January 17, 2025

ਅੰਮ੍ਰਿਤਾ ਪ੍ਰੀਤਮ

ਆਦਿ ਰਚਨਾ

ਮੈਂ ਇੱਕ ਨਿਰਾਕਾਰ ਸਾਂ
ਇਹ ਮੈਂ ਦਾ ਸੰਕਲਪ ਸੀ,
ਜੋ ਪਾਣੀ ਦਾ ਰੂਪ ਬਣਿਆ
ਤੇ ਤੂੰ ਦਾ ਸੰਕਲਪ ਸੀ,
ਜੋ ਅੱਗ ਵਾਂਗ ਫੁਰਿਆ
ਤੇ ਅੱਗ ਦਾ ਜਲਵਾ ਪਾਣੀਆਂ ਤੇ ਤੁਰਿਆ

ਪਰ ਓਹ ਪਰਾ –
ਇਤਿਹਾਸਿਕ ਸਮਿਆਂ ਦੀ ਗੱਲ ਹੈ
ਇਹ ਮੈਂ ਦੀ ਮਿੱਟੀ ਦੀ ਤ੍ਰੇਹ ਸੀ
ਕਿ ਉਸਨੇ ਤੂੰ ਦਾ ਦਰਿਆ ਪੀਤਾ
ਇਹ ਮੈਂ ਦੀ ਮਿੱਟੀ ਦਾ ਹਰਾ ਸੁਪਨਾ
ਕਿ ਤੂੰ ਦਾ ਜੰਗਲ ਲਭ ਲੀਤਾ
ਇਹ ਮੈਂ ਦੀ ਮਿੱਟੀ ਦੀ ਵਾਸ਼ਨਾ
ਤੇ ਤੂੰ ਦੇ ਅੰਬਰ ਦਾ ਇਸ਼ਕ ਸੀ
ਕਿ ਤੂੰ ਦਾ ਨੀਲਾ ਸੁਪਨਾ
ਮਿੱਟੀ ਦਾ ਸ ਏਕ ਸੁੱਚਾ

ਇਹ ਤੇਰੇ ਤੇ ਮੇਰੇ ਮਾਸ ਦੀ ਸੁਗੰਧ ਸੀ
ਤੇ ਇਹੋ ਹਕੀਕਤ ਦੀ ਆਦਿ ਰਚਨਾ ਸੀ
ਸੰਸਾਰ ਦੀ ਰਚਨਾ ਤਾਂ
ਬਹੁਤ ਪਿਛੋਂ ਦੀ ਗੱਲ ਹੈ।

ਆਦਿ ਚਿੱਤਰ

ਮੈਂ ਸਾਂ—ਤੇ ਸ਼ਾਇਦ ਤੂੰ ਵੀ…

ਮੈਂ ਛਾਵਾਂ ਦੇ ਅੰਦਰ ਡੋਲਦੀ ਇਕ ਛਾਂ ਸਾਂ
ਤੇ ਸ਼ਾਇਦ ਤੂੰ ਵੀ ਇਕ ਖ਼ਾਕੀ ਜਿਹਾ ਸਾਇਆ
ਹਨੇਰਿਆਂ ਦੇ ਅੰਦਰ ਹਨੇਰਿਆਂ ਦੇ ਟੁਕੜੇ…
ਪਰ ਉਹ ਪਰਾ-ਇਤਿਹਾਸਕ ਸਮਿਆਂ ਦੀ ਗੱਲ ਹੈ….

ਰਾਤਾਂ ਤੇ ਰੁੱਖਾਂ ਦਾ ਹਨੇਰਾ ਸੀ
ਜੋ ਤੇਰੀ ਤੇ ਮੇਰੀ ਪੁਸ਼ਾਕ ਸੀ,
ਇਕ ਸੂਰਜ ਦੀ ਕਿਰਨ ਆਈ ਸੀ
ਉਹ ਦੋਹਾਂ ਦੇ ਬਦਨ ‘ਚੋਂ ਲੰਘੀ
ਤੇ ਪਰ੍ਹਾਂ ਪੱਥਰ ਦੇ ਉੱਤੇ ਉੱਕਰੀ ਗਈ।

ਸਿਰਫ਼ ਅੰਗਾਂ ਦੀ ਗੁਲਾਈ ਸੀ,
ਚਾਨਣ ਦੀਆਂ ਨਕਾਂ
ਇਹ ਦੁਨੀਆਂ ਦਾ ਆਦਿ ਚਿੱਤਰ ਸੀ
ਪੱਤਿਆਂ ਨੇ ਹਰਾ ਰੰਗ ਭਰਿਆ
ਬੱਦਲਾਂ ਨੇ ਦੂਧੀਆ, ਅੰਬਰ ਨੇ ਸਲੇਟੀ
ਤੇ ਫੁੱਲਾਂ ਨੇ ਲਾਲ, ਪੀਲਾ, ਕਾਸ਼ਨੀ…

ਚਿੱਤਰਾਂ ਦੀ ਕਲਾ ਤਾਂ
ਬਹੁਤ ਪਿੱਛੋਂ ਦੀ ਗੱਲ ਹੈ…

ਆਦਿ ਸੰਗੀਤ

ਮੈਂ ਸਾਂ—ਤੇ ਸ਼ਾਇਦ ਤੂੰ ਵੀ…

ਇਕ ਅੰਤ ਹੀਨ ਚੁੱਪ ਹੁੰਦੀ ਸੀ
ਜੋ ਸੁੱਕੇ ਹੋਏ ਪੱਤੇ ਦੀ ਤਰ੍ਹਾਂ ਭੁਰਦੀ
ਜਾਂ ਅਜਾਈਂ ਕੰਢੇ ਦੀ ਰੇਤ ਵਾਂਗ ਖੁਰਦੀ…
ਪਰ ਉਹ ਪਰਾ-ਇਤਿਹਾਸਕ ਸਮਿਆਂ ਦੀ ਗੱਲ ਹੈ…

ਮੈਂ ਤੈਨੂੰ ਇਕ ਮੌੜ ਤੇ ਆਵਾਜ਼ ਦਿੱਤੀ
ਤੇ ਅੱਗੋਂ ਤੂੰ ਮੋੜਵੀਂ ਆਵਾਜ਼ ਦਿੱਤੀ
ਤਾਂ ਪੌਣਾਂ ਦੇ ਸੰਘ ਵਿਚ ਕੁਝ ਥਰਥਰਾਇਆ,
ਮਿੱਟੀ ਦੇ ਕਿਣਕੇ ਕੁੱਝ ਸਰਸਰਾਏ
ਤੇ ਨਦੀ ਦਾ ਪਾਣੀ ਕੁੱਝ ਗੁਣਗੁਣਾਇਆ,
ਰੁੱਖ ਦੀਆਂ ਟਾਹਣਾਂ ਕੁੱਝ ਕੱਸੀਆਂ ਗਈਆਂ

ਪੱਤਿਆਂ ਦੇ ਵਿੱਚੋਂ ਇਕ ਛਣਕ ਆਈ
ਫੁੱਲ ਦੀ ਡੋਡੀ ਨੇ ਅੱਖ ਝਮਕੀ
ਤੇ ਇਕ ਚਿੜੀ ਦੇ ਕੁੱਝ ਖੰਭ ਹਿੱਲੇ,
ਇਹ ਪਹਿਲਾ ਨਾਦ ਸੀ
ਜੋ ਕੰਨਾਂ ਨੇ ਸੁਣਿਆ ਸੀ…

ਸਪਤ ਸੁਰਾਂ ਦੀ ਸੰਗਿਆ ਤਾਂ
ਬਹੁਤ ਪਿੱਛੋਂ ਦੀ ਗੱਲ ਹੈ…

ਆਦਿ ਪੁਸਤਕ

ਮੈਂ ਸਾਂ—ਤੇ ਸ਼ਾਇਦ ਤੂੰ ਵੀ…

ਸ਼ਾਇਦ ਇਕ ਸਾਹ ਦੀ ਵਿੱਥ ਤੇ ਖਲੌਤਾ
ਸ਼ਾਇਦ ਇਕ ਨਜ਼ਰ ਦੇ ਹਨੇਰੇ ‘ਤੇ ਬੈਠਾ
ਸ਼ਾਇਦ ਅਹਿਸਾਸ ਦੇ ਇਕ ਮੌੜ ਤੇ ਤੁਰਦਾ…
ਪਰ ਉਹ ਪਰਾ-ਇਤਿਹਾਸਕ ਸਮਿਆਂ ਦੀ ਗੱਲ ਹੈ…

ਇਹ ਮੇਰੀ ਤੇ ਤੇਰੀ ਹੌਂਦ ਸੀ
ਜੋ ਦੁਨੀਆਂ ਦੀ ਆਦਿ ਭਾਸ਼ਾ ਬਣੀ
ਮੈਂ ਦੀ ਪਹਿਚਾਣ ਦੇ ਅੱਖਰ ਬਣੇ
ਤੂੰ ਦੀ ਪਹਿਚਾਣ ਦੇ ਅੱਖਰ ਬਣੇ
ਤੇ ਉਹਨਾਂ ਉਹ ਆਦਿ ਭਾਸ਼ਾ ਦੀ
ਆਦਿ ਪੁਸਤਕ ਲਿਖੀ।

ਇਹ ਮੇਰਾ ਤੇ ਤੇਰਾ ਮੇਲ ਸੀ
ਅਸੀਂ ਪੱਥਰਾਂ ਦੀ ਸੇਜ ਤੇ ਸੁੱਤੇ,
ਤੇ ਅੱਖਾਂ ਹੋਠ ਉਂਗਲਾਂ ਪੋਟੇ
ਮੇਰੇ ਤੇ ਤੇਰੇ ਬਦਨ ਦੇ ਅੱਖਰ ਬਣੇ
ਤੇ ਉਹਨਾਂ ਉਹ ਆਦਿ ਪੁਸਤਕ ਅਨੁਵਾਦ ਕੀਤੀ…

ਰਿਗ ਵੇਦ ਦੀ ਰਚਨਾ ਤਾਂ
ਬਹੁਤ ਪਿੱਛੋਂ ਦੀ ਗੱਲ ਹੈ..

ਆਦਿ ਧਰਮ

ਮੈਂ ਨੇ ਜਦ ਤੂੰ ਨੂੰ ਪਹਿਨਿਆ
ਤਾਂ ਦੋਵੇਂ ਹੀ ਪਿੰਡੇ ਅੰਤਰ ਧਿਆਨ ਸਨ,
ਅੰਗ ਫੁੱਲਾਂ ਦੀ ਤਰ੍ਹਾਂ ਗੁੰਦੇ ਗਏ
ਤੇ ਰੂਹ ਦੀ ਦਰਗਾਹ ਤੇ ਅਰਪੇ ਗਏ…

ਤੂੰ ਤੇ ਮੈਂ ਸੁਗੰਧਿਤ ਸਾਮੱਗਰੀ,
ਇਕ ਦੂਜੇ ਦਾ ਨਾਂ ਹੋਠਾਂ ਤੋਂ ਨਿਕਲਿਆ
ਤਾਂ ਉਹੀ ਨਾਂ ਪੂਜਾ ਦੇ ਮੰਤਰ ਸਨ,
ਇਹ ਤੇਰੀ ਤੇ ਮੇਰੀ ਹੋਂਦ ਦਾ ਇਕ ਯੱਗ ਸੀ

ਧਰਮ ਕਰਮ ਦੀ ਸਾਖੀ ਤਾਂ
ਬਹੁਤ ਪਿੱਛੋਂ ਦੀ ਗੱਲ ਹੈ….