਾ ਖੁੱਲ੍ਹਿਆ ਤਾਂ ਰਸੋਈਆ ਅਤੇ ਨੌਕਰ ਦੋਵੇਂ ਡਰ ਗਏ। ਉਹ ਆਪਣਾ ਕੰਮ ਸਮਾਪਤ ਕਰਕੇ ਸ਼ਾਮੀਂ ਘਰ ਚਲੇ ਜਾਂਦੇ ਸੀ ਤੇ ਸਵੇਰੇ ਕੰਮ ‘ਤੇ ਆ ਜਾਂਦੇ ਸਨ। ਹਰ ਰੋਜ਼ ਲੀਲਾ ਜਾਂ ਨਰਿੰਦਰ ਵਿਚੋਂ ਕੋਈ ਦਰਾਵਜ਼ਾ ਖੋਲ੍ਹ ਦਿੰਦਾ ਸੀ ਅੱਜ ਏਨਾ ਰੌਲਾ ਪਾਉਣ ‘ਤੇ ਦਰਵਾਜ਼ਾ ਖੜਕਾਉਣ ਦੇ ਬਾਵਜੂਦ ਵੀ ਨਹੀਂ ਸੀ ਖੋਲ੍ਹਿਆ ਗਿਆ। ਇਧਰ ਲੀਲਾ ਦੇ ਵੈਣ ਵੀ ਕੰਨਾਂ ਵਿਚ ਪੈ ਰਹੇ ਸਨ।
ਉਹਨਾਂ ਨੇ ਫਿਰ ਕੁਝ ਮੁਹੱਲੇ ਦੇ ਲੋਕ ਬੁਲਾਏ ‘ਤੇ ਦਰਵਾਜ਼ਾ ਤੋੜ ਦਿੱਤਾ। ਮਕਾਨ ਅੰਦਰ ਦਾਖਲ ਹੁੰਦਿਆਂ ਸਾਰੇ ਹੈਰਾਨ ਹੋ ਗਏ। ਇਕ ਨੇ ਦੇਖਿਆ ਕਿ ਕੰਧ ਦਾ ਸਹਾਰਾ ਲੈ ਨਰਿੰਦਰ ਦੋਵੇਂ ਹੱਥ ਲੱਤਾਂ ‘ਤੇ ਰੱਖ ਕੇ ਸਿਰ ਨੀਵਾਂ ਕਰੀ ਬੈਠਾ ਸੀ।
ਉਹਨਾਂ ਦੇ ਪੈਰਾਂ ਦਾ ਖੜਾਕ ਸੁਣ ਕੇ ਨਰਿੰਦਰ ਨੇ ਸਿਰ ਚੁੱਕਿਆ। ਉਸ ਦੀਆਂ ਅੱਖਾਂ ਲਹੂ ਵਾਂਗ ਲਾਲਸਨ। ਉਹ ਠਹਾਕਾ ਮਾਰ ਕੇ ਹੱਸਣ ਲੱਗਾ ਤੇ ਸਾਹਮਣੇ ਚਿੱਤਰ ਵੱਲ ਉਂਗਲੀ ਕਰਦਿਆਂ ਬੋਲਿਆ, ”ਡਾਕਟਰ, ਡਾਕਟਰ ਮੈਂ ਅਮਰ ਹੋ ਗਿਆ।
ਦਿਨ ਬੀਤਦੇ ਗਏ ਪ੍ਰਦਰਸ਼ਨੀ ਸ਼ੁਰੂ ਹੋ ਗਈ।
ਪ੍ਰਦਰਸ਼ਨੀ ਵਿਚ ਦੇਖਣ ਦੀਆਂ ਬਹੁਤ ਵਸਤੂਆਂ ਸਨ ਪਰ ਦਰਸ਼ਕ ਇੱਕ ਚਿੱਤਰ ‘ਤੇ ਭੀੜ ਪਾਈ ਬੈਠੇ ਸਨ। ਚਿੱਤਰ ਛੋਟਾ ਜਿਹਾ ਸੀ ਤੇ ਅਧੂਰਾ ਵੀ ਨਾਮ ਸੀ ‘ਅੰਤਿਮ ਪਿਆਰ’। ਚਿੱਤਰ ਵਿਚ ਦਰਸਾਇਆ ਗਿਆ ਸੀ ਇੱਕ ਮਾਂ ਆਪਣੇ ਬੱਚੇ ਦਾ ਮ੍ਰਿਤਕ ਸਰੀਰ ਸੀਨੇ ਨਾਲ ਲਗਾ ਕੇ ਆਪਣੇ ਦਿਲ ਦੇ ਟੁਕੜੇ ਦੇ ਚੰਨ ਵਰਗੇ ਮੁੱਖ ਨੂੰ ਬਾਰ ਬਾਰ ਚੁੰਮ ਰਹੀ ਸੀ।
ਸ਼ੌਕ ਅਤੇ ਚਿੰਤਾ ਵਿਚ ਡੁੱਬੀ ਹੋਈ ਮਾਂ ਦੇ ਮੂੰਹ ਅਤੇ ਅੱਖਾਂ ਅਤੇ ਸਰੀਰ ਵਿਚ ਚਿੱਤਰਕਾਰ ਦੇ ਬੁਰਸ਼ ਨੇ ਐਸਾ ਸੂਖਮ ਦਰਦਨਾਕ ਚਿੱਤਰ ਬਣਾਇਆ ਸੀ, ਜਿਹੜਾ ਦੇਖਦਾ ਸੀ ਉਸ ਦੀਆਂ ਅੱਖਾਂ ਨਮ ਹੋ ਜਾਂਦੀਆਂ। ਚਿੱਤਰ ਦੀਆਂ ਰੇਖਾਵਾਂ ਵਿਚ ਏਨੀ ਸੂਖਮਤਾ ਨਾਲ ਦਰਦ ਭਰਿਆ ਜਾ ਸਕਦਾ ਹੈ ਕਿ ਇਹ ਗੱਲ ਇਸ ਤੋਂ ਪਹਿਲਾਂ ਕਿਸੇ ਦੇ ਵੀ ਧਿਆਨ ਵਿਚ ਨਹੀਂ ਸੀ ਆਈ। ਇਸ ਪ੍ਰਦਰਸ਼ਨੀ ਦੇ ਦਰਸ਼ਕ ਸਮੂਹ ਵਿਚ ਕਿੰਨੇ ਹੀ ਚਿੱਤਰਕਾਰ ਸਨ ਇੱਕ ਨੇ ਕਿਹਾ, ‘ਯੋਗੇਸ਼ ਬਾਬੂ ਇਸ ਚਿੱਤਰ ਬਾਰੇ ਕੀ ਕਹਿੰਦੇ ਹੋ।”
ਯੋਗੇਸ਼ ਬਾਬੂ ਉਸ ਸਮੇਂ ਚੁੱਪ ਚਾਪ ਚਿੱਤਰ ਵੱਲ ਵੇਖ ਰਹੇ ਸਨ. ਉਹ ਪ੍ਰਸ਼ਨ ਸੁਣ ਕੇ ਅੱਖਾਂ ਬੰਦ ਕਰਦੇ ਹੋਏ ਬੋਲੇ, ”ਜੇਕਰ ਮੈਨੂੰ ਪਹਿਲਾਂ ਪਤਾ ਲੱਗ ਜਾਂਦਾ ਤਾਂ ਮੈਂ ਨਰਿੰਦਰ ਨੂੰ ਆਪਣਾ ਗੁਰੂ ਮੰਨ ਲੈਂਦਾ।
ਦਰਸ਼ਕਾਂ ਨੇ ਵਾਹ-ਵਾਹ (ਸਿਫ਼ਤਾਂ) ਅਤੇ ਸਲਾਹੁਣ ਦੀ ਝੜੀ ਲਗਾ ਦਿੱਤੀ ਪਰ ਕਿਸੇ ਨੂੰ ਵੀ ਇਹ ਪਤਾ ਨਹੀਂ ਸੀ ਕਿ ਉਸ ਸੱਜਣ ਪੁਰਸ਼ ਦਾ ਮੁੱਲ ਕੀ ਸੀ ਜਿਸਨੇ ਇਹ ਚਿੱਤਰ ਬਣਾਇਆ। ਕਿਵੇਂ ਚਿੱਤਰਕਾਰ ਨੇ ਆਪਣੇ ਆਪ ਨੂੰ ਮਿੱਟੀ ਵਿਚ ਮਿਲਾ ਕੇ ਇਸ ਚਿੱਤਰ ਵਿਚ ਰੰਗ ਭਰਿਆ। ਉਸ ਦੀ ਅਜਿਹੀ ਦਸ਼ਾ ਦਾ ਕਿਸੇ ਨੂੰ ਵੀ ਗਿਆਨ ਨਹੀਂ ਸੀ।