February 6, 2025

ਸੀਮੋਨ ਦ ਬੋਅਵਾਰ ਦੀ ਪੁਸਤਕ ਦ ਸੈਕੰਡ ਸੈਕਸ ਅਤੇ ਨਾਰੀਵਾਲ ਦਾ ਸੰਕਲਪ

”ਪ੍ਰਸਿੱਧ ਫਰੈਂਚ ਨਾਰੀ ਚਿੰਤਕ ਸੀਮੋਨ ਦ ਬੋਅਵਾਰ ਦੀ ਪੁਸਤਕ
‘ਦ ਸੈਕੰਡ ਸੈਕਸ’ ਪੜ੍ਹਦਿਆਂ ਨਾਰੀਵਾਦ ਦੇ ਸੰਕਲਪ ਤੇ ਸਿਧਾਂਤ ਸੰਬੰਧੀ ਮਨ ਅੰਦਰ ਆਏ ਵਿਚਾਰ ਸਾਂਝੇ ਕਰ ਰਹੀ ਹਾਂ”
ਬਲਬੀਰ ਕੌਰ ਰਾਏਕੋਟ
9814412610

ਨਾਰੀਵਾਦ ਸ਼ਬਦ ਅੰਗਰੇਜ਼ੀ ਸ਼ਬਦ 6eminism ਦਾ ਸਮਾਨਾਰਥਕ ਸ਼ਬਦ ਹੈ। 6eminism ਸ਼ਬਦ ਲੈਟਿਨ ਭਾਸ਼ਾ ਦੇ ਫੈਮਿਨਾ (ਨਾਰੀ) ਤੋਂ ਲਿਆ ਗਿਆ ਹੈ ਜਿਸਦਾ ਮੌਲਿਕ ਅਰਥ ਹੈ: “ਔਰਤਾਂ ਦਾ ਗੁਣ ਰੱਖਣਾ”

ਆਕਸਫ਼ੋਰਡ ਅੰਗਰੇਜ਼ੀ ਸ਼ਬਦ-ਕੋਸ਼ ਅਨੁਸਾਰ : “ਨਾਰੀਵਾਦ ਔਰਤਾਂ ਦੇ ਦਾਅਵੇ ਅਤੇ ਪ੍ਰਾਪਤੀ ਦੇ ਵਿਕਾਸ ਨੂੰ ਸਥਾਪਿਤ ਕਰਕੇ ਔਰਤਾਂ ਦੇ ਸਿਧਾਂਤ ਅਤੇ ਰਾਏ ਨੂੰ ਸਮਰਪਣ ਹੈ।“

ਦੇਖਿਆ ਜਾਵੇ ਤਾਂ, ਕੁਦਰਤ ਨੇ ਹਰੇਕ ਜੀਵ-ਜੰਤੂ ਦੇ ਦੋ ਰੂਪ ਪੈਦਾ ਕੀਤੇ ਗਏ ਹਨ: ਪਹਿਲਾਂ ਨਰ ਅਤੇ ਦੂਸਰਾ ਮਾਦਾ।ਦੋਵਾਂ ਵਿੱਚ ਭਾਵੇਂ ਸ਼ਰੀਰਕ ਭਿੰਨਤਾ ਹੁੰਦੀ ਹੈ ਪਰ ਦੋਵਾਂ ਦੇ ਸੁ-ਮੇਲ ਸਦਕਾ ਹੀ ਕੁਦਰਤ ਅੱਗੇ ਵਧਦੀ ਹੈ। ਸੰਸਾਰਕ ਜੀਵਨ ਦਾ ਮੂਲ ਤੱਤ ਨਰ ਅਤੇ ਮਾਦਾ ਦਾ ਸੰਜੋਗ ਹੀ ਹੈ ਜਿਸ ਤੋਂ ਸਾਰੇ ਸੰਸਾਰ ਦਾ ਵਿਕਾਸ ਹੋਇਆ ਹੈ।
ਤਾਂ ਅਸੀਂ ਕਹਿ ਸਕਦੇ ਹਾਂ ਕਿ ਔਰਤ-ਮਰਦ ਦੋਵਾਂ ਦੀ ਹੋਂਦ ਇਕ ਦੂਜੇ ਤੋਂ ਬਿਨਾਂ ਅਸੰਭਵ ਹੈ। ਦੋਵਾਂ ਦੇ ਮਿਲਾਪ ਨਾਲ ਹੀ ਮਨੁੱਖ ਜਾਤੀ ਦਾ ਵਿਕਾਸ ਹੋਇਆ। ਹੌਲੀ ਹੌਲੀ ਹੁੰਂਦੇ ਆਏ ਵਿਕਾਸ ਸਦਕਾ ਦੋਵਾਂ ਨੇ ਮਿਲ ਕੇ ਸਮਾਜ ਦਾ ਨਿਰਮਾਣ ਕੀਤਾ ਹੈ।ਇਸ ਤਰ੍ਹਾਂ ਸਮਾਜ ਤੇ ਸਮਾਜਿਕ ਵਿਕਾਸ ਨਿਰੰਤਰ ਹੁੰਦਾ ਰਹਿੰਦਾ ਹੈ।ਸਭ ਤੋਂ ਪਹਿਲਾਂ ਮਾਨਵ ਜਾਤੀ ਏਕਾਧਿਕਾਰ ਸਿਧਾਂਤ ਨਾਲ ਵਿਚਰਦਾ ਰਿਹਾ ਪਰ ਜਿਉਂ-ਜਿਉਂ ਸਮਾਜਿਕ ਵਿਕਾਸ ਹੁੰਦਾ ਗਿਆ ਤਾਂ ਔਰਤ-ਮਰਦ ਦੇ ਰਿਸ਼ਤੇ ਹੋਰ ਜਟਿਲਤਾ ਦਾ ਰੂਪ ਲੈਂਦੇ ਗਏ। ਸਮੇਂ ਦੇ ਬਦਲਾਅ ਨਾਲ ਨਵੇਂ-ਨਵੇਂ ਰਿਸ਼ਤੇ, ਰੀਤੀ ਰਿਵਾਜ਼, ਸੰਸਕਾਰਾਂ ਤੇ ਪਰੰਪਰਾਵਾਂ ਹੋਂਦ ਵਿੱਚ ਆਉਂਦੇ ਗਏ। ਜਿਨ੍ਹਾਂ ਨੂੰ ਸਮਾਜ ਵਿੱਚ ਲਾਗੂ ਕਰਨ ਲਈ ਫਰਜ਼, ਅਧਿਕਾਰ ਜਾਂ ਕਾਨੂੰਨ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ਸਮਾਜਿਕ ਵਿਕਾਸ ਦੇ ਨਾਲ ਮਨੁੱਖੀ ਕੰਮਾਂ-ਕਾਰਾਂ ਵਿੱਚ ਵੀ ਵਾਧਾ ਹੁੰਦਾ ਗਿਆ।ਇਨ੍ਹਾਂ ਕੰਮਾਂ ਨੂੰ ਕਰਨ ਲਈ ਕੰਮਾਂ ਦੀ ਵੰਡ ਕੀਤੀ ਜਾਣ ਲੱਗੀ।ਇਹ ਵੰਡ ਕਾਰਜ ਮਨੁੱਖ ਦੇ ਲਿੰਗ, ਉਮਰ ਅਤੇ ਗੁਣਾਂ ਦੇ ਅਧਾਰ ਉੱਤੇ ਹੋਣ ਲੱਗ ਪਈ। ਨਿਰੰਤਰ ਤਬਦੀਲੀਆਂ ਸਦਕਾ ਸਮਾਜਿਕ ਉਤਪਾਦਨ ਵਿੱਚ ਪਾਏ ਯੋਗਦਾਨ ਦੇ ਅਧਾਰ ਉੱਤੇ ਮਰਦ ਅਤੇ ਔਰਤ ਦਾ ਸਮਾਜਿਕ ਰੁਤਬਾ ਨਿਸ਼ਚਿਤ ਕੀਤਾ ਜਾਣ ਲੱਗਾ।
ਔਰਤ ਅਤੇ ਮਰਦ ਬਰਾਬਰ ਰੂਪ ਵਿਚ ਪੈਦਾ ਹੋਏ ਹਨ ਪਰੰਤੂ ਵੱਖ-ਵੱਖ ਪਰਸਥਿਤੀਆਂ ਅਤੇ ਤਬਦੀਲੀਆਂ ਕਾਰਨ ਬਣਾਏ ਰੀਤੀ ਰਿਵਾਜ਼ਾਂ ਕਾਰਨ ਔਰਤ ਨੂੰ ਦੂਜੇ ਦਰਜੇ ਉੱਪਰ ਲੈ ਆਏ। ਪ੍ਰਾਚੀਨ ਸਮੇਂ ਤੋਂ ਲੈ ਕੇ ਹੁਣ ਤੱਕ ਨਾਰੀ ਦੂਜੇ ਸਥਾਨ ਉੱਤੇ ਹੀ ਵਿਚਰਦੀ ਆ ਰਹੀ ਹੈ। ਨਾਲ ਹੀ ਸਮਾਜਿਕ ਬਣਤਰ ਰਾਹੀਂ ਔਰਤਾਂ ਨੂੰ ਵੱਖ ਵੱਖ ਖੇਤਰਾਂ ਵਿੱਚ ਵੀ ਭੇਦ-ਭਾਵ ਵਾਲੇ ਰਵੱਈਏ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਰਦ-ਪ੍ਰਧਾਨ ਸਮਾਜ ਦੀ ਵਿਵਸਥਾ ਵਿੱਚ ਮਰਦ ਸ਼ੁਰੂ ਤੋਂ ਹੀ ਔਰਤ ਨੂੰ ਹਰ ਖੇਤਰ ਵਿੱਚ ਆਪਣੇ ਨਾਲੋਂ ਘੱਟ, ਤੁੱਛ, ਨੀਵਾਂ ਸਿੱਧ ਕਰਦਾ ਆ ਰਿਹਾ ਹੈ। ਅਜਿਹੇ ਗ਼ੁਲਾਮੀ ਦੇ ਭੇਦ-ਭਾਵ ਵਾਲੇ ਰਵੱਈਏ , ਅਧੀਨਗੀ ਅਤੇ ਤ੍ਰਿਸਕਾਰਿਤ ਜ਼ਿੰਦਗੀ ਦਾ ਵਿਦਰੋਹ ਅਤੇ ਆਪਣੀ ਸੁਤੰਤਰ ਹੋਂਦ ਲਈ ਜੋ ਸੰਘਰਸ਼ ਕੀਤਾ ਜਾ ਰਿਹਾ ਹੈ ਇਸ ਸੰਘਰਸ਼ੀ ਲਹਿਰ ਦਾ ਨਾਂ “ਨਾਰੀਵਾਦ” ਹੈ।
ਨਾਰੀਵਾਦ ਦਾ ਮਕਸਦ ਲਿੰਗ ਦੇ ਅਧਾਰ ‘ਤੇ ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਅਸਮਾਨਤਾ ਵਿਰੁੱਧ ਸੰਘਰਸ਼ ਹੈ। ਇਹ ਔਰਤ ਦੇ ਹੱਕਾਂ ਦੇ ਪੱਖ ਵਿੱਚ ਸੰਗਠਿਤ ਸੰਘਰਸ਼ ਹੈ ਜੋ ਖ਼ਾਸ ਤੌਰ ਤੇ ਔਰਤਾਂ ਪ੍ਰਤੀ ਭੇਦ-ਭਾਵ ਰੱਖਣ ਵਾਲੀਆਂ ਪਾਬੰਦੀਆਂ ਨੂੰ ਖ਼ਤਮ ਕਰਨ ਲਈ ਲੜਿਆ ਜਾ ਰਿਹਾ ਹੈ। ਪੂਰਨ ਰੂਪ ਵਿੱਚ ਨਾਰੀਵਾਦ ਦੀ ਇਹ ਲਹਿਰ ਨਾਰੀ ਮੁਕਤੀ ਦਾ ਸਿਧਾਂਤ ਹੈ ਜਿਸ ਵਿੱਚ ਔਰਤਾਂ ਕੇਵਲ ਪਿੱਤਰੀ ਸਮਾਜ ਦੀਆਂ ਬਣਾਈਆਂ ਗਈਆਂ ਰੀਤੀਆਂ , ਨੀਤੀਆਂ, ਵਿਹਾਰਾਂ ਅਤੇ ਮਾਨਤਾਵਾਂ ਨਾਲ ਹੀ ਨਹੀਂ ਲੜਦੀ ਸਗੋਂ ਆਪਣੇ ਆਪ ਨਾਲ ਵੀ ਲੜਦੀ ਜਾਂ ਵਿਦਰੋਹ ਕਰਦੀ ਹੈ। ਕਿਉਂਕਿ ਔਰਤ ਨੇ ਆਪਣੇ ਪੈਰਾਂ ਵਿੱਚ ਆਪ ਵੀ ਬੇੜੀਆਂ ਬੰਨੀਆਂ ਹੋਈਆਂ ਹਨ? ਕਿਉਂ ਉਹ ਆਪਣੀ ਤ੍ਰਾਸਦੀ ਅਤੇ ਕਰੁਣਾਮਈ ਸਥਿਤੀ ਦੇ ਕਾਰਨਾਂ ਦਾ ਵਿਰੋਧ ਨਹੀਂ ਕਰਦੀ ਅਤੇ ਆਪਣੇ ਆਪ ਉੱਤੇ ਜ਼ੁਲਮ ਸਹਿੰਦੀ ਰਹਿੰਦੀ ਹੈ। ਜਿੰਨਾ ਇਸ ਬਾਰੇ ਪੜ੍ਹਨਾ ਸੌਖਾ ਹੈ ਵਾਸਤਵਿਕਤਾ ਵਿੱਚ ਇਸ ਨੂੰ ਸਮਝਣਾ ਔਖਾ ਹੈ।
ਨਾਰੀਵਾਦ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਖੇਤਰਾਂ ਵਿਚ ਔਰਤ ਦੀ ਭੂਮਿਕਾ ਤੇ ਕਾਰਜਸ਼ੀਲਤਾ ਦੀ ਪੁਨਰ ਵਿਆਖਿਆ ਕਰਦਾ ਹੈ। ਨਾਰੀਵਾਦ ਅਸਲ ਵਿੱਚ ਸਮੁੱਚੇ ਤੌਰ ਤੇ ਔਰਤਾਂ ਦੇ ਬਦਲ ਰਹੇ ਸਮਾਜਿਕ ਰੁਤਬੇ ਦਾ ਪ੍ਰਗਟਾਅ ਕਰਦਾ ਹੈ। ਨਾਰੀਵਾਦ ਲਹਿਰ ਭਾਵੇਂ ਪੱਛਮੀ ਦੇਸ਼ਾਂ ਤੋਂ ਆਰੰਭ ਹੋਈ ਹੈ ਪਰੰਤੂ ਅੱਜ ਪੂਰੇ ਸੰਸਾਰ ਵਿੱਚ ਫੈਲੀ ਹੋਈ ਹੈ। ਅੰਤਰਰਾਸ਼ਟਰੀ ਮੰਚ ਉੱਤੇ ਵੀ ਇਹ ਸੰਘਰਸ਼ ਕਈ ਰੂਪਾਂ ਅਤੇ ਸਰੂਪਾਂ ਵਿੱਚ ਹੋ ਕੇ ਗੁਜ਼ਰਿਆ ਹੈ।
ਪੱਛਮੀ ਸਮਾਜ ਵਿੱਚ ਸਭ ਤੋਂ ਪਹਿਲਾਂ ਔਰਤਾਂ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਈਆਂ ਹਨ।ਇਸ ਸੰਘਰਸ਼ ਦੇ ਰਾਹ ਤੇ ਚੱਲ ਕੇ ਸਭ ਤੋਂ ਪਹਿਲਾਂ ਮੈਰੀ ਵੂਲਸਟੋਨ ਕਰਾਫਟ ਨੇ ਔਰਤਾਂ ਦੇ ਹੱਕ ਵਿੱਚ ਨਾਹਰਾ ਬੁਲੰਦ ਕੀਤਾ ਸੀ। ਉਸ ਦੁਆਰਾ ਲਿਖੀ ਕਿਤਾਬ ‘ਏ ਵਿੰਡੀਕੇਸ਼ਨ ਔਫ ਦਾ ਰਾਈਟਜ਼ ਔਫ ਵੀਮਨ’ ਜੋ 1792 ਵਿੱਚ ਪ੍ਰਕਾਸ਼ਿਤ ਹੋਈ, ਇਸ ਕਿਤਾਬ ਸਦਕਾ ਔਰਤ ਦੇ ਦੁੱਖਾਂ, ਦਸ਼ਾ ਤੇ ਹੱਕਾਂ ਲਈ ਬਹਿਸ਼ ਆਰੰਭ ਹੋਈ।ਉਸ ਸਮੇਂ ਸਮਾਜ ਵਿੱਚ ਔਰਤ ਮਰਦ ਦੀ ਬਰਾਬਰੀ ਦਾ ਏਜੰਡਾ ਲੈ ਕੇ ਨਾਰੀਵਾਦ ਚੇਤਨਾ ਦੀ ਲਹਿਰ ਉੱਠਦੀ ਹੈ।ਨਾਰੀਵਾਦ ਦਾ ਨਿਸ਼ਾਨਾ ਜਾਂ ਉਦੇਸ਼ ਮਰਦਾਂ ਦਾ ਔਰਤ ਪ੍ਰਤੀ ਵਤੀਰਾ ਤੇ ਸੋਚ ਨੂੰ ਬਦਲਣਾ ਸੀ।
ਯੂਰਪ ਅਤੇ ਅਮਰੀਕਾ ਵਿੱਚ ਔਰਤਾਂ ਨੂੰ ਵੋਟ ਦਾ ਅਧਿਕਾਰ ਕਾਫ਼ੀ ਲੰਬੇ ਸੰਘਰਸ਼ ਕਰਨ ਤੋਂ ਬਾਅਦ ਪਹਿਲੀ ਵਾਰ ਅਮਰੀਕਾ ਵਿੱਚ 1920 ਨੂੰ ਮਿਲਿਆ। ਹਾਲਾਂਕਿ ਨਾਰੀਵਾਦ ਦੇ ਸਮਰਥਕਾਂ ਨੂੰ ਇਹ ਵੀ ਲੱਗਦਾ ਸੀ ਕਿ ਵੋਟ ਦਾ ਅਧਿਕਾਰ ਪ੍ਰਾਪਤ ਕਰਨ ਤੋਂ ਬਾਅਦ ਸਮਾਜ ਵਿੱਚ ਔਰਤ ਮਰਦ ਦੀ ਬਰਾਬਰੀ ਦਾ ਮਸਲਾ ਖੁਦ-ਬ-ਖੁਦ ਹੱਲ ਹੋ ਜਾਵੇਗਾ ਪਰੰਤੂ ਅਜਿਹਾ ਨਹੀਂ ਹੋ ਸਕਿਆ।
ਸੀਮੋਨ ਦ ਬੋਅਵਾਰ ਫਰਾਂਸਿਸ ਲੇਖਿਕਾ ਹੈ ਜਿਸ ਦੀ ਪੁਸਤਕ ‘ਦ ਸੈਕਿੰਡ ਸੈਕਸ’ 1949 ਈ. ਵਿੱਚ ਲਿਖੀ ਗਈ ਨਾਰੀਵਾਦੀ ਪਰਿਪੇਖ ਤੋਂ ਸਾਰੇ ਸੰਸਾਰ ਵਿੱਚ ਪ੍ਰਸਿੱਧ ਹੋਈ। ਜੋ ਨਾਰੀਵਾਦ ਦੇ ਖੇਤਰ ਵਿੱਚ ਇੱਕ ਮੀਲ ਪੱਥਰ ਮੰਨੀ ਜਾਂਦੀ ਹੈ।
“ਨਾਰੀ ਜਮਾਂਦਰੂ ਨਾਰੀ ਨਹੀਂ ਹੁੰਦੀ ਬਣਾ ਦਿੱਤੀ ਜਾਂਦੀ ਹੈ।” ਆਪਣੇ ਇਸ ਕਥਨ ਨਾਲ ਪ੍ਰਸਿੱਧ ਫਰੈਂਚ ਨਾਰੀ ਚਿੰਤਕ ਸਿਮੋਨ ਦ ਬੋਅਵਾਰ ਨੇ ਸੰਸਾਰ ਵਿੱਚ ਤਹਿਲਕਾ ਮਚਾ ਦਿੱਤਾ ਸੀ।
ਸਿਮੋਨ ਨੇ ਆਪਣੇ ਕਥਨ ਰਾਹੀਂ ਇਹ ਵੀ ਕਿਹਾ ਹੈ ਕਿ ਜੇਕਰ ਸਮਾਜਵਾਦ ਦੀ ਸਥਾਪਨਾ ਹੋ ਜਾਵੇ ਤਾਂ ਨਾਰੀ ਦੀਆਂ ਸਮੱਸਿਆਵਾਂ ਦਾ ਹੱਲ ਆਪਣੇ ਆਪ ਹੋ ਜਾਵੇਗਾ। ਸੈਕੰਡ ਸੈਕਸ ਲਿਖਣ ਦਾ ਸੀਮੋਨ ਦਾ ਮਕਸਦ ਔਰਤਾਂ ਉੱਤੇ ਪਰੰਪਰਾ ਦੁਆਰਾ ਧਰਮ, ਸਮਾਜ, ਸਾਹਿਤ, ਸਿਧਾਂਤ ਅਤੇ ਰੂੜ੍ਹੀਵਾਦੀ ਸੋਚ ਰਾਹੀਂ ਜੋ ਦੋਸ਼ ਥੋਪੇ ਚਲੇ ਆ ਰਹੇ ਹਨ, ਉਨ੍ਹਾਂ ਨੂੰ ਸਮਝਣ ਦੀ ਲੋੜ ਹੈ।
ਜਿਸ ਤਹਿਤ ਨਾਰੀ ਦੀਆਂ ਵਿਸ਼ੇਸ਼ਤਾਵਾਂ ਦਾ ਸਮਾਜਿਕ-ਸੱਭਿਆਚਾਰਕ ਹਾਲਾਤਾਂ ਦਾ ਡੂੰਘਾਈ ਨਾਲ ਅਧਿਐਨ ਸ਼ੁਰੂ ਹੋਇਆ। ਇਸ ਪੁਸਤਕ ਵਿੱਚ ਸਿਮੋਨ ਨੇ ਕਿਹਾ ”ਜੀਵ ਵਿਗਿਆਨ, ਮਨੋਵਿਸਲੇਸ਼ਣੀ ਸਿਧਾਂਤ ਅਤੇ ਇਤਿਹਾਸਕ ਪਦਾਰਥਵਾਦ ਦੇ ਨਜ਼ਰੀਏ ਤੋਂ ਨਾਰੀ ਨੂੰ ਪਰਿਭਾਸ਼ਿਤ ਕਰਨ ਦੇ ਅੱਡੋ-ਅੱਡ ਸਿਧਾਂਤਾ ਦਾ ਲੇਖਾ ਜੋਖਾ ਕਰਦਿਆਂ ਉਸਨੇ ਨਿਰਣਾ ਕੀਤਾ ਕਿ ਇਹ ਤਿੰਨੇ ਖ਼ੇਮੇ ਨਾਰੀ ਦੀ ਹੋਂਦ ਸਥਿਤੀ ਅਤੇ ਹੋਂਦ ਚੇਤਨਾ ਨਾਲ ਨਿਆਂ ਨਹੀ ਕਰਦੇ”। ਇਸ ਤੋਂ ਬਾਅਦ ਨਾਰੀਵਾਦ ਪਰਿਪੇਖ ਵਿੱਚ ‘ਕੇਟ ਮਿਲੇਟ’ ਦੀ 1969 ਵਿੱਚ ਆਈ ਕਿਤਾਬ ‘ਸੈਕਚੁਅਲ ਪੋਲੀਟਿਕਸ’ ਵੀ ਖ਼ਾਸ ਚਰਚਾ ਦਾ ਵਿਸ਼ਾ ਬਣੀ। ਇਸ ਨਾਲ ਨਾਰੀਵਾਦੀ ਚਿੰਤਕ ਨਾਰੀਵਾਦੀ ਸਾਹਿਤ ਸਿਧਾਤਾਂ ਦੀ ਵੱਖਰਤਾ ਬਾਰੇ ਵੀ ਚਿਤੰਨ ਹੋਣ ਲੱਗਿਆ।
ਸਦੀਆਂ ਪਹਿਲਾਂ ਪਲੈਟੋ ਨੇ ਵੀ ਕਿਹਾ ਕਿ “ਔਰਤਾਂ ਦੇ ਲਈ ਸੰਪੂਰਨ ਰਾਜਨੀਤਕ ਅਤੇ ਜਿਨਸੀ ਬਰਾਬਰਤਾ ਦੀ ਗੱਲ ਕੀਤੀ ਜਾਣੀ ਚਾਹੀਦੀ ਹੈ।”
17ਵੀਂ ਸਦੀ ਦੇ ਅੰਗਰੇਜ਼ੀ ਲੇਖਕਾਂ ਜਿਨ੍ਹਾਂ ਵਿੱਚ ਮਾਰਗਰੈਟ ਕੈਵਨਡਿਸ਼, ਡੱਚਸ ਆਫ ਨਿਊਕਾਸਲ ਅਪੌਨ ਟਾਈਨ ਆਦਿ ਨੇ ਵੀ ਨਾਰੀਵਾਦ ਉੱਤੇ ਗੱਲ ਕੀਤੀ ਹੈ।
ਇਸ ਤੋਂ ਇਲਾਵਾ ਇਤਾਲਵੀ-ਫ੍ਰਾਂਸੀਸੀ ਲੇਖਕ ਕ੍ਰਿਸਟੀਨ ਦਿ ਪੀਜ਼ਾਨ (1364 -1430), ‘ਦਿ ਬੁੱਕ ਆਫ਼ ਸਿਟੀ ਆਫ਼ ਲੇਡੀਜ਼’ ਦੀ ਲੇਖਿਕ ਨੇ ਔਰਤਾਂ ਨਾਲ ਹੁੰਦੇ ਦੁਰ-ਵਿਵਹਾਰ ਦੀ ਨਿਖੇਧੀ ਬਾਰੇ ਲਿਖਿਆ ਗਿਆ ਹੈ। ਇੰਗਲੈਂਡ ਵਿੱਚ 17ਵੀਂ ਸਦੀ ਦੀ ਲੇਖਕ ਹੰਨਾਹ ਵੂਲੀ, ਮੈਕਸੀਕੋ ਵਿਚ ਜੁਆਨਾ ਇੰਸ ਦਿ ਲਾ ਕਰੂਜ਼, ਮੈਰੀ ਲੇ ਜਾਰਸ ਦਿ ਗੌਰਨੇ, ਐਨ ਬ੍ਰੈਡਸਟ੍ਰੀਟ, ਅੰਨਾ ਮਾਰੀਆ ਵੈਨ ਸ਼ੁਰਮਨ ਅਤੇ ਫ੍ਰਾਂਸੋਇਸ ਪੂਲਨ ਦਿ ਲਾ ਬੈਰੇ ਵੀ ਸ਼ਾਮਿਲ ਹਨ। ਸੱਚੇ ਬੁੱਧੀਜੀਵੀਆਂ ਵਜੋਂ ਔਰਤਾਂ ਦੇ ਉਭਾਰ ਨੇ ਇਟਲੀ ਦੇ ਮਨੁੱਖ-ਵਾਦ ਵਿੱਚ ਵੀ ਤਬਦੀਲੀ ਲਿਆ ਦਿੱਤੀ ਸੀ। ਕੈਸੈਂਡਰਾ ਫੈਡੇਲ ਪਹਿਲੀ ਔਰਤ ਸੀ ਜੋ ਇੱਕ ਮਾਨਵ-ਵਾਦੀ ਸਮੂਹ ਵਿੱਚ ਸ਼ਾਮਲ ਹੋਈ ਸੀ ਅਤੇ ਔਰਤਾਂ ‘ਤੇ ਵਧੇਰੇ ਪਾਬੰਦੀਆਂ ਦੇ ਬਾਵਜੂਦ ਆਪਣੇ ਮਕਸਦ ਨੂੰ ਹਾਸਿਲ ਕੀਤਾ ਸੀ।
ਮਰਦਾਂ ਨੇ ਵੀ ਔਰਤਾਂ ਦਾ ਬਚਾਅ ਕਰਨ ਦੇ ਉਦੇਸ਼ ਨਾਲ ਨਾਰੀਵਾਦ ਦੇ ਇਤਿਹਾਸ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ ਕਿ ਔਰਤਾਂ ਵੀ ਮਰਦਾਂ ਨਾਲ ਬਰਾਬਰ ਮੁਕਾਬਲਾ ਕਰਨ ਦੇ ਸਮਰੱਥ ਅਤੇ ਕਾਬਲ ਹਨ, ਜਿਨ੍ਹਾਂ ਵਿੱਚ ਐਂਟੋਨੀਓ ਕੋਰਨਾਜ਼ਜ਼ਾਨੋ, ਵੇਸਪਾਸਿਆਨੋ ਡੀ ਬਿਸਟੀਸੀ, ਅਤੇ ਜਿਓਵਾਨੀ ਸਬਦੀਨੋ ਡਿਗਲੀ ਏਰੀਐਂਟ ਸ਼ਾਮਲ ਹਨ। ਕਸਟਿਗਲੀਓਨ ਔਰਤਾਂ ਦੇ ਨੈਤਿਕ ਚਰਿੱਤਰ ਦਾ ਬਚਾਅ ਕਰਨ ਦੇ ਇਸ ਰੁਝਾਨ ਨੂੰ ਜਾਰੀ ਰੱਖਦਾ ਹੈ।
ਪੱਛਮੀ ਦੇਸ਼ਾਂ ਵਿੱਚ ਨਾਰੀਵਾਦ ਔਰਤਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਾਰਥਕ ਤੇ ਮਰਦਾਂ ਦੇ ਬਰਾਬਰ ਹੱਕ ਵਾਲੇ ਸਮਾਧਾਨ ਵਿੱਚ ਵਿਸ਼ਵਾਸ ਰੱਖਦਾ ਹੈ।ਜਿਸਦਾ ਵਿਸ਼ਵਾਸ ਹੈ ਕਿ ਨੌਕਰੀ ਵਿੱਚ ਔਰਤ ਦੀ ਬਰਾਬਰੀ ਹੋਵੇ, ਦੂਜਾ ਉਹ ਸਾਰੇ ਹੱਕ ਔਰਤਾਂ ਨੂੰ ਪ੍ਰਾਪਤ ਹੋਣ ਜਿਹੜੇ ਮਰਦਾਂ ਨੂੰ ਕਿਰਤੀ ਸ਼੍ਰੇਣੀ ਵਿੱਚ ਪ੍ਰਾਪਤ ਹਨ।ਤੀਜਾ ਔਰਤਾਂ ਦਾ ਆਪਣੇ ਸਰੀਰ ਤੇ ਆਪਣਾ ਅਧਿਕਾਰ ਤੇ ਨਿਯੰਤਰਣ ਹੋਣਾ ਚਾਹੀਦਾ ਹੈ। ਚੌਥਾ, ਬੱਚਿਆਂ ਦੀ ਦੇਖਭਾਲ ਕਰਨ ਦਾ ਪ੍ਰਬੰਧ ਅਤੇ ਬੱਚੇ ਕਦੋਂ ਪੈਦਾ ਕਰਨੇ ਹਨ ਇਸ ਪ੍ਰਤੀ ਔਰਤਾਂ ਨੂੰ ਖੁਦ ਨਿਰਣਾ ਲੈਣ ਦਾ ਅਧਿਕਾਰ ਹੋਣਾ ਚਾਹੀਦਾ ਹੈ।
ਆਮ ਤੌਰ ਤੇ ਨਾਰੀ ਮੁਕਤੀ ਦੇ ਸਮੂਹਿਕ ਰਾਜਨੀਤਿਕ ਏਜੰਡੇ ਦੀ ਥਾਂ ਨਾਰੀ ਦੀਆਂ ਵਿਅਕਤੀਗਤ, ਨਿੱਜੀਵਾਦੀ ਕਾਮਨਾਵਾਂ ਤੇ ਫੋਕਸ ਕੀਤਾ ਜਾ ਰਿਹਾ ਹੈ। ਨਾਰੀਵਾਦ ਇਤਿਹਾਸਕ ਤੌਰ ਤੇ ਉਸਦੇ ਮੂਹਰੇ ਖੜ੍ਹਾ  ਹੈ। ਜਿੱਥੇ ਨਾਰੀਵਾਦ ਦੇ ਮੁੱਢਲੇ ਤੇ ਆਧਾਰੀ ਮੁੱਦੇ ਅਤੇ ਮਸਲੇ ਵੀ ਅਜੇ ਮੂਲੋਂ ਅਪ੍ਰਸੰਗਤ ਨਹੀਂ ਹੋਏ।ਕਾਨੂੰਨੀ ਅਧਿਕਾਰਾਂ, ਆਰਥਿਕ ਮੌਕਿਆਂ ਤੇ ਔਰਤ ਮਰਦ ਬਰਾਬਰੀ ਦੀ ਸਮਾਜਿਕ ਹਲ-ਚਲ ਦੇ ਬਾਵਜ਼ੂਦ ਸਦੀਆਂ ਪੁਰਾਣੇ ਪਿੱਤਰੀ ਤੰੰਤਰ ਅਧੀਨ ਧਾਰਮਿਕ, ਸਭਿਆਚਾਰਕ ਪਰਵੇਸ਼ ਵਿੱਚੋਂ ਘੜੀਆਂ ਗਈਆਂ ਜੈਂਡਰ ਮਨੋਬਣਤਰਾਂ ਅੱਜ ਵੀ ਨਾਰੀ ਨੂੰ ਹਾਸ਼ੀਏ ਤੇ ਧੱਕਣ ਲਈ ਬਜਿੱਦ ਰਹਿੰਦੀਆਂ ਹਨ।
ਜੇਕਰ ਭਾਰਤੀ ਨਾਰੀਵਾਦ ਦੀ ਗੱਲ ਕਰੀਏ ਤਾਂ ਇਹ ਪੱਛਮੀ ਨਾਰੀਵਾਦ ਤੋਂ ਬਿਲਕੁਲ ਵੱਖਰਾ ਹੈ। ਭਾਰਤੀ ਸਮਾਜ ਵਿੱਚ ਸਦੀਆਂ ਤੋਂ ਔਰਤ ਦੀ ਦਸ਼ਾ ਤੇ ਸਥਿਤੀ ਨਜ਼ਰ ਆਉਂਦੀ ਹੈ ਉਹ ਗ਼ੁਲਾਮ ਨਾਰੀ ਵਾਲੀ ਹੈ । ਸਮਾਂ ਬਦਲਣ ਦੇ ਨਾਲ-ਨਾਲ ਸਮਾਜਿਕ ਸੰਬੰਧਾਂ ਵਿੱਚ ਵੀ ਪਰਿਵਰਤਨ ਹੁੰਦੇ ਰਹੇ ਅਤੇ ਇਸਦੇ ਨਾਲ ਸਮਾਜ ਵਿਚ ਔਰਤਾਂ ਦੀ ਸਥਿਤੀ ਵੀ ਬਦਲਦੀ ਰਹੀ। ਵੈਦਿਕ ਕਾਲ ਦੇ ਸਮੇਂ ਉਹ ਉੱਚੀ ਹੈਸੀਅਤ ਦੀ ਮਾਲਿਕ ਸੀ ਅਤੇ ਪਰਿਵਾਰ ਦੀ ਮੁਖੀ ਸੀ ਪਰ ਹੌਲੀ-ਹੌਲੀ ਉਸਦੀ ਸਥਿਤੀ ਬਦਲਦੀ ਗਈ ਅਤੇ ਉਸਨੂੰ ਘਰ ਦੀ ਚਾਰਦੀਵਾਰੀ ਵਿਚ ਕੈਦ ਕਰ ਦਿੱਤਾ ਗਿਆ। ਸਮਾਜ ਵਿਚ ਨਾਰੀ ਦਾ ਮਹੱਤਵ ਅਤੇ ਸ੍ਰਿਸ਼ਟੀ ਵਿਚ ਨਾਰੀ ਦਾ ਬਰਾਬਰ ਦਾ ਭਾਗ ਹੋਣ ਦੇ ਬਾਵਜੂਦ ਵੀ ਹੌਲੀ-ਹੌਲੀ ਨਾਰੀ ਦੀ ਸਮਾਨਤਾ ਘਟਦੀ ਗਈ ਅਤੇ ਪੁਰਸ਼ ਦਾ ਅਧਿਕਾਰ ਵੱਧਦਾ ਗਿਆ। ਉਹ ਮਾਲਕ ਬਣਦਾ ਗਿਆ ਅਤੇ ਨਾਰੀ ਗ਼ੁਲਾਮ ਹੁੰਦੀ ਗਈ । ਜਦੋਂ ਮਰਦ ਪ੍ਰਧਾਨ ਸ਼ਾਸਨ ਕਾਇਮ ਹੋਇਆ ਤਾਂ ਉਹ ਨਵੇਂ ਨਿਯਮਾਂ ਤੇ ਮਰਿਆਦਾਵਾਂ ਬਣਾਉਂਦਾ ਗਿਆ।ਮਰਦ ਨਾਲ ਸੰਬੰਧਿਤ ਕਾਰਜ ਖੇਤਰ ਵਿਸ਼ਾਲ ਹੋਣ ਕਾਰਨ ਉਸ ਲਈ ਨਿੱਤ ਨਵੀਆਂ ਸੰਭਾਵਨਾਵਾਂ ਪੈਦਾ ਹੁੰਦੀਆਂ ਗਈਆਂ, ਜਿਸ ਕਾਰਨ ਸ਼ਰੀਰਕ ਅਤੇ ਮਾਨਸਿਕ ਸ਼ਕਤੀਆਂ ਵਧੇਰੇ ਵਿਕਾਸ ਹੁੰਦੀਆਂ ਗਈਆਂ। ਦੂਜੇ ਪਾਸੇ ਸਮਾਜਿਕ ਪਰੰਪਰਾਵਾਂ ਅਤੇ ਮਰਿਆਦਾਵਾਂ ਹੇਠਾਂ ਗੁਲਾਮੀ ਦਾ ਜੀਵਨ ਬਤੀਤ ਕਰ ਰਹੀ ਔਰਤ ਦੀਆਂ ਮਾਨਸਿਕ ਅਤੇ ਸ਼ਰੀਰਕ ਸ਼ਕਤੀਆਂ ਨਸ਼ਟ ਹੋਣ ਲੱਗ ਪਈਆਂ। ਔਰਤ ਦੀ ਮਾਨਸਿਕਤਾ ਹੌਲੀ-ਹੌਲੀ ਅਜਿਹੀ ਬਣ ਗਈ ਕਿ ਉਹ ਆਪਣੇ ਆਪ ਨੂੰ ਮਰਦ ਨਾਲੋਂ ਘੱਟ, ਨੀਵਾਂ ਅਤੇ ਕਮਜ਼ੋਰ ਸਮਝਣ ਲੱਗ ਪਈ। ਇਸ ਸਥਿਤੀ ਨੇ ਸਮਾਜ ਵਿਚ ਮਰਦ ਨੂੰ ਵਿਸ਼ੇਸ਼ ਦਰਜ਼ਾ ਪ੍ਰਦਾਨ ਕੀਤਾ ਅਤੇ ਔਰਤ ਭੋਗ ਵਿਲਾਸ ਦੀ ਸਮੱਗਰੀ ਬਣ ਕੇ ਰਹਿ ਗਈ।
ਭਾਰਤੀ ਸੰਕਲਪ ਅਨੁਸਾਰ ਨਾਰੀ ਦੀ ਉਤਪਤੀ ਦੇ ਸਿਧਾਂਤ ਨੇ ਉਸਦੀ ਦਸ਼ਾ ਨੂੰ ਬਦ ਤੋਂ ਬੱਤਰ ਕੀਤਾ ਹੈ। ਪ੍ਰਾਚੀਨ ਗ੍ਰੰਥਾਂ ਅਨੁਸਾਰ ਕਿਹਾ ਜਾਂਦਾ ਹੈ ਕਿ ਸ੍ਰਿਸ਼ਟੀ ਦੇ ਰਚੇਤਾ ਬ੍ਰਹਮਾ ਨੇ ਪਹਿਲਾਂ ਆਦਮ ਨੂੰ ਪੈਦਾ ਕੀਤਾ ਸੀ। ਉਹ ਹੀ ਸਵਰਗ ਵਿੱਚ ਪਹਿਲਾਂ ਪੁਰਸ਼ ਸੀ ਪਰੰਤੂ ਉਹ ਪ੍ਰੇਸ਼ਾਨ ਅਤੇ ਉਦਾਸ ਰਹਿਣ ਲੱਗਾ। ਸਵਰਗ ਉਸ ਨੂੰ ਚੰਗਾ ਨਹੀਂ ਸੀ ਲੱਗਦਾ। ਉਸ ਨੇ ਸ੍ਰਿਸ਼ਟੀ-ਰਚੇਤਾ ਨੂੰ ਆਪਣੀ ਉਦਾਸੀ ਦਾ ਕਾਰਨ ਇਕੱਲਤਾ ਦੱਸਿਆ। ਇਸ ਤਰ੍ਹਾਂ ਬ੍ਰਹਮਾ ਨੇ ਉਸਦੀ ਉਦਾਸੀ ਦੂਰ ਕਰਨ ਦੇ ਲਈ ਆਦਮ ਦੀ ਖੱਬੀ ਵੱਖੀ ਵਿੱਚੋਂ ਇੱਕ ਹੱਡੀ ਕੱਢ ਕੇ ਨਾਰੀ ਦੀ ਉਤਪਤੀ ਕੀਤੀ। ਜਿਸਨੂੰ ਪੁਰਸ਼ ਦੀ ਜ਼ਿੰਦਗੀ ਸੁਖ਼ਦ ਬਣਾਉਣ ਲਈ ਪੈਦਾ ਕੀਤਾ ਗਿਆ।
ਵੱਖ-ਵੱਖ ਗ੍ਰੰਥਾਂ ਵਿੱਚ ਔਰਤਾਂ ਬਾਰੇ ਨਿਰਾਦਰ ਅਤੇ ਅਸੱਭਿਅਕ ਵਿਵਹਾਰ ਪੜ੍ਹਨ ਨੂੰ ਮਿਲਿਆ ਹੈ ਜਿਨ੍ਹਾਂ ਵਿੱਚ ਔਰਤ ਦੀ ਰੱਜ ਕੇ ਨਿੰਦਿਆ ਕੀਤੀ ਗਈ ਹੈ। ਉਸਨੂੰ ਭੋਗ ਦੀ ਇੱਕ ਵਸਤੂ ਸਮਝਿਆ ਜਾਂਦਾ ਤੇ ਪੈਰ ਦੀ ਜੁੱਤੀ ਜਾਂ ਗੁੱਤ ਪਿੱਛੇ ਮੱਤ ਵਾਲੀ ਕਿਹਾ ਜਾਂਦਾ ਹੈ।ਤੁਲਸੀ ਦਾਸ ਵਲੋਂ ਰਮਾਇਣ ਵਿੱਚ ਔਰਤਾਂ ਨੂੰ ਸਾਰੇ ਪਾਪਾਂ ਅਤੇ ਔਗੁਣਾਂ ਦੀ ਖਾਣ ਦੱਸਿਆ ਗਿਆ ਹੈ।
ਨਾਥਾਂ ਜੋਗੀਆਂ ਅਨੁਸਾਰ ਨਾਰੀ ਦੀ ਸੁਤੰਰਤਾ ਮਰਦ ਦੇ ਆਚਰਣ ਨੂੰ ਖ਼ਰਾਬ ਕਰਦੀ ਹੈ।ਇਸ ਲਈ ਉਹਨਾਂ ਨੇ ਇਸਦਾ ਵਿਰੋਧ ਕੀਤਾ ਤੇ ਨਾਰੀ ਦੇ ਤਿਆਗ ਤੇ ਜ਼ੋਰ ਦਿੱਤਾ।
ਭਾਰਤ ਵਿੱਚ ਜਦੋਂ ਜਾਤ-ਪਾਤ ਦੇ ਸੰਕਲਪ ਅਨੁਸਾਰ ਬ੍ਰਾਹਮਣਵਾਦੀ ਸੋਚ ਨੇ ਜ਼ੋਰ ਫੜਿਆ ਉਦੋਂ ਔਰਤ ਨੂੰ ਉਸਦੇ ਬਾਕੀ ਰਹਿੰਦੇ ਹੱਕਾਂ ਤੋਂ ਵੀ ਵਾਂਝੇ ਕਰ ਦਿੱਤਾ। ਪੁਰਾਤਨ ਸੋਚ ਔਰਤ ਨੂੰ ਆਪਣੇ ਪਤੀਵਰਤਾ ਧਰਮ ਨੂੰ ਨਿਭਾਉਣ ਤੇ ਜ਼ੋਰ ਦਿੰਦੀ ਸੀ ।ਇਸ ਸੋਚ ਅਨੁਸਾਰ ਵਿਆਹ ਤੋਂ ਬਾਅਦ ਔਰਤ ਲਈ ਉਸਦਾ ਪਤੀ ਹੀ ਪਰਮੇਸ਼ਰ ਸੀ ਅਤੇ ਉਸਨੂੰ ਹਰ ਪੱਖੋਂ ਖੁਸ਼ ਰੱਖਣਾ ਪਤਨੀ ਦਾ ਧਰਮ ਮੰਨਿਆ ਜਾਂਦਾ ਸੀ ।ਇਸਦੇ ਉਲਟ ਮਰਦ , ਪਤਨੀ ਨੂੰ ਇਨਸਾਨ ਸਮਝਣ ਦੀ ਥਾਂ ਵਸਤੂ ਸਮਝਦਾ ਸੀ ਜਿਸਦਾ ਮਾਲਕ ਉਹ ਆਪਣੇ ਆਪ ਨੂੰ ਮੰਨਦਾ ਸੀ। ਇੱਕ ਪਾਸੇ ਜਿੱਥੇ ਬ੍ਰਾਹਮਣਵਾਦ ਨੇ ਭਾਰਤੀ ਸੰਕਲਪ ਵਿਚ ਨਾਰੀ ਨੂੰ ਗ਼ੁਲਾਮ ਬਣਾ ਦਿੱਤਾ ਸੀ ਨਾਲ ਹੀ ਇਸ ਤੋਂ ਬਿਨਾਂ ਸਾਡੇ ਦੇਸ਼ ਵਿੱਚ ਔਰਤ ਪ੍ਰਤੀ ਕੁ-ਪ੍ਰਥਾਵਾਂ, ਭੈੜੇ ਰੀਤੀ-ਰਿਵਾਜ਼ ਅਤੇ ਅੰਧ-ਵਿਸ਼ਵਾਸਾਂ ਨੇ ਵੀ ਔਰਤਾਂ ਦੀ ਸਥਿਤੀ ਨੂੰ ਹੋਰ ਮਾੜਾ ਕਰ ਦਿੱਤਾ ਸੀ, ਜਿਵੇਂ ਕਿ ਦੇਵਦਾਸੀ ਪ੍ਰਥਾ, ਸਤੀ ਪ੍ਰਥਾ ਆਦਿ। ਸਮੇਂ-ਸਮੇਂ ਤੇ ਇਸਦੇ ਵਿਰੁੱਧ ਅਵਾਜ਼ ਵੀ ਚੁੱਕੀ ਗਈ ਜਿਵੇਂ ਕਿ ਭਗਤ ਰਵਿਦਾਸ ਜੀ, ਬਾਬਾ ਫ਼ਰੀਦ ਜੀ, ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ ਆਦਿ ਨੇ ਨਾਰੀ ਸ਼ੋਸ਼ਣ ਦੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ ਪਰ ਸਮਾਜ ਵਿਚ ਜੋ ਪ੍ਰਬੰਧ ਉਸਾਰਿਆ ਗਿਆ ਸੀ ਉਸ ਉੱਤੇ ਜਾਗੀਰਦਾਰੀ ਅਤੇ ਸਾਮੰਤੀ ਪ੍ਰਭਾਵ ਬਹੁਤ ਗੂੜ੍ਹੇ ਹੋ ਚੁੱਕੇ ਸਨ ਇਸ ਲਈ ਨਾਰੀ ਗ਼ੁਲਾਮੀ ਤੋਂ ਯਥਾਰਥਕ ਤੌਰ ਤੇ ਮੁਕਤੀ ਨਾ ਪਾ ਸਕੀ।

ਜੇਕਰ ਭਾਰਤ ਵਿੱਚ ਨਾਰੀਵਾਦ ਦਾ ਇਤਿਹਾਸ ਦੇਖਿਆ ਜਾਵੇ ਤਾਂ ਔਰਤ ਨੂੰ ਸਤਿਕਾਰ ਦੇਣ ਲਈ ਗੁਰੂ ਨਾਨਕ ਦੇਵ ਜੀ ਆਪਣੀ ਬਾਣੀ ਵਿੱਚ ਫਰਮਾਇਆ ਹੈ–
“ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ।।
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ।।
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ£
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ£
ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ£
ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ।।”
ਉੱਨੀਵੀਂ ਸਦੀ ਤੱਕ ਪਹੁੰਚਦਿਆਂ ਭਾਰਤੀ ਸਮਾਜ ਅਤੇ ਚਿੰਤਕਾਂ ਜਿੰਨ੍ਹਾਂ ਵਿਚ ਰਾਜਾ ਰਾਮ ਮੋਹਨ ਰਾਏ, ਰਬਿੰਦਰਨਾਥ ਟੈਗੋਰ, ਜਯੋਤੀ ਫੂਲੇ, ਈਸ਼ਵਰ ਚੰਦਰ ਵਿੱਦਿਆ ਸਾਗਰ ਆਦਿ ਨੇ ਨਾਰੀ ਅੰਦਰ ਇੱਕ ਜਾਗਰੂਕਤਾ ਲਿਆਉਣੀ ਸ਼ੁਰੂ ਕੀਤੀ ਜਿਸ ਨਾਲ ਨਾਰੀ ਦੀ ਸਥਿਤੀ ਵਿਚ ਕੁਝ ਕੁ ਤਬਦੀਲੀਆਂ ਵਾਪਰਨੀਆਂ ਸ਼ੁਰੂ ਹੋਈਆਂ। ਇੱਥੇ ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਜਿੱਥੇ ਪੱਛਮ ਵਿਚ ਨਾਰੀ ਨੇ ਆਪਣੀ ਹੋਂਦ, ਹੱਕਾਂ, ਜ਼ਰੂਰਤਾਂ ਲਈ ਆਪ ਸੰਘਰਸ਼ ਕੀਤੇ ਉਥੇ ਹੀ ਭਾਰਤ ਵਿਚ ਮਰਦਾਂ ਨੇ ਨਾਰੀ ਨੂੰ ਸਮਾਨ ਅਧਿਕਾਰ ਦੇਣ ਲਈ ਸੰਘਰਸ਼ ਕੀਤੇ। ਸੰਨ 1818 ਈ. ਵਿਚ ਰਾਜਾ ਰਾਮਮੋਹਨ ਰਾਏ ਵੱਲੋਂ ਸਤੀ ਪ੍ਰਥਾ ਦੇ ਖਿਲਾਫ ਸੰਘਰਸ਼ ਸ਼ੁਰੂ ਕੀਤਾ ਗਿਆ। ਉਨ੍ਹਾਂ ਦੇ ਯਤਨਾਂ ਸਦਕਾ 1829 ਈ. ਵਿਚ ਬ੍ਰਿਟਿਸ਼ ਸੰਸਦ ਨੇ ਸਤੀ ਪ੍ਰਥਾ ਉੱਤੇ ਰੋਕ ਲਾਉਣ ਲਈ ਕਾਨੂੰਨ ਪਾਸ ਕੀਤਾ ਜਿਸਨੂੰ ‘ਸਤੀ ਪ੍ਰਥਾ ਨਿਸ਼ੇਧ ਨਿਯਮ’ ਕਿਹਾ ਜਾਂਦਾ ਹੈ। ਵਿਧਵਾ ਔਰਤਾਂ ਨੂੰ ਹੱਕ ਦੇਣ ਲਈ 1856 ਵਿਚ ‘ਵਿਧਵਾ ਪੁਨਰ ਵਿਆਹ ਅਧਿਨਿਯਮ’ ਪਾਸ ਕੀਤਾ ਗਿਆ ਜਿਸਦੇ ਵਿਚ ਵਿਧਵਾ ਔਰਤਾਂ ਨੂੰ ਦੁਬਾਰਾ ਵਿਆਹ ਕਰਾਉਣ ਦਾ ਹੱਕ ਦਿੱਤਾ ਗਿਆ। ਲੜਕੀਆਂ ਦੀ ਸਿੱਖਿਆ ਦੇ ਵਿਕਾਸ ਲਈ ਰਾਨਾਡੇ ਅਤੇ ਜੋਤਿਬਾ ਫੂਲੇ ਨੇ ਅਨੇਕਾਂ ਕੰਮ ਕੀਤੇ । 1848 ਈ. ਵਿਚ ਜੋਤਿਬਾ ਫੂਲੇ ਨੇ ਹੀ ਪੂਨੇ ਵਿਚ ਪਹਿਲੀ ਕੰਨਿਆ ਪਾਠਸ਼ਾਲਾ ਆਰੰਭ ਕੀਤੀ ।ਉਹਨਾਂ ਦੀ ਪਤਨੀ ਸਵਿੱਤਰੀ ਬਾਈ ਫੂਲੇ ਨੇ ਭਾਰਤ ਦੀ ਪਹਿਲੀ ਮਹਿਲਾ ਸੰਸਥਾ ‘ਮਹਿਲਾ ਸੇਵਾ ਮੰਡਲ’ ਦੀ ਸਥਾਪਨਾ ਕੀਤੀ।
ਸਵਾਮੀ ਵਿਵੇਕਾਨੰਦ ਨੇ ਵੀ ਔਰਤਾਂ ਦੇ ਵਿਕਾਸ ਉੱਤੇ ਜ਼ੋਰ ਦਿੰਦੇ ਹੋਏ ਕਿਹਾ ਸੀ ਕਿ “ਜਦੋਂ ਤਕ ਔਰਤਾਂ ਦੀ ਸਥਿਤੀ ਵਿਚ ਸੁਧਾਰ ਨਹੀਂ ਹੋਵੇਗਾ, ਉਦੋਂ ਤੱਕ ਵਿਸ਼ਵ ਦਾ ਕਲਿਆਣ ਸੰਭਵ ਨਹੀਂ ਹੋ ਸਕਦਾ ਕਿਉਂਕਿ ਪੰਛੀ ਕਦੀ ਵੀ ਇੱਕ ਖੰਭ ਨਾਲ ਆਸਮਾਨ ਵਿੱਚ ਉਡਾਣ ਨਹੀਂ ਭਰ ਸਕਦਾ।“
ਜੇਕਰ 1857 ਦੇ ਸੁਤੰਤਰਤਾ ਸੰਗਰਾਮ ਜਾਂ ਅੰਗਰੇਜ਼ੀ ਰਾਜ ਦੇ ਵਿਦਰੋਹ ਸਮੇਂ ਦੇਸ਼ ਦੀ ਆਜ਼ਾਦੀ ਲਈ ਔਰਤਾਂ ਦੇ ਯੋਗਦਾਨ ਦੀ ਚਰਚਾ ਕਰੀਏ ਤਾਂ ਰਾਣੀ ਲਕਸ਼ਮੀ ਬਾਈ, ਦੁਰਗਾ ਦੇਵੀ, ਬੇਗ਼ਮ ਹਜ਼ਰਤ ਮਹਲ, ਮਹਾਂਰਾਣੀ ਜਿੰਦਾਂ, ਜਮਾਨੀ ਬੇਗ਼ਮ ਆਦਿ ਅਨੇਕਾਂ ਔਰਤਾਂ ਨੇ ਬਲੀਦਾਨ ਦਿੱਤਾ ਜਾਂ ਜੀਵਨ ਕਾਲ ਕੈਦ ਦੀ ਸਜ਼ਾਵਾਂ ਵੀ ਕੱਟੀਆਂ ਹਨ।
20ਵੀਂ ਸਦੀ ਦੀ ਸ਼ੁਰੂਆਤ ਤੱਕ ਔਰਤਾਂ ਨੇ ਆਜ਼ਾਦੀ ਸੰਘਰਸ਼ ਦੇ ਨਾਲ ਨਾਲ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਕੇ ਮਹੱਤਵਪੂਰਨ ਭੂਮਿਕਾ ਨਿਭਾਈ ਸੀ।1917 ਵਿੱਚ ਐਨੀ ਬਸੇਂਟ ਨੂੰ ਕਾਂਗਰਸ ਦੀ ਪਹਿਲੀ ਮਹਿਲਾ ਮੁਖੀ ਚੁਣਿਆ ਗਿਆ।ਕਾਂਗਰਸ ਸੰਮੇਲਨ ਵਿੱਚ ਮਹਿਲਾਵਾਂ ਵੀ ਵੱਧ ਚੜ੍ਹ ਕੇ ਹਿੱਸਾ ਲੈਂਦੀਆਂ ਸਨ। 1921 ਵਿੱਚ ਪਹਿਲੀ ਵਾਰ ਕਮਲਾ ਦੇਵੀ ਚੱਟੋਪਾਧਿਆਇ ਨੇ ਬਰਲਿਨ ਵਿੱਚ ਅੰਤਰਰਾਸ਼ਟਰੀ ਮਹਿਲਾ ਸੰਮੇਲਨ ਦੌਰਾਨ ਭਾਰਤ ਦੀ ਪ੍ਰਤੀਨਿਧਤਾ ਕੀਤੀ।ਜਦੋਂ ਨਮਕ ਸੱਤਿਆਗ੍ਰਹਿ ਵਿੱਚ ਵੀ ਔਰਤਾਂ ਨੇ ਵੱਧ ਚੜ ਕੇ ਹਿੱਸਾ ਲਿਆ। ਮਹਾਤਮਾ ਗਾਂਧੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਵੱਖ-ਵੱਖ ਥਾਵਾਂ ਉੱਤੇ ਸਰੋਜਨੀ ਨਾਇਡੂ, ਕਮਲਾ ਦੇਵੀ ਚੱਟੋਪਾਧਿਆਇ, ਰੁਕਮਣੀ, ਲਕਸ਼ਮੀ ਦੇਵੀ ਆਦਿ ਮਹਿਲਾ ਆਗੂਆਂ  ਨੇ ਅੰਦੋਲਨ ਦੀ ਕਮਾਨ ਸੰਭਾਲੀ ਰੱਖੀ।ਇਸ ਅੰਦੋਲਨ ਦੌਰਾਨ ਵੱਡੀ ਗਿਣਤੀ ਵਿੱਚ ਔਰਤਾਂ ਨੇ ਗ੍ਰਿਫ਼ਤਾਰੀਆਂ ਦਿੱਤੀਆਂ ਸਨ।ਭਾਰਤ ਛੱਡੋ ਅੰਦੋਲਨ 1942 ਵਿੱਚ ਵੀ ਭਾਰਤੀ ਔਰਤਾਂ ਨੇ ਖੁੱਲ੍ਹੇ ਕੇ ਭਾਗ ਲਿਆ। ਦੇਸ਼ ਦੀ ਆਜ਼ਾਦੀ ਲਈ ਸਿਰਫ ਪੁਰਸ਼ਾਂ ਨੇ ਹੀ ਨਹੀਂ ਸਗੋਂ ਔਰਤਾਂ ਨੇ ਵੀ ਬਲੀਦਾਨ ਦਿੱਤੇ ਹਨ। ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਆਪਣੀ ਪੁਸਤਕ ‘ਭਾਰਤ ਇੱਕ ਖੋਜ’ ਵਿਚ ਲਿਖਿਆ ਹੈ ਕਿ ਔਰਤਾਂ ਦੀ ਆਜ਼ਾਦੀ ਸੰਗਰਾਮ ਵਿੱਚ ਹਾਜ਼ਰੀ ਨੇ ਅੰਗਰੇਜ਼ ਸਰਕਾਰ ਨੂੰ ਹੀ ਹੈਰਾਨ ਨਹੀਂ ਕੀਤਾ ਸਗੋਂ ਕਾਂਗਰਸੀ ਨੇਤਾ ਵੀ ਹੈਰਾਨ ਰਹਿ ਗਏ ਸਨ।
ਆਜ਼ਾਦੀ ਤੋਂ ਬਾਅਦ ਔਰਤਾਂ ਦੇ ਜੀਵਨ ਵਿਕਾਸ ਲਈ ਭਾਰਤ ਦੀਆਂ ਸਰਕਾਰਾਂ ਵੱਲੋਂ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ।ਜਦੋਂ ਭਾਰਤੀ ਸੰਵਿਧਾਨ ਬਣਿਆ ਗਿਆ ਤਾਂ ਉਸ ਵਿੱਚ ਵੱਖ-ਵੱਖ ਅਨੁਛੇਦਾਂ ਰਾਹੀਂ ਔਰਤਾਂ ਦੀ ਸਥਿਤੀ ਨੂੰ ਸੁਧਾਰਨ ਲਈ ਅਨੇਕਾਂ ਸਹੂਲਤਾਂ ਦਿੱਤੀਆਂ ਗਈਆਂ।ਜਿਵੇਂ ਅਨੁਛੇਦ 14, ਅਨੁਛੇਦ 16, ਅਨੁਛੇਦ 19, ਅਨੁਛੇਦ 23-24, ਅਨੁਛੇਦ 39, ਅਨੁਛੇਦ 42 ਆਦਿ। ਭਾਰਤੀ ਨਾਰੀ ਸੁਧਾਰ ਲਈ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਵੱਖ -ਵੱਖ ਕਾਨੂੰਨ ਬਣਾਏ ਗਏ ਹਨ।
ਆਧੁਨਿਕ ਸਮੇਂ ਵਿੱਚ ਔਰਤ ਦੇ ਮਾਣ ਸਤਿਕਾਰ ਵਿੱਚ ਕਾਫ਼ੀ ਵਾਧਾ ਹੋਇਆ ਹੈ।ਜੇ ਗੱਲ ਕਰੀਏ ਉਸਦੇ ਜੀਵਨ ਵਿੱਚ ਪਿਛਲੇ ਸਮੇਂ ਨਾਲੋਂ ਕਾਫੀ ਬਦਲਾਅ ਵੀ ਆਇਆ ਹੈ।ਅੱਜ ਦੀ ਭਾਰਤੀ ਨਾਰੀ ਪਹਿਲਾਂ ਨਾਲੋਂ ਕਾਫੀ ਨਿਰਭਰ ਹੋ ਚੁੱਕੀ ਹੈ। ਅੱਜ ਦੀ ਔਰਤ ਸਵੈਮਾਨ ਨਾਲ ਜੀਵਨ ਬਿਤਾਅ ਸਕਦੀ ਹੈ। ਉਹ ਆਪਣੀ ਘਰੇਲੂ ਜ਼ਿੰਮੇਵਾਰੀ ਨਿਭਾਉਣ ਦੇ ਨਾਲ-ਨਾਲ ਘਰ ਤੋਂ ਬਾਹਰ ਇੱਕ ਸਰਕਾਰੀ ਅਫ਼ਸਰ , ਨੇਤਾ, ਸਮਾਜ ਸੇਵਿਕਾ ਅਤੇ ਅਨੇਕਾਂ ਕੰਮ-ਕਾਜੀ ਖੇਤਰ ਵਿੱਚ ਅਲੱਗ-ਅਲੱਗ ਭੂਮਿਕਾ ਨਿਭਾਅ ਰਹੀ ਹੈ। ਪਰੰਤੂ ਫਿਰ ਵੀ ਔਰਤਾਂ ਦੀਆਂ ਸਮੱਸਿਆਵਾਂ ਖ਼ਤਮ ਨਹੀਂ ਹੋ ਰਹੀਆਂ। ਔਰਤ ਅੱਜ ਵੀ ਆਪਣੀ ਹੋਂਦ ਬਚਾਉਣ ਲਈ ਘਰ ਦੀ ਦਹਿਲੀਜ਼ ਅੰਦਰ ਅਤੇ ਬਾਹਰ ਸੰਘਰਸ਼ ਕਰ ਰਹੀ ਹੈ। ਬਹੁ-ਗਿਣਤੀ ਔਰਤਾਂ ਆਪਣੇ ਹੱਕਾਂ ਪ੍ਰਤੀ ਜਾਗਰੂਕ ਨਹੀਂ ਹੋ ਸਕੀਆਂ ਹਨ।ਉਨਾਂ ਅੰਦਰ ਆਤਮ-ਵਿਸ਼ਵਾਸ ਦੀ ਘਾਟ ਹੈ। ਛੋਟੇ-ਛੋਟੇ ਫ਼ੈਸਲੇ ਲੈਣ ਲਈ ਔਰਤ ਨੂੰ ਮਰਦ ਦੀ ਰਜ਼ਾਮੰਦੀ ਚਾਹੀਦੀ ਹੈ। ਔਰਤਾਂ ਦੀ ਇੱਜ਼ਤ ਅੱਜ ਵੀ ਸੁਰੱਖਿਅਤ ਨਹੀਂ ਹੈ। ਮਰਦ ਅੱਜ ਵੀ ਔਰਤ ਨੂੰ ਅਯਾਸ਼ੀ ਦਾ ਸਾਧਨ ਸਮਝਦਾ ਹੈ।ਅਨੇਕਾਂ ਅਖਬਾਰਾਂ ਅਤੇ ਨਿਊਜ਼ ਚੈਨਲਾਂ ਦੀਆਂ ਸੁਰਖ਼ੀਆਂ ਇਹਦੀ ਤਸਦੀਕ ਕਰਦੀਆਂ ਹਨ।ਕਈ ਕੰਮ-ਕਾਜੀ ਔਰਤਾਂ ਦੋਹਰੇ ਸ਼ੋਸ਼ਣ ਦਾ ਸ਼ਿਕਾਰ ਹੋ ਰਹੀਆਂ ਹਨ ਕਿਉਂਕਿ ਉਹ ਘਰ ਅਤੇ ਬਾਹਰ ਦੀਆਂ ਜਿੰਮੇਵਾਰੀਆਂ ਵਿਚ ਪਿਸ ਕੇ ਰਹਿ ਜਾਂਦੀਆਂ ਹਨ। ਕਈ ਕੰਮ ਕਾਜੀ ਔਰਤਾਂ ਨੂੰ ਤਾਂ ਪਤੀ ਦੇ ਸ਼ੱਕ ਦਾ ਸ਼ਿਕਾਰ ਹੋਣਾ ਪੈਂਦਾ ਹੈ ਅਤੇ ਇਸ ਕਾਰਨ ਉਹ ਕਈ ਤਰ੍ਹਾਂ ਦੇ ਮਾਨਸਿਕ ਕਸ਼ਟ ਅਤੇ ਤਣਾਅ ਸਹਿਣ ਕਰਦੀਆਂ ਹਨ।ਕਈ ਵਾਰੀ ਜਦੋਂ ਉਹਨਾਂ ਵਿੱਚ ਇਸ ਸਥਿਤੀ ਨੂੰ ਸਹਿਣ ਕਰਨ ਦੀ ਸ਼ਕਤੀ ਖ਼ਤਮ ਹੋ ਜਾਂਦੀ ਹੈ ਤਾਂ ਗੱਲ ਆਤਮ-ਹੱਤਿਆ ਜਾਂ ਤਲਾਕ ਉੱਤੇ ਜਾ ਕੇ ਖ਼ਤਮ ਹੁੰਦੀ ਹੈ। ਨਾਰੀ ਨੇ ਸੰਵਿਧਾਨਕ ਤੌਰ ਉੱਤੇ ਤਾਂ ਮਰਦ ਦੇ ਬਰਾਬਰ ਦਾ ਦਰਜਾ ਹਾਸ਼ਲ ਕਰ ਲਿਆ ਹੈ ਪਰ ਸਮਾਜਿਕ ਖੇਤਰ ਵਿੱਚ ਉਸਨੂੰ ਅੱਜ ਵੀ ਪੂਰੇ ਹੱਕ ਨਹੀਂ ਮਿਲੇ। ਨਾਰੀ ਨੂੰ ਅੱਜ ਵੀ ਬਲਾਤਕਾਰ , ਵੇਸ਼ਵਾ ਧੰਦਾ, ਕੰਨਿਆ ਭਰੂਣ ਹੱਤਿਆ , ਦਹੇਜ਼ ਪ੍ਰਥਾ ਆਦਿ ਕੁਰੀਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਔਰਤਾਂ ਉੱਤੇ ਹੋ ਰਹੇ ਅੱਤਿਆਚਾਰਾਂ ਦੇ ਨਵੇਂ ਨਵੇਂ ਤਰੀਕੇ ਰੂਪਮਾਨ ਹੋ ਰਹੇ ਹਨ ਜੋ ਇਹ ਸੋਚਣ ਲਈ ਮਜ਼ਬੂਰ ਕਰਦੇ ਹਨ ਕਿ ਕੀ ਅਸੀਂ ਸੱਭਿਅਕ ਮਨੁੱਖੀ ਸਮਾਜ ਵਿਚ ਰਹਿ ਰਹੇ ਹਾਂ ਜਾਂ ਦਾਨਵੀ?
ਜੇਕਰ ਅੰਕੜਿਆਂ ਅਨੁਸਾਰ ਦੇਖਿਆ ਜਾਵੇ ਤਾਂ ਔਰਤ ਦੀ ਸਥਿਤੀ ਮਾੜੀ ਹੀ ਨਜ਼ਰ ਆਉਂਦੀ ਹੈ। ਕੌਮੀ ਰਿਕਾਰਡ ਬਿਊਰੋ ਵੱਲੋਂ ਜਾਰੀ ਕੀਤੀ ਇੱਕ ਰਿਪੋਰਟ ਮੁਤਾਬਿਕ ਭਾਰਤ ਵਿੱਚ ਹਰ 3.5 ਮਿੰਟ ਵਿਚ ਔਰਤਾਂ ਖਿਲਾਫ਼ ਇੱਕ ਜ਼ੁਲਮ ਹੁੰਦਾ ਹੈ ਜਿਸ ਵਿਚ ਇਕੱਲੀ ਘਰੇਲੂ ਹਿੰਸਾ 33.3 ਫੀਸਦੀ ਹੈ। ਦ ਸਟੇਟ ਆਫ ਵਰਲਡ ਪੋਪੂਲੇਂਸ਼ਨ ਮੁਤਾਬਿਕ ਭਾਰਤ ਵਿਚ ਹਰ 54 ਮਿੰਟ ਵਿਚ ਇੱਕ ਬਲਾਤਕਾਰ , ਹਰ 28 ਮਿੰਟ ਵਿਚ ਛੇੜਛਾੜ , ਹਰ 43 ਮਿੰਟ ਵਿਚ ਇੱਕ ਔਰਤ ਅਗਵਾ ਅਤੇ ਹਰ 7 ਮਿੰਟ ਬਾਅਦ ਔਰਤਾਂ ਨਾਲ ਕਿਸੇ ਨਾ ਕਿਸੇ ਕਿਸਮ ਦੀ ਅਪਰਾਧਿਕ ਘਟਨਾ ਵਾਪਰ ਰਹੀ ਹੈ। ਭਾਵੇਂ ਸਰਕਾਰ ਨੇ ਔਰਤਾਂ ਉੱਤੇ ਹੋ ਰਹੇ ਇੰਨਾਂ ਅਤਿਆਚਾਰਾਂ ਦੇ ਵਿਰੁੱਧ ਕਾਨੂੰਨੀ ਪਾਬੰਦੀਆਂ ਲਗਾਈਆਂ ਹਨ ਪਰੰਤੂ ਹਰੇਕ ਔਰਤ ਲਈ ਇਸਦਾ ਲਾਭ ਲੈ ਸਕਣਾ ਸੰਭਵ ਨਹੀਂ ਕਿਉਂਕਿ ਜ਼ਿਆਦਾਤਰ ਔਰਤਾਂ ਨੂੰ ਇਹਨਾਂ ਕਾਨੂੰਨਾਂ ਅਤੇ ਅਧਿਕਾਰਾਂ ਬਾਰੇ ਕੋਈ ਜਾਣਕਾਰੀ ਹੀ ਨਹੀਂ ਹੁੰਦੀ। ਇਸ ਲਈ ਸਰਕਾਰਾਂ ਨੂੰ ਚਾਹੀਦਾ ਹੈ ਕਿ ਔਰਤਾਂ ਨੂੰ ਅੱਤਿਆਚਾਰਾਂ ਅਤੇ ਸ਼ੋਸ਼ਣ ਦੇ ਵਿਰੁੱਧ ਬਣੇ ਕਾਨੂੰਨਾਂ ਅਤੇ ਅਧਿਕਾਰਾਂ ਤੋਂ ਜਾਣੂ ਕਰਵਾਇਆ ਜਾਵੇ ਜਿਸ ਨਾਲ ਜ਼ਿਆਦਾ ਤੋਂ ਜ਼ਿਆਦਾ ਔਰਤਾਂ ਜਾਗਰੂਕ ਹੋਣ ਅਤੇ ਅਤਿਆਚਾਰਾਂ ਦੇ ਵਿਰੁੱਧ ਲੜ ਸਕਣ। ਅੱਜ ਲੋੜ ਹੈ ਔਰਤ ਦੇ ਗੁਣਾਂ ਅਤੇ ਉਸਦੀ ਯੋਗਤਾਵਾਂ ਦਾ ਸਰਬਪੱਖੀ ਵਿਕਾਸ ਕਰਨ ਦੀ ,ਇਹ ਕੰਮ ਕਿਸੇ ਇੱਕ ਮਨੁੱਖ ਲਈ ਸੰਭਵ ਨਹੀਂ ਇਸ ਲਈ ਸੰਗਠਨ ਬਣਾਉਣ ਦੀ ਲੋੜ ਹੈ। ਚੇਤੰਨ ਅਤੇ ਜਾਗਰੂਕ ਮਰਦਾਂ ਨੂੰ ਵੀ ਇਸ ਕਾਰਜ ਵਿਚ ਆਪਣਾ ਯੋਗਦਾਨ ਪਾਉਣ, ਅਤੇ ਇਸਤਰੀ ਸੰਗਠਨਾਂ ਦਾ ਸਹਿਯੋਗ ਦੇਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ ਜਿਸ ਨਾਲ ਮਨੁੱਖੀ ਸੰਬੰਧਾਂ ਦੀਆਂ ਨੀਂਹਾਂ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ।ਅੱਜ ਔਰਤਾਂ ਦੇ ਅੰਦੋਲਨ ਦਾ ਟੀਚਾ ਸਿਰਫ਼ ਔਰਤ ਦੀ ਦਸ਼ਾ ਅਤੇ ਦਿਸ਼ਾ ਨੂੰ ਸੁਧਾਰਨਾ ਹੀ ਨਹੀਂ ਹੋਣਾ ਚਾਹੀਦਾ ਹੈ ਸਗੋਂ ਉਨ੍ਹਾਂ ਨੂੰ ਵਿਸ਼ਵ ਦੀਆਂ ਸਮੱਸਿਆਵਾਂ ਪ੍ਰਤੀ ਵੀ ਸੁਚੇਤ ਹੋਣਾ ਚਾਹੀਦਾ ਹੈ ਅਤੇ ਵਿਸ਼ਵ ਸ਼ਾਂਤੀ ਦੀ ਲਹਿਰ ਵਿੱਚ ਸਰਗਰਮੀਆਂ ਵਿੱਚ ਹਿੱਸਾ ਲੈਂਦਿਆਂ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।ਔਰਤਾਂ ਨੂੰ ਪ੍ਰੰਪਰਾਵਾਦੀ ਸੋਚ, ਬੰਧਨਾਂ ਅਤੇ ਅੰਧ-ਵਿਸ਼ਵਾਸਾਂ ਤੋਂ ਮੁਕਤ ਕਰ ਦੇਣਾ ਚਾਹੀਦਾ ਹੈ। ਸਮਾਜ ਵਿੱਚ ਉਹਨਾਂ ਕਦਰਾਂ ਕੀਮਤਾਂ ਨੂੰ ਜਿਉਂਦਾ ਰੱਖਣਾ ਚਾਹੀਦਾ ਹੈ, ਜੋ ਸਮਾਜ ਨੂੰ ਵਿਕਾਸ ਦੇ ਰਸਤੇ ਉੱਤੇ ਲਿਜਾਉਣ ਲਈ ਸਹਾਇਕ ਹੋਣ। ਸਾਨੂੰ ਸਮੇਂ ਦੀ ਲੋੜ ਅਨੁਸਾਰ ਕਦਰਾਂ ਕੀਮਤਾਂ ਅਤੇ ਵਿਸ਼ਵਾਸ ਪੈਦਾ ਕਰਨੇ ਚਾਹੀਦੇ ਹਨ ਜਿਸ ਨਾਲ ਸੰਤੁਲਿਤ ਮਾਨਵੀ ਜੀਵਨ ਦੀ ਸਿਰਜਨਾ ਕੀਤੀ ਜਾ ਸਕੇਗੀ। ਤਾਂ ਹੀ ਔਰਤ ਨੂੰ ਵੀ ਮਰਦ ਵਾਂਗ ਇੱਕ ਸੁਤੰਤਰ ਮਨੁੱਖੀ ਹੋਂਦ ਦੀ ਪ੍ਰਾਪਤ ਹੋ ਸਕਦੀ ਹੈ।