February 6, 2025

ਗ਼ਜ਼ਲ : ਨੱਕਾਸ਼ ਚਿੱਤੇਵਾਣੀ

ਅਕੀਦਾ ਹੈ ਸਲੀਕਾ ਹੈ ਉਹ ਮੇਰੀ ਬੰਦਗੀ ਵੀ ਹੈ।
ਉਹ ਮੇਰੀ ਹਰ ਬੁਲੰਦੀ ਤੋਂ ਅਗਾਂਹ ਦੀ ਹਰ ਖ਼ੁਸ਼ੀ ਵੀ ਹੈ।

ਉਹ ਮੇਰੇ ਦਿਲ ‘ਚ ਵਸਦਾ ਹੈ ਤੇ ਮੈਥੋਂ ਅਜਨਬੀ ਵੀ ਹੈ।
ਰਸੀਦੀ ਟਿਕਟ ‘ਤੇ ਗੂਠਾ ਹੈ, ਲਗਦਾ ਆਰਜ਼ੀ ਵੀ ਹੈ।

ਇਹ ਹਰਗਿਜ਼ ਨਾ ਮੁਨਾਸਿਬ ਹੈ ਸਮੁੰਦਰ ਜ਼ਹਿਰ ਦਾ ਪੀ ਕੇ,
ਜਿਉਂਦਾ ਸ਼ਖ਼ਸ ਹੈ ਕੋਈ ਤੇ ਉਸਨੂੰ ਤਸ਼ਨਗੀ ਵੀ ਹੈ।

ਮੈਂ ਉਸ ਤੋਂ ਵਾਰ ਦੇਂਦਾ ਹਾਂ ਮਹੱਬਤ ਦੀ ਜਮ੍ਹਾ ਪੂੰਜੀ,
ਉਹ ਮੇਰਾ ਹੌਸਲਾ ਵੀ ਹੈ ਤੇ ਮੇਰੀ ਬੇਵਸੀ ਵੀ ਹੈ।

ਗ਼ਜ਼ਲ ਦਾ ਸ਼ੇਅਰ ਨਾ ਹੋਵੇ ਤਾਂ ਉਸਦਾ ਨਾਮ ਲਿਖ ਦੇਨਾਂ,
ਉਹ ਮੇਰਾ ਬਹਿਰ ਵਜ਼ਨ ਖ਼ਿਆਲਾਂ ਵਾਲੀ ਪੁਖ਼ਤਗੀ ਵੀ ਹੈ।

ਉਦਾਸੀ ਸ਼ਾਮ ਦਾ ਮੰਜ਼ਰ ਹੈ, ਬੇਸ਼ੱਕ ਢਲ਼ ਰਿਹਾ ਸੂਰਜ,
ਇਨ੍ਹਾਂ ਸੰਘਣੇ ਦਰਖਤਾਂ ਪਾਰ ਵਗਦੀ ਇਕ ਨਦੀ ਵੀ ਹੈ।