
ਮੈਂ ਪੁੱਛਦਾ ਹਾਂ…
ਮੈਂ ਪੁੱਛਦਾ ਹਾਂ ਅਸਮਾਨ ‘ਚ ਉੜਦੇ ਸੂਰਜ ਨੂੰ
ਕੀ ਵਕਤ ਏਸੇ ਦਾ ਨਾਂ ਹੈ
ਕਿ ਘਟਨਾਵਾਂ ਕੁਚਲਦੀਆਂ ਤੁਰੀਆਂ ਜਾਣ
ਮਸਤ ਹਾਥੀ ਵਾਂਗ
ਇਕ ਸਮੁਚੇ ਮਨੁੱਖ ਦੀ ਚੇਤਨਾ?
ਕਿ ਹਰ ਸਵਾਲ
ਕੇਵਲ ਕੰਮ ‘ਚ ਰੁੱਝੇ ਜਿਸਮ ਦੀ ਗ਼ਲਤੀ ਹੀ ਹੋਵੇ?
ਕਿਉਂ ਸੁਣਾ ਦਿੱਤਾ ਜਾਂਦਾ ਹੈ ਹਰ ਵਾਰੀ
ਪੁਰਾਣਾ ਚੁਟਕਲਾ
ਕਿਉਂ ਕਿਹਾ ਜਾਂਦਾ ਹੈ ਅਸੀਂ ਜਿਉਂਦੇ ਹਾਂ
ਜ਼ਰਾ ਸੋਚੋ-
ਕਿ ਸਾਡੇ ‘ਚੋਂ ਕਿੰਨਿਆਂ ਕੁ ਦਾ ਨਾਤਾ ਹੈ
ਜ਼ਿੰਦਗੀ ਵਰਗੀ ਕਿਸੇ ਸ਼ੈਅ ਨਾਲ !
ਰੱਬ ਦੀ ਉਹ ਕਿਹੋ ਜੇਹੀ ਰਹਿਮਤ ਹੈ
ਜੋ ਕਣਕ ਗੁੱਡਦੇ ਪਾਟੇ ਹੋਏ ਹੱਥਾਂ-
ਤੇ ਮੰਡੀ ਵਿਚਲੇ ਤਖ਼ਤਪੋਸ਼ ‘ਤੇ ਫੈਲੀ ਹੋਈ ਮਾਸ ਦੀ
ਉਸ ਪਿਲਪਲੀ ਢੇਰੀ ਉਤੇ,
ਇਕੋ ਸਮੇਂ ਹੁੰਦੀ ਹੈ?
ਆਖ਼ਿਰ ਕਿਉਂ
ਬਲਦਾਂ ਦੀਆਂ ਟੱਲੀਆਂ
ਤੇ ਪਾਣੀ ਕੱਢਦੇ ਇੰਜਣਾਂ ਦੇ ਸ਼ੋਰ ਅੰਦਰ
ਘਿਰੇ ਹੋਏ ਚਿਹਰਿਆਂ ‘ਤੇ ਜੰਮ ਗਈ ਹੈ
ਇਕ ਚੀਖਦੀ ਖ਼ਾਮੋਸ਼ੀ?
ਕੌਣ ਖਾ ਜਾਂਦਾ ਹੈ ਤਲ ਕੇ
ਟੋਕੇ ‘ਤੇ ਰੁੱਗ ਲਾ ਰਹੇ
ਕੁਤਰੇ ਹੋਏ ਅਰਮਾਨਾਂ ਵਾਲੇ ਡੌਲਿਆਂ ਦੀਆਂ ਮੱਛੀਆਂ ?
ਕਿਉਂ ਗਿੜਗਿੜਾਉਂਦਾ ਹੈ
ਮੇਰੇ ਪਿੰਡ ਦਾ ਕਿਰਸਾਨ
ਇਕ ਮਾਮੂਲੀ ਪੁਲਸੀਏ ਅੱਗੇ?
ਕਿਉਂ ਕਿਸੇ ਦਰੜੇ ਜਾਂਦੇ ਬੰਦੇ ਦੇ ਚੀਕਣ ਨੂੰ
ਹਰ ਵਾਰ
ਕਵਿਤਾ ਕਹਿ ਦਿੱਤਾ ਜਾਂਦਾ ਹੈ?
ਮੈਂ ਪੁੱਛਦਾ ਹਾਂ ਆਸਮਾਨ ‘ਚ ਉੜਦੇ ਹੋਏ ਸੂਰਜ ਨੂੰ।
Read more
ਮੇਰੇ ਹੱਡਾਂ ‘ਚ ਮਚਲਦਾ ਪਾਰਾ ਅਨਿਲ ਆਦਮ
ਕਹਾਣੀ : ਪੇਮੀ ਦੇ ਨਿਆਣੇ
ਇੱਕ ਕਵੀ ਹੁੰਦਾ ਸੀ ਰਾਜਬੀਰ