February 6, 2025

ਕਹਾਣੀ : ਅਰਘ

ਲੇਖਕ : ਜਤਿੰਦਰ ਹਾਂਸ

ਜਤਿੰਦਰ ਹਾਂਸ ਦੀ ”ਪਾਵੇ ਨਾਲ ਬੰਨ੍ਹਿਆ ਕਾਲ” ਆਈ ਤਾਂ ਪੰਜਾਬੀ ਕਹਾਣੀ ਨੂੰ ਅਰਘ ਚੜ੍ਹਿਆ। ਹਾਂਸ ਆਪਣੀ ਕਹਾਣੀ ‘ਚ ਜੋ ਦ੍ਰਿਸ਼ ਪੇਸ਼ ਕਰਦਾ ਹੈ, ਪਾਠਕ ਆਪਣੇ ਆਪ ਨੂੰ ਉਨ੍ਹਾਂ ਪਾਤਰਾਂ ‘ਚ ਲੱਭਦਾ ਹੈ। ਇਹ ਉਸਦੀ ਕਹਾਣੀ ਦਾ ਹਾਸਿਲ ਹੈ।   —ਸੰਪਾਦਕ

ਜਿਵੇਂ ਪੈਨੀ ਆਂ, ਓਵੇਂ ਉੱਠ ਖੜ੍ਹਦੀ ਆਂ।
ਅਖੇ, ‘ਉਹ ਉਹਦੇ ਨਾਲ ਸੁੱਤਾ
ਨਾ ਕੁਝ ਲਿਆ,
ਨਾ ਕੁਝ ਦਿੱਤਾ।’
ਪਾਸੇ ਪਰਤ-ਪਰਤ ਥੱਕ ਗਈ ਆਂ, ਅਜੇ ਰਾਤ ਅੱਧੀ ਵੀ ਨਹੀਂ ਲੰਘੀ। ‘ਡਨਲੱਪ’ ਦੇ ਗੱਦਿਆਂ ‘ਤੇ ਵਿਛੀ ਰੇਸ਼ਮੀ ਵਿਛਾਈ ‘ਤੇ ਪਈ, ਜਿਵੇਂ ਸੂਲਾਂ ‘ਤੇ ਪਈ ਹੋਵਾਂ।
ਬ੍ਰਿਜ ਮੇਰੇ ਵੱਲ ਪਿੱਠ ਕਰੀਂ ਪਿਆ। ਉਹਦੇ ਘੁਰਾੜੇ ਗੋਲੀਆਂ ਵਾਂਗ ਸਿਰ ‘ਚ ਵੱਜ ਰਹੇ ਨੇ।
ਮੇਨ ਬਜ਼ਾਰ ‘ਚ ‘ਬ੍ਰਿਜ ਲਾਲ ਦੀ ਹੱਟੀ’ ਸਾਡੀ ਕਰਿਆਨੇ ਦੀ ਦੁਕਾਨ ਐ। ਹੁਣ ਮੈਨੂੰ ਇਹਦੇ ਹਰ ਕੰਮ ਤੋਂ ਖਿਝ ਆਉਣ ਲੱਗੀ ਏ, ਸਵੇਰੇ ਪੂਜਾ-ਪਾਠ, ਸਾਰਾ ਦਿਨ ਗਾਹਕਾਂ ਦੀ ਛਿੱਲ ਲਾਹੁਣੀ, ਘਰੇ ਆ ਕੇ ਅੰਨ ਦਾ ਵੈਰੀ ਬਣ ਕੇ, ਉਹਤੇ ਟੁੱਟ ਪੈਣਾ, ਰਾਤ ਨੂੰ ਘੁਰਾੜੇ ਮਾਰ-ਮਾਰ ਮੇਰੀ ਨੀਂਦ ਚੈਨ ਹਰਾਮ ਕਰਨਾ, ਇਹੀ ਇਹਦੀ ਜ਼ਿੰਦਗੀ ਆ।
– 0 –
ਸੂਰਜ ਚੜ੍ਹਨ ਤੋਂ ਪਹਿਲਾਂ ਹੀ ‘ਕਰਵਾ ਚੌਥ’ ਦਾ ਵਰਤ ਰੱਖ ਲਿਆ ਸੀ। ਮੇਰੀ ਸਿਰ ਸੜੀ ਸੱਸ ਕਹਿੰਦੀ, ”ਮਰਿਆਦਾ ਨਾਲ ਰੱਖੀਂ ਵਰਤ, ਜੇ ਕੋਈ ਭੰਗਣਾ ਪੈ ਜਾਵੇ- ਦੇਵੀ ਕਰੋਪ ਹੋ ਜਾਂਦੀ ਆ। ਪਤੀ ਨੂੰ ਦੁੱਖ ਮਿਲਦਾ।” ਇਹੀ ਤਾਂ ਮੈਂ ਚਾਹੁੰਨੀ ਆ ਜਿਵੇਂ ਮੈਂ ਪਾਣੀ ਤੋਂ ਬਾਹਰ ਨਿੱਕਲੀ ਮੱਛੀ ਵਾਂਗ ਤੜਫਦੀ ਆਂ ਇਹ ਵੀ ਤੜਫੇ। ਮੈਂ ਚੁੱਪ-ਚਾਪ ਸੱਸ ਵੱਲ ਦੇਖਿਆ, ਉਹ ਅੱਖ ਦੀ ਰਮਜ ਸਮਝਦੀ ਆ। ਉਹ ਹੋਰ ਖਰੀਆਂ ਖੋਟੀਆਂ ਸੁਣਾਉਣ ਲੱਗੀ, ”ਖੌਰੇ ਕਿਹੜੇ ਮਾੜੇ ਯੋਗ-ਨਛੱਤਰ ਨੂੰ ਇਸ ਘਰ ਆਈਆਂ। ਘਰ ਦਾ ਪਿੱਛਾ ਲਿਆਂਦਾ ਪਿਆ। ਹੱਥ ਅਗਾਂਹ ਨੂੰ ਪਾਉਨੇ ਆਂ, ਪੈਰ ਪਿਛਾਂਹ ਨੂੰ ਜਾਂਦੇ ਨੇ…।”
ਤੀਜੇ ਪਹਿਰ ਭੁੱਖ-ਪਿਆਸ ਨਾਲ ਜਾਨ ਨਿਕਲੇ, ਪਰੋਹਤਣੀ ‘ਵੀਰਾਂਵਾਲੀ’ ਦੀ ਕਥਾ ਸੁਣਾ ਕੇ ਦਾਨ-ਦੱਛਣਾ ਲੈ ਕੇ ਚਲੀ ਗਈ। ਘਰ ਦੇ ਕੰਮ ਕਰਦੀ ਫਿਰਦੀ, ਇਸ ਘੌਗੜ ਕਾਂ ਲਈ ਸਾਰਾ ਦਿਨ ਭੁੱਖੀ ਮਰੀ। ਬੱਦਲਵਾਈ ਕਰਕੇ ਚੰਦ ਦੇਰ ਨਾਲ ਦਿੱਸਿਆ। ‘ਕਰੂਆ’ ‘ਬੋਹੀਆ’ ਦੀ ਥਾਲੀ ਲੈ ਕੇ ਮੈਂ ਛੱਤ ‘ਤੇ ਜਾ ਚੜ੍ਹੀ। ਬ੍ਰਿਜ ਨੂੰ ਉਡੀਕਣ ਲੱਗੀ- ਉਹ ਦੁਕਾਨ ਤੋਂ ਦੇਰ ਨਾਲ ਆਇਆ, ਤਿਹਾਰ ਕਰਕੇ ਗਾਹਕੀ ਬਹੁਤੀ ਹੋਵੇਗੀ। ਮੈਂ ਬਣੀ-ਠਣੀ, ਗਹਿਣਿਆਂ ਨਾਲ ਲੱਦੀ ਨੇ ਉਹਨੂੰ ਮੁਸਕਰਾ ਕੇ ਦੇਖਿਆ। ਉਹ ਉਬਾਸੀਆਂ ਲੈਂਦਾ ਬੋਲਿਆ, ”ਰਾਧੇ-ਰਾਅਧੇ, ਮੰਦੀ ਪਈ ਹੋਈ ਆ…, ਜੋ ਵੱਟਿਆ ਸੋਈ ਖੱਟਿਆ…, ਅੱਜ ਤਿਹਾਰ ਦੇ ਦਿਨ ਵੀ ਏਨੀ ਵੱਟਤ ਨ੍ਹੀਂ ਹੋਈ।”
ਹਾਏ ਰੱਬਾ! ਇਹਨੂੰ ਇਹ ਵੀ ਨੀ ਪਤਾ ਕਿਹੜੇ ਵੇਲੇ ਕਿਹੜੀ ਗੱਲ ਕਰਨੀ ਆ।
‘ਵੇ ਤੇਰੀ ਸੜ-ਜੇ ਮੰਦੀ, ਏਸ ਵੇਲੇ ਕਿਹੜੀ ਤੇਰੀ ਮਾਂ ਦੁਕਾਨ ਤੇ ਸੌਦੇ ਖ਼ਰੀਦਣ ਆਉਂਦੀ ਹੋਣੀ ਆ।’ ਮੈਂ ਮਨ ‘ਚ ਕਿਹਾ।
ਛਾਨਣੀ ਵਿਚੀਂ ਚੰਦ ਤੇ ਬ੍ਰਿਜ ਨੂੰ ਦੇਖਿਆ। ਉਹ ਰਸਮਾਂ ਪੂਰੀਆਂ ਹੋਣ ਤੋਂ ਪਹਿਲਾਂ ਹੀ ਛੱਤ ਤੋਂ ਉੱਤਰ ਗਿਆ, ਮੇਰੇ ਨਵੇਂ ਸੂਟ, ਗਹਿਣੇ, ਬਿਊਟੀ ਪਾਰਲਰ ਤੋਂ ਖਿੱਚੀ ਤਿਆਰੀ ਵੱਲ ਧਿਆਨ ਈ ਨਹੀਂ ਦਿੱਤਾ। ਕਾਸ਼ ਕਹਿ ਦਿੰਦਾ, ”ਉੱਪਰ ਕਿਹੜਾ ਚੰਦ ਆ। ਚੰਦ ਤਾਂ ਤੂੰ ਆ।” ਮੇਰੀ ਤਪੱਸਿਆ ਰਾਸ ਆ ਜਾਂਦੀ।
ਮੈਂ ਕਰਵੇ ਵਿੱਚ ਪਾਈ ਕੱਚੀ ਲੱਸੀ ਰਾਹੀਂ ਚੰਦ ਦੇ ਪਰਛਾਵੇਂ ਨੂੰ ਦੇਖਿਆ। ਚੰਦ ਨੂੰ ਅਰਘ ਚੜ੍ਹਾਇਆ। ਬ੍ਰਿਜ ਦਾ ਉਬਾਸੀਆਂ ਲੈਂਦਾ ਮੂੰਹ ਯਾਦ ਆਇਆ, ਲੱਗਿਆ ਜਿਵੇਂ ਕਰੂਆ ਟੁੱਟਿਆ ਪਿਆ ਹੋਵੇ।
ਬੋਹੀਏ ਆਲੀ ਥਾਲੀ ਸੱਸ ਨੂੰ ਦਿੱਤੀ, ਮੇਰੇ ਪੇਕਿਆਂ ਦਾ ਉਹਨੂੰ ਦਿੱਤਾ ਨਵਾਂ ਸੂਟ ਦੇਖ ਉਹਦੀਆਂ ਬਾਛਾਂ ਖਿੜ ਗਈਆਂ।
”ਬੁੱਢ ਸੁਹਾਗਣ ਹੋਵੇ, ਜਿਊਂਦਾ ਰਹੇ ਮੇਰਾ ਬ੍ਰਿਜ ਲਾਲ!” ਉਹਨੇ ਆਪਣੇ ਪੁੱਤ ਨੂੰ ਅਸੀਸਾਂ ਦਿੱਤੀਆਂ।
‘ਕਾਹਦੀ ਸੁਹਾਗਣ ਆ, ਵਿਧਵਾ ਵਰਗੀ ਜ਼ਿੰਦਗੀ ਜਿਓ ਰਹੀ ਆਂ।’ ਮੈਂ ਹਾਉਕਾ ਭਰਿਆ।
ਕੁੰਭਕਰਨ ਘੋੜੇ ਵੇਚ ਕੇ ਸੁੱਤਾ ਪਿਆ। ਮੈਨੂੰ ਨੀਂਦ ਦੀਆਂ ਗੋਲੀਆਂ ਖਾ ਕੇ ਵੀ ਨੀਂਦ ਨਹੀਂ। ਮੇਰੀ ਪਾਰਦਰਸ਼ੀ ਨਾਇਟੀ, ਖੁਸ਼ਬੂਦਾਰ ਸੈਂਟ, ਸਾਰੇ ਅਗਲੇ ਪਿਛਲੇ ਕਰਕੇ ਵੀ ਇਸ ਪੱਥਰ ਨੂੰ ਨਹੀਂ ਪਿਘਲਾ ਸਕਦੀ, ਬ੍ਰਿਜ ਦੇ ਨੇੜੇ ਹੋ ਕੇ ਲੱਤ ਉਹਦੀਆਂ ਲੱਤਾਂ ‘ਤੇ ਧਰ ਦਿੰਦੀ ਹਾਂ। ਬਾਂਹ ਉਹਦੇ ਦੁਆਲ਼ੇ ਵਲ਼ ਲੈਂਦੀ ਆਂ। ਮੇਰਾ ਸਰੀਰ ਧੁਖ ਰਿਹਾ, ਮੱਚ ਰਿਹਾ। ਉਹਦਾ ਸਰੀਰ ਜਿਵੇਂ ਬਰਫ਼ ਦੀ ਸਿੱਲ ਹੋਵੇ। ਸੇਕ ਦਾ ਉਸ ਬਰਫ ‘ਤੇ ਕੋਈ ਅਸਰ ਨਹੀਂ। ਹਾਉਕਾ ਭਰ ਪਾਸਾ ਪਰਤ ਕੇ ਸਿਰਹਾਣੇ ਨੂੰ ਬਾਂਹਾਂ ‘ਚ ਘੁੱਟ ਲੈਂਦੀ ਆਂ, ਉਹਦੇ ਨਾਲੋਂ ਤਾਂ ਇਹ ਨਿੱਘਾ। ਘੁੱਟ ਕੇ ਅੱਖਾਂ ਮੀਚ ਲੈਂਦੀ ਆਂ। ਅੱਖਾਂ ਮੀਚਣ ਨਾਲ ਨੀਂਦ ਥੋੜ੍ਹੋ ਆ ਜਾਣੀ ਆ। ਬ੍ਰਿਜ ਦੇ ਘੁਰਾੜਿਆਂ ‘ਤੇ ਖਿਝ ਚੜ੍ਹਨ ਲੱਗਦੀ ਆ। ਜੀਅ ਕਰਦਾ ਇਹਦਾ ਨੱਕ ਜ਼ੋਰ ਨਾਲ ਘੁੱਟ ਦੇਵਾਂ ਜਾਂ ਗਲਾ। ਇਹਨੂੰ ਕੁੱਤੇ ਨੂੰ ਖਬਰ ਤੱਕ ਨਹੀਂ ਨਾਲ ਪਿਆ ਕੋਈ ਤੜਫ ਰਿਹਾ। ਜੀਅ ਕਰਦਾ ਪਿੱਠ ‘ਤੇ ਲੱਤ ਮਾਰਾਂ, ਬੈੱਡ ਤੋਂ ਸਿੱਟ ਦੇਵਾਂ।
ਬਾਹਰ ਬੱਦਲ ਲਿਸ਼ਕ ਰਿਹਾ, ਗਰਜ ਰਿਹਾ। ਕਣੀਆਂ ਡਿੱਗਣ ਲੱਗੀਆਂ ਨੇ। ਪੈਰਾਂ ‘ਚ ਚੱਪਲਾਂ ਪਾ, ਦਰਵਾਜ਼ਾ ਖੋਲ੍ਹ ਬਾਹਰ ਨਿੱਕਲ ਜਾਂਦੀ ਆਂ। ਨਾਲ ਦੇ ਕਮਰੇ ‘ਚ ਮੇਰੀ ਪੰਜ ਸਾਲਾਂ ਦੀ ਬੇਟੀ ਮਹਿਕ ਆਪਣੀ ਦਾਦੀ ਨਾਲ ਪਈ ਆ। ਦੱਬੇ ਪੈਰੀਂ ਉਹਨਾਂ ਦੇ ਕਮਰੇ ਕੋਲੋਂ ਲੰਘ ਜਾਂਦੀ ਆਂ। ਬੁੜ੍ਹੀ ਦੀ ਨੀਂਦ ਬੜੀ ਕੱਚੀ ਆ, ਉੱਠ ਕੇ ਬੁੜ-ਬੁੜ ਕਰੂ। ਬਾਹਲੀ ਕਾਲੀ ਜ਼ਬਾਨ ਆਲੀ ਆ।
ਰਸੋਈ ‘ਚ ਜਾ ਕੇ ਫਰਿੱਜ ‘ਚ ਰਗੜ ਕੇ ਰੱਖਿਆ ਧਨੀਆ ਪਾਣੀ ‘ਚ ਘੋਲ਼ ਕੇ ਪੀਤਾ। ਬਹੁਤ ਚਿਰ ਉੱਥੇ ਬੈਠੀ ਰਹੀ ਬਾਹਰ ਪੈਂਦਾ ਮੀਂਹ ਦੇਖਦੀ ਰਹੀ। ਮਨ ਨੂੰ ਟੇਕ ਕਿੱਥੇ, ਫਰਿੱਜ ‘ਚੋਂ ਬਰਫ਼ ਖਾ ਲਈ ਸਰੀਰ ਜਿਵੇਂ ਹੋਰ ਮੱਚਣ ਲੱਗਿਆ। ਨਾਇਟੀ ਲਾਹ ਵਿਹੜੇ ‘ਚ ਜਾ ਖੜ੍ਹੀ, ਮੀਂਹ ‘ਚ ਨਹਾਉਂਦੀ ਰਹੀ। ਕਾਸ਼! ਇਹ ਮੀਂਹ ਮੈਨੂੰ ਅੰਦਰ ਤੱਕ ਠਾਰ ਦੇਵੇ।
ਬਾਥਰੂਮ ‘ਚ ਜਾ ਕੇ ਆਦਮ-ਕੱਦ ਸ਼ੀਸ਼ੇ ਅੱਗੇ  ਆਪਣਾ ਗੋਰਾ ਸਰੀਰ ਦੇਖਦੀ ਆਂ। ਲਾਈਟ ਦੇ ਚਾਨਣ ‘ਚ ਐਂ ਲੱਗੇ ਜਿਵੇਂ ਭਾਂਬੜ ‘ਤੇ ਤੇਲ ਪਾ ਬੈਠੀ ਹੋਵਾਂ। ਤੌਲੀਏ ਨਾਲ ਸਰੀਰ ਸਾਫ਼ ਕੀਤਾ। ਨਾਇਟੀ ਪਾਈ ਕਮਰੇ ਵੱਲ ਤੁਰ ਪਈ। ਕਣੀਆਂ ਵਿਚੀਂ ਭਿੱਜਦੀ ਲੰਘੀ ਜਾਂਦੀ ਨੂੰ, ਸੱਸ ਦੀ ਬੁੜ-ਬੁੜ ਸੁਣਾਈ ਦਿੱਤੀ, ”ਪਤਾ ਨ੍ਹੀਂ ਇਹਦੇ ਕੀ ਅੱਗ ਲੱਗੀ ਹੋਈ ਆ। ਰਾਤ ਨੂੰ ਵੀ ਨ੍ਹੀਂ ਟਿਕਦੀ। ਇਹਦੇ ਚਾਲੇ ਠੀਕ ਨ੍ਹੀਂ, ਕਮਜਾਤ ਦੇ…।”
ਜਾ ਕੇ ਬੈੱਡ ‘ਤੇ ਡਿੱਗ ਪਈ।
ਕੁੰਭਕਰਨ ਦੇ ਘੁਰਾੜੇ ਚੱਲ ਰਹੇ ਸੀ।
ਦਿਲ ਕਾਹਲਾ ਪੈਣ ਲੱਗਾ।
ਕੰਨਾਂ ‘ਚ ਰੂੰ ਪਾ ਲਈ।
– 0 –
ਹਸਪਤਾਲ ‘ਚ ਬੈੱਡ ‘ਤੇ ਪਈ ਆਂ। ਨਰਸ ਮੇਰੀ ਗੋਦ ਵਿੱਚ ਖ਼ੂਬਸੂਰਤ ਬੱਚਾ ਪਾ ਦਿੰਦੀ ਆ। ਨੀਲੀਆਂ ਅੱਖਾਂ, ਭੂਰੇ ਵਾਲ਼, ਗੋਰਾ ਰੰਗ, ਗੋਭਲਾ ਜਿਹਾ, ਬਹੁਤ ਪਿਆਰਾ।
”ਬਹੁਤ ਪਿਆਰਾ ਬੇਟਾ ਏ ਤੁਹਾਡਾ।” ਨਰਸ ਕਹਿੰਦੀ ਏ।
ਸਰੀਰ ਜੰਮਣ ਪੀੜਾਂ ਨਾਲ ਦੁਖ ਰਿਹਾ, ਪਰ ਮਨ ‘ਚ ਅਜੀਬ ਜਿਹਾ ਸਕੂਨ ਏ। ਬੱਚੇ ਨੂੰ ਲਾਡ-ਲਡਾਉਣ ਲੱਗਦੀ ਆਂ। ਚੁੰਮਣ ਲੱਗਦੀ ਆਂ, ਫਿਰ ਇਹ ਸੋਚ ਕੇ ਤ੍ਰਭਕ ਜਾਂਦੀ ਆਂ, ‘ਇਹ ਬੱਚਾ ਮੇਰਾ ਨਹੀਂ।’ ਫੇਰ ਸੋਚਦੀ ਆਂ, ਮੇਰਾ ਤਾਂ ਹੈ, ਬ੍ਰਿਜ ਦਾ ਨਹੀਂ।
ਨਰਸ ਕਮਰੇ ‘ਚੋਂ ਬਾਹਰ ਚਲੀ ਗਈ। ਉਹਦੇ ਪਿੱਛੇ ਜਾਣ ਲਈ ਮੇਰੇ ਕੋਲੋਂ ਉੱਠ ਨਾ ਹੋਇਆ।
ਡਾਕਟਰ ਮੁਸਕਰਾਉਂਦਾ ਹੋਇਆ, ਕਮਰੇ ‘ਚ ਆਇਆ, ਹਾਲ-ਚਾਲ ਪੁੱਛਦਾ।
”ਡਾਕਟਰ ਸਾਹਿਬ ਇਹ ਬੱਚਾ ਮੇਰਾ ਨਹੀਂ।”
”ਮਤਲਬ?” ਡਾਕਟਰ ਹੈਰਾਨੀ ਨਾਲ ਦੇਖਦਾ ਹੈ। ਹੁਣੇ ਤਾਂ ਉਹਨੇ ਅਪਰੇਸ਼ਨ ਕਰਕੇ ਬੱਚੇ ਨੂੰ ਜਨਮ ਦਵਾਇਆ ਸੀ।
”ਮੇਰਾ ਪਤੀ ਦੋ ਸਾਲਾਂ ਤੋਂ ਮੇਰੇ ਨਾਲ ‘ਬੋਲਿਆ’ ਨ੍ਹੀਂ। ਕਿਵੇਂ ਘਰ ਲੈ ਜਾਊਗੀ ਇਹ ਬੱਚਾ, ਬ੍ਰਿਜ ਤਾਂ ਮੈਨੂੰ ਮਾਰ ਦਊਗਾ। ਪਲੀਜ਼ ਇਹਨੂੰ ਅਨਾਥ ਆਸ਼ਰਮ ਦੇ ਦਿਓ।” ਡਾਕਟਰ ਦੇ ਤਰਲੇ ਕਰ ਰਹੀ ਹਾਂ। ਉਹ ਮੰਨ ਨਹੀਂ ਰਿਹਾ।
ਏਨੇ ਨੂੰ ਮੇਰੀ ਅੱਖ ਖੁੱਲ੍ਹ ਗਈ।
ਬ੍ਰਿਜ ਦੇ ਘੁਰਾੜੇ ਚੱਲ ਰਹੇ ਸੀ।
ਹਾਏ ਰੱਬਾ! ਜੇ ਬਿੰਦ-ਝੱਟ ਅੱਖ ਲੱਗ ਜਾਂਦੀ ਆ ਤਾਂ ਇਸੇ ਤਰ੍ਹਾਂ ਦੇ ਡਰਾਉਣੇ ਸੁਪਨੇ ਆਉਂਦੇ ਨੇ।… ਇਹ ਸੁਪਨਾ ਬੜਾ ਪਿਆਰਾ ਸੀ। ਬਹੁਤ ਪਿਆਰਾ ਸੀ, ਗੋਭਲਾ ਜਿਹਾ ਨੀਲੀਆਂ ਅੱਖਾਂ ਵਾਲਾ ਬੱਚਾ, ਦੂਜੀ ਵਾਰ ਕੁੱਖ ਹਰੀ ਹੋਣਾ ਤਾਂ ਹੁਣ ਸੁਪਨਾ ਹੀ ਬਣ ਕੇ ਰਹਿ ਗਿਆ।
ਮਹਿਕ ਪੰਜ ਸਾਲਾਂ ਦੀ ਹੋ ਗਈ, ਉਹਨੂੰ ਕਣਕ ਤੋਂ ਅਲਰਜੀ ਆ। ਬਹੁਤ ਖ਼ਿਆਲ ਰੱਖਣਾ ਪੈਂਦਾ। ਫਿਕਰ ਰਹਿੰਦਾ ਕਿਤੇ ਬਾਹਰੋਂ ਕੁਝ ਕਣਕ ਦਾ ਬਣਿਆ ਨਾ ਖਾ ਲਵੇ। ਹਸਪਤਾਲ ਚੱਕੀ ਫਿਰਾਂਗੇ। ਮੇਰਾ ਸੁਭਾਅ ਚਿੜਚੜਾ ਹੋ ਗਿਆ। ਮਾੜੀ ਜਿਹੀ ਗੱਲ ‘ਤੇ ਖਿਝ-ਖਿਝ ਪੈਣ ਲੱਗਦੀ ਆਂ। ਮਹਿਕ ਨੂੰ ਵੀ ਘੂਰਿਆ ਜਾਂਦਾ। ਫਿਰ ਪਛਤਾਵਾ ਹੋ ਜਾਂਦਾ। ਉਹ ਉਦਾਸ ਬਿਮਾਰ ਰਹਿੰਦੀ ਆ, ਸ਼ਾਇਦ ਇਹਦਾ ਕਾਰਨ ਸਾਡੇ ਪਰਿਵਾਰ ‘ਚ ਫੈਲਿਆ ਤਣਾਅ ਹੈ, ਜੋ ਦਿਨੋ-ਦਿਨ ਵਧਦਾ ਈ ਜਾਂਦਾ।
ਮਹਿਕ ਨੂੰ ਫੈਮਲੀ ਡਾਕਟਰ ਨਵਕਿਰਨ ਕੋਲ ਲੈ ਕੇ ਗਏ, ”ਸਾਰੇ ਟੈਸਟ ਸਹੀ ਨੇ, ਮਹਿਕ ਨੂੰ ਕਣਕ ਤੋਂ ਅਲਰਜੀ ਏ।… ਦੂਜਾ ਇਹ ਇਕੱਲਤਾ ਮਹਿਸੂਸ ਕਰਦੀ ਏ!… ਤੁਸੀਂ ਇੱਕ ਹੋਰ ਬੇਬੀ ਲੈ ਲਵੋ।” ਉਹਨੇ ਮੇਰੇ ਮਨ ਦੀ ਕਹਿ ਦਿੱਤੀ।
ਮੈਂ ਠੰਢਾ ਹਾਉਕਾ ਭਰ ਕੇ ਬ੍ਰਿਜ ਵੱਲ ਝਾਕੀ, ਉਹ ਬੁਝਿਆ ਜਿਹਾ, ਪਤਾ ਨਹੀਂ ਕਿਹੜੀ ਦੁਨੀਆ ਵਿੱਚ ਗੁਆਚਿਆ ਹੋਇਆ ਸੀ। ਡਾਕਟਰ ਨੂੰ ਕੀ ਦੱਸਦੀ, ”ਬੇਬੀ ਕਿੱਥੋਂ ਲੈ ਲਵਾਂ, ਇਹਨਾਂ ਤਿਲਾਂ ‘ਚ ਤੇਲ ਨ੍ਹੀਂ।”
ਡਾਕਟਰ ਕੋਲੋਂ ਮੁੜ ਆਏ ਮਨ ‘ਚ ਹੋਰ ਗੰਢਾਂ ਜਿਹੀਆਂ ਪੈ ਗਈਆਂ।
– 0 –
ਮੇਰਾ ਦਿਲ ਕਰਦਾ, ਬ੍ਰਿਜ ਕਦੀ ਮੇਰੇ ਪਿੱਛਿਓਂ ਪੋਲੇ ਪੈਰੀਂ ਆਵੇ, ਮੇਰੀਆਂ ਅੱਖਾਂ ਬੰਦ ਕਰਕੇ ਕਹੇ, ”ਬੁੱਝੋ ਕੌਣ?” ਜਾਂ ਮੈਨੂੰ ਜੱਫੀ ਪਾ ਲਵੇ, ਮੈਂ ਨਖਰੇ ਜਿਹੇ ਨਾਲ ਕਹਾਂ, ”ਹਟੋ ਸਾਸੂ ਮਾਂ ਆ ਜਾਊਗੀ।”
ਜਿਹੜੇ ਬਹਾਨੇ ਔਰਤਾਂ ਆਪਣੇ ਪਤੀ ਤੋਂ ‘ਬਚਣ’ ਲਈ ਘੜਦੀਆਂ ਨੇ, ਉਹ ਬਹਾਨੇ ਇਹ ਦੁਕਾਨ ਤੋਂ ਆਉਂਦਾ ਹੋਇਆ ਘੜ ਲਿਆਉਂਦਾ, ”ਅੱਜ ਮੂਡ ਖਰਾਬ ਆ।”
ਗਰਮੀ ਬਹੁਤ ਆ।
ਮੰਦੀ ਪਈ ਹੋਈ ਆ। ਮੂਡ ਨ੍ਹੀਂ।
ਮੰਮੀ ਦੇ ਕੰਨ ਬੜੇ ਤੇਜ਼ ਨੇ।
ਹੋਰ ਲੱਖਾਂ ਬਹਾਨੇ ਨੇ ਉਹਦੇ ਕੋਲ। ਪਿਓ ਦੇ ਪੁੱਤ ਨੇ ਕਦੇ ਨਹੀਂ ਕਿਹਾ, ‘ਲਿਆ ਗੁੱਗਾ ਪੂਜੀਏ।’
ਜੇ ਕਦੇ ਜ਼ਿਆਦਾ ਮੋਹ ਜਿਹਾ ਦਿਖਾਵਾਂ ਤਾਂ ਭੱਜ  ਕੇ ਪਊਗਾ, ”ਤੈਨੂੰ ਹਰ ਵਕਤ ਇਹੀ ਪਈ ਰਹਿੰਦੀ ਆ। ਕਦੇ ਰਾਮ ਦਾ ਨਾਮ ਵੀ ਲੈ ਲਿਆ ਕਰ।”
”ਨਾ ਕੀ ਪਈ ਰਹਿੰਦੀ ਆ ਮੈਨੂੰ।” ਮੈਂ ਭੱਜ ਕੇ ਪੈਂਦੀ।
ਨਰਮ ਪੈ ਕੇ ਕਹੂਗਾ, ”ਮੈਂ ਤਾਂ ਮੋਹ ਮਾਇਆ ਤੋਂ ਪਰ੍ਹੇ ਆਂ।”
ਮੈਂ ਮੱਚ ਜਾਂਦੀ, ਮਨ ‘ਚ ਕਹਿੰਦੀ, ”ਪਤਾ, ਤੂੰ ਜਿਹੜੀ ‘ਮਾਇਆ’ ਤੋਂ ਪਰ੍ਹੇ ਆਂ। ਸਾਰਾ ਜ਼ੋਰ ਦੁਕਾਨ, ਧਾਰਮਿਕ ਕਰਮ ਕਾਂਡਾਂ, ਵਧਦੇ ਢਿੱਡ ਤੇ ਝੜਦੇ ਵਾਲਾਂ ਨੂੰ ਰੋਕਣ ਅਤੇ ਮਾਇਆ ਕਮਾਉਣ ‘ਤੇ ਲੱਗਿਆ ਹੋਇਆ। ਫਿਰ ਵੀ ਇਹਦੇ ਵਾਲ਼ ਝੜੀ ਜਾਂਦੇ ਨੇ ਢਿੱਡ ਵਧੀ ਜਾਂਦਾ। ਜਿਹੜਾ ਮੇਰਾ ਵਧਣਾ ਚਾਹੀਦਾ।
‘ਮੰਦੀ ਪੈਗੀ ਮੰਦੀ’ ਏਨੀ ਵਾਰ ਕਹਿੰਦਾ, ਇਹਦਾ ਤਕੀਆ ਕਲਾਮ ਈ ਲੱਗਣ ਲੱਗ ਗਿਆ। ‘ਰਾਧੇ-ਰਾਅਧੇ’ ਕਰਦਾ ਘਰ ਆਊਗਾ। ਆਉਂਦੇ ਨੂੰ ਹੀ ਖਾਣਾ ਤਿਆਰ ਚਾਹੀਦਾ, ਜੇ ਦੋ ਮਿੰਟ ਲੇਟ ਹੋ ਜਾਵੇ, ਬੁੜ-ਬੁੜ ਕਰਕੇ ਸਿਰ ਦੁਖਣ ਲਾ ਦਿੰਦਾ, ”ਦੁਕਾਨ ਸੁੰਨੀ ਆ… ਦੁਕਾਨਦਾਰ ਦੇ ਤਾਂ ਚਿੱਤੜਾਂ ਨੂੰ ਭਾਗ ਹੁੰਦੇ ਨੇ। ਦੁਕਾਨ ਦੀ ਗੱਦੀ ‘ਸਿਵਾ’ ਦੀ ਗੱਦੀ ਆ, ਤਪੱਸਿਆ। ਜੇ ਦੁਕਾਨ ‘ਤੇ ਨ੍ਹੀਂ ਬੈਠੂੰ, ਰੋਟੀ ਕਿਵੇਂ ਚੱਲੂ।”
ਮੈਂ ਬਥੇਰੇ ਤੀਮੀਆਂ ਆਲੇ ਚਲਿੱਤਰ ਕਰਦੀ। ਡੂੰਘੇ ਗਲੇ, ਸਲੀਵ-ਲੈਸ ਕਮੀਜ਼, ਪੱਟਾਂ ਨਾਲ ਵਿੜੀ ਤੰਗ ਪਜਾਮੀ, ਹਾਕਾਂ ਮਾਰ ਬੁਲਾਉਂਦੀਆਂ ਬਿੱਲੀਆਂ ਅੱਖਾਂ, ਤਨਜੀਆ ਲਹਿਜੇ ‘ਚ ਕੀਤੇ ਇਸ਼ਾਰੇ, ਬ੍ਰਿਜ ਨੂੰ ਮੇਰੇ ਨੇੜੇ ਨਹੀਂ ਲਿਆਉਂਦੇ, ਸਗੋਂ ਉਹ ਦੂਰ ਹੋਰ ਦੂਰ ਹੁੰਦਾ ਜਾ ਰਿਹਾ।
”ਸੱਤਯੁੱਗ ‘ਚ ਕਾਮ ਨਹੀਂ ਸੀ। ਇਸੇ ਕਰਕੇ ਲੋਕ ਸੁਖੀ ਸੀ।” ਕਹਿ ਕੇ ਉਹ ਕੱਚੀ ਲੱਸੀ ਪਿੱਪਲ ਦੀਆਂ ਜੜ੍ਹਾਂ ‘ਚ ਪਾਉਣ ਚਲਾ ਜਾਂਦਾ। ਪਿੱਪਲ ਦੇਵਤਾ ਘਰੋਂ ਧਨ ਨ੍ਹੀਂ ਮੁੱਕਣ ਦਿੰਦਾ।
ਮੇਰਾ ਦਿਲ ਕੀਤਾ ਕਹਾਂ, ‘ਪਿੱਪਲ ਦੀਆਂ ਗੋਹਲਾਂ ਖਾਇਆ ਕਰ, ਤੇਰੇ ਅੰਦਰਲੇ ਬੰਦਾ ਦਾ ‘ਗੁੱਗਾ ਪੂਜਣ’ ਨੂੰ ਦਿਲ ਕਰੇ।’
ਉਂਝ ਤਾਂ ਜਾਣਦੀ ਸੀ ਪੱਥਰ ‘ਤੇ ਬੂੰਦ ਪਈ ਨਾ ਪਈ। ਪਰ ਓਦਣ ਮੈਂ ਬਣ-ਸੰਵਰ ਕੇ ਬੈਠੀ। ਸੋਚਿਆ ਅੱਜ ਫਿਰ ਦਿਲ ਦੀ ਗੱਲ ਕਹੂੰਗੀ। ਇਹ ਕੋਈ ਓਪਰਾ, ਸੱਤ ਫੇਰੇ ਲਏ ਨੇ।
”ਰਾਧੇ-ਰਾਅਧੇ।” ਉਹ ਉਬਾਸੀਆਂ ਲੈਂਦਾ ਹੱਥ ਧੋ ਕੇ ਕੁਰਸੀ ‘ਤੇ ਬੈਠ ਗਿਆ, ”ਬਈ ਅੰਜਲੀ ਕੀ ਬਣਾਇਆ? ਬੜੀ ਭੁੱਖ ਲੱਗੀ ਆ।”
ਉਹਦਾ ਨਵੇਂ ਪੀਲੇ ਸੂਟ ਵੱਲ ਧਿਆਨ ਈ ਨਹੀਂ ਗਿਆ, ਕਾਸ਼! ਕਹਿ ਦਿੰਦਾ, ”ਭਰਿੰਡ ਰੰਗੀਏ, ਸਰ੍ਹੋਂ ਦਾ ਖੇਤ ਬਣੀ ਫਿਰਦੀ ਆ।”
ਪੇਟੂ ਦਾ ਸਾਰਾ ਧਿਆਨ ਤਾਂ ਖਾਣੇ ਵੱਲ ਤੀ। ਅਖੇ, ਬਾਤ ਪਾਵਾਂ, ਟੁੱਕ। ਮੈਂ ਹੋਰ ਖਿਝਗੀ, ”ਕੀ ਬਣਾਇਆ?” ਦੇ ਜੁਆਬ ‘ਚ ਮਨ ‘ਚ ਕਿਹਾ, ‘ਤੇਰੀ ਮਾਂ ਦਾ ਝਾਟਾ ਬਣਾਇਆ।’ ਥਾਲੀ ਉਹਦੇ ਅੱਗੇ ਲਿਜਾ ਧਰੀ, ਮਨ ‘ਚ ਕਿਹਾ, ‘ਲੈ ਝੁਲਸ ਲੈ।’ ਉਹ ਬੇਸਬਰਿਆਂ ਵਾਂਗ ਖਾਣ ਲੱਗਿਆ।
ਅਜੇ ਦੋ ਬੁਰਕੀਆਂ ਹੀ ਖਾਧੀਆਂ ਸੀ ਮੈਂ ਉਹਦੇ ਅੱਗਿਓਂ ਥਾਲੀ ਚੱਕ ਲਈ, ਰਸੋਈ ਵੱਲ ਤੁਰ ਪਈ।
”ਕੀ ਆ?” ਉਹ ਹੈਰਾਨੀ ਨਾਲ ਦੇਖਣ ਲੱਗਾ। ਫਿਰ ਤਲਖ਼ ਹੋ ਗਿਆ, ”ਕੀ ਆ? ਬੇਵਕੂਫ ਤੀਮੀ, ਖਾਂਦੇ ਅੱਗਿਓਂ ਭੋਜਨ ਨਹੀਂ ਚੱਕੀਦਾ, ਪਾਪ ਲੱਗਦਾ।”
ਉਹ ਥਾਲੀ ਮਗਰ ਰਸੋਈ ‘ਚ ਆ ਗਿਆ।
ਕਾਸ਼ ਕਦੇ ਮੇਰੇ ਮਗਰ ਵੀ ਆਉਂਦਾ।
”ਤੈਨੂੰ ਪਤਾ ਪਾਪ-ਪੁੰਨ ਕੀ ਹੁੰਦਾ?”
”ਮੈਥੋਂ ਵੱਧ ਕੌਣ ਜਾਣਦਾ, ਮੈਂ ਗਊ ਗਰੀਬ ਦਾ ਹਾਮੀ ਆ। ਸ਼ਰਾਬ ਨ੍ਹੀਂ ਪੀਂਦਾ, ਲਸਣ ਤੱਕ ਨ੍ਹੀਂ ਖਾਂਦਾ।” ”ਤੂੰ ਤਾਂ ਉਹਨਾਂ ਲੋਕਾਂ ‘ਚੋਂ ਆ ਜਿਹੜੇ ਪਾਣੀ ਦਾ ਖੂਹ ਪੀ ਕੇ ਵੀ ਬੁੱਲ੍ਹ ਸੁੱਕੇ ਰੱਖਦੇ ਨੇ। ਲੋਕਾਂ ਦਾ ਖੂਨ ਪੀਨੈਂ।… ਸਭ ਤੋਂ ਵੱਧ ਮੇਰਾ ਖੂਨ ਚੂਸਦੈਂ। ਕਿਸੇ ਦੀ ਆਤਮਾ ਨੂੰ ਤੜਫਾਉਣਾ ਸਭ ਤੋਂ ਵੱਡਾ ਪਾਪ ਆ।” ਮੈਂ ਮਨ ‘ਚ ਕਿਹਾ।
”ਜਿਵੇਂ ਰੋਟੀ ਦੀ ਭੁੱਖ ਲੱਗਦੀ ਆ, ਪਾਣੀ ਦੀ ਤੇਹ ਲੱਗਦੀ ਆ। ਓਵੇਂ ਪਿਆਰ ਦੀ ਵੀ ਤੇਹ ਲੱਗਦੀ ਆ। ਤੈਨੂੰ ਪਤਾ ਕਿੰਨਾ ਚਿਰ ਹੋ ਗਿਆ, ਤੈਨੂੰ ਮੇਰੇ ‘ਆਖੇ’ ਲੱਗਿਆਂ।” ਮੈਂ ਥਾਲੀ ਉਹਦੇ ਅੱਗੇ ਰੱਖ ਦਿੱਤੀ। ਉਹਨੇ ਚੁੱਪ-ਚਾਪ ਰੋਟੀ ਖਾਧੀ। ਫਿਰ, ‘ਹਰੀ ਓਮ’ ਕਹਿ ਕੇ ਡਕਾਰ ਮਾਰਦਾ, ਬਿਨਾਂ ਅੱਖਾਂ ਮਿਲਾਏ ਬੋਲਿਆ, ”ਕੋਈ ਨਾ, ਬੱਚਾ ਪਲਾਨ ਕਰਦੇ ਆਂ।”
ਮੈਨੂੰ ਹੋਰ ਚਿੜ-ਚੜ ਗਈ, ”ਬੇਵਕੂਫ਼ਾ, ਨੜਿੱਨਵੇਂ ਪ੍ਰਤੀਸ਼ਤ ਲੋਕ, ਬੱਚਾ ਪਲਾਨ-ਪਲੂਨ ਨ੍ਹੀਂ ਕਰਦੇ। ਬੱਸ ਇੱਕ ਦੂਜੇ ਦੇ ‘ਆਖੇ’ ਲੱਗਦੇ ਨੇ।
ਇਹਦੇ ਕੋਲ ਜਾਨੀ ਆ, ਕਹੂਗਾ
”ਬੀਬੀ ਜਾਗਦੀ ਆ, ਖੰਘੀ ਜਾਂਦੀ ਆ।”
”ਮੈਂ ਸੁੱਚਾ ਰਹਿਣਾ, ਸਵੇਰੇ ਸੋਮਵਾਰ ਦਾ ਵਰਤ ਆ, ਓਦਣ ਤਾਂ ਮੈਨੂੰ ਬੁਲਾਇਆ ਵੀ ਨਾ ਕਰ।”
ਮੈਨੂੰ ਇਹਦੀ ਹਰ ਗੱਲ ਪਖੰਡ ਲੱਗਦੀ ਆ। ਮੂੰਹੋਂ ਹਰ ਵੇਲੇ ‘ਰਾਧੇ-ਰਾਅਧੇ’ ਕਹਿਣ ਨਾਲ ਮਨ ਸਾਫ਼ ਨ੍ਹੀਂ ਹੋ ਜਾਂਦਾ। ਜੇ ਕੋਈ ਧਾਰਮਿਕ ਕੰਮਾਂ ਲਈ ਚੰਦਾ ਮੰਗਣ ਆ ਜਾਵੇ ਤਾਂ ਕਹੂਗਾ, ‘ਮੰਦੀ ਚੱਲਦੀ ਆ, ਮੈਂ ਤਾਂ ਨਾਸਤਿਕ ਆਂ।’
ਦੁਕਾਨ ‘ਤੇ ਬਾਣੀਆ ਆਲੀ ਮੁਸਕਾਨ ਗਾਹਕਾਂ ਨੂੰ ਪੱਟਦੀ ਆ, ਉਹ ਚਿਪਕਾਈ ਰੱਖਦਾ। ਚਮੜੀ ਜਾਏ ਪਰ ਦਮੜੀ ਨਾ ਜਾਏ, ਇਹਦਾ ਅਸੂਲ ਆ। ਗੱਲ਼ਾ ਰੁਪਈਆਂ ਨਾਲ ਭਰਿਆ ਪਿਆ ਹੋਊ, ਕਹੂਗਾ ਮੰਦੀ ਚੱਲਦੀ ਆ।
ਘਰ ਆ ਕੇ ਹੋਰ ਦਾ ਹੋਰ ਬਣ ਜਾਂਦਾ ਜਿਵੇਂ ਦੁਨੀਆ ਦੀ ਸਭ ਤੋਂ ਦੁਖੀ ਆਤਮਾ ਹੋਵੇ, ਸਾਰੀਆਂ ਚਿੰਤਾਵਾਂ ਮੇਰੇ ਸਿਰ ‘ਤੇ ਸਿੱਟ ਦਿੰਦਾ। ਮਹਿੰਗਾਈ ਵਾਂਗ ਵਧਦੇ ਢਿੱਡ ਤੇ ਹੱਥ ਫੇਰਦਾ ਉਬਾਸੀਆਂ ਲੈਂਦਾ ਕਹੇਗਾ, ”ਰਾਧੇ-ਰਾਅਧੇ, ਜੇ ਆਹੀ ਹਾਲ ਰਿਹਾ, ਇੱਕ ਦਿਨ ਦੁਕਾਨ ਦਾ ਦਿਵਾਲਾ ਨਿਕਲ ਜਾਣਾ।
– 0 –
ਉਸ ਦਿਨ ਮੈਂ ਐੱਲ.ਈ.ਡੀ. ‘ਤੇ ਰੋਮਾਂਟਿਕ ਜਿਹਾ ਗੀਤ ਸੁਣ ਰਹੀ ਸੀ, ”ਟੱਚ ਮੀ…ਟੱਚ ਮੀ ਕਿਸ ਮੀ, ਕਿਸ ਮੀ।”
ਇਹ ਦੁਕਾਨ ਤੋਂ ਆਇਆ। ਕੁਰਸੀ ‘ਤੇ ਬੈਠਣ ਤੋਂ ਪਹਿਲਾਂ ਰਿਮੋਟ ਚੱਕਿਆ। ਜਦੋਂ ਇਹਦੇ ਲਈ ਰੋਟੀ ਲੈ ਕੇ ਆਈ, ‘ਆਸਥਾ’ ਚੈਨਲ ਚੱਲ ਰਿਹਾ ਸੀ।
ਮੈਂ ਨਹਾਉਣ ਲੱਗੀ, ਜਾਣ ਬੁੱਝ ਕੇ ਬਾਥਰੂਮ ਦਾ ਬੂਹਾ ਖੁੱਲ੍ਹਾ ਛੱਡ ਲਿਆ। ਹਾਏ ਰੱਬਾ! ਇਹ ਪੱਥਰ। ਹਾਰ ਕੇ ਕਿਹਾ, ”ਮੈਂ ਕਿਹਾ ਸੁਣਦੇ ਓ, ਤੌਲੀਆ ਫੜਾਇਓ।” ਉਹ ਓਵੇਂ ਰੋਟੀ ਖਾਂਦਾ ਪ੍ਰਵਚਨ ਸੁਣਦਾ ਰਿਹਾ। ਮੈਂ ਉਹਦੇ ਅੱਗਿਓਂ ਲੰਘ ਕੇ ਤੌਲੀਆ ਲੈ ਆਈ, ਪੱਥਰ ‘ਤੇ ਬੂੰਦ ਪਈ ਨਾ ਪਈ।
ਮੈਂ ਵੀ ਟਲੀ ਨਹੀਂ ਦੁਕਾਨ ‘ਤੇ ਜਾਣ ਲੱਗੇ ਨੂੰ ਕਿਹਾ, ”ਮੈਂ ਕਿਹਾ ਸੁਣਦੇ ਓ ਜੀ, ਆਹ ਬਰਾ ਦੀ ਹੁੱਕ ਲਾਇਓ।”
”ਰਾਧੇ-ਰਾਅਧੇ, ਤੈਨੂੰ ਇਹਨਾਂ ਗੱਲਾਂ ਤੋਂ ਬਿਨਾਂ ਕੋਈ ਕੰਮ ਨ੍ਹੀਂ? ਦੁਕਾਨ ਸੁੰਨੀ ਆ। ਅਖੇ ਜਾਂ ਆਪ ਨ੍ਹੀਂ, ਜਾਂ ਗਾਹਕ ਨ੍ਹੀਂ।”
”ਇਹਦੀ ਹੁੱਕ ਖਰਾਬ ਆ, ਨਵੀਂ ਲਿਆ ਦਿਓ।” ਮੈਂ ਖਿਝ ਕੇ ਕਿਹਾ।
”ਸੰਜਮ ਨਾਲ ਚੱਲਿਆ ਕਰ, ਵੱਡੇ ‘ਮਾਲ’ ਖੁੱਲ੍ਹਗੇ। ਛੋਟੀਆਂ ਦੁਕਾਨਾਂ ਨੂੰ ਖਾ-ਗੇ। ਮੰਦੀ…।” ਉਹ ਉਬਾਸੀ ਲੈਂਦਾ ‘ਹਰੀ ਓਮ’ ਕਹਿੰਦਾ ਦੁਕਾਨ ਵੱਲ ਤੁਰ ਪਿਆ।
”ਨਾਲੇ ਗਾਹਕਾਂ ਦੀ ਛਿੱਲ ਲਾਹੁੰਨੇ ਓ, ਨਾਲੇ ਮੰਦੀ-ਮੰਦੀ ਰੋਈ ਜਾਨੇ ਓਂ।”
”ਰਾਧੇ-ਰਾਅਧੇ, ਗਊ ਦੀ ਸਹੁੰ, ਬਸ ਬਦਨਾਮ ਆਂ। ਕੇਰਾਂ ਕੋਈ ਗਾਹਕ ਰੁਪਈਏ ਦੀਆਂ ਪਕੌੜੀਆਂ ਦੁਕਾਨ ਤੋਂ ਪਵਾ ਕੇ ਸੜਕ ‘ਤੇ ਤੁਰਿਆ ਜਾਵੇ। ਪਕੌੜੀਆਂ ਖਾਂਦੇ ਦੇ ਲਿਫਾਫੇ ਵਿੱਚੋਂ ਉਹਦਾ ਰੁਪਈਆ ਵੀ ਨਿਕਲ ਆਇਆ। ਉਹ ਕਹਿੰਦਾ, ”ਬਾਣੀਆ ਜਾਤ ਆ, ਆਖ਼ਿਰ ਨੂੰ ਕੁਛ ਨਾ ਕੁਛ ਬਚਾਇਆ ਈ ਹੋਊ।”… ਬਸ ਬਦਨਾਮ ਆ। ਕਾਰਪੋਰੇਟ ਆਲਿਆਂ ‘ਚ ਵੱਡੇ ਮਾਲ ਛੋਟੀਆਂ ਦੁਕਾਨਾਂ ਨੂੰ ਖਾਈ ਜਾਂਦੀਆਂ।”
ਬ੍ਰਿਜ ‘ਤੇ ਗੁੱਸਾ ਤਾਂ ਬਹੁਤ ਆਉਂਦਾ। ਜੀਅ ਕਰਦਾ ਇਹਨੂੰ ਅਜਿਹੀ ਸਜ਼ਾ ਦੇਵਾਂ ਜਿਹੜਾ ਯਾਦ ਰੱਖੇ। ਮੇਰੀ ਸੱਸ ਪੈਰਾਂ ਦੀ ਚਲਾਕ ਤੀਮੀ ਆ। ਹਰ ਵੇਲੇ ਆਫਤ ਲਿਆਈ ਰੱਖਦੀ। ਇੱਕ ਕੰਮ ਕਰੋ ਦੂਜਾ ਝੱਟ ਗਿਣਾ ਦਿੰਦੀ। ਮੈਂ ਉਹਦੇ, ਬੇਟੀ ਮਹਿਕ ਤੇ ਬ੍ਰਿਜ ਦੇ ਧੰਦੇ ਸਮਾਰਦੀ ਏਨਾ ਥੱਕ ਜਾਂਦੀ, ਆਪਣੇ ਬਾਰੇ ਸੋਚਣ ਦਾ ਮੌਕਾ ਹੀ ਨਾ ਮਿਲਦਾ, ਜਿਹਨੂੰ ‘ਕੰਮਵਾਲੀ’ ਨੂੰ ਕੰਮ ‘ਤੇ ਰੱਖਦੀ ਬ੍ਰਿਜ ਉਹਦੇ ਕੰਮਾਂ ‘ਚ ਨਿਘੋਚਾਂ ਕੱਢਦਾ, ਹਟਾ ਕੇ ਦਮ ਲੈਂਦਾ। ‘ਕੰਮ ਵਾਲਾ’ ਰੱਖ ਲੈਂਦਾ। ਉਹਦੇ ਨਾਲ ਪਤਾ ਨ੍ਹੀਂ ਕੀ-ਕੀ ਗੱਲਾਂ ਕਰਦਾ ਰਹਿੰਦਾ।
ਸੱਤ ਸਾਲ ਹੋ ਗਏ ਵਿਆਹ ਨੂੰ, ਪਿਛਲੇ ਕੁਝ ਸਮੇਂ ਤੋਂ ਤਾਂ ਪਤਾ ਨਹੀਂ ਕੀ ਹੋ ਗਿਆ। ਗੱਲ ਵਸੋਂ ਬਾਹਰੀ ਹੋਈ ਪਈ ਆ। ਮੇਰਾ ਮਨ ਇਹ ਇਜਾਜ਼ਤ ਨਹੀਂ ਦਿੰਦਾ ਕਿਸੇ ਹੋਰ ਨਾਲ ਸੰਬੰਧ ਬਣਾ ਲਵਾਂ। ਸੰਦੀਪ ਨਾਲ ਵੀ ਨਹੀਂ। ਉਹਦੇ ਨਾਲ ਤਾਂ ਮੇਰਾ ਰੂਹ ਦਾ ਰਿਸ਼ਤਾ। ਉਦੋਂ ਦੀ ਗੱਲ ਆ ਜਦੋਂ ਕਾਲਜ ਪੜ੍ਹਦੀ ਸੀ। ਉਹ ਮੇਰੇ ‘ਤੇ ਜਾਨ ਛਿੜਕਦਾ। ਆਖਦਾ, ”ਮੋਤੀ ਪੁੰਨ ਕਰੇ ਹੋਣਗੇ, ਜੀਹਨੂੰ ਤੂੰ ਮਿਲੇਂਗੀ। ਤੂੰ ਅੱਗੇ ਬੈਠੀ ਰਹੇ, ਬੰਦਾ ਸਾਰੀ ਉਮਰ ਤੈਨੂੰ ਦੇਖਦਾ ਰਹੇ। ਤੂੰ ਕੋਹ-ਕਾਫ ਦੀ ਹੂਰ ਏ… ਹੂਰ।”
ਉਹਨੂੰ ਹੂਰ ਲੱਗਦੀ. ਬ੍ਰਿਜ ਨੂੰ ਤੀਮੀ ਵੀ ਨਾ ਲੱਗਦੀ। ਮੈਨੂੰ ਦੇਖ ਉਬਾਸੀਆਂ ਲੈਣ ਲੱਗਦਾ।
ਮੈਂ ਸੰਦੀਪ ਨੂੰ ਜਾਣੀ-ਜਾਣ ਆਖਦੀ, ਮੇਰੇ ਦਿਲ ਦੀ ਝੱਟ ਬੁੱਝ ਲੈਂਦਾ, ਆਖਦਾ, ”ਹੁਣ ਤੇਰਾ ਦਿਲ ਕਰਦਾ ਮੈਂ ਤੈਨੂੰ ਚੁੰਮ ਲਵਾਂ, ਹੈ ਨਾ?… ਹੈ ਨਾ?”
”ਤੈਨੂੰ ਮੇਰੇ ਮਨ ਦੀ ਕਿਵੇਂ ਪਤਾ ਲੱਗ ਜਾਂਦੀ ਆ?”
”ਤੇਰੇ ਸਰੀਰ ‘ਚੋਂ ਮਹਿਕ ਜਿਹੀ ਆਉਣ ਲੱਗਦੀ ਆ। ਜਿਵੇਂ ਗੁਲਾਬ ਦੀ ਧੂਫ ਧੁਖਦੀ ਹੋਵੇ। ਤੂੰ ਜਾਣਦੀ ਆ ਧੂਫ਼ ਜੇ ਪੱਥਰਾਂ ਅੱਗੇ ਧੁਖਾ ਕੇ ਰੱਖ ਦੇਈਏ, ਦੇਵੀ-ਦੇਵਤੇ ਪ੍ਰਗਟ ਹੋ ਜਾਂਦੇ ਨੇ।” …ਲੈ ਹੁਣ ਤੇਰੇ ਲਈ ਗੀਤ ਜੋੜਿਆ, ਉਹਦੀਆਂ ਲਾਇਨਾਂ ਸੁਣ, ‘ਚੰਦ ਵਰਗੀਏ ਸੋਹਣੀਏ ਨੀ, ਦਿਲ ਕਰਦਾ ਤੈਨੂੰ ਅਰਘ ਚੜ੍ਹਾਈ ਜਾਵਾਂ।’ ਉਹ ਲਟਬੌਰਾ ਹੋ ਕੇ ਸ਼ਾਇਰੀ ਕਰਨ ਲੱਗਦਾ।
ਬ੍ਰਿਜ ਨੂੰ ਕੀ ਪਤਾ ਔਰਤ ਦੇ ਸਰੀਰ ‘ਚ ਇੱਕ ਮਹਿਕ ਆਉਂਦੀ ਆ, ਜਿਵੇਂ ਮੀਂਹ ਦੀਆਂ ਪਹਿਲੀਆਂ ਕਣੀਆਂ ਪੈਣ ਨਾਲ ਧਰਤੀ ‘ਚੋਂ ਆਉਂਦੀ ਆ। ਉਹਦਾ ਮਤਲਬ ਏਨਾ ਹੁੰਦਾ, ਐ ਬੱਦਲ ਵਰ੍ਹ, ਏਨਾ ਵਰ੍ਹ ਹੜ੍ਹ ਲਿਆਦੇ।
ਜੇ ਸੰਦੀਪ ਨਾਲ ਵਿਆਹ ਹੋ ਜਾਂਦਾ, ਜ਼ਿੰਦਗੀ ਹੋਰ ਹੋਣੀ ਸੀ।
ਸਾਡੇ ਸੰਬੰਧ ਬਾਰੇ ਸੰਦੀਪ ਦੇ ਘਰ ਪਤਾ ਲੱਗ ਗਿਆ। ਉਹਦੀ ਬਦਦਿਮਾਗ ਮਾਂ ਸਾਡੇ ਘਰ ਆ ਕੇ ਬਹੁਤ ਲੜੀ। ਉਹਤੋਂ ਬਾਅਦ ਅਸੀਂ ਕਦੇ ਨਹੀਂ ਮਿਲੇ।
ਬ੍ਰਿਜ ਦੀ ਦੱਸ ਸਾਡੇ ਰਿਸ਼ਤੇਦਾਰ ਨੇ ਪਾਈ ਸੀ, ਸਿਫ਼ਤਾਂ ਕਰਦਾ ਰਹਿੰਦਾ, ”ਮੁੰਡਾ ਦੁਕਾਨ ਸਾਂਭਦਾ, ਇਲਾਕੇ ਦੀ ਮਸ਼ਹੂਰ ਦੁਕਾਨ ਆ। ਨਸ਼ੇ ਪੱਤੇ ਤੋਂ ਰਹਿਤ ਆ। ਸਭ ਤੋਂ ਵਧੀਆ ਗੱਲ ਧਾਰਮਿਕ ਆ…।”
ਇਹੋ ਜਿਹਾ ਮੁੰਡਾ ਸਾਡੇ ਪਰਿਵਾਰ ਨੂੰ ਚਾਹੀਦਾ ਸੀ। ਸੰਦੀਪ ਦੀ ਮੰਮੀ ਦੇ ਤਾਅਨੇ ਸੁਣਕੇ ਉਹ ਡਰੇ ਹੋਏ ਵੀ ਸੀ। ਕਿਤੇ ਮੂੰਹ ਕਾਲ਼ਾ ਕਰਕੇ ਉਹਦੇ ਨਾਲ ਨਾ ਨਿਕਲ-ਜਾਂ।
ਮੈਨੂੰ ਧਾਰਮਿਕ, ਨਸ਼ੇ ਤੋਂ ਰਹਿਤ, ਕਾਰੋਬਾਰੀ ਨੇ ਦੁਖੀ ਕਰਿਆ ਪਿਆ।
ਕਈ ਵਾਰ ਸੋਚਦੀ ਆਂ, ਬ੍ਰਿਜ ਨੂੰ ਕਿਤੇ ਮੇਰੇ ਤੇ ਸੰਦੀਪ ਦੇ ਸੰਬੰਧਾਂ ਦਾ ਪਤਾ ਤਾਂ ਨ੍ਹੀਂ ਲੱਗ ਗਿਆ। ਜਿਹੜਾ ਐਂ ਕਰਨ ਲੱਗ ਗਿਆ।
ਮੈਥੋਂ ਕਈ ਵਾਰ ਉਹਦੀ ਈਗੋ ਹਰਟ ਵੀ ਹੋਗੀ ਸ਼ਾਇਦ। ਇਕ ਰਾਤ ਉਹ ਸਾਹੋ-ਸਾਹ ਹੋਇਆ, ਹਮੇਸ਼ਾ ਵਾਂਗ ਪਰ੍ਹਾਂ ਨੂੰ ਹੋ ਕੇ, ਪਿੱਠ ਕਰਕੇ ਪੈ ਗਿਆ। ਮੈਥੋਂ ਲਟ-ਲਟ ਬਲ਼ਦੀ ਤੋਂ ਕਹਿ ਹੋ ਗਿਆ, ”ਹੁਣ ਥੋਡੀਆਂ ਗੱਲਾਂ ‘ਚ ਉਹ ਦਮ ਨ੍ਹੀਂ।”
ਉਹ ਜਿਵੇਂ ਬਰਫ਼ ਦੀ ਸਿੱਲ ਹੋ ਗਿਆ ਸੀ। ਫਿਰ ਉਹਦਾ ਮੂੰਹ ਗੁੱਸੇ ‘ਚ ਲਾਲ ਹੋ ਗਿਆ, ”ਸਾਲੀਏ ਤੇਰਾ ਈ ਕੜ੍ਹ ਪਾਟ ਗਿਆ।”
”ਗਾਲ੍ਹਾਂ ਕੱਢਣ ਨਾਲੋਂ ਤੁਸੀਂ ਡਾਕਟਰ ਨੂੰ ਦਿਖਾਵੋ।” ਮੈਥੋਂ ਕਿਹਾ ਗਿਆ। ਉਹ ਮਾਵਾਂ-ਭੈਣਾਂ ਦੀਆਂ ਗਾਲ੍ਹਾਂ ਕੱਢਣ ਲੱਗਿਆ। ਮੁੜ ਕਦੇ ਮੈਨੂੰ ਹੱਥ ਵੀ ਨਹੀਂ ਲਾਇਆ।
– 0 –
ਇੱਕ ਰਾਤ ਬ੍ਰਿਜ ਸੁੱਤਾ ਪਿਆ। ਮੈਂ ਇਹਦਾ ਮੁਬਾਇਲ ਚੱਕ ਲਿਆ। ਫੋਲਾ-ਫਾਲੀ ਕਰਨ ਲੱਗੀ। ਮੇਰੇ ਖਾਨਿਓਂ ਗਈ, ਇਹ ਤਾਂ ਸੋਚਿਆ ਈ ਨਹੀਂ ਸੀ। ਮੈਨੂੰ ਮੇਰੀ ਸੌਂਕਣ ਦਾ ਨੰਬਰ ਮਿਲ ਗਿਆ। ਉਸ ਨੰਬਰ ‘ਤੇ ਕਿਸੇ ਦਾ ਨਾਮ ਨਹੀਂ ਸੀ। ਕਮਜ਼ਾਤ ਨਾਲ ਬਹੁਤ ਘਟੀਆ ਜਿਹੀ ਚੈਟ ਸੀ।
-‘ਹਾਏ ਡੀਅਰ।’ ਉਹਨੇ ਲਿਖਿਆ ਸੀ। ਇਹਨੇ ਵੀ ਦਿਲ ਜਿਹਾ ਭੇਜ ਕੇ ‘ਡੀਅਰ’ ਲਿਖਿਆ ਸੀ। ”ਮਿਲ ਮੈਨੂੰ।” ਹੋਰ ਬਥੇਰਾ ਕੁਝ ਲਿਖਿਆ ਜਿਹੜਾ ਬੰਦਾ ਲਿਖਦਾ ਸੰਗ ਜਾਂਦਾ। ਇਸ ਤਰ੍ਹਾਂ ਦੀਆਂ ਰੁਮਾਂਟਿਕ ਗੱਲਾਂ ਇਹ ਮੇਰੇ ਨਾਲ ਕਿਉਂ ਨਹੀਂ ਕਰਦਾ। ਇਹਨਾਂ ਕਰਤੂਤਾਂ ਦਾ ਮਾਲਕ ਹੋਣ ਕਰਕੇ ਮੇਰੇ ਵੱਲ ਮੂੰਹ ਨ੍ਹੀਂ ਕਰਦਾ। ਇਹ ਸੌਂਕਣ ਨੇ ਮੇਰਾ ਘਰ ਤਬਾਹ ਕਰ ਦਿੱਤਾ। ਮੈਂ ਬ੍ਰਿਜ ਨਾਲ ਮਹਾਭਾਰਤ ਛੇੜ ਲਈ। ਉਹ ਸੌਂਹਾਂ ਖਾਈ ਜਾਵੇ, ”ਦੇਵੀ ਦੀ ਸਹੁੰ, ਬੇਟੀ ਮਹਿਕ ਦੀ ਸਹੁੰ, ਕਿਸੇ ਨਾਲ ਕੋਈ ਚੱਕਰ ਨ੍ਹੀਂ। ਇਹ ਤਾਂ ਮੁੰਡੇ ਦਾ ਨੰਬਰ ਆ। ਅਸੀਂ ਐਵੇਂ ਭਕਾਈ ਮਾਰਦੇ ਸੀ।”
”ਘਰੇ ਤਾਂ ਕਹਿਨੈਂ ਦੁਕਾਨ ਤੋਂ ਵਿਹਲ ਨ੍ਹੀਂ। ਉੱਥੇ ਜਾ ਕੇ ਭਕਾਈ ਮਾਰਨ ਦਾ ਟਾਇਮ ਨਿਕਲ ਆਉਂਦਾ?”
ਉਹਦੇ ਗਏ ਤੇ ਮੈਂ ‘ਸੌਂਕਣ’ ਦਾ ਨੰਬਰ ਮਿਲਾਇਆ। ਅੱਗਿਓਂ ਸੱਚਮੁੱਚ ਮੁੰਡਾ ਬੋਲੇ। ਉਹ ਸਫ਼ਾਈਆਂ ਦੇਈ ਜਾਵੇ। ਮੈਂ ਕਹਾਂ ਉਹ ਕਮਜ਼ਾਤ ਨਾਲ ਗੱਲ ਕਰਾਂ ਜੀਹਦਾ ਨੰਬਰ ਆ। ਫਿਰ ਮੇਰੇ ਮਾਮਲਾ ਸਮਝ ਆਇਆ ਉਸ ਮੁੰਡੇ ਦੀਆਂ ਗੱਲਾਂ ਤੇ ਬੋਲਣ ਦੇ ਢੰਗ ਤੋਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ।… ਕਿਤੇ ਬ੍ਰਿਜ ਗੇਅ ਤਾਂ ਨਨ੍ਹੀਂ?… ਸ਼ਾਇਦ ਤਾਂ ਹੀ ਮੇਰੇ ਨਾਲ ਐਂ ਕਰਦਾ। ਹਮੇਸ਼ਾ ਬੰਦਿਆਂ ਨਾਲ ਏ ਗੱਲ ਕਰਕੇ ਰਾਜ਼ੀ ਆ।
– 0 –
ਰਾਤ ਤੜਫਦਿਆਂ ਲੰਘ ਗਈ। ਸਵੇਰੇ ਜਿਹੇ ਨੀਂਦ ਨੇ ਘੇਰ ਲਿਆ, ਜਦ ਜਾਗ ਆਈ ਬ੍ਰਿਜ ਕੋਠੀ ‘ਚ ਬਣਾਏ ਪੂਜਾ ਘਰ ਵਿੱਚ ਸੀ। ਉਹਨੇ ਪਿਛਲੇ ਦੋ ਸਾਲਾਂ ਤੋਂ ਪੂਜਾ ਘਰ ‘ਚ ਧੂਫ ਨਹੀਂ ਧੁਖਾਈ। ਪੂਜਾ ਕਰਦਾ, ਗੜਵੇ ‘ਚੋਂ ਜਲ ਦਾ ਛਿੱਟਾ ਦਿੰਦਾ, ਫਿਰ ਦੁਕਾਨ ‘ਤੇ ਛਿੱਟਾ ਦੇ ਕੇ ਆਉਂਦਾ। ਉਹਦੇ ਧਰਮ-ਕਰਮ ਦੇ ਕੰਮਾਂ ਨੂੰ ਦੇਖ ਕੇ ਮਨ ‘ਚ ਆਉਂਦਾ, ‘ਜੇ ਕੁੱਤਾ ਚੁਬਾਰੇ ਚੜ੍ਹ-ਜੇ, ਕੁੱਤਾ ਈ ਰਹਿੰਦਾ।
ਪੂਜਾ ਕਰਕੇ ਨਿਕਲਿਆ, ਮੈਂ ਪੁੱਛਿਆ, ”ਹੁਣ ਧੂਫ ਨ੍ਹੀਂ ਧੁਖਾਉਂਦੇ, ਦੇਵੀ ਮਾਂ ਨਰਾਜ ਨ੍ਹੀਂ ਹੁੰਦੀ? ਘਰੇ ਧੂਫ ਦੀਆਂ ਕਈ ਡੱਬੀਆਂ ਬਚੀਆਂ ਪਈਆਂ ਖਰਾਬ ਹੁੰਦੀਆਂ।”
”ਰਾਧੇ-ਰਾਅਧੇ ਕਿਉਂ ਨਰਾਜ਼ ਹੋਊ ਦੇਵੀ ਮਾਂ। ਪਤੈ ਧੂਫ ਦਾ ਧੂੰਆਂ ਸਿਗਰਟ ਦੇ ਧੂੰਏਂ ਨਾਲੋਂ ਵੀ ਮਾੜਾ। ਕੈਂਸਰ ਕਰਦਾ। ਜਲ ਛਿੜਕਣ ਨਾਲ ਠੰਢ ਵਰਤਦੀ ਆ। ਬਰਕਤਾਂ ਆਉਂਦੀਆਂ ਨੇ।” ਉਹ ਉਬਾਸੀਆਂ ਲੈਂਦਾ ‘ਹਰੀ ਓਮ’ ਕਹਿੰਦਾ ਜਲ ਦਾ ਗੜਵਾ ਲੈ ਕੇ ਦੁਕਾਨ ਵੱਲ ਚਲਿਆ ਗਿਆ। ਉਹਦਾ ਧੁਆਖਿਆਂ ਮੂੰਹ ਜਿਵੇਂ ਫਿਊਜ ਬੱਲਬ ਹੋਵੇ। ਮੂੰਹ ‘ਤੇ ਤਾਂ ਬਰਕਤ ਆਈ ਨ੍ਹੀਂ।  ਬਰਕਤਾਂ ਸਿਰਫ ਪੈਸੇ ਦੀਆਂ ਨਹੀਂ ਹੁੰਦੀਆਂ।
ਪਤੀ ਭਾਵ ਜਿਹਾ ਮਨ ‘ਚੋਂ ਮੁੱਕਦਾ-ਮੁੱਕਦਾ ਮੁੱਕ ਗਿਆ।
ਮੈਨੂੰ ਆਪਣੇ ਆਪ ‘ਤੇ ਘਿਣ ਆਉਂਦੀ ਆ। ਮੈਂ ਉਸ ਆਦਮੀ ਨਾਲ ‘ਸੌਣ’ ਨੂੰ ਫਿਰਦੀ ਆ ਜਿਹਨੂੰ ਮੇਰੀ ਕਦਰ ਈ ਨ੍ਹੀਂ। ਕਦੇ ਸੋਚਣ ਲੱਗਦੀ, ਕੋਈ ਮੁੰਡਾ ਤਾਂ ਰੱਬ ਨੇ ਮੇਰੇ ਲਈ ਬਣਾਇਆ ਈ ਹੋਣਾ। ਜਦੋਂ ਘਰੇ ਇਕੱਲੀ ਹੁੰਦੀ, ਕੱਪੜੇ ਸੁੱਕਣੇ ਪਾਉਣ ਬਹਾਨੇ ਉੱਪਰਲੀ ਛੱਤ ‘ਤੇ ਚਲੀ ਜਾਂਦੀ। ਕਮਲਿਆਂ ਵਾਂਗ ਆਲ਼ਾ ਦੁਆਲ਼ਾ ਦੇਖਦੀ, ਸ਼ਾਇਦ ਮੇਰਾ ਕੋਈ ਹਾਣੀ, ਐਸ ਦਿਸ਼ਾ ‘ਚ ਹੋਵੇ, ਉਸ ਦਿਸ਼ਾ ‘ਚ ਹੋਵੇ। ਜਦੋਂ ਕਦੇ ਸੋਹਣਾ ਜਿਹਾ ਮੁੰਡਾ ਦੇਖਦੀ ਮਨ ‘ਚ ਆਉਂਦਾ, ਏਕਣ ਦਾ ਹੋਵੇ, ਜੋ ਮੈਨੂੰ ਪਿਆਰ ਦੇਵੇ। ਮੈਂ ਜਿਹੜੇ ਪਿਆਰ ਨਾਲ ਭਰੀ ਪਈ ਆ, ਸਾਰਾ ਪਿਆਰ ਉਹਤੋਂ ਵਾਰ ਦੇਵਾਂ।
ਮੈਂ ਛੱਤ ਤੋਂ ਉੱਤਰ ਆਈ।
ਮੇਰੇ ਅੰਦਰਲਾ ਪਿਆਰ ਡੱਕਿਆ, ਡੱਕ ਨਾ ਹੋਵੇ। ਦੋ ਗੁੱਤਾਂ ਕਰ ਲਈਆਂ, ਅੱਖਾਂ ‘ਚ ਕੱਜਲ ਪਾਇਆ। ਸ਼ੀਸ਼ੇ ਅੱਗੇ ਖੜ੍ਹ ਕੇ ਆਪਣੇ ਅੰਗਾਂ ਨੂੰ ਚੁੰਮੀ ਜਾਵਾਂ। ਸੱਸ ਨੇ ਦਰਾਂ ਵਿੱਚ ਕਨੱਖੀ ਜਿਹੀ ਅੱਖ ਨਾਲ ਮੈਨੂੰ ਦੇਖ ਲਿਆ, ”ਦੇਖ ਤਾਂ ਕੀ ਚੱਜ ਕਰਦੀ ਆ, ਨੀ ਢਾਈ ਦਿਨ ਭੇਡ ‘ਤੇ ਵੀ ਆਉਂਦੀ ਆ, ਨੀ ਅੱਗ ਲੱਗੀ ਆਲੀਏ, ਕੋਈ ਨਵਾਂ ਚੰਦ ਚਾੜ੍ਹੇਂਗੀ।” ਉਹ ਗੁੱਸੇ ‘ਚ ਭੜਕੀ।
ਮੈਂ ਮੁਬਾਇਲ ਚੱਕਿਆ। ਫੇਸਬੁੱਕ ਖੋਲ੍ਹੀ। ਸੰਦੀਪ ਦੀ ਆਈ.ਡੀ. ਲੱਭਣ ਲੱਗੀ।
– 0 –