November 3, 2024

ਜ਼ਿੰਦਗੀ ਦੀ ਕੈਨਵਸ ਤੋਂ : ਢਕੇ ਹੋਏ ਨੰਗੇ ਸਮਾਜ ਦੇ ਵਾਰਸੋ….

ਕੁਲਦੀਪ ਸਿੰਘ ਦੀਪ (ਡਾ.)
9876820600

ਜੋ ਕੁਝ ਪਿਛਲੇ ਦਿਨੀਂ ਚੰਡੀਗੜ੍ਹ ਯੂਨੀਵਰਸਿਟੀ ਵਿਚ ਵਾਪਰਿਆ ਅਤੇ ਉਸ ਤੋਂ ਬਾਅਦ ਜੋ ਕੁਝ ਸੋਸ਼ਲ ਮੀਡੀਆ ਯੂਨੀਵਰਸਿਟੀ ਵਿਚ ਵਾਪਰਿਆ, ਉਸ ਨੇ ਅਖੌਤੀ ਤੌਰ ਤੇ ਸਭਿਅਕ ਕਹਾਉਣ ਵਾਲੇ ਸਾਡੇ ਸਮਾਜ ਨੂੰ ਚੁਰਾਹੇ ਵਿਚ ਨੰਗਾ ਕਰ ਦਿੱਤਾ ਹੈ। ਉਂਝ ਬੰਦਾ ਨੰਗਾ ਹੀ ਜੰਮਿਆ ਸੀ ਅਤੇ ਬਹੁਤ ਦੇਰ ਨੰਗਾ ਹੀ ਰਿਹਾ ਸੀ, ਫੇਰ ਹੌਲੀ ਹੌਲੀ ਨੰਗ ਢੱਕਣਾ ਸ਼ੁਰੂ ਕਰ ਦਿੱਤਾ ਅਤੇ ਉਦੋਂ ਤੋਂ ਨੰਗ ਢੱਕਣਾ, ਨੰਗ ਦਿਖਾਉਣਾ ਅਤੇ ਨੰਗ-ਮਲੰਗ ਹੋਣਾ ਸਾਡੇ ਸਭਿਅਕ/ਅਸਭਿਅਕ ਹੋਣ ਦੇ ਮਾਪਦੰਡ ਬਣ ਗਏ। ਫਿਰ ਜਦ ਸਾਰੇ ਲੋਕ ਢੱਕੇ ਢੱਕੇ ਦਿੱਸਣ ਲੱਗ ਪਏ ਤਾਂ ਇਹ ਮੁਹਾਵਰਾ ਬਣਿਆ ਕਿ ਹਮਾਮ ਵਿਚ ਸਭ ਨੰਗੇ ਹੁੰਦੇ ਹਨ, ਪਰ ਅੱਜ ਦੇ ਸੈਟੇਲਾਈਟ ਕਰਾਂਤੀ ਦੇ ਦੌਰ ਵਿਚ ਗੱਲ ਹਮਾਮ ਤੋਂ ਬਾਹਰ ਨਿਕਲ ਗਈ ਅਤੇ ਹੁਣ ਇੰਟਰਨੈਟ ਅਤੇ ਸੋਸ਼ਲ ਮੀਡੀਆ ਦੇ ਇਨਬਾਕਸਾਂ ਅਤੇ ਆਉਟਬਾਕਸਾਂ ਵਿਚ ਵੀ ਨੰਗਿਆਂ ਦੀ ਭਰਮਾਰ ਹੈ।
ਜਿਸ ਦਿਨ ਇਹ ਘਟਨਾ ਵਾਪਰੀ ਉਸ ਦਿਨ ਸਵੇਰੇ ਇਹ ਨਿਉਜ਼ ਸੀ ਕਿ ਇਕ ਕੁੜੀ ਨੇ ਆਪਣੇ ਬੁਆਏ ਫਰੈਂਡ ਨੂੰ ਆਪਣੇ ਸਮੇਤ 50-60 ਹੋਰ ਕੁੜੀਆਂ ਦੇ ਨਹਾਉਂਦੀਆਂ ਦੇ ਵੀਡੀਓਜ਼ ਭੇਜ ਦਿੱਤੇ ਹਨ। ਬਿਨਾ ਕਿਸੇ ਪੁੱਛ ਪੜਤਾਲ ਦੇ ਇਹ ਸਾਡੇ ‘ਢੱਕੇ ਹੋਏ ਨੰਗੇ ਸਮਾਜ’ ਲਈ ਬਹੁਤ ਹੌਟ ਨਿਉਜ਼ ਸੀ। ਝੱਟ ਹੀ ‘ਕਿੱਥੇ ਆ ਵੀਡੀਓ..ਕਿੱਥੇ ਆ ਵੀਡੀਓ’ ਦਾ ਰੌਲਾ ਪੈ ਗਿਆ ਅਤੇ ਅਸੀਂ ਹਰਲ-ਹਰਲ ਕਰਦੇ ਵੀਡੀਓਜ਼ ਸੁੰਘਦੇ ਫਿਰਦੇ ਰਹੇ। ਕੁਝ ਘੰਟਿਆਂ ਵਿਚ ਹੀ ਟੀਆਰਪੀ, ਵਿਉਆਂ, ਲਾਈਕਾਂ ਅਤੇ ਕੁਮੈਂਟਾਂ ਦੇ ਭੁੱਖੇ, ਮੀਡੀਆ ਨਾਂ ਦੇ ਇਸ ‘ਹਰਾਮੀ ਸਾਨ੍ਹ’ ਨੇ ਇਹ ਖ਼ਬਰ ਸਿੰਗਾਂ ਤੇ ਐਸੀ ਚੁੱਕੀ ਕਿ ਅਜੇ ਤਕ ਸੁੱਟੀ ਨਹੀਂ।
ਇਸ ਘਟਨਾ ਦੇ ਬਹੁਤ ਸਾਰੇ ਨੁਕਤੇ ਹਨ :
J ਕੀ ਇਸ ਵਿਚ ਸਭ ਤੋਂ ਵੱਧ ਉਹ ਕੁੜੀ ਜ਼ਿੰਮੇਵਾਰ ਹੈ, ਜਿਸ ਨੇ ਆਪਣਾ ਜਾਂ ਹੋਰਾਂ ਦਾ ਵੀਡੀਓ ਬਣਾਇਆ?
J ਕੀ ਇਸ ਮਾਮਲੇ ਵਿਚ ਉਹ ਮੁੰਡਾ ਜ਼ਿੰਮੇਵਾਰ ਹੈ, ਜਿਸ ਨੇ ਉਹ ਵੀਡੀਓ ਜਾਂ ਵੀਡੀਓਜ਼ ਕੁੜੀ ਤੋਂ ਮੰਗਵਾਇਆ ਅਤੇ ਕਿਸੇ ਮੰਦਭਾਵਨਾ ਦੇ ਤਹਿਤ ਉਸ ਨੂੰ ਵਰਤਣ ਦੀ ਕੋਸ਼ਿਸ਼ ਕੀਤੀ।
J ਇਹ ਵੀ ਸਵਾਲ ਹੈ ਕਿ ਅਜਿਹੀ ਘਟਨਾ ਦਾ ਹੋਣਾ (ਵਾਪਰਨਾ) ਗ਼ਲਤ ਸੀ ਜਾਂ ਵਾਇਰਲ ਹੋਣਾ ਗ਼ਲਤ ਸੀ।
J ਕੀ ਇਹ ਘਟਨਾ ਜੇ ਜਨਤਕ ਨਾ ਹੁੰਦੀ ਤਾਂ ਉਸ ਕੁੜੀ ਦੁਆਰਾ ਮੁੰਡੇ ਨੂੰ ਆਪਣਾ ਐਮ ਐਮ ਐਸ ਭੇਜਣਾ ਠੀਕ ਸੀ ਜਾਂ ਗ਼ਲਤ ਸੀ।
J ਕੀ ਇਹ ਘਟਨਾ ਅਚਨਚੇਤ ਵਾਪਰੀ ਇਕੋ ਈ ਘਟਨਾ ਹੈ ਜਾਂ ਇਹ ਪੂਰਾ ਵਰਤਾਰਾ ਹੈ?
J ਕੀ ਇਸ ਘਟਨਾ ਨੂੰ ਫੈਮੀਨਿਜ਼ਮ ਨਾਲ ਵੀ ਜੋੜਿਆ ਜਾਣਾ ਚਾਹੀਦਾ ਹੈ?
J ਇਹ ਵੀ ਹੋ ਸਕਦਾ ਹੈ ਕਿ ਕੁੜੀ ਨੇ ਭਾਵੁਕ ਹੋ ਕੇ ਅਤੇ ਵਿਸ਼ਵਾਸ਼ ਕਰਕੇ ਮੁੰਡੇ ਨੂੰ ਆਪਣਾ ਵੀਡੀਓ ਭੇਜ ਦਿੱਤਾ ਹੋਵੇ ਤੇ ਉਸ ਤੋਂ ਬਾਅਦ ਮੁੰਡੇ ਨੇ ਉਸ ਨੂੰ ਬਲੈਕਮੇਲ ਕਰ ਕੇ ਹੋਰਾਂ ਦੇ ਵੀਡੀਓਜ਼ ਮੰਗਵਾਏ ਹੋਣ। ਅਕਸਰ ਇਸ ਤਰ੍ਹਾਂ ਵੀ ਹੁੰਦਾ ਹੈ।
J ਕੀ ਯੂਨੀਵਰਸਿਟੀ ਪ੍ਰਸ਼ਾਸ਼ਨ ਬਹੁਤ ਕੁਝ ਲੁਕਾ ਰਿਹਾ ਹੈ, ਡਰਾ ਰਿਹਾ ਹੈ ਅਤੇ ਧਮਕਾ ਰਿਹਾ ਹੈ?
J ਕੀ ਪ੍ਰਾਈਵੇਟ ਸਿੱਖਿਆ/ਅਦਾਰੇ ਸਿਰਫ਼ ਮੁਨਾਫਿਆਂ ਦਾ ਅੱਡਾ ਹਨ, ਉਹਨਾਂ ਦਾ ਵਿਦਿਆਰਥੀ ਦੇ ਭਾਵਨਾਤਮਕ, ਮਾਨਸਿਕ ਅਤੇ ਸਰੀਰਕ ਵਿਕਾਸ ਨਾਲ ਕੋਈ ਸਬੰਧ ਨਹੀਂ ਹੈ?
ਇਹ ਸਾਰਾ ਕੁਝ ਜਾਂਚ ਤੋਂ ਬਾਅਦ ਹੀ ਸਾਮ੍ਹਣੇ ਆਉਣਾ ਹੈ…ਆਉਣਾ ਵੀ ਹੈ ਜਾਂ ਨਹੀਂ, ਇਹ ਭਵਿੱਖ ਦੇ ਗਰਭ ਵਿਚ ਹੈ। ਪਰ ਇਕ ਗੱਲ ਦਾਅਵੇ ਨਾਲ ਕਹੀ ਜਾ ਸਕਦੀ ਹੈ ਕਿ ਇਹ ਮਹਿਜ ਇਕ ਘਟਨਾ ਨਹੀਂ ਬਲਿਕ ਇਕ ਪੂਰਾ ਵਰਤਾਰਾ ਹੈ, ਜਿਸ ਵਿਚ ਸਮਾਜ ਦਾ ਇਕ ਵੱਡਾ ਹਿੱਸਾ ਸ਼ਾਮਿਲ ਹੈ।
ਬੰਦ ਸੈਕਸ ਵਾਲੇ ਸਮਾਜਾਂ ਦੀ ਇਹ ਬਹੁਤ ਵੱਡੀ ਸਮੱਸਿਆ ਹੁੰਦੀ ਹੈ ਕਿ ਇਸ ਵਿਚ ਬੁੱਲ੍ਹ ਸੀਤੇ ਹੁੰਦੇ ਹਨ, ਪਰ ਮਨ ਅਵਾਰਾ ਹੁੰਦੇ ਹਨ। ਸੋਸ਼ਲ ਮੀਡੀਆ ਨੇ ਇਸ ਸੱਚ ਤੋਂ ਬਹੁਤ ਚੰਗੀ ਤਰ੍ਹਾਂ ਪਰਦਾ ਚੁੱਕਿਆ ਹੈ। ਕੋਰੋਨਾ ਪੀਰੀਅਡ ਦੌਰਾਨ ਜਦ ਜਿਸਮ ਤਾਂ ਲੌਕ ਵਿਚ ਸਨ ਅਤੇ ਬੁੱਲ੍ਹ ਸੀਤੇ ਸਨ, ਉਸ ਵਕਤ ਸਾਡਾ ਮਨ ਕਿੰਨਾ ਕੁ ‘ਅਵਾਰਾ’ ਹੋਇਆ ਸੀ,  ਇਹ ਜਾਣਨ ਲਈ ਇਕ ਸਰਵੇ ਹੋਇਆ ਸੀ। ਇਸ ਸਰਵੇ ਅਨੁਸਾਰ ਕਰੋਨਾ ਦੇ ਤਿੰਨ ਮਹੀਨਿਆਂ ਦੌਰਾਨ ਪੋਰਨ ਸਾਈਟਾਂ ਫਰੋਲਣ ਦੇ ‘ਲੋਕਹਿਤ’ ਕੰਮ ਵਿਚ ਸਿਰਫ਼ 95 ਕੁ % ਹੀ ਵਾਧਾ ਹੋਇਆ ਸੀ। ਅਜੇ ਤਾਂ ਗਨੀਮਤ ਇਹ ਹੈ ਕਿ 3500 ਕੁ ਵੈਬਸਾਈਟਾਂ ਭਾਰਤ ਵਿਚ ਖੁਲ੍ਹਦੀਆਂ ਨਹੀਂ ਹਨ। ਇਸ ਸਬੰਧ ਵਿਚ ਅਗਲਾ ਡਾਟਾ ਇਹ ਹੈ ਕਿ ਲਾਕਡਾਉਨ ਦੇ ਦੌਰਾਨ ਇਕ ਦਿਨ ਵਿਚ ਜਿੰਨਾ ਡਾਟਾ ਡਾਉਨਲੋਡ ਹੋਇਆ ਉਸ ਦਾ ਲਗਭਗ 40% ਪੋਰਨ ਤੇ ਹੋਰ ਵਲਗਰ ਸਾਈਟਸ ਨਾਲ ਸਬੰਧਤ ਡਾਟਾ ਹੈ।
• ਪੋਰਨ ਸਾਈਟਾਂ ਦੇ ਮਾਮਲੇ ਵਿਚ ਅਮਰੀਕਾ ਅਤੇ ਇੰਗਲੈਂਡ ਤੋਂ ਬਾਅਦ ਤੀਜਾ ਨੰਬਰ ਸਾਡਾ ਹੀ ਹੈ।
• 2018 ਦੇ ਇਕ ਸਰਵੇ ਮੁਤਾਬਕ ਭਾਰਤ ਵਿਚ ਪੌਰਨੋਗ੍ਰਾਫੀ ਦੇਖਣ ਵਾਲੇ ਲੋਕਾਂ ਵਿਚ 44% ਲੋਕ 18-24 ਸਾਲ ਅਤੇ 41% ਲੋਕ 25 ਤੋਂ 34 ਸਾਲ ਦੇ ਹਨ ਅਤੇ ਬਾਕੀ ਸੁੱਖ ਨਾਲ ਇਸ ਤੋਂ ਵੀ ਵੱਧ ‘ਸਿਆਣੇ-ਬਿਆਣੇ’ ਹਨ। ਇਹਨਾਂ ਵਿਚ 30% ਔਰਤਾਂ ਹਨ ਅਤੇ ਬਾਕੀ ਮਰਦ ਹਨ। ਇਹ ਸਾਰੇ 90% ਫੋਨ ਰਾਹੀਂ ਦੇਖਦੇ ਹਨ ਅਤੇ ਬਾਕੀ ਲੈਪਟੌਪ, ਡੈਸਟਕਟੌਪ ਅਤੇ ਹੋਰ ਸਾਧਨਾਂ ਰਾਹੀਂ ਦੇਖਦੇ ਹਨ।
• ਇਹ ਡਾਟਾ ਪੌਰਨ ਸਾਈਟਸ ਦੇਖਣ ਦਾ ਹੈ, ਸੈਕਸੂਅਲ ਸਮੱਗਰੀ ਦੇਖਣ ਅਤੇ ਪ੍ਰਯੋਗ ਕਰਨ ਦੇ ਇਸ ਤੋਂ ਬਿਨਾ ਹੋਰ ਵੀ ਕਈ ਰੂਪ ਹਨ। ਹਜ਼ਾਰਾਂ ਹਜ਼ਾਰਾਂ ਪੌਰਨ ਵੀਡੀਓ ਕਲਿਪ ਡਾਉਨਲੋਡ ਹੋ ਕੇ ਵਟਸਐਪਾਂ ਅਤੇ ਇਨਬਾਕਸਾਂ ਰਾਹੀਂ ਇਕ ਦੂਜੇ ਤਕ ਪਹੁੰਚਦੀਆਂ ਹਨ। ਕਈ ਜ਼ਿਆਦਾ ਤੱਤਿਆਂ ਤੋਂ ਤਾਂ ਕਾਹਲੀ ਨਾਲ ਜਾਂ ਸਾਜ਼ਿਸ਼ ਨਾਲ ਵਟਸਐਪ ਗਰੁੱਪਾਂ ਵਿਚ ਵੀ ਪੈ ਜਾਂਦੀਆਂ ਹਨ ਅਤੇ ਫਿਰ ਬਾਅਦ ਵਿਚ ਕਈ ਕਈ ਦਿਨ ਝੱਜੂ ਪਿਆ ਰਹਿੰਦਾ ਹੈ।
• ਇਸ ਤੋਂ ਇਲਾਵਾ ਨਿੱਜੀ ਜਾਂ ਸਥਾਨਕ ਤੌਰ ਤੇ ਬਣੀਆਂ/ਬਣਾਈਆਂ ਵੀਡੀਓਂ ਕਲਿਪਾਂ ਦਾ ਇਕ ਵੱਡਾ ਜਖੀਰਾ ਹੈ। ਅੱਜ ਕੱਲ੍ਹ ਫੋਨ ਸੈਕਸ, ਵਾਇਸ ਸੈਕਸ, ਇਨਬਾਕਸ ਸੈਕਸ ਅਤੇ ਪਤਾ ਨਹੀਂ ਹੋਰ ਕਿਹੜੀਆਂ ਕਿਹੜੀਆਂ ਟਰਮਾਂ ਚੱਲ ਪਈਆਂ ਹਨ। ਜਿਹੜਾ ਫਸ ਗਿਆ ਉਹ ਚੋਰ ਹੈ ਤੇ ਬਾਕੀ ਸਾਰੇ ਉਦੋਂ ਤਕ ਸਾਧ ਹਨ, ਜਦ ਤੱਕ ਉਹ ਚੋਰ ਸਿੱਧ ਨਹੀਂ ਹੁੰਦੇ। ਇਸ ਵਿਚ ਬਲੈਕਮੇਲਿੰਗ ਅਤੇ ਪ੍ਰਾਈਵੇਸੀ ਭੰਗ ਕਰਨ ਦਾ ਇਕ ਪ੍ਰਭਾਵਸ਼ਾਲੀ ਮਸਲਾ ਹੈ। ਬਹੁਤ ਸਾਰੇ ਮੇਲ-ਫੀਮੇਲ ਅਕਸਰ ਆਪਣੇ ‘ਨਿਉਡ ਪੋਜ਼/ਵੀਡੀਓਜ਼’ ਇਕ ਦੂਜੇ ਨਾਲ ਸ਼ੇਅਰ ਕਰ ਲੈਂਦੇ ਹਨ। ਉਹ ਇਸ ਨੂੰ ਪਿਆਰ ਦਾ ਨਾਂ ਦਿੰਦੇ ਹਨ ਅਤੇ ਪਿਆਰ ਵਿਚ ਅਕਸਰ ਵਿਸ਼ਵਾਸ ਕਰ ਲਿਆ ਜਾਂਦਾ ਹੈ। ਸਿਆਪਾ ਉਦੋਂ ਪੈਂਦਾ ਹੈ ਜਦ ਉਹ ਕਲਿੱਪ/ਫੋਟੋ ਗ਼ਲਤੀ ਨਾਲ ਜਾਂ ਵਿਸ਼ਵਾਸ਼ਘਾਤ ਨਾਲ ਕਿਸੇ ਹੋਰ ਤਕ ਪਹੁੰਚ ਜਾਂਦਾ ਹੈ ਜਾਂ ਉਸ ਦੇ ਆਧਾਰ ਤੇ ਬਲੈਕਮੇਲਿੰਗ ਕੀਤੀ ਜਾਂਦੀ ਹੈ ਤਾਂ ਇਹ ‘ਸੋਸ਼ਲ ਇਨਸ਼ਲਟ’ ਦਾ ਵਿਸ਼ਾ ਬਣ ਜਾਂਦਾ ਹੈ ਤੇ ਇਸ ਵਿਚੋਂ ਡਿਪਰੈਸ਼ਨ, ਕਤਲ ਅਤੇ ਖੁਦਕੁਸ਼ੀ ਵਰਗੇ ਵਰਤਾਰੇ ਜਨਮ ਲੈਂਦੇ ਹਨ।
• ਇਸ ਨਜ਼ਰੀਏ ਤੋਂ ਗਭਰੇਟ ਉਮਰ (period of 1dolescence) ਸਭ ਤੋਂ ਵੱਧ ਖ਼ਤਰਨਾਕ ਸਾਬਤ ਹੁੰਦੀ ਹੈ। ਇਸ ਉਮਰ ਵਿਚ ਧੀ/ਪੁਤ ਦੋਵਾਂ ਵਿਚ ਬਹੁਤ ਸਾਰੀਆਂ ਸਰੀਰਕ, ਭਾਵਨਾਤਮਕ, ਹਾਰਮੋਨਲ ਤੇ ਸੈਕਸੁਐਲ ਤਬਦੀਲੀਆਂ ਵਾਪਰਦੀਆਂ ਹਨ। ਸੈਕਸ ਐਜੂਕੇਸ਼ਨ ਨਾਂ ਦੀ ਸਾਡੇ ਕੋਈ ਚੀਜ਼ ਹੀ ਨਹੀਂ। ਜੇ ਕਿਧਰੇ ਸਾਇੰਸ ਵਿਸ਼ੇ ਵਿਚ ਜਣਨ ਅੰਗਾਂ ਤੇ ਜਣਨ ਪ੍ਰਕਿਰਿਆ ਬਾਰੇ ਇਕ ਦੋ ਚੈਪਟਰ ਆਉਂਦੇ ਵੀ ਹਨ ਤਾਂ ਮਾਸਟਰਾਂ/ਮਾਸਟਰਨੀਆਂ ਕੋਲ ਪੜ੍ਹਾਉਣ ਲਈ ਸ਼ਬਦ ਮੁੱਕ ਜਾਂਦੇ ਹਨ। ਹੀਰ ਰਾਂਝੇ ਸਲੇਬਸ ਵਿਚ ਕਿਉਂ ਲਗਾਏ ਹਨ, ਇਸ ਤੇ ਬਹਿਸਾਂ ਹੋਣ ਲੱਗ ਜਾਂਦੀਆਂ ਹਨ। ਮਾਪੇ ਤੇ ਅਧਿਆਪਕ ਘਰ ਅਤੇ ਸਕੂਲ ਵਿਚ ਇਸ ਮਹੱਤਵਪੂਰਨ ਵਿਸ਼ੇ ਨੂੰ ‘ਚਿਮਟੀ’ ਨਾਲ ਵੀ ਨਹੀਂ ਚੁਕਦੇ। ਸਿੱਟਾ ਕੀ ਨਿਕਲਦਾ ਹੈ ਕਿ ਪੁਰਾਣੇ ਸਮਿਆਂ ਵਿਚ ਇਹ ਮਹੱਤਵਪੂਰਨ ਪੜ੍ਹਾਈ ਮੁੰਡੇ ਆਪਣੇ ਜੁੰਡੀ ਦਿਆਂ ਯਾਰਾਂ ਤੇ ਕੁੜੀਆਂ ਆਪਣੀਆਂ ਸਹੇਲੀਆਂ ਤੋਂ ਲੈਂਦੀਆਂ ਸੀ..ਹੁਣ ਇੰਟਰਨੈਟ ਅਤੇ ਸੋਸ਼ਲ ਮੀਡੀਆ ਪੱਕਾ ‘ਸਹੇਲਾ’ ਬਣ ਗਿਆ ਹੈ..ਬੱਚੇ ਸਾਰਾ ਸਾਰਾ ਦਿਨ ਇਸ ਤੇ ਲੱਗੇ ਰਹਿੰਦੇ ਹਨ। ਦੂਜੇ ਪਾਸੇ ਟੈਕਨੋਲੋਜੀ ਏਨੀ ਵਿਕਸਿਤ ਹੋ ਚੁੱਕੀ ਹੈ ਤੇ ਵਪਾਰੀ ਲੋਕਾਂ ਦੇ ਹੱਥ ਵਿਚ ਆ ਚੁੱਕੀ ਹੈ ਕਿ ਤੁਸੀਂ ਸੋਸਲ ਮੀਡੀਆ ਜਾਂ ਇੰਟਰਨੈਟ ਦੇ ਉੱਤੇ ਗੂਗਲ ਜਾਂ ਹੋਰ ਸਾਈਟਸ ਤੇ ਇਕ ਵਾਰ ਕੁਝ ਕਲਿੱਕ ਕਰੋ..ਉਹਨਾਂ ਨੂੰ ਤੁਹਾਡੇ ਟੇਸਟ ਦਾ ਪਤਾ ਲਗ ਜਾਂਦਾ ਹੈ ਤੇ ਉਹ ਤੁਹਾਡੇ ਸਾਮਣੇ ਉਹੋ ਜਿਹੀ ਸਮਗਰੀ ਪਰੋਸਣ ਲੱਗ ਜਾਂਦੇ ਹਨ। ਅਕਸਰ ਤੁਸੀਂ ਤੁਹਾਡੀਆਂ ਸੋਸ਼ਲ ਸਾਈਟਸ ਦੀਆਂ ਸਾਈਡਾਂ ਤੇ ਜਾਂ ਤੁਹਾਡੇ ਮੇਲ ਇਨਬਾਕਸ ਦੇ ਸਪੈਮ ਵਿਚ ਅਜਿਹੀਆਂ ਬਹੁਤ ਸਾਰੀਆਂ ਮੇਲਾਂ ਤੇ ਲਿੰਕ ਦੇਖਦੇ ਹੋਵੋਗੇ..’ਕਿਆ ਆਪ ਅਕੇਲੇ ਹੋ..ਚੈਟ ਕਰਨਾ ਚਾਹਤੇ ਹੋ..ਐਰਾ ਬਗੈਰਾ. ‘ਤੇ ਉਥੇ ਫੇਰ ਜਦ ਬੰਦੇ ਦੇ ਆਲੇ ਦੁਆਲੇ ਕੋਈ ਨਹੀਂ ਹੁੰਦਾ ਤਾਂ ‘ਵੱਡੇ ਵੱਡਿਆਂ’ ਦਾ ਦੀਨ-ਈਮਾਨ ਡੋਲ ਜਾਂਦਾ ਹੈ, ਫਿਰ ਬੱਚੇ ਇਸ ਤੋਂ ਕਿਵੇਂ ਬਚਣਗੇ। ਇਹੀ ਸਾਰਾ ਕੁਝ ਫੇਸਬੁੱਕ ਦੇ ਇਨਬਾਕਸਾਂ, ਵਟਸਐਪਾਂ, ਇਨਸਟਾਗ੍ਰਾਮ ਤੇ ਸਨੈਪਚੈਟਾਂ ਆਦਿ ਵਿਚ ਹੁੰਦਾ ਹੈ। ਟਵਿੱਟਰ ਤੇ ਤਾਂ ਸਿਆਸੀ ਪਾਰਟੀਆਂ ਦੇ ਆਈ ਟੀ ਸੈਲਾਂ ਨੇ ਵਲਗਰ ਭਾਸ਼ਾ ਦੀ ਅੱਤ ਹੀ ਕਰਾ ਛੱਡੀ ਹੈ। ਇਕ ਵਾਰ ਹੈਲੋ ਹਾਏ ਹੋਈ ਨਹੀਂ ਤਾਂ ਅਸੀਂ ਸਿੱਧੇ ਇਨਬਾਕਸਾਂ ਤੱਕ ਪਹੁੰਚਦੇ ਹਾਂ ਤੇ ਇਕ ਦੋ ਰਸਮੀ ਡਾਇਲਾਗਾਂ ਤੋਂ ਬਾਅਦ ਗੱਲ ‘ਆਰ ਯੂ ਸਿੰਗਲ ਔਰ ਮੈਰਿਡ’ ਤੋਂ ‘ਡਾਰਲਿੰਗ ਤੇ ਲਵ ਯੂ’ ਤੱਕ ਪਹੁੰਚ ਜਾਂਦੀ ਹੈ। ਕਈ ਤਾਂ ਕੱਚੇ ਭੂਤ ਵਾਂਗੂ ਚਿੰਬੜ ਜਾਂਦੇ ਹਨ ਤੇ ਗੱਲ ਸਕਰੀਨ ਸ਼ਾਟਾਂ ਦੀਆਂ ਬਦਨਾਮੀਆਂ ਤੇ ਜਾ ਕੇ ਨਿਬੜਦੀ ਹੈ। ਇੰਟਰਨੈਟ ਤੋਂ ਪਹਿਲਾਂ ਸਰੀਰਕ ਤੌਰ ਤੇ ਮਿਲਣ ਦੇ ਜੁਗਾੜ ਲਾਉਂਦੇ ਲਾਉਂਦੇ ਅਸੀਂ ਹੁਣ ਉਹੀ ‘ਚੋਰੀ ਦੇ ਪੁੱਤ’ ਸੋਸ਼ਲ ਮੀਡੀਆ ਤੇ ਗੱਭਰੂ ਕਰਨ ਦੀ ਕੋਸ਼ਿਸ਼ ਕਰਦੇ ਹਾਂ।
• ਯਾਦ ਕਰੋ … ਕਰੋਨਾ ਦੀ ਵਿਹਲ ਦਾ ਫਾਇਦਾ ਉਠਾਉਂਦਿਆਂ ਕਰੋਨਾ ਦੇ ਦਿਨਾਂ ਵਿਚ  ਕੁਝ ਨਾਬਾਲਿਗ ਬੱਚਿਆਂ ਦਾ ਜੋ ‘ਬੁਆਇਜ਼ ਲਾਕਰ ਰੂਮ’ (2ois Locker room) ਦਾ ਮਸਲਾ ਸਾਮ੍ਹਣੇ ਆਇਆ ਤੇ ਉਸ ਤੋਂ ਬਾਅਦ ਗਰੁਗ੍ਰਾਮ ਦੇ ਇਕ ਮੁੰਡੇ ਦਾ ਬਹੁਮੰਜਿਲਾ ਇਮਾਰਤ ਤੋਂ ਛਾਲ ਮਾਰ ਕੇ ਸੁਸਾਈਡ ਕਰਨ ਦਾ ਮਾਮਲਾ ਸਾਮ੍ਹਣੇ ਆਇਆ ਸੀ, ਉਹ ਵੀ ਇਸ ਗੱਲ ਦਾ ਸੰਕੇਤ ਸੀ ਕਿ ਸੂਈ ‘ਲਾਲ ਲਕੀਰ’ ਤੱਕ ਜਲਦੀ ਪਹੁੰਚ ਰਹੀ ਹੈ।
• ਹੁਣ ਵੀ ਲਗਭਗ ਉਹੋ ਜਿਹੀ ਹੀ ਘਟਨਾ ਵਾਪਰੀ ਹੈ.. ਹੁਣ ਕੀ ਹੋਏਗਾ? ਹਰ ਵਾਰ ਦੀ ਤਰ੍ਹਾਂ ਅਸੀਂ ਪੜਤਾਲ ਦੀਆਂ ਡੀਗਾਂ ਮਾਰਾਂਗੇ.,,ਕਾਰਵਾਈ ਕਰਨ ਲਈ ਬਾਂਹਾਂ ਉਲਾਰ ਉਲਾਰ ਕੇ ਜਿੰਦਾਬਾਦ ਮੁਰਦਾਬਾਦ ਕਰਾਂਗੇ..ਕਨੂੰਨ ਦੇ ਹੋਰ ਸਖ਼ਤ ਹੋਣ ਦੀਆਂ ਗੱਲਾਂ ਕਰਾਂਗੇ। ਇਹ ਦੋਵੇਂ ਕੇਸ ਭਾਵੇਂ ਵੱਖ ਵੱਖ ਦਿਸਦੇ ਹਨ, ਪਰ ਜੇਕਰ ਇਹਨਾਂ ਨੂੰ ਇਕੱਠੇ ਜੋੜ ਕੇ ਦੇਖਿਆ ਜਾਵੇ ਤਾਂ ਬਾਹਰਲੀਆਂ ਅਦਾਲਤਾਂ ਦੀ ਬਜਾਇ ਇਹ ਕੇਸ ਬਤੌਰ ਮਾਪੇ, ਬਤੌਰ ਅਧਿਆਪਕ, ਬਤੌਰ ਸੋਸ਼ਲ ਮੀਡੀਆ ਯੂਜਰ ਸਾਨੂੰ ਸਭ ਨੂੰ ਕਟਹਿਰੇ ਵਿਚ ਖੜ੍ਹਾ ਕਰਦੇ ਹਨ ਕਿ ਅਸੀਂ ਬਹੁਤ ਕੁਝ ਅਜਿਹਾ ਬਕਵਾਸ ਆਪਣੇ ਅੰਦਰ ਭਰਿਆ..ਫੇਰ ਅਸੀਂ ਆਪਣੀ ਨਵੀਂ ਪੀੜ੍ਹੀ ਨੂੰ ਆਪਣੇ ਕੋਲ ਨਹੀਂ ਲਾਇਆ… ਉਹਨਾਂ ਦੀ ਚੜ੍ਹਦੀ ਉਮਰ ਨੂੰ ਨਹੀਂ ਸਮਝਿਆ..ਨਾ ਸਕੂਲਾਂ ਵਿਚ ਕੋਈ ਸਿੱਖਿਆ ਦਿੱਤੀ ਤੇ ਨਾ ਹੀ ਘਰਾਂ ਵਿਚ ਉਹਨਾਂ ਨੂੰ ਆਪਣੇ ਨਾਲ ਜੋੜਿਆ..ਉਹਨਾਂ ਦੇ ਆਨਲਾਈਨ ਹੋਣ ਤੋਂ ਕਿਤੇ ਵੱਧ ਖ਼ੁਦ ਆਨਲਾਈਨ ਹੋਏ..ਤੇ ਉਹਨਾਂ ਦਿਨਾਂ ਵਿਚ ਪੋਰਨ ਦੇ ਵਿਚ ਹੋਇਆ 95% ਵਾਧਾ ਦਸਦਾ ਸੀ ਕਿ ਉਹਨਾਂ ਤਿੰਨ ਮਹੀਨਿਆਂ ਵਿਚ ਅਸੀ ਕੀ ਕੜ੍ਹੀ ਘੋਲੀ ਸੀ?
• ਦੋਸਤੋ, ਮੰਨਿਆ ਕਿ ਇਹ ਤੁਹਾਡੀ ਪ੍ਰਾਈਵੇਸੀ ਹੈ..ਮੰਨਿਆ ਕਿ ਅਸੀਂ ਉਥੇ ਮਨੋਰੰਜਨ ਕਰਨਾ ਹੈ..ਮੰਨਿਆ ਕਿ ਸੋਸ਼ਲ ਮੀਡੀਆ ਵਿਚ ਮੀਆਂ ਬੀਵੀ ਤੋਂ ਬਾਅਦ ਬਹੁਤ ਸਾਰੇ ‘ਵੋ’…ਵੀ ਮਾਨਤਾ ਪ੍ਰਾਪਤ ਹੋ ਗਏ ਹਨ..ਮੰਨਿਆ ਕਿ ਅਪੋਜ਼ਿਟ ਸੈਕਸ ਵਿਚ ਇਹ ਖਿੱਚ ਕੁਦਰਤੀ ਹੈ ਤੇ ਸੋਸ਼ਲ ਮੀਡੀਆ ਨੇ ਹਰ ਇਕ ਨੂੰ ਸੁਰਖਿਅਤ ਪਲੇਟਫਾਰਮ ਵੀ ਦਿੱਤਾ ਹੈ..ਮੰਨਿਆ ਕਿ ਮੋਬਾਈਲ ਹਰ ਮੁੰਡੇ ਅਤੇ ਕੁੜੀ ਦੀ ਜ਼ਰੂਰੀ ਲੋੜ ਵੀ ਬਣ ਗਏ ਹਨ ਅਤੇ ਇਹ ਉਹਨਾਂ ਦੀ ਪ੍ਰਾਈਵੇਸੀ ਵੀ ਬਣ ਗਏ ਹਨ…ਰੱਜ-ਰੱਜ ਪੋਸਟਾਂ ਪਾਓ, ਚੈਟ ਕਰੋ, ਟਿਕ ਟਾਕ ਬਣਾਓ, ਲਾਈਵ ਹੋਵੇ ਪਰ ਫੇਰ ਵੀ ਕਿਤੇ ਨਾ ਕਿਤੇ ਆਪਣੇ ਆਪ ਤੇ ਕੁਝ ਚੈਕ ਲਗਾਉਣੇ ਜ਼ਰੂਰੀ ਹਨ। ਪੰਜਾਬੀ ਦਾ ਪੁਰਾਣਾ ਅਖਾਣ ਹੈ ਕਿ ਜੇ ਤੌੜੀ ਦਾ ਮੂੰਹ ਖੁੱਲ੍ਹਾ ਹੋਵੇ ਤਾਂ ਪੀਣ ਵਾਲੇ ਨੁੰ ਥੋੜੀ-ਬਹੁਤੀ ਸੰਗ ਮੰਨ ਲੈਣੀ ਚਾਹੀਦੀ ਹੈ। ਤਕਨੀਕ ਕਦੇ ਵੀ ਗ਼ਲਤ ਨਹੀ ਹੁੰਦੀ, ਅਸੀਂ ਖਿੰਡ ਜਾਂਦੇ ਹਾਂ ਜਾਂ ਆਫ਼ਰ ਜਾਂਦੇ ਹਾਂ।
• ਯਾਦ ਰੱਖੋ, ਹੁਣ ਤਕ ਜਿੰਨੀਆਂ ਵੀ ਵੀਡੀਓਜ਼ ਵਾਇਰਲ ਹੁੰਦੀਆਂ ਹਨ, ਉਹਨਾਂ ਵਿੱਚੋਂ 95% ਵੀਡੀਓਜ਼ ਤੁਹਾਡੇ ਵਿਸ਼ਵਾਸਪਾਤਰਾਂ ਦੁਆਰਾ ਹੀ ਬਣਾਈਆਂ ਹੁੰਦੀਆਂ ਹਨ। ਜਿੱਥੇ ਵਿਸ਼ਵਾਸ ਹੁੰਦਾ ਹੈ, ਉਥੇ ਹੀ ਵਿਸ਼ਵਾਸਘਾਤ ਹੋ ਸਕਦਾ ਹੈ। ਨੌਜਵਾਨ ਦੋਸਤੋ ! ਭਾਵਨਾਤਮਕ ਤੌਰ ‘ਤੇ ਮਚਿਉਰ ਹੋਵੋ, ਸੈਕਸ ਨੂੰ ਮਜਾਕ ਨਾ ਬਣਾਓ.. ਫੋਨ ਸੈਕਸ, ਚੈਟ ਸੈਕਸ, ਆਡੀਓ ਸੈਕਸ, ਵੀਡੀਓ ਸੈਕਸ ਇਕੱਲੇ ਤੁਹਾਡੀ ਨਿਜੀ ਅਜ਼ਾਦੀ ਅਤੇ ਪ੍ਰਾਈਵੇਸੀ ਦਾ ਮਸਲਾ ਨਹੀਂ ਹਨ, ਮਨੁੱਖੀ ਸਮਾਜ ਦੇ ਬੇਕਾਇਦਗੀ ਤੋਂ ਬਾਕਾਇਦਗੀ ਵੱਲ ਤੁਰਨ ਦਾ ਮਸਲਾ ਵੀ ਹੈ। ਕਿਤੇ ਤਾਂ ਕੋਈ ਵਿਧੀ ਵਿਧਾਨ ਤੈਅ ਕਰਨਾ ਹੀ ਪਏਗਾ। ਕਿਤੇ ਤਾਂ ਆਪਣੇ ਆਪ ਪ੍ਰਤੀ ਆਪਣੇ ਸਮਾਜ ਪ੍ਰਤੀ ਜੁਆਬਦੇਹ ਹੋਣਾ ਹੀ ਪਏਗਾ।
• ਦੂਜੇ ਪਾਸੇ ਪਿਆਰ-ਸੈਕਸ ਵਰਗੇ ਕੁਦਰਤੀ ਜਜ਼ਬਿਆਂ ਤੇ ਜਗੀਰੂ ਬੰਦਿਸ਼ਾਂ, ਧੌਂਸ਼ਾਂ ਅਤੇ ਹੈਂਕੜਾਂ ਦਾ ਪ੍ਰਦਰਸ਼ਨ ਕਰਨ ਵਾਲਿਓ..ਇਸ ਕੁਦਰਤੀ ਅਤੇ ਆਦਿਮ ਜ਼ਜਬੇ ਨੂੰ ਪਾਪ, ਚੋਰੀ ਅਤੇ ਅਨੈਤਿਕਤਾ ਦੀ ਖੇਡ ਨਾ ਬਣਾਓ। ਹਰ ਰੁੱਤ ਦਾ ਮੇਵਾ, ਹਰ ਮੌਸਮ ਦਾ ਮਿਜ਼ਾਜ਼, ਹਰ ਅਵਸਥਾ ਦਾ ਸੁਹਜ ਸੁਆਦ ਅਤੇ ਹਰ ਉਮਰ ਦੀਆਂ ਲੋੜਾਂ ਹੁੰਦੀਆਂ ਹਨ। ਇਕ ਜਾਇਜ਼ ਹੱਦ ਤਕ ਦਾ ਮੋਕਲਾਪਣ, ਤਬਦੀਲੀਆਂ ਪ੍ਰਤੀ ਹਾਂਪੱਖੀ ਰੁਝਾਨ, ਨੌਜੁਆਨਾਂ ਪ੍ਰਤੀ ਸਾਕਾਰਾਤਮਕ ਰੁੱਖ ਅਤੇ ਅਪਡੇਟ ਹੋਣਾ ਵਗਦੇ ਪਾਣੀਆਂ ਵਾਂਗ ਤੰਦਰੁਸਤ ਸਮਾਜ ਦੀਆਂ ਨਿਸ਼ਾਨੀਆਂ ਹੁੰਦੀਆਂ ਹਨ। ਵਿਸ਼ੇਸ਼ ਤੌਰ ਤੇ ਕੁੜੀਆਂ ਨੂੰ ਪੜ੍ਹਨ ਅਤੇ ਵਿਕਸਿਤ ਹੋਣ ਦਾ ਸੁਰੱਖਿਅਤ ਮਾਹੌਲ ਦੇਣਾ ਸਾਡੀ ਸਭ ਦੀ ਮੁਢਲੀ ਜ਼ਿੰਮੇਵਾਰੀ ਹੈ।