ਅੰਤਰਰਾਸ਼ਟਰੀ ਔਰਤ ਦਿਵਸ ਨੂੰ ਸਮਰਪਿਤ
ਤਰਜਮਾ : ਰੂਹਦੀਪ ਕੌਰ
ਕੁਝ ਔਰਤਾਂ ਨੇ ਆਪਣੀ ਇੱਛਾ ਨਾਲ ਕੁੱਦ ਕੇ ਜਾਨ ਦੇ ਦਿੱਤੀ ਸੀ
ਏਦਾਂ ਪੁਲਿਸ ਦੇ ਰਿਕਾਰਡ ਵਿੱਚ ਦਰਜ ਹੈ
ਤੇ
ਕੁਝ ਔਰਤਾਂ ਆਪਣੀ ਮਰਜ਼ੀ ਨਾਲ ਚਿਤਾ ਵਿੱਚ ਸੜ ਕੇ ਮਰ ਗਈਆਂ ਸਨ
ਏਦਾਂ ਧਾਰਮਿਕ ਕਿਤਾਬਾਂ ਵਿਚ ਲਿਖਿਆ ਹੋਇਆ ਹੈ
ਮੈਂ ਕਵੀ ਹਾਂ, ਕਰਤਾ ਹਾਂ
ਕਾਹਦੀ ਕਾਹਲੀ ਹੈ
ਇੱਕ ਦਿਨ ਮੈਂ ਪੁਲਿਸ ਅਤੇ ਪੁਜਾਰੀ ਦੋਵਾਂ ਨੂੰ ਇਕੱਠੇ
ਮਹਿਲਾ ਅਦਾਲਤ ਵਿੱਚ ਬੁਲਾਵਾਂਗਾ
ਅਤੇ ਵਿਚਲੀਆਂ ਸਾਰੀਆਂ ਅਦਾਲਤਾਂ ਨੂੰ ਰੱਦ ਕਰ ਦੇਵਾਂਗਾ।
ਮੈਂ ਉਨ੍ਹਾਂ ਦਾਅਵਿਆਂ ਨੂੰ ਵੀ ਰੱਦ ਕਰਾਂਗਾ
ਜੋ ਸੱਜਣਾਂ ਨੇ ਔਰਤਾਂ ਅਤੇ ਬੱਚਿਆਂ ਵਿਰੁੱਧ ਕੀਤੇ ਹਨ
ਮੈਂ ਉਨ੍ਹਾਂ ਫ਼ਰਮਾਨਾਂ ਨੂੰ ਵੀ ਰੱਦ ਕਰ ਦਿਆਂਗਾ
ਜਿਨ੍ਹਾਂ ਦੇ ਇਸ਼ਾਰਿਆਂ ‘ਤੇ ਫ਼ੌਜਾਂ ਅਤੇ ਤੁਲਬਾ ਚਲਦੇ ਹਨ,
ਮੈਂ ਉਨ੍ਹਾਂ ਵਸੀਅਤਾਂ ਨੂੰ ਖਾਰਜ ਕਰ ਦਿਆਂਗਾ
ਜੋ ਕਮਜ਼ੋਰ ਲੋਕਾਂ ਨੇ ਤਾਕਤਵਰਾਂ ਦੇ ਨਾਮ ਕੀਤੀਆਂ
ਮੈਂ ਉਨ੍ਹਾਂ ਔਰਤਾਂ ਨੂੰ
ਜਿਨ੍ਹਾਂ ਨੇ ਆਪਣੀ ਮਰਜ਼ੀ ਨਾਲ ਖੂਹ ਵਿੱਚ ਛਾਲ ਮਾਰੀ
ਅਤੇ ਆਪਣੇ ਆਪ ਨੂੰ ਬਲਦੀ ਅੱਗ ਵਿੱਚ ਸਾੜ ਦਿੱਤਾ
ਦੁਬਾਰਾ ਜ਼ਿੰਦਾ ਕਰਾਂਗਾ
ਅਤੇ ਉਨ੍ਹਾਂ ਦੇ ਬਿਆਨ ਦੁਬਾਰਾ ਲਿਖਾਂਗਾ ਕਿ
ਕੀ ਕਿਤੇ ਕੁਝ ਛੁੱਟ ਤਾਂ ਨਹੀਂ ਗਿਆ?
ਕਿਤੇ ਕੁਝ ਰਹਿ ਤਾਂ ਨਹੀਂ ਗਿਆ?
ਕੀ ਕਿਤੇ ਕੋਈ ਭੁੱਲ ਤਾਂ ਨਹੀਂ ਹੋਈ?
ਕਿਉਂਕਿ ਮੈਂ ਇੱਕ ਅਜਿਹੀ ਔਰਤ ਨੂੰ ਜਾਣਦਾ ਹਾਂ
ਜਿਸ ਨੇ ਸਾਰੀ ਉਮਰ ਆਪਣੀ ਸੱਤ ਗਿੱਠ ਜਿੱਡੀ ਦੇਹ ਨੂੰ
ਇੱਕ ਗਿੱਠ ਦੇ ਵਿਹੜੇ ਵਿੱਚ ਸਮੋਈ ਰੱਖਿਆ ਅਤੇ ਕਦੇ ਬਾਹਰ ਝਾਕਿਆ ਤੱਕ ਨਹੀਂ
ਅਤੇ ਜਦੋਂ ਉਹ ਬਾਹਰ ਆਈ ਤਾਂ
ਉਸ ਨੂੰ ਉਸ ਦੀ ਲਾਸ਼ ਕਿਧਰੇ ਮਾਂ ਮੇਦਿਨੀ ਵਾਂਗ ਵਿਹੜੇ ਵਿੱਚ ਖਿਲਰੀ ਮਿਲੀ
ਔਰਤ ਦੀ ਲਾਸ਼ ਧਰਤੀ ਮਾਂ ਵਰਗੀ ਹੁੰਦੀ ਹੈ
ਜੋ ਫੈਲ ਜਾਂਦੀ ਹੈ
ਥਾਣਿਆਂ ਤੋਂ ਲੈ ਕੇ ਅਦਾਲਤਾਂ ਤੱਕ ਖੁੱਲ੍ਹੇਆਮ
ਮੈਂ ਦੇਖ ਰਿਹਾ ਹਾਂ ਕਿ ਜ਼ੁਲਮ ਦੇ ਸਾਰੇ ਸਬੂਤਾਂ ਨੂੰ ਮਿਟਾਇਆ ਜਾ ਰਿਹਾ
ਚੰਦਨ ਨਾਲ ਮਹਿਕਦਾ ਮੱਥੇ ਨੂੰ ਚੱਕਦਾ ਹੋਇਆ ਪੰਡਿਤ ਅਤੇ
ਤਗਮਿਆਂ ਨਾਲ ਲੈਸ ਸੀਨਾ ਚੌੜੀ ਖੜ੍ਹੇ ਸਿਪਾਹੀ ਰਾਜੇ ਦਾ ਗੁਣ-ਗਾਣ ਕਰ ਰਹੇ ਹਨ।
ਉਹ ਰਾਜੇ ਜੋ ਮਰ ਚੁੱਕੇ ਹਨ
ਰਾਣੀਆਂ ਜੋ ਸਤੀ ਹੋਣ ਦਾ ਪ੍ਰਬੰਧ ਕਰ ਰਹੀਆਂ ਹਨ।
ਅਤੇ ਜਦੋਂ ਰਾਣੀਆਂ ਹੀ ਨਹੀਂ ਰਹੀਆਂ
ਤਾਂ ਨੌਕਰਾਣੀਆਂ ਕੀ ਕਰਨਗੀਆਂ?
ਇਸ ਲਈ ਉਹ ਵੀ ਤਿਆਰੀ ਕਰ ਰਹੀਆਂ ਹਨ
ਮੈਨੂੰ ਰਾਣੀਆਂ ਨਾਲੋਂ ਨੌਕਰਾਣੀਆਂ ਦੀ ਚਿੰਤਾ ਵੱਧ ਹੈ
ਜਿਨ੍ਹਾਂ ਦੇ ਪਤੀ ਜ਼ਿੰਦਾ ਹਨ ਅਤੇ ਰੋ ਰਹੇ ਹਨ
ਕਿੰਨਾ ਮਾੜਾ ਲੱਗਦਾ ਹੈ ਇੱਕ ਔਰਤ ਨੂੰ ਆਪਣੇ ਰੋਂਦੇ ਪਤੀ ਨੂੰ ਛੱਡ ਕੇ ਮਰ ਜਾਣਾ
ਜਦੋਂ ਕਿ ਮਰਦਾਂ ਨੂੰ ਰੋਂਦੀ ਔਰਤ ਨੂੰ ਮਾਰਨਾ ਵੀ ਬੁਰਾ ਨਹੀਂ ਲੱਗਦਾ
ਔਰਤਾਂ ਰੋਂਦੀਆਂ ਰਹਿੰਦੀਆਂ ਹਨ, ਮਰਦ ਮਾਰਦੇ ਰਹਿੰਦੇ ਹਨ
ਔਰਤਾਂ ਰੋਂਦੀਆਂ ਹਨ, ਮਰਦ ਹੋਰ ਮਾਰਦੇ ਹਨ
ਅਤੇ ਔਰਤਾਂ ਉੱਚੀ-ਉੱਚੀ ਰੋਂਦੀਆਂ ਹਨ
ਮਰਦ ਇੰਨਾ ਮਾਰਦੇ ਹਨ ਕਿ ਉਹ ਮਰ ਜਾਂਦੀਆਂ ਹਨ
ਇਤਿਹਾਸ ਵਿੱਚ ਉਹ ਪਹਿਲੀ ਔਰਤ ਕੌਣ ਸੀ
ਜਿਸਨੂੰ ਸਭ ਤੋਂ ਪਹਿਲਾਂ ਸਾੜਿਆ ਗਿਆ?
ਮੈਨੂੰ ਨਹੀਂ ਪਤਾ…
ਪਰ ਉਹ ਜੋ ਵੀ ਸੀ, ਉਹ ਜ਼ਰੂਰ ਮੇਰੀ ਮਾਂ ਰਹੀ ਹੋਵੇਗੀ
ਮੇਰੀ ਚਿੰਤਾ ਇਹ ਹੈ ਕਿ ਭਵਿੱਖ ਵਿੱਚ
ਉਹ ਆਖ਼ਿਰੀ ਔਰਤ ਕੌਣ ਹੋਵੇਗੀ?
ਜਿਸ ਨੂੰ ਸਭ ਤੋਂ ਬਾਅਦ ਵਿੱਚ ਸਾੜਿਆ ਜਾਵੇਗਾ
ਮੈਨੂੰ ਨਹੀਂ ਪਤਾ
ਪਰ ਜੋ ਵੀ ਹੋਵੇਗੀ, ਮੇਰੀ ਧੀ ਹੋਵੇਗੀ
ਤੇ ਇਹ ਮੈਂ ਨਹੀਂ ਹੋਣ ਦੇਵਾਂਗਾ..!
Read more
ਮੇਰੇ ਹੱਡਾਂ ‘ਚ ਮਚਲਦਾ ਪਾਰਾ ਅਨਿਲ ਆਦਮ
ਕਹਾਣੀ : ਪੇਮੀ ਦੇ ਨਿਆਣੇ
ਇੱਕ ਕਵੀ ਹੁੰਦਾ ਸੀ ਰਾਜਬੀਰ