January 19, 2026

ਜਾਣੇ ਦੇਂਗੇ ਤੁਮਹੇਂ (ਗੁਜਰਾਤੀ ਕਹਾਣੀ)

ਕੁੰਦਨਿਕਾ ਕਪਾਡੀਆ

ਕੁੰਦਨਿਕਾ ਕਪਾਡੀਆ ਦਾ ਜਨਮ 11 ਜਨਵਰੀ 1927 ਨੂੰ ਲਿਮਬਦੀ (ਹੁਣ ਸੁਰੇਂਦਰਨਗਰ ਜ਼ਿਲ੍ਹਾ, ਗੁਜਰਾਤ ਵਿੱਚ) ਵਿੱਚ ਨਰੋਤਮਦਾਸ ਕਪਾਡੀਆ ਦੇ ਘਰ ਹੋਇਆ ਸੀ। ਉਸਨੇ ਆਪਣੀ ਮੁਢਲੀ ਅਤੇ ਸੈਕੰਡਰੀ ਵਿਦਿਆ ਗੋਧਰਾ ਤੋਂ ਪੂਰੀ ਕੀਤੀ। ਉਸਨੇ 1942 ਵਿਚ ਰਾਸ਼ਟਰਵਾਦੀ ਭਾਰਤ ਛੱਡੋ ਅੰਦੋਲਨ ਵਿਚ ਹਿੱਸਾ ਲਿਆ ਸੀ। 1948 ਵਿਚ ਉਸਨੇ ਬੰਬੇ ਯੂਨੀਵਰਸਿਟੀ ਨਾਲ ਸੰਬੰਧਿਤ, ਸਮਾਲਦਾਸ ਕਾਲਜ, ਭਾਵਨਗਰ ਤੋਂ ਇਤਿਹਾਸ ਅਤੇ ਰਾਜਨੀਤੀ ਵਿਚ ਬੀ.ਏ. ਕੀਤੀ। ‘ਸਨੇਹਧਨ’ ਉਸਦਾ ਕਲਮੀ ਨਾਮ ਸੀ। ਪਰੋਧ ਥੱਟਾ ਪਹਿਲ਼ਾ (1968) ਉਸਦਾ ਪਹਿਲਾ ਨਾਵਲ ਸੀ ਜਿਸਨੂੰ ਉਸਨੇ ਅਗਨੀ ਅਗਨੀਪਿਪਾਸਾ (1972) ਸੀ। ਉਸਨੇ ਸਤ ਪਗ਼ਲਾ ਅਕਾਸ਼ਮਾ (ਸੇਵਨ ਸਟੈੱਪ ਇਨ ਦ ਸਕਾਈ, 1984) ਲਿਖਿਆ, ਜਿਸ ਨਾਲ ਉਸ ਨੂੰ ਅਲੋਚਨਾਤਮਕ ਪ੍ਰਸੰਸਾ ਮਿਲੀ। ਇਸ ਨਾਵਲ ਨੂੰ ਉਸਦਾ ਉੱਤਮ ਨਾਵਲ ਮੰਨਿਆ ਜਾਂਦਾ ਹੈ ਜਿਸਨੇ ਨਾਰੀਵਾਦ ਨੂੰ ਜ਼ਾਹਿਰ ਕੀਤਾ।
ਉਸਦੀ ਪਹਿਲੀ ਕਹਾਣੀ ‘ਪ੍ਰੇਮਨਾ ਅੰਸੂ’ ਸੀ, ਜਿਸਨੇ ਜਨਮਭੂਮੀ ਅਖਬਾਰ ਦੁਆਰਾ ਆਯੋਜਿਤ ਅੰਤਰਰਾਸ਼ਟਰੀ ਕਹਾਣੀ ਮੁਕਾਬਲੇ ਵਿੱਚ ਉਸਨੂੰ ਦੂਜਾ ਇਨਾਮ ਦਵਾਇਆ ਸੀ। ਉਸ ਤੋਂ ਬਾਅਦ ਉਸ ਨੇ ਹੋਰ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ। ਪ੍ਰੇਮਨਾ ਅੰਸੂ (1954) ਉਸਦੇ ਕਹਾਣੀ ਸੰਗ੍ਰਹਿ ਵਜੋਂ ਪ੍ਰਕਾਸ਼ਿਤ ਹੋਈ ਸੀ। ਉਸ ਦੇ ਹੋਰ ਕਹਾਣੀ ਸੰਗ੍ਰਹਿ ਵਧੁ ਨੇ ਵਾਧੂ ਸੁੰਦਰ (1968), ਕਾਗਲਨੀ ਹੋਦੀ (1978), ਜਾਵਾ ਡੇਸ਼ੂ ਤਾਮਨੇ (1983) ਅਤੇ ਮਾਨੁਸ਼ਯ ਥਾਵੂ (1990) ਹਨ। ਉਸ ਦੀਆਂ ਕਹਾਣੀਆਂ ਦਰਸ਼ਨ, ਸੰਗੀਤ ਅਤੇ ਸੁਭਾਅ ਦੀ ਪੜਚੋਲ ਕਰਦੀਆਂ ਹਨ। ਉਸ ਦੀਆਂ ਚੁਣੀਆਂ ਗਈਆਂ ਕਹਾਣੀਆਂ ਕੁੰਦਨਿਕਾ ਕਪਾਡੀਆ ਨੀ ਸ਼੍ਰੇਸ਼ ਵਰਤਾਓ (1987) ਦੇ ਰੂਪ ਵਿੱਚ ਪ੍ਰਕਾਸ਼ਤ ਹੋਈਆਂ।
ਕਪਾਡੀਆ ਨੂੰ ਗੁਜਰਾਤੀ ਸਾਹਿਤ ਪ੍ਰੀਸ਼ਦ ਅਤੇ ਗੁਜਰਾਤ ਸਾਹਿਤ ਅਕਾਦਮੀ ਤੋਂ ਕਈ ਇਨਾਮ ਪ੍ਰਾਪਤ ਹੋਏ। ‘ਚੰਦਰ ਤਾਰਾ ਵ੍ਰਿਕਸ਼ ਵਡਲ’ ਨੇ ਉਸ ਨੂੰ ਗੁਜਰਾਤ ਸਾਹਿਤ ਅਕਾਦਮੀ ਦਾ ਇਨਾਮ ਦਵਾਇਆ। ਉਸ ਨੂੰ 1985 ਵਿਚ ਗੁਜਰਾਤੀ ਲਈ ਸਤਿ ਪੱਗਲਾ ਅਕਾਸ਼ਮਾ ਲਈ ਸਾਹਿਤ ਅਕਾਦਮੀ ਪੁਰਸਕਾਰ ਦਿੱਤਾ ਗਿਆ ਸੀ। ਉਸ ਨੇ 1984 ਵਿੱਚ ਧਨਜੀ ਕਾਂਜੀ ਗਾਂਧੀ ਸੁਵਰਨਾ ਚੰਦਰਕ ਪ੍ਰਾਪਤ ਹੋਇਆ।
ਕਪਾਡੀਆ ਦੀ ਬਹੁਤ ਹੀ ਰੋਚਕ ਕਹਾਣੀ ‘ਜਾਣੇ ਦੇਂਗੇ ਤੁਮਹੇਂ’ ਜੋ ਕਿ ਜਸਵਿੰਦਰ ਧਰਮਕੋਟ ਦੀ ਅਨੁਵਾਦ ਕੀਤੀ ਹੈ ਪਾਠਕਾਂ ਅੱਗੇ ਪੇਸ਼ ਕਰ ਰਹੇ ਹਾਂ—

ਅਨੁਵਾਦ : ਜਸਵਿੰਦਰ ਧਰਮਕੋਟ

ਜਸਵਿੰਦਰ ਧਰਮਕੋਟ ਚੜ੍ਹਦੇ ਪੰਜਾਬ ਦੀ ਕਹਾਣੀ ਵਿੱਚ ਨਿਵੇਕਲਾ ਪਰ ਪੱਕੇ ਪੈਰੀਂ ਪਹਿਚਾਣ ਬਣਾਉਣ ਵਾਲ਼ਾ ਕਹਾਣੀਕਾਰ ਹੈ।’ਮੈਲਾਨਿਨ’ ਉਸਦਾ ਪਹਿਲਾ ਕਹਾਣੀ ਸੰਗ੍ਰਹਿ ਹੈ ਜਿਸ ਦੀ ਟਾਈਟਲ ਕਹਾਣੀ ਨੇ 2023 ਦਾ ਉਰਮਿਲਾ ਆਨੰਦ ਪੁਰਸਕਾਰ ਪ੍ਰਾਪਤ ਕੀਤਾ। ਉਸ ਦਾ ਕਹਾਣੀ ਸੰਗ੍ਰਹਿ 2024 ਦੀ ਢਾਹਾਂ ਇਨਾਮ ਦੀ ਸੂਚੀ ਲਈ ਵੀ ਪਹਿਲੀਆਂ ਛੇ ਕਿਤਾਬਾਂ ਵਿੱਚ ਸ਼ਾਰਟਲਿਸਟ ਹੋਇਆ।ਜ਼ਿਕਰਯੋਗ ਹੈ ਕਿ ਇਸ ਕਹਾਣੀ ਸੰਗ੍ਰਹਿ ਨੇ ਭਾਸ਼ਾ ਵਿਭਾਗ ਪੰਜਾਬ ਵੱਲੋਂ 2023 ਦੀ ਸਰਵੋਤਮ ਕਹਾਣੀ ਪੁਸਤਕ ਵਜੋਂ ਪ੍ਰਿੰਸੀਪਲ ਸੁਜਾਨ ਸਿੰਘ ਐਵਾਰਡ ਵੀ ਹਾਸਲ ਕੀਤਾ । ਜਸਵਿੰਦਰ ਦੀਆਂ ਕਈ ਕਹਾਣੀਆਂ ਹਿੰਦੀ ਅਤੇ ਸ਼ਾਹਮੁਖੀ ਵਿੱਚ ਵੀ ਛਪ ਚੁੱਕੀਆਂ ਹਨ। ਮੈਲਾਨਿਨ ਕਹਾਣੀ ਸੰਗ੍ਰਹਿ ਤੋਂ ਇਲਾਵਾ ਉਸ ਦਾ ਇੱਕ ਹਿੰਦੀ ਕਵਿਤਾ ਬਾਲ ਸੰਗ੍ਰਹਿ ‘ਪਿਘਲਤਾ ਸੂਰਜ’ ਵੀ ਪ੍ਰਕਾਸ਼ਿਤ ਹੋ ਚੁੱਕਾ ਹੈ । ਉਸ ਨੇ ਮਾਰਟੀ ਦੀ ਕਿਤਾਬ ‘ਰੁੱਖ ਕੀ ਹੈ’? ਦਾ ਅਨੁਵਾਦ ਵੀ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਕੀਤਾ ਹੈ। ਸਾਹਿਤਕਾਰ ਹੋਣ ਦੇ ਨਾਲ ਨਾਲ ਜਸਵਿੰਦਰ ਕਿੱਤੇ ਵਜੋਂ ਇੱਕ ਅਧਿਆਪਕ ਹੈ।

ਖਿੜਕੀ ‘ਚੋਂ ਉਸ ਨੇ ਅਸਮਾਨ ਵੱਲ ਝਾਤ ਮਾਰੀ। ਪਲੰਘ ਉਹਨੇ ਇਸ ਤਰ੍ਹਾਂ ਡਹਾਇਆ ਸੀ ਕਿ ਵਿਹੜੇ ਵਿਚਲਾ ਨਿੰਮ ਦਾ ਰੁੱਖ ਚੰਗੀ ਤਰ੍ਹਾਂ ਨਜ਼ਰੀਂ ਆਵੇ। ਜਦੋਂ ਕਦੇ ਨਿੰਮ ਦੀਆਂ ਟਾਹਣੀਆਂ ਹਵਾ ਵਿੱਚ ਜ਼ੋਰ ਨਾਲ ਝੂਲਦੀਆਂ ਤਾਂ ਇੰਝ ਲਗਦਾ ਜਿਵੇਂ ਖਿੜਕੀ ‘ਤੇ ਦਸਤਕ ਦੇ ਰਹੀਆਂ ਹੋਣ। ਟਾਹਣੀਆਂ ਵਿਚਲੀ ਖ਼ਾਲੀ ਥਾਂ ‘ਚੋਂ ਸਲੇਟੀ ਅੰਬਰ ਅਤੇ ਉਸ ‘ਚ ਤੈਰਦੇ ਕਪਾਹੀ ਬੱਦਲਾਂ ਦੇ ਟੁਕੜੇ ਨਜ਼ਰੀਂ ਪੈਂਦੇ। ਕਦੇ-ਕਦੇ ਇਹਨਾਂ ਟਾਹਣੀਆਂ ‘ਤੇ ਇੱਕ ਸਫੈਦ ਪੰਛੀ ਆ ਬਹਿੰਦਾ… ਲੰਮੀ ਪੂਛ ਵਾਲਾ… ਸ਼ਾਇਦ ਸਫ਼ੈਦ ਬਾਜ (ਦੁੱਧਰਾਜ) ਹੋਵੇਗਾ। ਆਮ ਤੌਰ ਤੇ ਤਾਂ ਇਹ ਸੰਘਣੀਆਂ ਝਾੜੀਆਂ ਵਿਚ ਰਹਿੰਦਾ ਹੈ… ਅਕਸਰ ਵਿਖਾਲੀ ਨਹੀਂ ਦਿੰਦਾ। ਪਰ ਇੱਥੇ ਤਾਂ ਉਹ ਇੰਝ ਆ ਬਹਿੰਦਾ, ਜਿਵੇਂ ਜਾਣ-ਬੁੱਝ ਕੇ ਖ਼ੁਦ ਨੂੰ ਵਿਖਾਉਣ ਆਇਆ ਹੋਵੇ ।


ਘਰ ਵਿੱਚ ਡਾਹਢੀ ਰੌਣਕ ਹੈ। ਅੱਜ ਦੁਪਹਿਰ ਦੀ ਫਲਾਈਟ ਰਾਹੀਂ ਦੀਪਾਂਕਰ ਤੇ ਮਾਰੀਆ ਆ ਰਹੇ ਹਨ…ਦੀਪਾਂਕਰ ਉਸ ਦਾ ਛੋਟਾ ਪੁੱਤਰ। ਸੱਤ ਸਾਲ ਪਹਿਲਾਂ ਅਮਰੀਕਾ ਗਿਆ ਸੀ। ਉੱਥੇ ਹੀ ਅਮਰੀਕਨ ਕੁੜੀ ਨਾਲ ਵਿਆਹ ਕਰਵਾ ਲਿਆ। ਵਾਰ-ਵਾਰ ਲਿਖਦਾ-‘ ਆ ਰਿਹਾ ਹਾਂ ‘, ਪਰ ਆਇਆ ਨਹੀਂ ਸੀ। ਹੁਣ ਮਾਂ ਬੀਮਾਰ ਹੈ, ਮਰਨ ਕੰਢੇ… ਤਾਂ ਘਰਵਾਲੀ ਨੂੰ ਲੈ ਕੇ ਆ ਰਿਹਾ ਹੈ । ਅਮਰੀਕਨ ਕੁੜੀ…ਖ਼ਬਰੇ ਕਿੱਦਾਂ ਦੀ ਹੋਵੇ !
ਉਹ ਅੰਦਰੋ-ਅੰਦਰੀ ਮੁਸਕਰਾਈ। ਟੈਗੋਰ ਦਾ ਗੀਤ, ਮੇਘਾਨੀ ਨੇ ਅਨੁਵਾਦ ਕੀਤਾ ਸੀ-‘ ਉਹ ਕਿਵੇਂ ਹੈ, ਕਿਵੇਂ ਦੀ ਨਹੀਂ…,ਮਾਂ ਮੈਨੂੰ ਜ਼ਰਾ ਵੀ ਯਾਦ ਨਹੀਂ…'(‘वह कैसी है कैसी नहीं, माँ, मुझे ज़रा भी याद नहीं’)। ਆਪਣੇ ਵੇਲਿਆਂ ‘ਚ ਉਸ ਨੇ ਟੈਗੋਰ ਨੂੰ ਰੱਜ ਕੇ ਪੜ੍ਹਿਆ ਸੀ। ਟੈਗੋਰ, ਯੀਟਸ, ਇਬਸਨ । ਐਤਵਾਰ ਨੂੰ ਉਹ ਹਮ ਉਮਰ ਦੋਸਤਾਂ ਸਮੇਤ ਦੂਰ ਜਾਣ ਦੀ ਬਜਾਇ ਕਿਸੇ ਨੇੜਲੇ ਜੰਗਲ ਵਿੱਚ ਜਾ ਡੇਰਾ ਲਾਉਂਦੇ,ਖਾਂਦੇ-ਪੀਂਦੇ, ਰੁੱਖਾਂ ਹੇਠ ਮੂਧੇ ਲੇਟ ਗੀਤ ਗਾਉਂਦੇ ਤੇ ਉੱਚੀ-ਉੱਚੀ ਆਵਾਜ਼ ਵਿੱਚ ਕਵਿਤਾਵਾਂ ਪੜ੍ਹਦੇ -‘ਤੈਨੂੰ ਜਾਣ ਨਹੀਂ ਦੇਣਾ ‘(‘जेते आमी दियो न तोमाय’)। ਯੀਟਸ ਦਾ ਕਾਵਿ ਤਾਂ ਉਹਨੂੰ ਜ਼ੁਬਾਨੀ ਰਟਿਆ ਹੋਇਆ ਸੀ , ‘ ਮੈਂ ਉੱਠਾਂਗਾ ਤੇ ਹੁਣੇ ਜਾਵਾਂਗਾ (‘आई विल अराईज़ अँड गो नाऊ)–ਜਿੱਥੇ ਦਿਨ ਰਾਤ ਝੀਲ ਦਾ ਪਾਣੀ ਸਹਿਲਾਉਂਦਾ ਹੈ ‘। ਜੌਹਨ ਮੈਂਸਫੀਲਡ ਦੀ ਕਵਿਤਾ-‘ ਮੈਨੂੰ ਇੱਕ ਰਾਹ ਦੇਵੋ… ਸਿਰ ਦੇ ਉੱਤੇ ਹੋਵੇ ਅੰਬਰ… ਠੰਡ ਹੋਵੇ ਜੇ ਕਰ ਰਾਹ ਅੰਦਰ.. ਸੇਕਾਂ ਕੋਈ ਧੂਣੀ… ਫਿਰ ਪ੍ਰਭਾਤ… ਫਿਰ-ਫਿਰ ਪ੍ਰਵਾਸ।’
ਉਸ ਨੇ ਇੱਕ ਖ਼ੂਬਸੂਰਤ ਜ਼ਿੰਦਗੀ ਗੁਜ਼ਾਰੀ ਸੀ।  ਜ਼ਿੰਦਗੀ ਜਿਹੜੀ ਉਸ ਨੂੰ ਹਮੇਸ਼ਾ ਹੀ ਜੀਣ ਯੋਗ ਜਾਪਦੀ। ਹੁਣ ਦੀ ਪੀੜ੍ਹੀ-ਉਸ ਦਾ ਵੱਡਾ ਪੁੱਤਰ ਤੇ ਉਹਦੀ ਪਤਨੀ ਮਾਇਆ, ਵਿਚਾਲੜਾ ਬੇਟਾ ਤੇ ਉਸਦੀ ਪਤਨੀ ਛਾਇਆ… ਕੀ ਉਹਨਾਂ ਕਦੇ ਟੈਗੋਰ, ਕਾਲੀਦਾਸ ਜਾਂ ਸ਼ੈਕਸਪੀਆਰ ਨੂੰ ਪੜ੍ਹਿਆ ਹੋਵੇਗਾ? ਨੀਤਸੇ ਤੇ ਬਰਗਸਨ ਦੇ ਤਾਂ ਸ਼ਾਇਦ ਉਹਨਾਂ ਨਾਂ ਵੀ ਨਾ ਸੁਣੇ ਹੋਣ । ਆਪਣੇ ਕਮਰੇ ਵਾਲੀ ਅਲਮਾਰੀ ਵਿੱਚ ਉਸ ਦੀ ਆਪਣੀ ਪਸੰਦ ਦੀਆਂ ਕਿਤਾਬਾਂ ਪਈਆਂ ਸਨ- ਕ੍ਰਿਏਟਿਵ ਐਵੋਲਿਊਸ਼ਨ, ਫੋਰਥ ਵੇ, ਏਕੋਤਰਤਰਸ਼ਤੀ (101 ਕਵਿਤਾਵਾਂ), ਰਵਿੰਦਰਨਾਥ, ਜੌਹਨ ਡੱਨ ਅਤੇ ਬਲੇਕ ਦੇ ਸੰਗ੍ਰਿਹ।ਪਤਾ ਨਹੀਂ ਕਿੰਨੀਆਂ ਹੀ ਕਿਤਾਬਾਂ…। ਪਰ ਇਹਨਾਂ ਨੂੰਹ ਰਾਣੀਆਂ ਨੇ ਕਦੇ ਅਲਮਾਰੀ ਨੂੰ ਹੱਥ ਵੀ ਨਹੀਂ ਸੀ ਲਾਇਆ। ਪੁੱਛਿਆ ਵੀ ਨਹੀਂ ਸੀ ਕਿ ਕਿਹੜੀਆਂ ਕਿਤਾਬਾਂ ਨੇ।ਉਹ ਤਾਂ ਐਲਿਸਟਰ ਮੈਕਲੀਨਜ਼, ਜੇਮਸ ਹੈਡਲੀ ਚੇਜ਼, ਇਆਨ ਫਲੈਮਿੰਗ, ਗੁਲਸ਼ਨ ਨੰਦਾ ਦੀਆਂ ਕਿਤਾਬਾਂ ਹੀ ਪੜ੍ਹਦੀਆਂ। ਅਕਸਰ ਆਖਦੀਆਂ, “ ਬੋਰ ਹੋ ਗਏ। ” ਬੋਰ ਸ਼ਬਦ ਉਹਨਾਂ ਦੀਆਂ ਗੱਲ੍ਹਾਂ ਵਿੱਚੋਂ ਕਿਰਦਾ ਹੀ ਰਹਿੰਦਾ। ਉਸ ਨੇ ਤਾਂ ਆਪਣੇ ਜੀਵਨ ਵਿਚ ਕਦੇ ਬੋਰੀਅਤ ਦਾ ਅਹਿਸਾਸ ਹੀ ਨਹੀਂ ਸੀ ਕੀਤਾ। ਪੂਰਨਮਾਸ਼ੀ ਵਾਲ਼ੇ ਦਿਨ ਉਹ ਤੇ ਉਸਦਾ ਪਤੀ ਲੋਨਾਵਾਲ਼ਾ ਚਲੇ ਜਾਂਦੇ । ਉੱਥੇ ਇਕਾਂਤ ਵਿਚ ਸੁੰਦਰਤਾ ਪ੍ਰੇਮੀਆਂ ਲਈ ਇੱਕ ਗੈਸਟ ਹਾਊਸ ਸੀ… ,ਜਿਸ ਦਾ ਨਾਮ ਸੀ-‘ ਸੁਪਨਾ’। ਨੀਵੀਂ ਜਿਹੀ ਛੱਤ ਵਾਲ਼ਾ ਛੋਟਾ ਜਿਹਾ ਮਕਾਨ।ਉੱਪਰ ਇੱਕ ਛੋਟਾ ਜਿਹਾ ਚੁਬਾਰਾ,ਜਿਸ ‘ਚ ਚਾਰੇ ਪਾਸੇ ਸ਼ੀਸ਼ੇ ਦੀਆਂ ਬਾਰੀਆਂ ਹੀ ਬਾਰੀਆਂ। ਪੂਰਬ ਵੱਲ ਇੱਕ ਲੰਮੀ ਪਰਬਤ ਲੜੀ। ਇਸ ਪਰਬਤ ਲੜੀ ਉਹਲਿਓਂ ਚੰਨ ਰਤਾ ਕੁ ਦੇਰ ਨਾਲ ਚੜ੍ਹਦਾ । ਉਹ ਦੋਵੇਂ ਸ਼ਾਂਤ, ਸੱਥਿਰ ਤੇ ਇਕਾਗਰਚਿੱਤ ਬੈਠਦੇ।ਨਿੱਕੀ-ਨਿੱਕੀ ਧੜਕਨ ਤੇ ਕੰਪਨ ਨੂੰ ਮਹਿਸੂਸ ਕਰਦੇ… ਸਦੀਵੀ ਆਨੰਦਮਈ ਪ੍ਰਕਾਸ਼ ਦੀ ਵਾਟ ਨਿਹਾਰਦੇ।ਹੌਲ਼ੀ-ਹੌਲ਼ੀ ਪਹਾੜੀਆਂ ਪਿੱਛੋਂ ਲਾਲੀ ਦੀ ਭਾਅ ਮਾਰਦੀ ਤੇ ਇੱਕ ਚਮਕੀਲੀ ਸਫੈਦ ਲਕੀਰ ਉੱਭਰਦੀ। ਉਸਦੇ ਤੇ ਉਸਦੇ ਪਤੀ ਦੋਹਾਂ ਦੇ ਹੱਥ ਇੱਕ-ਮਿੱਕ ਹੁੰਦੇ । ਖੁਸ਼ੀ ਦੇ ਅਹਿਸਾਸ ਵਿੱਚ ਇੱਕ ਦੂਜੇ ਦੇ ਸਾਥ ਦਾ ਵਿਸ਼ਵਾਸ ਹੋਰ ਜਾਗ ਉੱਠਦਾ। ਚੰਨ ਝੱਟ-ਪਟ ਉੱਚਾ ਹੁੰਦਾ…ਧਰਤੀ ਦੀ ਗਤੀ ਜਿਵੇਂ ਉਸੇ ਪਹਿਰ ਰੁਕ ਜਾਂਦੀ । ਮੁਮਕਿਨ ਹੁੰਦਾ ਤਾਂ ਉਹ ਦੋ ਤਿੰਨ ਦਿਨ ਉੱਥੇ ਹੀ ਰੁਕਦੇ । ਪੂਰਨਮਾਸੀ ਦੇ ਚੰਨ ਦੀ ਬਜ਼ਾਇ ਏਕਮ ਜਾਂ ਦੂਜ ਦੇ ਚੰਨ ਨੂੰ ਦੇਖਣਾ ਹੋਰ ਵੀ ਰੁਮਾਂਚਕ ਹੁੰਦਾ। ਨੌਂ ਵਜੇ ਹੀ ਇਸ  ਛੋਟੇ ਜਿਹੇ ਪਹਾੜੀ ਸਥਾਨ ‘ਤੇ ਸਨਾਟਾ ਛਾ ਜਾਂਦਾ।ਸਭ ਕੁਝ ਸ਼ਾਂਤ ਹੋ ਇੱਕ ਨੁੱਕਰ ਵਿੱਚ ਜਾ ਬੈਠਦਾ। ਆਕਾਸ਼ ਸਾਹ ਰੋਕ ਕੇ ਵੇਖਦਾ। ਹਵਾ ਵਿੱਚ ਕਿਤੇ-ਕਿਤੇ ਧੂੰਆਂ, ਘਰਾਂ ਦੀਆਂ ਲਾਈਟਾਂ ਦੀਆਂ ਤੇਜ ਕਿਰਨਾਂ, ਚਾਰੇ ਪਾਸੇ ਸੁੰਨ-ਸਾਨ ਅਤੇ ਨਰਮ-ਮੁਲਾਇਮ ਜਿਹੀ ਹਨੇਰ ਭਰੀ ਚੁੱਪ । ਫਿਰ ਥੋੜ੍ਹੀ ਦੇਰ ਮਗਰੋਂ ਚੰਨ ਨਿਕਲਦਾ, ਹੈਰਾਨੀ ਨਾਲ ਪਹਾੜੀਆਂ ਨੂੰ ਤੱਕਦਾ, ਸੁੱਤੀ ਧਰਤ ਨੂੰ ਨਿਹਾਰਦਾ…. ਉਸ ਮਗਰੋਂ ਤਾਂ ਜਿਵੇਂ ਚਾਨਣ ਦੀ ਝੜੀ ਹੀ ਲੱਗ ਜਾਂਦੀ । ਉਹ ਕਿਸੇ ਗਹਿਰੇ ਸਪਰਸ਼ ਦਾ ਅਨੁਭਵ ਕਰਦੇ… ਤਨ-ਮਨ ਭਿੱਜ ਜਾਂਦੇ ।
ਸੁੰਦਰਤਾ ਦੇ ਅਜਿਹੇ ਸੈਂਕੜੇ ਅਹਿਸਾਸਾਂ ਨਾਲ਼ ਉਸ ਦਾ ਜੀਵਨ ਭਰਿਆ ਪਿਆ ਸੀ । ਕਦੇ-ਕਦੇ ਉਹ ਸ਼ਾਮ ਦੀ ਦਹਿਲੀਜ਼ ‘ਤੇ ਨਿੰਮ ਦੇ ਹੇਠਾਂ ਰਿਲਕੇ ਦੀ ਕਵਿਤਾ ਗੁਣਗੁਣਾਉਂਦੀ-‘ਅਸੀਂ ਦੁੱਖਾਂ ਨੂੰ ਬਰਬਾਦ ਕਰਨ ਵਾਲ਼ੇ’ (ਵੀ ਦ ਵੇਸਟਰਜ਼ ਆਫ਼ ਸਾਰੋਜ਼)- ਦੁੱਖ ਤੋਂ ਛੁਟਕਾਰੇ ਦੀ ਰਾਹ ਵੇਖਦਿਆਂ ਪੀੜਾਂ ਨੂੰ ਵਿਅਰਥ ਗੁਆ ਦਿੰਦੇ ਹਾਂ। ਉਸਦਾ ਪਤੀ ਉਸਨੂੰ ਚੁੱਪ-ਚਾਪ ਸੁਣਦਾ । ਜ਼ਿੰਦਗੀ ਦੇ ਆਵਾਗਮਨ ਪਿੱਛੇ ਲੁਕੇ ਦਰਦ ਦਾ ਨਿੱਕਾ-ਨਿੱਕਾ ਦ੍ਰਿਸ਼ ਉਹਨਾਂ ਦੇ ਨਜ਼ਰੀਂ ਪੈਂਦਾ । ਦੋਹੇਂ ਦੁੱਖ ਨੂੰ ਸਮਝਦਾਰੀ ਨਾਲ ਸਵੀਕਾਰਨ ਤੇ ਦਰਦ ਦੇ ਗੁੱਝੇ ਭੇਦ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ।
ਕਈ ਵਾਰ ਉਸ ਦੇ ਮਨ ਅੰਦਰ ਸਵਾਲ ਉੱਠਦਾ, ਇਹ ਲੋਕ ਜ਼ਿੰਦਗੀ ਨੂੰ ਕਿਵੇਂ ਦੇਖਦੇ ਹੋਣਗੇ ? ਪਰ ਮਾਇਆ ਤੇ ਛਾਇਆ ਕੋਲ ਸਕੂਨ ਕਿੱਥੇ ਸੀ ਬੈਠਣ ਲਈ, ਉਹਨਾਂ ਕੋਲ ਐਨੀ ਫ਼ੁਰਸਤ ਕਿੱਥੇ ਕਿ ਉਸ ਨਾਲ ਕੋਈ ਗੱਲ ਕਰਨ।ਉਹ ਤਾਂ ਸਾਰਾ ਦਿਨ ਕਾਸੇ ਨਾ ਕਾਸੇ ਵਿੱਚ ਰੁੱਝੀਆਂ ਰਹਿੰਦੀਆਂ । ਕਦੇ ਕੁਕਿੰਗ ਕਲਾਸ ਲਈ ਜਾਂਦੀਆਂ, ਫਰੈਂਚ ਪੁਡਿੰਗ, ਇਟਾਲੀਅਨ ਪਿੱਜ਼ਾ ਬਣਾਉਣਾ ਸਿੱਖਦੀਆਂ । ਇੰਟੀਰੀਅਰ ਡੈਕੋਰੇਸ਼ਨ ਦੀ ਕਲਾਸ ਲਾਉਂਦੀਆਂ, ਈਕੇਬਾਨਾ(ਫੁੱਲ ਸਜਾਉਣ ਦੀ ਕਲਾ) ਦੀ ਮੀਟਿੰਗ ਵਿਚ ਜਾਂਦੀਆਂ, ਕੈਂਡਲ ਲਾਈਟ ਡਿਨਰ ਕਰਦੀਆਂ , ਵਾਲਾਂ ਦੇ ਨਵੇਂ-ਨਵੇਂ ਸਟਾਈਲ ਸਿੱਖਦੀਆਂ ਤੇ ਬਣਾਉਂਦੀਆਂ। ਕੱਪੜਿਆਂ ਦੀ ਨਵੀਂ-ਨਵੀਂ ਮੈਚਿੰਗ ਕਰਦੀਆਂ ਅਤੇ ਸੋਹਣੀਆਂ ਵੀ ਲਗਦੀਆਂ। ਪਰ ਉਹ ਜਦੋਂ ਵੀ ਬਾਹਰੋਂ ਘਰ ਪਰਤਦੀਆਂ ਤਾਂ ਹਮੇਸ਼ਾ ਆਖਦੀਆਂ- ਬੋਰ ਹੋ ਗਏ,ਥੱਕ ਗਏ, ਉਹ ਪ੍ਰੇਮ ਨਾਥ ਵੀ ਕਿੰਨਾ ਬੋਰ ਸੀ । ਬੋਰੀਅਤ ਦੀ ਕਿਆਰੀ ਵਿੱਚ ਹੀ ਉਹਨਾਂ ਦਾ ਦਿਨ ਉੱਗਦਾ ਤੇ ਸ਼ਾਮ ਢਲਦੀ।
ਉਹ ਸਥਾਪਿਤ ਪ੍ਰਬੰਧਾਂ ਅਤੇ ਪਰੰਪਰਾਵਾਂ ਵਿਰੁੱਧ ਵਿਦਰੋਹ ਦੀਆਂ ਗੱਲਾਂ ਵੀ ਕਰਦੀਆਂ। ਕਈ ਵਾਰ ਕੁਝ ਹਿੱਪੀ ਵੀ ਮਹਿਮਾਨ ਬਣ ਘਰ ਆਉਂਦੇ। ਇਸ ਸਭ ਦੇ ਬਾਵਜੂਦ ਵੀ ਉਹਨਾਂ ਦੇ ਜੀਵਨ ਵਿੱਚ ਬੜਾ ਖ਼ਾਲੀਪਨ ਸੀ। ਜੀਵਨਆਨੰਦ ਨਾਂ ਦਾ ਤੱਤ ਉਹਨਾਂ ਦੀ ਮੁੱਠੀ ‘ਚੋਂ ਕਿਰ ਚੁੱਕਾ ਸੀ ਉਹ ਜੀਅ ਰਹੀਆਂ ਸਨ- ਪਰ ਉਹਨਾਂ ਨੂੰ ਲੱਗਦਾ ਸੀ ਇਸ ਸਭ ਦਾ ਅਰਥ ਕੀ ਹੈ?
ਤੇ ਹੁਣ ਇੱਕ ਨਵੀਂ ਲੜਕੀ ਘਰ ਆ ਰਹੀ ਹੈ । ਉਹ ਵੀ ਤੇਈਆਂ-ਚੌਵੀਆਂ ਸਾਲਾਂ ਦੀ। ਦੀਪਕ ਨੇ ਵਿਆਹ ਵੇਲੇ  ਦੀਆਂ ਫੋਟੋਆਂ ਭੇਜੀਆਂ ਸਨ ਪਰ ਫੋਟੋਆਂ ਤੇ ਉਹ ਵੀ ਵਿਆਹ ਦੀਆਂ ਫੋਟੋਆਂ… ਉਹਨਾਂ ਤੋਂ ਕਿਸੇ ਬਾਰੇ ਕੀ ਪਤਾ ਲੱਗਦਾ ਹੈ। ਉਸਦੇ ਮਨ ਅੰਦਰ ਖੌਰੂ ਪੈ ਰਿਹਾ ਸੀ- ਦੀਪਾਂਕਰ ਦੀ ਪਸੰਦ ਦੀ ਲੜਕੀ ਪਤਾ ਨਹੀਂ ਕਿਹੋ ਜਿਹੀ ਹੋਵੇਗੀ?
ਉਹ ਮੇਰਾ ਆਦਰ-ਮਾਣ ਕਰੇਗੀ ਜਾਂ ਨਾ ? ਮੇਰੀ ਪੁੱਛ-ਗਿੱਛ ਕਰੇਗੀ ਕਿ ਨਾ ? ਉਂਝ ਇਹ ਸਭ ਏਨਾ ਮਹੱਤਵਪੂਰਨ ਨਹੀਂ ਸੀ। ਹੁਣ ਉਹਨੇ ਹੋਰ ਕਿੰਨੇ ਕੁ ਦਿਨ ਜਿਉਣਾ ਸੀ ? ਪਰ ਇੱਕ ਚਾਅ ਸੀ, ਅਣਜਾਣ ਦੂਰ ਦੇਸ਼ ਦੀ ਕੁੜੀ… ਨੂੰਹ ਬਣਕੇ ਆ ਰਹੀ ਸੀ, ਉਸ ਨੂੰ ਜਾਨਣ ਦੀ ਇੱਛਾ। ਉਂਝ ਤਾਂ ਮਾਇਆ ਤੇ ਛਾਇਆ ਵੀ ਉਸ ਨੂੰ ਜਾਨਣ ਲਈ ਉਤਾਵਲੀਆਂ ਸਨ- ਭੈਅ ਤੇ ਸ਼ੰਕਾ ਭਰਪੂਰ। ਇੱਕ ਦਿਨ ਉਸਨੇ ਦੋਵਾਂ ਨੂੰ ਘੁਸਰ-ਮੁਸਰ ਕਰਦੇ ਸੁਣਿਆ ਸੀ-‘ ਅਡਜਸਟਮੈਂਟ ਕਰਨੀ ਪਵੇਗੀ ‘- ਅਜਿਹਾ ਹੀ ਕੁਝ ਕਹਿ ਰਹੀਆਂ ਸਨ। ਇਹ ਤਾਂ ਚੰਗਾ ਹੈ ਕਿ ਘਰ ਖੁੱਲ੍ਹਾ-ਡੁੱਲ੍ਹਾ ਹੈ…ਸਾਰੇ ਇਸ ‘ਚ ਸਮਾ ਸਕਦੇ ਨੇ । ਬੇਟੀਆਂ ਵੀ ਆਪਣੇ ਪਤੀਆਂ ਤੇ ਬੱਚਿਆਂ ਨਾਲ ਆਈਆਂ ਹੋਈਆਂ ਹਨ। ਮਾਂ ਨੂੰ ਆਖ਼ਰੀ ਵਾਰ ਮਿਲਣ। ਪਰ ਵਿਹਲ ਉਹਨਾਂ ਕੋਲ  ਵੀ ਨਹੀਂ ਸੀ- “ ਭਾਬੀ ਟੀਨੂ ਲਈ ਦੁੱਧ ਗਰਮ ਹੋ ਗਿਆ ? ਮਹਾਰਾਜ ਨੂੰ ਕਹਿਣਾ ਯਾਦ ਨਾਲ ਬਿਨਾਂ ਮਿਰਚ ਵਾਲੀ ਸਬਜ਼ੀ ਕੱਢ ਲਵੇ । ਅਵਿਨਾਸ਼ ਦੇ ਪੇਟ ਵਿੱਚ ਅਲਸਰ ਹੈ।” ਉਹਨਾਂ ਦੇ ਸਲੀਕੇ ਵਿੱਚ ਇੱਕ ਤਰ੍ਹਾਂ ਦੀ ਕਾਹਲ ਹੁੰਦੀ। ਕਿੰਨੀਆਂ ਛੁੱਟੀਆਂ ਬਚੀਆਂ ਹਨ ? ਉਹ ਹਿਸਾਬ-ਕਿਤਾਬ ਲਾਉਂਦੀਆਂ, ਛੁੱਟੀਆਂ ਵਧਾਉਣੀਆਂ ਤਾਂ ਨਹੀਂ ਪੈਂਦੀਆਂ ? ਘਰ ਤਾਂ ਆਪਣੇ ਹਾਲ ‘ਤੇ ਹੀ ਛੱਡ ਕੇ ਆਉਣਾ ਪਿਆ। ਤੁਰਦੀਆਂ-ਫਿਰਦੀਆਂ ਮਾਂ ਕੋਲ ਆਉਂਦੀਆਂ- ਮਾਂ ਦਵਾਈ ਲੈ ਲਈ ਨਾ ? ਨੀਂਦ ਠੀਕ ਆ ਗਈ ਸੀ ? ਰਾਤ ਕਿਵੇਂ ਬੀਤੀ?- ਮੱਛਰਦਾਨੀ ਦੇ ਕੋਨੇ ਠੀਕ ਕਰਦੀਆਂ, ‘ਕੱਠੀ ਹੋਈ ਚਾਦਰ ਠੀਕ ਕਰਕੇ ਵਿਛਾਉਂਦੀਆਂ, ਮਾਂ ਦੇ ਪਲੰਘ ਕੋਲ ਪਏ ਮੇਜ ‘ਤੇ ਤਾਜੇ ਫੁੱਲ ਰੱਖਦੀਆਂ । ਬੱਚੇ ਰੌਲਾ ਪਾਉਂਦੇ ਤਾਂ ਉਹਨਾਂ ਨੂੰ ਬਾਹਰ ਕੱਢ ਦਿੰਦੀਆਂ । ਯਾਨੀ ਮਾਂ ਦਾ ਪੂਰਾ ਫਿਕਰ ਕਰਦੀਆਂ। ਰੋਜ਼ ਉਸ ਦੇ ਖਾਣ ਲਈ ਵੱਖ- ਵੱਖ ਤਰ੍ਹਾਂ ਦੀਆਂ ਹਲਕੀਆਂ-ਫੁਲਕੀਆਂ ਚੀਜ਼ਾਂ ਬਣਾਉਂਦੀਆਂ। ਉਹਨਾਂ ਨੂੰ ਲੱਗਦਾ ਜਿਵੇਂ ਮਾਂ ਦੀ ਦੇਖਭਾਲ ਪੂਰੀ ਹੋ ਗਈ ਹੈ,ਇਹ ਤਾਂ ਮਾਂ ਹੀ ਜਾਣਦੀ ਸੀ ਕਿ ਖਾਲ਼ੀਪਣ ਕਿੱਥੇ ਹੈ। ਪਰ ਹੁਣ ਉਸਨੇ ਮੌਤ ਦੇ ਸਾਹਮਣੇ ਆਪਣੀਆਂ ਸਾਰੀਆਂ ਇੱਛਾਵਾਂ ਸਮੇਟ ਲਈਆਂ ਸਨ -ਜ਼ਿੰਦਗੀ ਭਰ ਮੈਂ ਸੁੰਦਰਤਾ ਦੀ ਕਾਮਨਾ ਕੀਤੀ ਹੈ । ਜ਼ਿੰਦਗੀ ਨੂੰ ਚਾਹਿਆ ਹੈ । ਮਰਨ ਵੇਲੇ ਵੀ ਇਸ ਨੂੰ ਤਿੜਕਨ ਨਹੀਂ ਦਿਆਂਗੀ । ਉਸ ਨੂੰ ਆਪਣੇ ਮਨ ਪਸੰਦ ਲੇਖਕ ਹੈਦਰੀ ਫਰੈਡਰਿਕ ਏਮੀਅਲ ਦੀ ਯਾਦ ਆਈ, ਸੁਹਜ ਸ਼ਾਸਤਰ ਦੇ ਪ੍ਰੋਫੈਸਰ; ਜਿਸ ਨੇ ਤੀਹ ਸਾਲ ਇਕਾਂਤਵਾਸ ਵਿੱਚ ਰਹਿ ਕੇ ਸੋਲਾਂ ਹਜ਼ਾਰ ਪੰਨਿਆਂ ਦਾ ਨਾਵਲ ਲਿਖਿਆ ਸੀ ।ਉਹ ਤੇ ਉਸਦਾ ਪਤੀ ਦੋਵੇਂ ਏਮੀਅਲ, ਬਰਗਸਨ ਅਤੇ ਟੈਗੋਰ ਬਾਰੇ ਇੰਝ ਗੱਲਾਂ ਕਰਦੇ ਜਿਵੇਂ ਉਹ ਉਹਨਾਂ ਦੇ ਗੂੜ੍ਹੇ ਮਿੱਤਰ ਹੋਣ। ਇਹਨਾਂ ਲੇਖਕਾਂ ਦੇ ਸਾਹਿਤ, ਜੀਵਨ ਦਰਸ਼ਨ ਨੂੰ ਉਸ ਨੇ ਪੂਰੀ ਤਰ੍ਹਾਂ ਅਪਣਾ ਲਿਆ ਸੀ। ਹੁਣ ਮੌਤ ਦਾ ਸਮਾਂ ਸਾਹਮਣੇ ਸੀ, ਜ਼ਿੰਦਗੀ ਦੀ ਸਭ ਤੋਂ ਵੱਡੀ ਅਨੁਭੂਤੀ ਤੇ ਪਰਮ ਆਨੰਦ ਦਾ ਪਲ। ਇਸ ਘੜੀ ਉਸ ਦੀ ਅੰਤਿਮ ਇੱਛਾ ਇਹੀ ਸੀ ਕਿ ਉਸ ਦਾ ਅੰਗ-ਅੰਗ ਪੂਰਨਮਾਸ਼ੀ ਅਤੇ ਦੂਜ ਦੇ ਚੰਨ ਦੀ ਲਾਲੀ ਵਿੱਚ ਭਿੱਜਿਆ ਰਹੇ ।
ਅਚਾਨਕ ਖੜ੍ਹਾਕ ਹੋਇਆ… ਮਾਇਆ ਸੀ। ਉਸ ਨੇ ਨਜ਼ਰ ਘੁਮਾਈ। ਮਾਇਆ ਕੋਲ ਆਈ, “ ਮਾਂ, ਚਾਹੀਦਾ ਕੁਝ ?”
ਉਸ ਨੇ ਸਿਰ ਹਿਲਾਇਆ, ਹਲਕਾ ਜਿਹੀ ਮੁਸਕਰਾਈ । ਪਰ ਮਾਇਆ ਨੇ ਮਾਂ ਦੀ ਮੁਸਕਰਾਹਟ ਨੂੰ ਦੇਖਿਆ ਹੀ ਨਹੀਂ ਸੀ। ਉਹ ਤਾਂ ਹੋਰਨਾਂ ਖ਼ਿਆਲਾਂ ‘ਚ ਗੁੰਮ ਸੀ। ਮਾਇਆ ਹੁਸ਼ਿਆਰ ਸੀ, ਕੰਮ-ਕਾਜੀ ਵੀ ਪਰ ਸੁਆਰਥੀ । ਖ਼ੁਦ ਨੂੰ ਜੋ ਚਾਹੀਦਾ, ਉਹ ਹਰ ਕੀਮਤ ‘ਤੇ ਹਾਸਿਲ ਕਰਦੀ । ਦੂਜਿਆਂ ਦੀ ਉਹਨੇ ਕਦੇ ਪਰਵਾਹ ਨਹੀਂ ਸੀ ਕੀਤੀ। ਪਤੀ ਤੇ ਬੱਚੇ ਉਸ ਦੇ ਜੀਵਨ ਦੀਆਂ ਸੀਮਾਵਾਂ ਸਨ। ਮਿੱਤਰ, ਪਾਰਟੀ, ਸਿਨੇਮਾ ਸਭ ਕੁਝ ਸੀ ਪਰ ਉਸਨੇ ਕਿਸੇ ਲਈ ਸ਼ਾਇਦ ਕਦੇ ਹੀ ਕੁਝ ਕੀਤਾ ਹੋਵੇ।
ਵਿਚਾਲੜੀ ਛਾਇਆ ਥੋੜ੍ਹੀ ਵੱਖਰੀ ਸੀ। ਖੁਸ਼ਮਿਜ਼ਾਜ, ਸਾਊ ਤੇ ਪੇਂਡੂ ਹਾਸੇ-ਠੱਠੇ ਨਾਲ ਭਰਪੂਰ। ਭਰਵੇਂ ਸਰੀਰ ਦਾ, ਬਾਹਰਮੁਖੀ ਪਰ ਸੰਵੇਦਨਾਹੀਨ। ਇਸ ਵੱਡੇ ਮਕਾਨ ਵਿੱਚ ਦੋਵਾਂ ਦੀਆਂ ਰਸੋਈਆਂ ਅੱਡ-ਅੱਡ ਸਨ। ਪੈਸਾ ਕਾਫ਼ੀ ਸੀ ਇਸ ਲਈ ਦੋਵਾਂ ਵਿੱਚ ਵੈਰ-ਵਿਰੋਧ ਦਾ ਪ੍ਰਸੰਗ ਕਦੇ ਨਹੀਂ ਸੀ ਆਇਆ।ਉਸ ਦਾ ਆਪਣਾ ਕਮਰਾ ਅਲੱਗ ਸੀ, ਉੱਪਰ । ਦੋਵਾਂ ਘਰਾਂ ਤੋਂ ਵਾਰੀ-ਵਾਰੀ ਰੋਟੀ ਆਉਂਦੀ। ਕਈ ਵਾਰ ਉਹ ਖੁਦ ਹੇਠਾਂ ਆ ਕੇ ਸਭ ਨਾਲ ਟੇਬਲ ‘ਤੇ ਖਾਣਾ ਖਾਂਦੀ । ਪਰੰਤੂ ਇਹ ਤਦ ਹੀ ਹੁੰਦਾ ਜਦੋਂ ਕੋਈ ਮਹਿਮਾਨ ਨਾ ਆਇਆ ਹੋਵੇ । ਕਈ ਵਾਰ ਰਾਤ ਨੂੰ ਹੇਠਾਂ ਡਾਂਸ ਹੁੰਦਾ, ਸੰਗੀਤ ਚਲਦਾ, ਗਿਟਾਰ-ਔਰਗਨ ਵੱਜਦੇ।ਮਾਇਆ ਵਧੀਆ ਗਾ ਲੈਂਦੀ ਸੀ।ਉਸਦੀ ਬੇਟੀ ਉਮਾ ਵੀ ਚੰਗਾ ਗਾਉਂਦੀ ਸੀ। ਕਦੇ-ਕਦਾਈਂ ਸੁਰ ਉਸ ਦੇ ਕੰਨਾਂ ਤਾਈਂ ਪਹੁੰਚਦੇ । ਉਹਨੂੰ ਚੰਗਾ ਵੀ ਲੱਗਦਾ ਪਰ ਮਾਇਆ ਤੇ ਉਮਾ ਨੇ ਕਦੇ ਉਸ ਨੂੰ ਨਹੀਂ ਪੁੱਛਿਆ ਸੀ-‘ਮਾਂ ਤੂੰ ਕੋਈ ਗੀਤ ਜਾਂ ਭਜਨ ਸੁਣਨਾ ਹੈ।’ ਚੰਗੀ ਤਰ੍ਹਾਂ ਉਚਾਰਨ ਕੀਤੀ ਗਈ ਕਵਿਤਾ ਵਿੱਚ ਵੀ ਇੱਕ ਖ਼ੂਬਸੂਰਤੀ ਹੁੰਦੀ ਹੈ- ‘ ਜੇਤੇ ਦੀਓ ਨਾ ਤੁਮਾਇ -‘ ਤੈਨੂੰ ਜਾਣ ਨਹੀਂ ਦੇਣਾ। ਚਾਰ ਸਾਲਾਂ ਦੀ ਬੱਚੀ ਦੇ ਪਿਤਾ ਲਈ ਮੋਹ ਤੇ ਮਾਣ ਭਰੇ ਬੋਲ, “ਤੈਨੂੰ ਜਾਣ ਨਹੀਂ ਦੇਣਾ। ” ਪਰ ਜਾਣਾ ਤਾਂ ਪੈਂਦਾ ਹੈ। ਪਰਲੋ ਦੇ ਸਮੁੰਦਰ ਅੰਦਰਲੇ ਸਾਂਅ-ਸਾਂਅ ਕਰਦੇ ਵੇਗ ਵਿੱਚ ਸਭ ਕੁਝ ਵਹਿ ਜਾਂਦਾ ਹੈ ।
ਹੁਣ ਉਸਦੇ ਜਾਣ ਦੀ ਘੜੀ ਆ ਗਈ ਹੈ।ਪਰ,ਕਿਸੇ ਨੇ ਨਹੀਂ ਕਿਹਾ-“ਤੈਨੂੰ ਜਾਣ ਨਹੀਂ ਦੇਣਾ (ਜੇਤੇ ਦੀਓ ਨਾ ਤੁਮਾਇ )।”ਸ਼ਾਇਦ ਉਹ ਉਸਦੇ ਜਾਣ ਦਾ ਰਾਹ ਹੀ ਵੇਖ ਰਹੇ ਹੋਣ।ਠੀਕ ਹੈ,ਮਨ ਅੰਦਰ ਹੁਣ ਕੋਈ ਤ੍ਰਿਸ਼ਨਾ ਨਹੀਂ,ਕੋਈ ਭੈਅ ਨਹੀਂ… ਜਾਂ ਸ਼ਾਇਦ ਕਿਤੇ ਹੈ?
ਖਿੜਕੀ ਕੋਲ ਲਟਕਦੀਆਂ ਟਾਹਣੀਆਂ ਇਸ ਚੇਤਰ, ਵੈਸਾਖ ਵਿੱਚ ਚਿੱਟੇ ਫੁੱਲਾਂ ਦੇ ਗੁੱਛਿਆਂ ਨਾਲ ਭਰ ਜਾਣਗੀਆਂ। ਆਲਬੇਅਰ ਕਾਮੂ ਨੇ ਆਪਣੀ ਡਾਇਰੀ ਵਿੱਚ ਜਿਹੜੇ ਬਦਾਮ ਦੇ ਸਫ਼ੈਦ ਫੁੱਲਾਂ ਦਾ ਜ਼ਿਕਰ ਕੀਤਾ ਸੀ ਸ਼ਾਇਦ ਉਸ ਤੋਂ ਵੀ ਖ਼ੂਬਸੂਰਤ ਫੁੱਲਾਂ ਨਾਲ । ਪੂਰੀ ਰਾਤ ਮਹਿਕਿਆ ਕਰਨਗੀਆਂ । ਮਨ ਅੰਦਰ ਖੁਸ਼ੀ ਦੀ ਲਹਿਰ ਉੱਠੀ।’ ਜਨਰੇਸ਼ਨ ਗੈਪ ‘ਹੈ… ਖੈਰ ਜਾਣ ਦਿਓ। ਈਸ਼ਵਰ ਨੇ ਉਸਦੀਆਂ ਅੰਤਿਮ ਰਾਤਾਂ ਤਾਂ ਮਹਿਕਾ ਹੀ ਦਿੱਤੀਆਂ ਹਨ।
ਅਚਾਨਕ ਮਾਰੀਆ ਯਾਦ ਆ ਗਈ । ਉਸਨੂੰ ਚੰਗਾ ਲੱਗੇਗਾ ਇੱਥੇ ? ਇੱਥੋਂ ਦੀ ਹੁੰਮਸ ਤੇ ਗਰਮੀ, ਇੱਥੋਂ ਦੀ ਗੰਦਗੀ, ਲੋਕਾਂ ਦੀਆਂ ਆਦਤਾਂ ਤੇ ਹੋਰ ਕਿੰਨਾ ਕੁਝ, ਉਹ ਕਿਵੇਂ ਸਹਿਣ ਕਰੇਗੀ ? ਉਸਨੂੰ ਇਸ ਦੇਸ਼ ਦੀ ਅਸਲ ਹਾਲਤ ਦਾ ਪਤਾ ਲੱਗੇਗਾ ? ਖੈਰ ਜੋ ਵੀ ਹੋਵੇਗਾ ਵੇਖਿਆ ਜਾਏਗਾ। ਹੁਣ ਤਾਂ ਕੁਝ ਹੀ ਘੰਟਿਆਂ ਵਿੱਚ ਇਸ ਫ਼ਿਕਰ ਦਾ ਵੀ ਅੰਤ ਹੋ ਜਾਵੇਗਾ। ਦਿਲ ‘ਚ ਇੱਕ ਧੀਮੀ ਜਿਹੀ ਸੁਰ ਉੱਠੀ। ਅੰਤਿਮ ਪਲਾਂ ਦੀ ਰੋਸ਼ਨੀ ਦੌਰਾਨ ਬੇਟੇ ਬੇਟੀਆਂ ਤੇ ਨੂੰਹਾਂ ਦੀ ਖਿੱਚੋਤਾਣ ਦਾ ਪਰਛਾਵਾਂ ਨਾ ਹੀ ਪਵੇ ਤਾਂ ਚੰਗਾ ਹੈ । ਹੱਥ ਪੈਰ ਚੱਲਣੇ ਬੰਦ ਹੋ ਗਏ ਹਨ…ਬਸ ਕੁਝ ਪੀਣ ਯੋਗ ਹੀ ਅੰਦਰ ਲੰਘਾ ਸਕਦੀ ਹਾਂ.. ਆਵਾਜ਼ ਵੀ ਧੀਮੀ ਪੈ ਗਈ ਹੈ… ਸੁਣਨਾ ਵੀ ਘਟ ਗਿਆ ਹੈ… ਸਿਰਫ਼ ਨਜ਼ਰ ਠੀਕ ਹੈ। ਮਨ, ਦਿਲ ਅਤੇ ਯਾਦਾਂ…।
ਫਲਾਈਟ ਥੋੜ੍ਹੀ ਲੇਟ ਸੀ । ਦੁਪਹਿਰ ਦੀ ਬਜਾਇ ਜਹਾਜ਼ ਸ਼ਾਮ 6 ਵਜੇ ਉੱਤਰਿਆ । ਕਸਟਮ ‘ਚੋਂ ਨਿਕਲਦਿਆਂ, ਘਰ ਪਹੁੰਚਦਿਆਂ- ਪਹੁੰਚਦਿਆਂ ਸਾਢੇ ਸੱਤ ਵੱਜ ਗਏ। ਦੀਪਾਂਕਰ ਤੇ ਮਾਰੀਆ ਨੇ ਜਦੋਂ ਉਸ ਦੇ ਕਮਰੇ ਵਿੱਚ ਪ੍ਰਵੇਸ਼ ਕੀਤਾ ਤਾਂ ਉਹ ਰੋਸ਼ਨੀ ਤੇ ਹਨੇਰ ਦੇ ਸੁਮੇਲ ਵਿਚਲਾ ਸੰਧਿਆ ਵੇਲਾ ਸੀ। ਦੀਪਾਂਕਰ ਨੇ ਭੱਜ ਕੇ ਉਸ ਨੂੰ ਗਲਵੱਕੜੀ ਪਾ ਲਈ।“ ਮਾਂ ਕਿਵੇਂ ਆਂ ? ਦੀਪਾਂਕਰ ਦੀ ਆਵਾਜ਼ ‘ਚੋਂ ਮੋਹ ਡੁੱਲ੍ਹ-ਡੁੱਲ੍ਹ ਪੈ ਰਿਹਾ ਸੀ। ਉਸ ਨੂੰ ਵੀ ਰੱਜ ਆ ਗਿਆ।ਕੁਝ ਦੇਰ ਤੱਕ ਦੀਪਾਂਕਰ ਉਸ ਨਾਲ਼ ਚਿੰਬੜ ਕੇ ਬੈਠਾ ਰਿਹਾ। ਫਿਰ ਜਿਵੇਂ ਅਚਾਨਕ ਕੁਝ ਯਾਦ ਆ ਗਿਆ ਹੋਵੇ- “ ਓ..ਮਾਰੀਆ, ਇਹ ਮੇਰੀ ਮਾਂ ਹੈ,” ਉਹ ਬੋਲਿਆ । ਇਹਨਾਂ ਬੋਲਾਂ ਵਿੱਚ ਆਪਣੇਪਣ ਦਾ ਗੁੰਮਾਨ ਸੀ ਜਾਂ ਸ਼ਾਇਦ ਉਸ ਨੂੰ ਹੀ ਕੋਈ ਭਰਮ ਪਿਆ ਸੀ। ਮਾਰੀਆ ਅੱਗੇ ਆਈ, ਉਸਨੇ ਉਸ ਦਾ ਹੱਥ ਫੜ ਕੇ ਅਗਾਂਹ ਕੀਤਾ ਤੇ ਰਤਾ ਕੁ ਹਿਲਾਇਆ ।ਉਹ ਕੁਝ ਨਾ ਬੋਲੀ…ਸਿਰਫ ਮੁਸਕੁਰਾਈ।ਦੋਵੇਂ ਉਸ ਕੋਲ ਬੈਠ ਗਏ। ਦੀਪਾਂਕਰ ਨੇ ਥੋੜ੍ਹੇ ਸਮੇਂ ਅੰਦਰ ਹੀ ਬਹੁਤ ਸਾਰੀਆਂ ਗੱਲਾਂ ਕੀਤੀਆਂ ।ਉਸ ਦੀ ਸਿਹਤ ਬਾਰੇ, ਪੱਤਰ ਮਿਲਣ ਤੋਂ ਬਾਅਦ ਹੋਈ ਚਿੰਤਾ ਬਾਰੇ, “ਹੁਣ ਤਬੀਅਤ ਕਿਵੇਂ ਹੈ, ਮਾਂ? ਮੈਂ ਆ ਗਿਆ ਹਾਂ ਨਾ, ਸਭ ਠੀਕ ਹੋ ਜਾਏਗਾ।” ਮੋਹ ਭਿੱਜੇ  ਫ਼ਿਕਰ ਦੀਆਂ ਗੱਲਾਂ। “ਮਾਂ,ਤੈਨੂੰ ਯਾਦ ਹੈ ਇੱਕ ਵਾਰ ਮੈਂ ਬਾਹਰ ਇੱਧਰ-ਉੱਧਰ ਫਿਰਦਿਆਂ ਕੱਪੜੇ ਪੜਵਾਕੇ ਘਰ ਆਇਆ ਸੀ ਤਾਂ ਬਾਪੂ ਨੇ ਮੈਨੂੰ ਗੁੱਸੇ ‘ਚ ਬਹੁਤ ਕੁੱਟਿਆ ਸੀ। ਤੂੰ ਉਦੋਂ ਕਿਵੇਂ ਮੈਨੂੰ ਗਰਮਾ-ਗਰਮ ਕੜਾਹ ਬਣਾ ਕੇ ਖਵਾਇਆ ਸੀ? ”ਉਹ ਲੰਮੀ-ਪਈ ਸੁਣ ਰਹੀ ਸੀ।ਇਹ ਸਭ ਉਸ ਨੂੰ ਚੰਗਾ-ਚੰਗਾ ਲੱਗ ਰਿਹਾ ਸੀ।“ ਮਾਂ,ਹੁਣ ਆਰਾਮ ਨਾਲ ਸੌਂ ਜਾਓ, ਕੱਲ੍ਹ ਸਵੇਰੇ ਮਿਲਦੇ ਹਾਂ। ਚਾਹ ਇਕੱਠੇ ਪੀਵਾਂਗੇ। ” ਦੀਪਾਂਕਰ ਨੇ ਕਿਹਾ। ਮਾਰੀਆ ਨੇ ਵੀ ਸਿਰ ਹਿਲਾਇਆ। ਮਾਰੀਆ ਦੀਆਂ ਅੱਖਾਂ ਖ਼ੂਬਸੂਰਤ ਸਨ ਸਿੱਲ੍ਹੀਆਂ, ਡੂੰਘੀ ਸੰਵੇਦਨਾ ਨਾਲ਼ ਭਰੀਆਂ, ਜਿਵੇਂ ਕਹਿ ਰਹੀਆਂ ਹੋਣ- ਤੁਹਾਡੇ ਮਨ ‘ਚ ਕੀ ਹੈ, ਮੈਂ ਸਭ ਸਮਝਦੀ ਹਾਂ । ਫਿਰ ਉਹ ਦੋਵੇਂ ਹੇਠਾਂ ਚਲੇ ਗਏ।
ਦੀਪਾਂਕਰ ਨੇ ਸਵੇਰੇ ਮਿਲਣ ਲਈ ਕਿਹਾ ਹੈ –ਪਰ ਜਦੋਂ ਉਹ ਇਕੱਲੀ ਸੀ ਤਾਂ ਉਸ ਨੂੰ ਲੱਗਾ-ਕਿਉਂ ਨਾ ਅੱਜ ਦੀ ਰਾਤ ਹੀ ਅੰਤਿਮ ਰਾਤ ਹੋ ਨਿੱਬੜੇ। ਅਚਾਨਕ ਉਸ ਨੂੰ ਆਪਣਾ ਕਮਜ਼ੋਰੀ ਵਧਦੀ ਜਾਪੀ । ਅੱਜ ਤਰੀਕ ਕੀ ਹੈ ? ਸ਼ਾਇਦ ਦੂਜ? ਹੌਲ਼ੀ-ਹੌਲ਼ੀ, ਸਹਿਜੇ-ਸਹਿਜੇ ਲਾਲ ਚੰਦਰਮਾ ਉਦੇ ਹੋਵੇਗਾ। ਬਸ ਹੋਰ ਕੀ ਚਾਹੀਦਾ ਹੈ…। ਅੱਜ ਦੀ ਰਾਤ ਹੀ ਅੰਤਿਮ ਹੋ ਜਾਵੇ ਤਾਂ ਉੱਤਮ ਹੈ।
ਥੱਲੜੀਆਂ ਆਵਾਜ਼ਾਂ ਸੁਣਨੀਆਂ ਬੰਦ ਹੋ ਗਈਆਂ । ਹਾਲੇ ਵਕਤ ਕੁਝ ਜ਼ਿਆਦਾ ਨਹੀਂ ਸੀ ਹੋਇਆ। ਅੰਦਾਜ਼ਨ 9 ਵੱਜੇ ਹੋਣਗੇ । ਸ਼ਾਇਦ ਸਾਰੇ ਦੂਜੇ ਪਾਸੇ ਵਿਹੜੇ ਵਿੱਚ ਬੈਠੇ ਹੋਣਗੇ। ਦੀਪਾਂਕਰ ਅਮਰੀਕਾ ਦੀਆਂ ਗੱਲਾਂ ਸੁਣਾ ਰਿਹਾ ਹੋਵੇਗਾ । ਬੇਟੀਆਂ ਅਤੇ ਮਾਇਆ,ਛਾਇਆ ਹੋਰਾਂ ਨੂੰ ਉਡੀਕ ਹੋਵੇਗੀ ਕਿ ਦੀਪਾਂਕਰ ਉਹਨਾਂ ਲਈ ਕੀ ਲੈ ਕੇ ਆਇਆ ਹੈ । ਮਾਇਆ ਅੰਦਰੋ-ਅੰਦਰੀ ਤਿਕੜਮ ਲੜਾ ਰਹੀ ਹੋਵੇਗੀ ਕਿ ਉਹ ਸਭ ਤੋਂ ਸੋਹਣੀ ਚੀਜ ਆਪਣੇ ਲਈ ਕਿਵੇਂ ਹਾਸਲ ਕਰੇਗੀ ।
ਹਵਾ ਦਾ ਤੇਜ਼ ਬੁੱਲਾ ਆਇਆ । ਨਿੰਮ ਦੀਆਂ ਟਾਹਣੀਆਂ ਝੂੰਮਣ ਲੱਗੀਆਂ। ਦੋ ਸਫੇਦ ਛੋਟੀਆਂ ਕਲੀਆਂ ਉਸ ਦੇ ਪਲੰਘ ‘ਤੇ ਆ ਡਿੱਗੀਆਂ । ਅਚਾਨਕ ਉਸਨੂੰ ਲੱਗਾ ਕਿ ਦਰਵਾਜ਼ਾ ਖੁੱਲ੍ਹਿਆ ਹੈ… ਕੋਈ ਅੰਦਰ ਆਇਆ ।ਆਖ਼ਰੀ ਖੁਰਾਕ ਤਾਂ ਕੰਮ ਵਾਲੀ ਬਾਈ ਦੇ ਗਈ ਸੀ… ਫਿਰ ਕੌਣ ਹੋਵੇਗਾ?
ਧੀਮੀ ਜਿਹੀ ਪੈੜ ਚਾਪ ਵਿੱਚ ਕੋਈ ਉਸ ਕੋਲ ਆਇਆ । ਉਸਨੇ ਪਹਿਚਾਣਿਆ, ਮਾਰੀਆ ਸੀ। ਉਹਨੂੰ ਥੋੜ੍ਹਾ ਅਜੀਬ ਲੱਗਾ। ਮਾਰੀਆ ਭਲਾ ਕਿਉਂ ਆਈ ਹੋਵੇਗੀ?
ਮਾਰੀਆ ਉਸਦੇ ਕੋਲ ਆ ਕੇ ਬੈਠ ਗਈ । ਉਸ ਦਾ ਹੱਥ ਆਪਣੇ ਹੱਥਾਂ ਵਿੱਚ ਲਿਆ। ਕੁਝ ਪਲ ਕੁਝ ਨਾ ਬੋਲੀ। ਸਾਹਮਣੇ ਵੇਖ  ਮੁਸਕਰਾਉਂਦੀ ਰਹੀ।
ਫਿਰ ਉਸਨੇ ਪੁੱਛਿਆ “ਮੈਨੂੰ ਇੱਥੇ ਬੈਠਣਾ ਚੰਗਾ ਲੱਗ ਰਿਹਾ ਹੈ,ਕੀ ਮੈਂ ਬੈਠ ਸਕਦੀ ਹਾਂ? ”
ਉਸ ਨੇ ਸਿਰ ਹਿਲਾ ਕੇ ਹਾਂ ਕਿਹਾ।ਫਿਰ ਵੀ ਉਤਸੁਕਤਾ ਘੱਟ ਨਾ ਹੋਈ । ਬਹੁਤ ਦੇਰ ਤੱਕ ਮਾਰੀਆ ਚੁੱਪ ਬੈਠੀ ਰਹੀ। ਨਿੰਮ ਦੇ ਪਿਛਲਾ ਆਕਾਸ਼ ਨਿਹਾਰਦੀ ਰਹੀ। ਫਿਰ ਹੌਲ਼ੀ ਜਿਹੀ ਬੋਲੀ, “ਤੁਸੀਂ ਪਲੰਘ ਬਿਲਕੁਲ ਸਹੀ ਕੋਣ ‘ਤੇ ਡਹਾਇਆ ਹੈ ।ਇੱਥੋਂ ਇਹ ਰੁੱਖ ਬਹੁਤ ਸੁੰਦਰ ਲਗਦਾ ਹੈ। ਹੁਣ ਇਸ ਦੇ ਫੁੱਲ ਖਿੜਨਗੇ ਨਾ? ਟਾਂਵੇ-ਟਾਂਵੇ ਨਜ਼ਰ ਵੀ ਆ ਰਹੇ ਹਨ।” ਉਹ ਅੰਗਰੇਜ਼ੀ ਵਿੱਚ ਹੌਲ਼ੀ-ਹੌਲ਼ੀ,ਰੁਕ-ਰੁਕ ਕੇ ਬੋਲ ਰਹੀ ਸੀ। ਉਚਾਰਨ ਅਮਰੀਕੀ ਸੀ ਪਰ ਸਭ ਸਮਝ ਆ ਰਿਹਾ ਸੀ ।
ਮਾਰੀਆ ਨੇ ਫਿਰ ਕਿਹਾ, “ ਸਾਡੇ ਵਿਆਹ ‘ਤੇ ਤੁਸੀਂ ਮੈਨੂੰ ਟੈਗੋਰ ਦੀਆਂ ਕਵਿਤਾਵਾਂ ਦੀ ਕਿਤਾਬ ਭੇਜੀ ਸੀ ।ਮੈਨੂੰ ਬਹੁਤ ਸੋਹਣੀਆਂ ਲੱਗੀਆਂ। ਮੈਂ ਉਹਨਾਂ ਨੂੰ ਕਿੰਨ੍ਹੀ ਵਾਰ ਪੜ੍ਹ ਚੁੱਕੀ ਹਾਂ.. ਕੁਝ ਤਾਂ ਯਾਦ ਵੀ ਹੋ ਗਈਆਂ ਨੇ ।” ਉਹ ਮੁਸਕਰਾਈ । ਉਸਨੇ ਮਾਂ ਦੇ ਹੱਥ ‘ਤੇ ਆਪਣਾ ਹੱਥ ਰੱਖਿਆ ਤੇ ਪੁੱਛਿਆ, “ ਤੁਹਾਨੂੰ ਯਾਦ ਹਨ ਉਹ ਕਵਿਤਾਵਾਂ? ” ਉਸ ਨੇ ਖੁਸ਼ੀ ਨਾਲ ਸਿਰ ਹਿਲਾਇਆ। ਮਾਰੀਆ ਸਹਿਜੇ ਹੀ ਉਸਦੇ ਹੋਰ ਕਰੀਬ ਹੋ ਗਈ। “ਤੁਸੀਂ ਬਹੁਤ ਕਮਜ਼ੋਰ ਲੱਗ ਰਹੇ ਹੋ।” ਉਹ ਕੁਝ ਨਾ ਬੋਲੀ । ਮਾਰੀਆ ਨੇ ਉਸਦੀਆਂ ਅੱਖਾਂ ‘ਚ ਅੱਖਾਂ ਪਾ ਡੂੰਘੀ ਝਾਤ ਮਾਰੀ। ਮੱਥੇ ਦੇ ਵਾਲ ਸਹਿਲਾਏ। ਫਿਰ ਕੰਨ ਕੋਲ ਮੂੰਹ ਕਰਕੇ ਮਿੱਠਾ ਜਿਹਾ ਬੋਲੀ, “ਤੁਹਾਨੂੰ ਡਰ ਤਾਂ ਨਹੀਂ ਲੱਗ ਰਿਹਾ ? ”
“ ਕਿੱਦਾਂ ਦਾ ਡਰ ?”
“ਅਗਿਆਤ ਭੈਅ, ” ਮਾਰੀਆ ਧੀਮੇ ਸੁਰ ਵਿੱਚ ਬੋਲੀ। “ਆਪਣਿਆਂ ਨੂੰ ਛੱਡ ਕੇ ਜਾਣ ਦਾ… ਸ਼ੂਨਿਆ ‘ਚ ਵਿਲੀਨ ਹੋਣ ਦਾ ? ”
ਦਿਲ ਅੰਦਰ ਵਿਸਮਾਦ ਦੀ ਇੱਕ ਲਹਿਰ ਜਿਹੀ ਉੱਠੀ। ਇਹ ਕੁੜੀ ਮੈਨੂੰ ਸਮਝਦੀ ਹੈ। ਮੇਰੇ ਅੰਦਰ ਜੋ ਬੀਤ ਰਿਹਾ ਹੈ, ਉਸਨੂੰ ਜਾਨਣ ਦੀ ਇੱਛਾ ਹੈ। ਮੇਰੇ ਭੈਅ ਦੀ ਚਿੰਤਾ ਹੈ। ਸ਼ਾਇਦ ਉਹ ਇਸੇ ਭੈਅ ਨੂੰ ਦੂਰ ਕਰਨਾ ਚਾਹੁੰਦੀ ਹੈ। ਉਸ ਨੇ ਮਾਰੀਆ ਨੂੰ ਜਵਾਬ ਦੇਣਾ ਸੀ ਪਰ ਬੁਖਾਰ ਨੇ ਉਸ ਨੂੰ ਝੰਜੋੜ ਦਿੱਤਾ ਸੀ। ਜੀਵਨ ਦੇ ਅੰਤਿਮ ਪਲਾਂ ਵਿੱਚ ਇੱਕ ਨਵਾਂ ਸਬੰਧ ਪੈਦਾ ਹੋਇਆ ਹੈ। ਜ਼ਰਾ ਦੇਰ ਨਾਲ ਹੀ ਸਹੀ, ਪਰ ਬਹੁਤ  ਖ਼ੂਬਸੂਰਤ । ਉਹਨੇ ਪਿਆਰ ਤੇ ਸੰਤੋਖ ਨਾਲ ਮਾਰੀਆ ਵੱਲ ਵੇਖਿਆ। ਅਚਾਨਕ ਉਹਨੂੰ ਲੱਗਾ ਕਿ ਲੋਕ ਕਹਿੰਦੇ ਹਨ -ਪਤੀ ਦੇ ਜਿਊਂਦੇ ਜੀ ਪਤਨੀ ਦੀ ਮੌਤ ਹੋ ਜਾਵੇ ਤਾਂ ਉਹ ਖੁਸ਼ਕਿਸਮਤ ਹੁੰਦੀ ਹੈ। ਇਹਨਾਂ ਲੋਕਾਂ ਨੂੰ ਕੀ ਪਤਾ ਕਿ ਖੁਸ਼ਕਿਸਮਤੀ ਕੀ ਹੁੰਦੀ ਹੈ ? ਖੁਸ਼ਕਿਸਮਤੀ ਇਹੀ ਤਾਂ ਹੈ। ਅੰਤਿਮ ਪਲਾਂ ਵਿੱਚ ਆਕਾਸ਼ ਵਿੱਚ ਇੱਕ ਨਵਾਂ ਰਿਸ਼ਤਾ ਪੈਦਾ ਹੋਇਆ ਹੈ, ਨਵਾਂ ਪ੍ਰੇਮ ਜਨਮਿਆ ਹੈ। ਇਹੀ ਤਾਂ ਹੈਂ ਅਸਲ ਖੁਸ਼ਕਿਸਮਤੀ । ਖੁਸ਼ੀ-ਖੁਸ਼ੀ ਮੌਤ ਨੂੰ ਅਪਨਾਉਣਾ… ਇਹੀ ਸਭ ਤੋਂ ਵੱਡਾ ਸੁਭਾਗ ਹੈ । ਨਿੰਮ ਦੇ ਪਿੱਛੇ ਚੰਦਰਮਾ ਦੀ ਸਫੇਦ ਲਕੀਰ ਦਿਖਾਈ ਦਿੱਤੀ।ਮਾਰੀਆ ਨੇ ਕਮਰੇ ਦੀ ਬੱਤੀ ਬੁਝਾ ਦਿੱਤੀ ।ਇੰਝ ਜਾਪਿਆ ਜਿਵੇਂ ਟਾਹਣੀਆਂ ਸਫੈਦ ਫੁੱਲਾਂ ਨਾਲ ਭਰ ਗਈਆਂ ਹੋਣ। ਉਸ ਨੇ ਮਾਰੀਆ ਦਾ ਹੱਥ ਫੜ ਕੇ ਚੰਦਰਮਾ ਵੱਲ ਇਸ਼ਾਰਾ ਕਰਦਿਆਂ ਕਿਹਾ- ”ਵੇਖੋ ਉਹ ਅਲਵਿਦਾ ਆਖ ਰਿਹਾ ਹੈ।”
ਮਾਰੀਆ ਨੇ ਉਸਦੇ ਮੱਥੇ ‘ਤੇ ਨਰਮ ਜਿਹਾ ਹੱਥ ਫੇਰਿਆ- “ ਤੁਹਾਡੀ ਯਾਤਰਾ ਸ਼ਾਂਤੀ ਪੂਰਵਕ ਹੋਵੇ।”
ਉਸ ਦੇ ਮੂੰਹ ‘ਤੇ ਲਾਲੀ ਦੀ ਭਾਅ ਖਿੜ ਉੱਠੀ।