November 9, 2024

ਅਮਿਤੋਜ

ਸੰਧਿਆ

ਮੇਰੇ ਪਿੰਡ ਵਿਚ ਸੂਰਜ ਕੁਝ ਹੋਰ ਤਰ੍ਹਾਂ ਡੁਬਦਾ ਹੈ।

ਤੁਹਾਡੇ ਸ਼ਹਿਰ ਵਾਂਗ ਨਹੀਂ
ਕਿ ਬਾਲਕੋਨੀ ਤੋਂ ਕੜੱਚ ਦੇਣੀ ਸੜਕ ‘ਤੇ ਡਿੱਗੇ
ਤੇ ਇਕ ਦਮ, ਦਮ ਤੋੜ ਜਾਏ
ਮੇਰੇ ਪਿੰਡ ਸੂਰਜ ਕੁਝ ਹੋਰ ਤਰ੍ਹਾਂ ਡੁਬਦਾ ਹੈ।

ਹਾਲਾਂ ਕਿ ਉਹ ਜਾਣਦਾ ਹੈ
ਕਿ ਭਲਕੇ ਉਸ ਫੇਰ ਪਰਤ ਆਉਣਾ ਹੈ
ਪਰ ਜਾਣ ਲੱਗਿਆਂ ਉਹ ਡੈਂਬਰੇ ਹੋਏ ਬਾਲ ਵਾਂਗ
ਬੜੀ ਅੜੀ ਕਰਦਾ ਹੈ
ਰਾਤ ਭਰ ਦੇ ਵਿਛੋੜੇ ਨੂੰ ਬੜਾ ਦਿਲ ਤੇ ਲਾਉਂਦਾ ਹੈ
ਕਦੇ ਉਹ ਸੁਨਹਿਰੀ ਭੂੰਡੀ ਵਾਂਗ
ਸਣ ਕੇ ਫੁੱਲਾਂ ‘ਤੇ ਖੇਡਦਾ ਹੈ
ਕਦੇ ਉਹ ਜੰਗਲੀ ਬਿੱਲੇ ਵਾਂਗ
ਮੋਢੇ ਕਮਾਦ ਵਿਚ ਲੁਕਦਾ ਹੈ
ਕਦੇ ਉਹ ਟੁੱਟੀ ਪਤੰਗ ਵਾਂਗ
ਕਬਰਾਂ ਦੀਆਂ ਕਿੱਕਰਾਂ ਵਿਚ ਫਸਦਾ ਹੈ
ਕਦੇ ਉਹ ਔਂਤਰੀ ਕਰਤਾਰੀ ਦੇ ਦੀਵੇ ਵਾਂਗ
ਖ਼ਾਨਗਾਹ ‘ਤੇ ਬਲਦਾ ਹੈ
ਦੱਸਿਆ ਨਾ
ਜਾਣ ਲੱਗਿਆ ਬੜੀ ਅੜੀ ਕਰਦਾ ਹੈ
ਪਹਿਲਾਂ ਮਸੀਤ ਦੇ ਗੁੰਬਦ ਪਿਛਾੜੀ
ਲੋਟਨ ਕਬੂਤਰ ਵਾਂਗ ਇਕ ਬਾਜ਼ੀ ਪਾਉਂਦਾ ਹੈ
ਫਿਰ ਪਹਿਲਣਾਂ ਲਵੇਰੀਆਂ ਨਾਲ
ਢਾਬ ਵਿਚ ਇਕ ਤਾਰੀ ਲਾਉਂਦਾ ਹੈ
ਟਿੱਬੇ ‘ਤੇ ਕੌਡੀ ਖੇਡਦੇ ਨਿਆਣਿਆਂ ਨੂੰ
ਘਰੋ ਘਰੀ ਪਹੁੰਚਾਉਂਦਾ ਹੈ
ਰਹਿਰਾਸ ਸੁਣਦਾ ਤੇ
ਡੰਡਾਉਤ ਕਰਦਾ ਹੈ
ਪੀਰ-ਫ਼ਕੀਰ ਧਿਆਉਂਦਾ ਹੈ
ਦੱਸਿਆ ਨਾ
ਰਾਤ ਭਰ ਦੇ ਵਿਛੋੜੇ ਨੂੰ
ਬੜਾ ਦਿਲ ‘ਤੇ ਲਾਉਂਦਾ ਹੈ

ਤੁਹਾਡੇ ਸ਼ਹਿਰ ਵਾਂਗ ਨਹੀਂ
ਕਿ ਬਾਲਕੋਨੀ ਤੋਂ ਕੜੱਚ ਦੇਣੀ ਸੜਕ ‘ਤੇ ਡਿੱਗੇ
ਤੇ ਇਕ ਦਮ-ਦਮ ਤੋੜ ਜਾਏ
ਮੇਰੇ ਪਿੰਡ ਸੂਰਜ ਕੁਝ ਹੋਰ ਤਰ੍ਹਾਂ ਡੁੱਬਦਾ ਹੈ।
****