November 3, 2024

ਕਹਾਣੀ : ਕਤਲ / ਬਿੰਦਰ ਬਸਰਾ

ਕਹਾਣੀ : ਕਤਲ

ਲੇਖਕ : ਬਿੰਦਰ ਬਸਰਾ

 

ਘਰ ਪਹੁੰਚ ਮੇਰੀ ਗੱਲ ਸੁਣਦਿਆਂ ਹੀ ਆਰਤੀ ਦਾ ਹਾਸਾ ਡੁੱਲ੍ਹ ਪਿਆ। ਉਹ ਕਿੰਨਾ ਚਿਰ ਹੱਸਦੀ ਰਹੀ। ਰੋਕਣ ‘ਤੇ ਵੀ ਉਸ ਦਾ ਹਾਸਾ ਕਿਰਦਾ ਜਾ ਰਿਹਾ ਸੀ। ਟਰੇਅ ‘ਚ ਪਾਣੀ ਦਾ ਗਲਾਸ ਟਿਕਾਈ ਆਉਂਦੀ ਨੇ ਉਸ ਕਿਹਾ :
‘ਸ਼ਰਾਰਤਾਂ ਛੱਡੀਆਂ ਨੀਂ ਅਜੇ।’ ਗਲਾਸ ਫੜੀ ਮੈਂ ਉਹਦੇ ਵੱਲ ਦੇਖਦਾ ਰਿਹਾ। ‘ਆਈ’ ਕਹਿ ਕੇ ਉਹ ਮੈਨੂੰ ਕਮਰੇ ‘ਚ ਇਕੱਲਾ ਛੱਡ ਰਸੋਈ ‘ਚ ਜਾ ਵੜੀ। ਉਹਦੇ ਹਾਸੇ ਦੀ ਫੁਹਾਰ ਨਾਲ ਮੇਰੇ ਮਨ ‘ਚ ਪਲੇ ਸਾਰੇ ਗਿਲੇ ਸ਼ਿਕਵੇ ਧੋਤੇ ਗਏ। ਰਸੋਈ ਦੇ ਬੂਹੇ ਤਕ ਮੇਰੀਆਂ ਨਜ਼ਰਾਂ ਉਹਦਾ ਪਿੱਛਾ ਕਰਦੀਆਂ ਰਹੀਆਂ। ਉਹ ਅੱਖੋਂ ਓਹਲੇ ਹੋਈ ਤਾਂ ਮੈਂ ਪਾਣੀ ਦਾ ਘੁੱਟ ਭਰਿਆ।
ਆਰਤੀ ਨਾਲ ਅੱਜ ਦੀ ਮਿਲਣੀ ਕੋਈ ਸੋਚੀ ਸਮਝੀ ਨਹੀਂ ਸੀ। ਦਫ਼ਤਰ ਜਾਂਦਿਆਂ ਅਚਾਨਕ ਰਾਹ ‘ਚ ਆਮਣਾ-ਸਾਹਮਣਾ ਹੋ ਗਿਆ ਸੀ। ਭਾਵੇਂ ਮੈਂ ਪਿੰਡ ਰਹਿੰਦਾ ਪਰ ਇਕੋ ਸ਼ਹਿਰ ‘ਚ ਨੌਕਰੀ ਕਰਦੇ ਹੋਣ ਕਾਰਨ ਏਦਾਂ ਮਿਲਣਾ ਮਾਮੂਲੀ ਗੱਲ ਸੀ। ਪਰ ਸਾਡੇ ਨਾਲ ਕਦੇ ਏਦਾਂ ਹੋਇਆ ਨਹੀਂ ਸੀ। ਜਿੱਧਰ ਮੇਰਾ ਨਵਾਂ ਦਫ਼ਤਰ ਸੀ ਉਨ੍ਹਾਂ ਦਾ ਘਰ ਉਸ ਤੋਂ ਉਲਟ ਸ਼ਹਿਰ ਦੇ ਦੂਜੇ ਪਾਸੇ ਸੀ। ਪਤਾ ਸੀ ਉਹ ਏਸੇ ਸ਼ਹਿਰ ਹੈ ਫਿਰ ਵੀ ਮਿਲਣ ਲਈ ਮੈਂ ਕਦੇ ਉਚੇਚ ਨਹੀਂ ਸੀ ਕੀਤਾ। ਹੋ ਸਕਦਾ ਆਰਤੀ ਨੇ ਵੀ ਕਦੇ ਨਾ ਸੋਚਿਆ ਹੋਵੇ


ਅੱਜ ਸਬੱਬੀਂ ਮਿਲਣ ‘ਤੇ ਉਹ ਆਪਣੇ ਘਰ ਲਿਜਾਣ ਲਈ ਜ਼ਿੱਦ ਫੜ ਬੈਠੀ ਸੀ। ਮੈਂ ਵੀ ਨਾਂਹ ਨਾ ਕਰ ਸਕਿਆ। ਕਈ ਲੋਕ ਅਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਤੁਸੀਂ ਚਾਹੁੰਦਿਆਂ ਵੀ ਨਾਂਹ ਨਹੀਂ ਕਰ ਸਕਦੇ। ਉਹ ਗੱਲ ਹੀ ਇਸ ਢੰਗ ਨਾਲ ਕਰਦੇ ਹਨ ਕਿ ਤੁਸੀਂ ਹਰ ਹਾਲਤ ‘ਚ ਜਾਣਾ ਲਈ ਤਿਆਰ ਹੋ ਜਾਂਦੇ ਹੋ। ਆਰਤੀ ਵੀ ਮੇਰੇ ਲਈ ਉਨ੍ਹਾਂ ‘ਚੋਂ ਇਕ ਹੈ। ਕਿਰਾਏ ਦਾ ਮਕਾਨ ਛੱਡ ਉਨ੍ਹਾਂ ਨਵੀਂ ਬਣੀ ਟਾਵਰ ਕਾਲੋਨੀ ਨੇੜੇ ਆਪਣਾ ਘਰ ਬਣਾ ਲਿਆ ਸੀ। ਜਦੋਂ ਇਕੋ ਦਫ਼ਤਰ ‘ਚ ਇਕੱਠੇ ਹੁੰਦੇ ਸਾਂ ਉਹ ਅਕਸਰ ਆਖਦੀ ਤੇਰਾ ਚਾਹ ਦਾ ਉਲਾਂਭਾ ਆਪਣੇ ਅਸਲੀ ਘਰੇ ਲਾਹਵਾਂਗੀ। ਇਹ ਉਲਾਂਭੇ ਦਾ ਰਾਜ਼ ਸਾਡੇ ਦੋਹਾਂ ਵਿਚਾਲੇ ਕਈ ਚਿਰਾਂ ਦਾ ਸਾਂਝਾ ਹੈ।
ਆਰਤੀ ਨੇ ਨਵੇਂ ਘਰ ‘ਚ ਪ੍ਰਵੇਸ਼ ਕਦੋਂ ਕੀਤਾ ਕੋਈ ਖ਼ਬਰ ਨਾ ਮਿਲੀ। ਪੁਰਾਣੇ ਦਫ਼ਤਰ ਦੇ ਸੇਵਾਦਾਰ ਤੋਂ ਇਹ ਖ਼ਬਰ ਇਕ ਦਿਨ ਅਚਾਨਕ ਮਿਲੀ। ਬਾਜ਼ਾਰ ‘ਚੋਂ ਲੰਘਦਿਆਂ ਉਹ ਮਿਲ ਪਿਆ ਤੇ ਉਸ ਨੇ ਇਹ ਸਭ ਦੱਸਿਆ। ਸੁਣ ਕੇ ਥੋੜ੍ਹਾ ਅਜੀਬ ਜਿਹਾ ਵੀ ਲੱਗਾ ਸੀ। ਪਰ ਸੁਣ ਕੇ ਚੁੱਪ ਰਿਹਾ। ਮਨ ਹੀ ਮਨ ਆਰਤੀ ਦੀ ਆਖੀ ਗੱਲ ਯਾਦ ਆਉਂਦੀ।
ਤਨਖਾਹ ਮਿਲਣ ਦੇ ਦਿਨੀਂ ਪ੍ਰਕਾਸ਼ਨ ਹਾਉੂਸ ਦਾ ਮਾਹੌਲ ਅਜੀਬ ਖਿੱਚੋਤਾਣ ਵਾਲਾ ਹੋ ਜਾਂਦਾ। ਮਾਲਕ ਐਵੇਂ ਰੋਣਾ ਸ਼ੁਰੂ ਕਰ ਦਿੰਦੇ। ਅਖੇ ਪ੍ਰਿੰਟਿੰਗ ਦਾ ਕੰਮ ਹੁਣ ਬਹੁਤ ਸਖ਼ਤ ਮੁਕਾਬਲੇ ਵਾਲਾ ਹੋ ਗਿਆ। ਪਹਿਲਾਂ ਗਿਣਤੀ ਦੇ ਪਬਲਿਸ਼ਰਜ਼ ਹੁੰਦੇ ਸਨ ਹੁਣ ਤਾਂ ਇਹ ਕੰਮ ਕਰਨ ਵਾਲੇ ਬਹੁਤ ਹੋ ਗਏ। ਪੰਜਾਬ ਨਾਲੋਂ ਦਿੱਲੀ ‘ਚ ਇਹੀ ਕੰਮ ਸਸਤਾ ਪੈਂਦਾ। ਸਾਰੇ ਗਾਹਕ ਉੱਧਰ ਭੱਜੀ ਜਾਂਦੇ ਨੇ। ਇਸ ਤਰ੍ਹਾਂ ਦੇ ਕਈ ਬਹਾਨੇ ਘੜੇ ਜਾਂਦੇ। ਤਨਖ਼ਾਹ ਦੀ ਤਰੀਕ ਲੰਘ ਜਾਂਦੀ, ਸਾਰੇ ਅੰਦਰੋਂ-ਅੰਦਰੀ ਦੁਖੀ ਹੁੰਦੇ। ਦਿਲ ਕਰਦਾ ਸਭ ਕੁਝ ਛੱਡ ਛੁਡਾ ਕੇ ਕਿਤੇ ਹੋਰ ਥਾਂ ਚਲੇ ਜਾਈਏ। ਸਾਰੇ ਇਕ ਦੂਜੇ ਨੂੰ ਹੀ ਕਹਿੰਦੇ ਪਰ ਜਾਣ ਦੀ ਕੋਸ਼ਿਸ਼ ਕੋਈ ਨਾ ਕਰਦਾ। ਹੋ ਸਕਦਾ ਸਭ ਦੀ ਕੋਈ ਨਾ ਕੋਈ ਮਜਬੂਰੀ ਹੋਵੇ।
ਮੈਂ ਇਕ ਦਿਨ ਖ਼ੁਦ ਨੂੰ ਸਵਾਲ ਕੀਤਾ।
‘ਤੇਰਾ ਕੀ ਵਿਚਾਰ ਏ।
‘ਕਿਧਰੇ ਹੋਰ ਜਾਣ ਬਾਰੇ।’ ਅੰਦਰੋਂ ਮੋੜਵਾਂ ਸਵਾਲ ਆਇਆ।
‘ਹੋਰ ਕਿਸੇ ਦਾ ਤਾਂ ਪਤਾ ਨਹੀਂ ਆਰਤੀ ਬਿਨਾਂ ਰਹਿਣਾ ਮੇਰਾ ਲਈ ਔਖਾ।’ ਇਹ ਮਨ ਦੀ ਆਵਾਜ਼ ਸੀ।
ਆਰਤੀ ਪ੍ਰਤੀ ਆਪਣੀ ਖਿੱਚ ਕਾਰਨ ਮੈਂ ਹੋਰ ਕਿਧਰੇ ਜਾਣਾ ਟਾਲ ਦਿੰਦਾ। ਇਕ ਦਿਨ ਆਪਣੇ ਮਨ ਦੀ ਘੁੰਡੀ ਮੈਂ ਉਹਦੇ ਕੋਲ ਖੋਲ੍ਹ ਬੈਠਾ। ਆਰਤੀ ਮੇਰੇ ਨਾਲ ਪਿਆਰ ਦੀ ਕਦੇ ਹਾਮੀ ਨਾ ਭਰਦੀ। ਪਰ ਉਹਦੇ ਵਰਤੋ ਵਿਹਾਰ ਤੋਂ ਪਤਾ ਨਹੀਂ ਮੈਨੂੰ

ਕਿਉਂ ਇਹ ਭਰਮ ਜਿਹਾ ਹੋ ਗਿਆ ਕਿ ਉਸ ਦੇ ਮਨ ‘ਚ ਕੁਝ ਹੈ।
‘ਕਦਮਾਂ ਤੋਂ ਦੂਰ ਹੋਣ ਨਾਲ ਬੰਦਾ ਭਲਾ ਕਿਤੇ ਭੁੱਲ ਜਾਂਦੈ। ਤੁਸੀਂ ਜਿੱਥੇ ਮਰਜ਼ੀ ਚਲੇ ਜਾਵੋ, ਤੁਹਾਨੂੰ ਨਹੀਂ ਭੁੱਲਦੀ ਮੈਂ।’ ਇਕ ਦਿਨ ਆਰਤੀ ਨੇ ਪਤਾ ਨਹੀਂ ਕਿਸੇ ਗੱਲ ਦੇ ਸਬੰਧ ‘ਚ ਕਿਹਾ ਸੀ। ਪਰ ਮੈਂ ਇਸ ਦੇ ਆਪਣੇ ਹੀ ਅਰਥ ਕੱਢ ਬੈਠਾ। ਨਵੇਂ ਘਰ ‘ਚ ਪ੍ਰਵੇਸ਼ ਸਮੇਂ ਆਰਤੀ ਨੇ ਮੈਨੂੰ ਨਹੀਂ ਸੀ ਸੱਦਿਆ। ਅੱਜ ਉਹਦੇ ਘਰ ਬੈਠਿਆਂ ਮਨ ‘ਚ ਆਇਆ ਕਿ ਪੁੱਛਾਂ, ਏਨੀ ਛੇਤੀ ਦਿਲੋਂ ਕਿਵੇਂ ਕੱਢਤਾ।’ ਪਰ ਕੁਝ ਸੋਚ ਕੇ ਟਾਲ ਦਿੱਤਾ।
ਕਮਰੇ ‘ਚ ਬੈਠਾ ਮੈਂ ਆਲੇ ਦੁਆਲੇ ਦੇਖਣ ਲੱਗਾ। ਆਹਮੋ-ਸਾਹਮਣੀ ਕੰਧ ‘ਤੇ ਦੋ ਤਸਵੀਰਾਂ ਟੰਗੀਆਂ ਸਨ। ਇਕ ‘ਚ ਆਰਤੀ ਆਪਣੇ ਪਤੀ ਨਾਲ ਸੀ। ਦੂਜੀ ਫੋਟੋ ‘ਚ 15-16 ਸਾਲ ਦੇ ਇਕ ਮੁੰਡੇ ਨਾਲ। ਉਸੇ ਮੁੰਡੇ ਦੀ ਫੋਟੋ ਸ਼ੋਅ ਕੇਸ਼ ‘ਚ ਪਈ ਸੀ। ਸਨਮਾਨ ਲੈਂਦੇ ਦੀ। ਇਕ ਹੋਰ ‘ਚ ਹਾਕੀ ਫੜੀ ਗਰੁੱਪ ਫੋਟੋ ‘ਚ ਬੈਠਾ ਸੀ। ਮੁੰਡੇ ਬਾਰੇ ਮੈਂ ਸੋਚ ਤੇ ਕਲਪਨਾ ਦੇ ਘੋੜੇ ਦੌੜਾਉਂਦਾ ਰਿਹਾ। ਕਦੇ ਲੱਗਦਾ ਉਹ ਆਰਤੀ ਦਾ ਪੁੱਤ ਏ। ਕਦੇ ਖ਼ਿਆਲ ਆਉਂਦਾ ਕੀ ਪਤਾ ਉਹਦੇ ਪਤੀ ਦਾ ਹੋਵੇ। ਆਰਤੀ ਦੇ ਮੁੜ ਵਿਆਹ ਮੌਕੇ ਮੈਂ ਕਿਧਰੇ ਦੂਰ ਗਿਆ ਸੀ। ਪਹੁੰਚ ਨਾ ਸਕਿਆ। ਕਈ ਵਰ੍ਹੇ ਲੰਘ ਗਏ। ਉਦੋਂ ਮੋਬਾਈਲ ਵੀ ਨਹੀਂ ਸਨ ਹੁੰਦੇ। ਬਾਅਦ ‘ਚ ਵੀ ਕਦੇ ਸਬੱਬ ਨਾ ਬਣਿਆ। ਅੱਜ ਵੀ ਜੇ ਅਚਨਚੇਤ ਮੇਲ ਨਾ ਹੁੰਦਾ ਤਾਂ ਸ਼ਾਇਦ ਪਤਾ ਨਹੀਂ ਕਿੰਨੇ ਵਰ੍ਹੇ ਹੋਰ ਲੰਘ ਜਾਂਦੇ।
ਕੁਝ ਚਿਰ ਪਿੱਛੋਂ ਆਰਤੀ ਚਾਹ ਲੈ ਆਈ। ਉਹ ਖਿੜੀ ਪਈ ਸੀ। ਮੇਰੀ ਗੱਲ ਕਰਕੇ। ਪਤਾ ਨਹੀਂ ਕੁਝ ਹੋਰ ਸੋਚ ਕੇ। ਮੁਸਕਰਾਹਟ ਅਜੇ ਵੀ ਉਸ ਦੇ ਬੁੱਲ਼ਾਂ ‘ਤੇ ਨੱਚ ਰਹੀ ਸੀ। ਮੈਂ ਨਜ਼ਰ ਭਰ ਕੇ ਦੇਖਿਆ। ਨਜ਼ਰ ਮਿਲੀ ਤਾਂ ਬੋਲੀ, ‘ਕੀ ਦੇਖਦੇ ਓ, ਮੈਂ ਪਹਿਲਾਂ ਵਾਲੀ ਈ ਆਂ। ਬਦਲੀ ਨਹੀਂ ਅਜੇ।’
‘ਕਈ ਤਬਦੀਲੀਆਂ ਨਜ਼ਰ ਨੀਂ ਆਉਂਦੀਆਂ, ਹੋ ਜਾਂਦੀਆਂ ਨੇ।’ ਮੇਰਾ ਇਸ਼ਾਰਾ ਉਸ ਦੇ ਨਵਾਂ ਘਰ ਬਣਾ ਲੈਣ ਤੇ ਮੈਨੂੰ ਨਾ ਬੁਲਾਉਣ ਵੱਲ ਸੀ। ਆਰਤੀ ਝਟ ਸਮਝ ਗਈ। ਉਹਦੀ ਏਹੀ ਸਮਝ ਮੈਨੂੰ ਚੰਗੀ ਲਗਦੀ। ਕਈ ਵਾਰ ਉਹ ਮੇਰੇ ਢਿੱਡ ਦੀਆਂ ਵੀ ਜਾਣ ਜਾਂਦੀ। ਉਸ ਨੇ ਜਿਨ੍ਹਾਂ ਹਾਲਤਾਂ ‘ਚ ਘਰ ਬਣਾਇਆ ਸੀ ਸੁਣ ਕੇ ਮੇਰਾ ਗਿਲਾ ਜਾਂਦਾ ਰਿਹਾ। ਚਾਹ ਪੀਂਦਿਆਂ ਮੈਂ ਫੋਟੋ ਵਿਚਲੇ ਮੁੰਡੇ ਬਾਰੇ ਪੁੱਛ ਬੈਠਾ।
‘ਓਹੀ ਏ…।’ ਕਹਿੰਦਿਆਂ ਇਕ ਪਲ ਉਹਦੇ

 

ਚਿਹਰੇ ਦਾ ਰੰਗ ਬਦਲਿਆ। ਸਹਿਜ ਹੋਈ ਤਾਂ ਪਹਿਲਾਂ ਵਾਲੀ ਟਹਿਕ ਮੁੜ ਆਈ।
ਆਰਤੀ ਭੇਦ ਸਾਂਝੇ ਕਰਨ ਲੱਗੀ। ਉਸ ਦੱਸਿਆ ਤੇਰੇ ਦਫ਼ਤਰ ਛੱਡ ਜਾਣ ਤੋਂ ਕੁਝ ਦਿਨ ਬਾਅਦ ਹਰਮੀਤ ਆ ਗਿਆ ਸੀ। ਨਵਾਂ-ਨਵਾਂ ਕਾਲਜੋਂ ਨਿਕਲਿਆ ਸੀ। ਉਹਦੇ ‘ਤੇ ਆਦਰਸ਼ਵਾਦ ਭਾਰੂ ਸੀ, ਖ਼ਬਰੇ ਮੇਰੀ ਹਾਲਤ ‘ਤੇ ਤਰਸ ਖਾ ਗਿਆ। ਏਹ ਵੀ ਨ੍ਹੀਂ ਪਤਾ ਸ਼ਾਇਦ ਪੱਟਿਆ ਗਿਆ ਹੋਵੇ। ਕਾਰਨ ਕੋਈ ਵੀ ਹੋਵੇ ਮੈਨੂੰ ਤਾਂ ਸਾਰੇ ਮਾੜੇ ਦਿਨ ਭੁਲਾ ਦਿੱਤੇ।
ਆਰਤੀ ਤੇ ਮੇਰੇ ਵਿਚਾਲੇ ਸਾਂਝ ਦੀ ਅਜੀਬ ਤੰਦ ਹੈ। ਇਹ ਤੰਦ ਉਸ ਦੇ ਦਫ਼ਤਰ ਆਉਣ ਦੇ ਪਹਿਲੇ ਦਿਨ ਹੀ ਜੁੜ ਗਈ ਸੀ। ਮੁਢਲੀ ਜਾਣ-ਪਛਾਣ ਪਿੱਛੋਂ ਅਸੀਂ ਆਪੋ ਆਪਣੇ ਕੰਮਾਂ ‘ਚ ਰੁਝ ਗਏ। ਦੁਪਹਿਰ ਪਿੱਛੋਂ ਉਸ ਅਚਾਨਕ ਸਵਾਲ ਪੁੱਛਿਆ ਸੀ, ‘ਮੈਡਮ ਕੀ ਕਰਦੇ ਨੇ।’
‘ਕੁਝ ਵੀ ਨਹੀਂ’ ਮੈਂ ਨਾਂਹ ‘ਚ ਸਿਰ ਹਿਲਾਇਆ ਸੀ।
‘ਏਦਾਂ ਕਿਵੇਂ ਹੋ ਸਕਦਾ। ਕੁਝ ਤਾਂ ਕਰਦੇ ਹੀ ਹੋਣਗੇ। ਘਰ ਸੰਭਾਲਦੇ ਹੋਣਗੇ।’ ਉਸ ਨੇ ਇਕੋ ਸਮੇਂ ਕਈ ਸਵਾਲ ਕੀਤੇ ਸਨ। ਮੈਂ ਨਾਂਹ ‘ਚ ਜਵਾਬ ਦਿੰਦਾ ਰਿਹਾ। ਜਦੋਂ ਉਹਦੇ ਸਬਰ ਦਾ ਬੰਨ੍ਹ ਟੁਟਣ ਲੱਗਾ ਮੈਂ ਦੱਸਿਆ, ‘ਮੇਰਾ ਅਜੇ ਵਿਆਹ ਹੀ ਨਹੀਂ ਹੋਇਆ।’ ਉਸ ਨੇ ਮੇਰੀ ਗੱਲ ਮੰਨੀ ਨਹੀਂ ਸੀ।
ਪਤਾ ਨਹੀਂ ਇਹ ਕੀ ਉਲਝਣ ਏ ਮੇਰੇ ਕੋਲੋਂ ਕਿਸੇ ਨਾਲ ਗੱਲਬਾਤ ‘ਚ ਪਹਿਲ ਨਹੀਂ ਹੁੰਦੀ। ਜਦੋਂ ਅਗਲਾ ਸ਼ੁਰੂਆਤ ਕਰ ਦੇਵੇ ਫਿਰ ਡੋਰ ਮੈਂ ਆਪਣੇ ਹੱਥ ਲੈ ਲੈਂਦਾਂ। ਇਕ ਗੱਲ ਮੁਕਦੀ ਦੂਜੀ ਸ਼ੁਰੂ ਹੋ ਜਾਂਦੀ। ਅਗਲਾ ਆਪ ਉਲਝ ਜਾਂਦਾ। ਆਰਤੀ ਵਲੋਂ ਕੀਤੀ ਸ਼ੁਰੂਆਤ ਨੂੰ ਮੈਂ ਖੰਝਾਉਣਾ ਨਹੀਂ ਸੀ ਚਾਹੁੰਦਾ।
ਪ੍ਰਕਾਸ਼ਨ ਹਾਊਸ ਦੀ ਵਰ੍ਹੇਗੰਢ ‘ਤੇ ਚੰਡੀਗੜ੍ਹ ਰੌਕ ਗਾਰਡਨ ਘੁੰਮਣ ਦਾ ਪ੍ਰੋਗਰਾਮ ਬਣਾਇਆ ਗਿਆ। ਵਾਪਸੀ ‘ਤੇ ਦਫ਼ਤਰ ਪਹੁੰਚ ਕੇ ਉਸ ਮੇਰੇ ਵੱਲ ਰੁਖ਼ ਕੀਤਾ ਸੀ, ‘ਤੂੰ ਕੀ ਸਮਝਦੈਂ ਮੈਨੂੰ ਪਤਾ ਨਹੀਂ ਤੇਰੇ ਅੰਦਰ ਕੀ ਚੱਲਦੈ, ਮੈਂ ਸਭ ਜਾਣਦੀ ਆਂ

।’
‘ਕੀ ਸਭ ਜਾਣਦੀ ਏਂ। ਕੀ ਹੈ ਮੇਰੇ ਅੰਦਰ। ਮੈਂ ਐਵੇਂ ਤਲਖ਼ੀ ਜਿਹੀ ਦਿਖਾਈ।
‘ਸਭ ਤੋਂ ਮੂਹਰੇ ਚੱਲਦਾ ਉੱਥੇ ਗੁਫ਼ਾ ਜਿਹੀ ‘ਚੋਂ ਲੰਘਣ ਸਮੇਂ ਪਾਸੇ ਜਿਹੇ ਹੋ ਕੇ ਕਿਉਂ ਖੜ੍ਹ ਗਿਆ ਸੀ। ਮੇਰੇ ਪਿੱਛੇ ਹੋਣ ਲਈ ਐਵੇਂ ਪੈਰ ਜਿਹੇ ਮਲਣ ਲੱਗ ਪਿਆ ਸੀ। ਕੋਈ ਐਡਾ ਨਿਆਣਾ ਨਹੀਂ ਹੁੰਦਾ।’ ਉਹ ਵੀ ਥੋੜ੍ਹਾ ਗੁੱਸੇ ‘ਚ ਲੱਗੀ। ਫਿਰ ਕਹਿੰਦੀ, ‘ਸਿਆਣੇ ਬਣੀਦਾ ਸਿਆਣੇ।’
ਉਹ ਦੀ ਗੱਲ ਸੁਣ ਮੇਰੀ

ਸੰਨ੍ਹ ਤੋਂ ਫੜੇ ਗਏ ਚੋਰ ਵਰਗੀ ਹਾਲਤ ਹੋ ਗਈ ਸੀ।
ਆਰਤੀ ਮੇਰੀਆਂ ਭਾਵਨਾਵਾਂ ਨੂੰ ਸਮਝਦੀ ਸੀ ਪਰ ਉਹ ਮੇਰੇ ਨਾਲ ਖੇਡਾਂ ਖੇਡਦੀ ਰਹਿੰਦੀ। ਇਕ ਦਿਨ ਅਚਾਨਕ ਮੈਨੂੰ ਦੇਹਰਾਦੂਨ ਜਾਣਾ ਪੈ ਗਿਆ। ਉੱਥੇ ਨਾਨਕੀਂ ਗਈ ਮਾਂ ਦਾ ਐਕਸੀਡੈਂਟ ਹੋ ਗਿਆ ਸੀ। ਲੱਤ ਦੀ ਗੋਡੇ ਤੋਂ ਹੇਠਾਂ ਹੱਡੀ ਟੁੱਟ ਗਈ ਸੀ। ਮਾਮਾ-ਮਾਮੀ ਨੌਕਰੀ ਪੇਸ਼ਾ ਸਨ। ਉਨ੍ਹਾਂ ਦੇ ਬੱਚੇ ਅਜੇ ਛੋਟੇ ਸਨ। ਮਾਂ ਦੀ ਦੇਖ ਭਾਲ ਲਈ ਮੈਨੂੰ ਜਾਣਾ ਪਿਆ। ਪਲੱਸਤਰ ਖੁੱਲ੍ਹਣ ਤੋਂ ਬਾਅਦ ਦੋ ਮਹੀਨੇ ਹੋਰ ਲੱਗ ਗਏ। ਮਾਂ ਥੋੜ੍ਹਾ ਬਹੁਤਾ ਆਸਰੇ ਨਾਲ ਤੁਰਨ ਲੱਗੀ ਤਾਂ ਮੈਂ ਮਿੜਆ। ਨੌਕਰੀ ਲਈ ਪਤਾ ਕਰਨ ਗਿਆ ਤਾਂ ਆਰਤੀ ਸੀਟ ‘ਤੇ ਨਹੀਂ ਸੀ। ਪਤਾ ਲੱਗਾ ਉਹ ਵਿਆਹੀ ਗਈ। ਮੇਰੀ ਨਿਸਾਰ ‘ਤੇ ਆਈ ਫ਼ਸਲ ‘ਤੇ ਗੜੇਮਾਰੀ ਹੋ ਗਈ ਸੀ। ਮੈਨੂੰ ਮੁੜ ਕੰਮ ‘ਤੇ ਰੱਖ ਲਿਆ ਗਿਆ। ਸ਼ਾਇਦ ਆਰਤੀ ਵਾਲੀ ਸੀਟ ਖ਼ਾਲੀ ਹੋ ਜਾਣ ਕਾਰਨ ਮੈਨੂੰ ਮੌਕਾ ਮਿਲ ਗਿਆ ਸੀ। ਮੈਂ ਦਫ਼ਤਰ ਜਾਂਦਾ ਪਰ ਮੇਰੇ ਅੰਦਰ ਬਾਹਰ ਸੁੰਨ ਪਸਰੀ ਰਹਿੰਦੀ। ਆਰਤੀ ਦੀ ਸੀਟ ਦੇਖ ਕੇ ਦਿਲ ਨੂੰ ਡੋਬੂ ਜਿਹਾ ਪੈਂਦਾ। ਫਿਰ ਹੌਲੀ-ਹੌਲੀ ਕੰਮ ‘ਚ ਮਨ ਲੱਗਣ ਲੱਗ ਪਿਆ।
ਇਕ ਦਿਨ ਦਫ਼ਤਰ ਪਹੁੰਚਿਆ, ਆਰਤੀ ਪਹਿਲਾਂ ਵਾਲੀ ਸੀਟ ‘ਤੇ ਆਈ ਬੈਠੀ ਸੀ। ਮੈਂ ਤੱਕਦਾ ਰਹਿ ਗਿਆ।
ਉਹਨੂੰ ਵਿਆਹ ਪਿੱਛੋਂ ਪਹਿਲੀ ਵਾਰ ਦੇਖ ਰਿਹਾ ਸਾਂ। ਉਹਦੀਆਂ ਬਾਹਾਂ ‘ਚ ਚੂੜਾ ਤਾਂ ਸੀ ਪਰ ਬੁੱਲਾਂ ਦੀ ਲਾਲੀ ਗਾਇਬ ਸੀ। ਉਸ ਨੇ ਹਾਲ-ਚਾਲ ਪੁੱਛਣ ਤੋਂ ਬਾਅਦ ਪਹਿਲਾ ਸਵਾਲ ਕੀਤਾ ਸੀ, ‘ਕਿੱਧਰ ਉਡਾਰੀ ਮਾਰ ਗਿਆ ਸੀ।
‘ਜਿੱਧਰ ਤੁਸੀਂ ਮਾਰ ਗਏ।’ ਮੈਂ ਕਿਹਾ ਸੀ।
‘ਮੈਨੂੰ ਤਾਂ ਕਿਸਮਤ ਘੇਰ ਕੇ ਲੈ ਗਈ।’
‘ਕਿਉਂ ਤੂੰ ਆਪ ਨ੍ਹੀਂ ਗਈ।’ ਮੇਰੀ ਗੱਲ ਸੁਣ ਕੇ ਉਹਦਾ ਰੋਣ ਨਿਕਲ ਆਇਆ।
ਮੈਂ ਹੌਸਲਾ ਦਿੱਤਾ ਤਾਂ ਥੋੜ੍ਹਾ ਜਿਹਾ ਸੰਭਲੀ। ਉਹਦਾ ਮਨ ਦੁਖਾਉਣ ਲਈ ਮੈਂ ਮਾਫ਼ੀ ਮੰਗੀ। ਮੈਂ ਚਾਲ ਜਿਹੀ ਖੇਡਦਿਆਂ ਕਿਹਾ ਸੀ, ‘ਜੇ ਕੋਈ ਗੰਭੀਰ ਮਾਮਲਾ ਹੈ ਤਾਂ ਉਹ ਨਾ ਦੱਸੇ।’

‘ਨਹੀਂ ਐਹੋ ਜਿਹੀ ਕੋਈ ਗੱਲ ਨਹੀਂ। ਜੋ ਹੋਵੇਗਾ ਦੇਖੀ ਜਾਊ…’ ਕਹਿ ਕੇ  ਉਸ ਨੇ ਮਨ ਨੂੰ ਬੰਨ੍ਹ ਕੇ ਆਪਣੀ ਸਾਰੀ ਕਹਾਣੀ ਬਿਆਨ ਕਰ ਦਿੱਤੀ ਸੀ।
ਆਰਤੀ ਦੀ ਸੁਣਾਈ ਕਹਾਣੀ ਅੱਜ ਉਹਦੇ ਹੀ ਘਰ ਬੈਠਿਆਂ ਮੇਰੀਆਂ ਸੋਚਾਂ ‘ਚ ਤੁਰ ਰਹੀ ਹੈ :  ਵਿਆਹ ਦੇ ਮਹੀਨਾ ਕੁ ਬਾਅਦ ਘਰ ‘ਤੇ ਪੁਲਿਸ ਦੀ ਜ਼ਬਰਦਸਤ ਰੇਡ ਪਈ ਸੀ। ਮੇਰਾ ਪਤੀ ਤੇ ਜੇਠ ਗੁਆਂਢੀਆਂ ਦੇ ਘਰੀਂ ਛਾਲਾਂ ਮਾਰ ਕੇ ਦੌੜ ਗਏ ਸਨ। ਘਰ ‘ਚ ਸੱਸ ਤੇ ਜਠਾਣੀ ਸਣੇ ਅਸੀਂ ਤਿੰਨੋਂ ਰਹਿ ਗਈਆਂ। ਹਾਲਾਤ ਤੋਂ ਜਾਣੂ ਨਾ ਹੋਣ ਕਾਰਨ ਮੈਂ ਡਰ ਕੇ ਰੋਣ ਲੱਗ ਪਈ। ਪੁਲਿਸ ਘਰ ਦਾ ਪਤ-ਪਤ ਛਾਣ ਕੇ ਚਲੀ ਗਈ ਸੀ।
ਪੁਲਿਸ ਦੇ ਜਾਣ ਪਿੱਛੋਂ ਜਠਾਣੀ ਨੇ ਗੋਲ ਮੋਲ ਜਿਹੀ ਕਹਾਣੀ ਦੱਸੀ ਸੀ। ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਇਹ ਕੀ ਹੋ ਗਿਆ ਮੇਰੇ ਨਾਲ। ਏਨੀ ਭੋਲੀ ਭਾਲੀ ਸੂਰਤ ਵਾਲੇ ਸੁਰਿੰਦਰ ਦਾ ਏਹ ਰੂਪ ਵੀ ਹੋ ਸਕਦਾ ਮੈਂ ਸੋਚਿਆ ਨਹੀਂ ਸੀ। Îਮੈਂ ਬੌਂਦਲ ਗਈ। ਮੇਰਾ ਪਤੀ ਕੋਈ ਦੋ ਨੰਬਰ ਦਾ ਧੰਦਾ ਕਰਦਾ ਸੀ। ਉਹਦਾ ਸਾਰਾ ਮਾਲ ਪੈਸਾ ਜੇਠ ਜਠਾਣੀ ਸਾਂਭਦੇ ਆਏ ਸਨ।
ਥੋੜ੍ਹੇ ਦਿਨਾਂ ਬਾਅਦ ਪਤਾ ਲੱਗਾ ਮੇਰਾ ਪਤੀ ਚੋਰੀ ਦੇ ਕਈ ਕੇਸਾਂ ‘ਚ ਵੀ ਫਸਿਆ ਹੋਇਆ ਸੀ। ਬਹੁਤ ਵੱਡਾ ਧੋਖਾ ਹੋਇਆ ਸੀ ਮੇਰੇ ਨਾਲ। ਦੋ ਦਿਨ ਬਾਅਦ ਮਾਮਲਾ ਠੰਢਾ ਕਰ ਉਹ ਜਦੋਂ ਘਰ ਮੁੜੇ ਸਨ ਤਾਂ ਜੇਠ ਨੇ ਜਠਾਣੀ ਨਾਲੋਂ ਵੱਖਰੀ ਕਹਾਣੀ ਸੁਣਾਈ ਸੀ। ਉਹ ਕਹਿੰਦੇ, ‘ਸੁਰਿੰਦਰ ਦਾ ਇੰਪੋਰਟ ਐਕਸਪੋਰਟ ਦਾ ਕਾਰੋਬਾਰ ਹੈ। ਉਹ ਥਾਈਲੈਂਡ, ਸਿੰਗਾਪੁਰ ਤੋਂ ਸਾਮਾਨ ਲਿਆ ਕੇ ਏਧਰ ਵੇਚਦਾ। ਕੁਝ ਸਾਮਾਨ ਇਧਰੋਂ ਉੱਧਰ ਲਿਜਾਂਦਾ। ਇਸ ਤਰ੍ਹਾਂ ਕਈ ਵਾਰ ਕਾਨੂੰਨੀ ਅੜਚਨਾਂ ਆ ਜਾਂਦੀਆਂ। ਇਸ ਚੱਕਰ ‘ਚ ਪੁਲਿਸ ਗੇੜੇ ਮਾਰਦੀ ਰਹਿੰਦੀ ਹੈ। ਫ਼ਿਕਰ ਕਰਨ ਵਾਲੀ ਕੋਈ ਗੱਲ ਨਹੀਂ।

‘ਤੈਨੂੰ ਘਬਰਾਉਣ ਦੀ ਕੋਈ ਲੋੜ ਨਹੀਂ, ਜਦ ਅਸੀਂ ਬੈਠੇ ਆਂ। ਆਪਣੀ ਜੇਠਾਣੀ ਵੱਲ ਦੇਖ, ਘਬਰਾਈ ਕਦੇ। ਏਨੇ ਸਾਲ ਹੋ ਗਏ ਇਸ ਘਰ ‘ਚ ਰਹਿੰਦੀ ਨੂੰ।’ ਜੇਠ ਨੇ ਮੇਰਾ ਦਿਲ ਬੰਨ੍ਹਾਉਣ ਲਈ ਹੋਰ ਕਈ ਕੁਝ ਕਿਹਾ ਸੀ।
ਚਾਹ ਪੀਂਦਿਆਂ ਉੱਠ ਕੇ ਮੈਂ ਮੁੰਡੇ ਦੀ ਫੋਟੋ ਨੇੜੇ ਗਿਆ। ਉਹਦੇ ਨੈਣ ਨਕਸ਼ ਨਿਹਾਰੇ। ਉਹਦੇ ‘ਚੋਂ ਮੈਂ ਉਸ ਦੇ ਪਿਉ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਆਰਤੀ ਨੇ ਆਪਣੀ ਕਹਾਣੀ ਮੁੜ ਸ਼ੁਰੂ ਕੀਤੀ।
‘ਪਹਿਲੀ ਵਾਰ ਰੁੱਸ ਕੇ ਪੇਕੇ ਆਈ ਨੂੰ ਰਿਸ਼ਤੇਦਾਰ ਤੇ ਪੰਚਾਇਤ ਆਪਣੀ ਜ਼ਿੰਮੇਵਾਰੀ ‘ਤੇ ਲੈ ਗਈ। ਵੱਡਿਆਂ ਦੀ ਗੱਲ ਮੰਨ ਮੈਂ ਵੀ ਤੁਰ ਪਈ। ਸੁਰਿੰਦਰ ਵੱਡੇ ਭਰਾ ਦੀ ਦੁਕਾਨ ‘ਤੇ ਬੈਠਣ ਲੱਗ ਪਿਆ। ਹਫ਼ਤੇ ਦਸ ਦਿਨ ਪਿੱਛੋਂ ਉਹ ਮੈਨੂੰ ਸਿਨਮੇ ਲੈ ਜਾਂਦਾ। ਕਦੇ ਕਿਤੇ ਘੁੰਮਣ ਦਾ ਪ੍ਰੋਗਰਾਮ ਬਣਾ ਲੈਂਦਾ। ਉਹਨੂੰ ਬਦਲਿਆ ਵੇਖ ਮੇਰਾ ਵੀ ਮਨ ਬਦਲਣ ਲੱਗਾ। ਮਨ ਦਾ ਮੌਸਮ ਠੀਕ ਹੋਣ ‘ਤੇ ਘਰ ਮੇਰੇ ਅੰਦਰ ਜੜ੍ਹ ਫੜਨ ਲੱਗਾ। ਛੇ-ਸੱਤ ਮਹੀਨੇ ਬੜੇ ਸੁੱਖ ਸਬੀਲੀ ਲੰਘੇ। ਜਦੋਂ ਉਹਨੂੰ ਲੱਗਣ ਲੱਗ ਪਿਆ ਕਿ ਹੁਣ ਅਬਾਰਸ਼ਨ ਦਾ ਸਮਾਂ ਲੰਘ ਗਿਆ ਉਹ ਫਿਰ ਪਹਿਲੇ ਚਾਲਿਆਂ ‘ਤੇ ਆ ਗਿਆ। ਕਲੇਸ਼ ਵਧਣ ਲੱਗਾ। ਸਾਰੇ ਉਹਦਾ ਸਾਥ ਦੇਣ ਲੱਗੇ। ਸ਼ਾਇਦ ਉਨ੍ਹਾਂ ਸੋਚਿਆ ਏਹ ਹੁਣ ਕਿੱਥੇ ਜਾਏਗੀ।
ਦੁਖੀ ਹੋਈ ਮੈਂ ਮੁੜ ਪੇਕੇ ਆ ਬੈਠੀ। ਪੇਕੇ ਘਰ ਆ ਫ਼ੈਸਲਾ ਕਰ ਲਿਆ ਹੁਣ ਜੋ ਮਰਜ਼ੀ ਹੋ ਜਾਏ ਨਹੀਂ ਜਾਣਾ। ਦਫ਼ਤਰ ਵਾਲਿਆਂ ਦੀ ਭਾਪੇ ਨਾਲ ਸਾਂਝ ਸੀ। ਫਿਰ ਪਹਿਲਾਂ ਵਾਲੀ ਸੀਟ ‘ਤੇ ਆ ਬੈਠੀ। ਤਲਾਕ ਦੇ ਕੇਸ ਅਜੇ ਚੱਲਿਆ ਨਹੀਂ ਸੀ। ਮੰਨਣ ਮਨਾਉਣ ਦਾ ਦੌਰ ਚੱਲ ਰਿਹਾ ਸੀ। ਉਹ ਪਤਾ ਕਰ ਕੇ ਇਕ ਦਿਨ ਦਫ਼ਤਰ ਆ ਗਏ। ਬਹਿਸ ਮੁਵਾਹਸੇ ਪਿੱਛੋਂ ਉੱਠਣ ਲੱਗਿਆਂ ਉਨ੍ਹਾਂ ਨਾਲ ਆਇਆ ਇਕ ਜਣਾ ਕਹਿ ਬੈਠਾ, ‘ਦੇਖਾਂਗੇ ਕਿਹੜਾ ਤੈਨੂੰ ਕੁਆਰਾ ਮਿਲ ਜੂ, ਕਿਸੇ ਦਹਾਜੂ ਦੇ ਲੜ ਹੀ ਲੱਗੇਂਗੀ।’ ਉਨ੍ਹਾਂ ਦੇ ਜਾਣ ਪਿੱਛੋਂ ਮੇਰੇ ਹੰਝੂ ਨਿਕਲ ਆਏ। ਹਰਮੀਤ ਕੋਈ ਫਾਇਲ ਲੈ ਕੇ ਆਇਆ। ਉਸ ਨੇ ਇਹ ਸਭ ਸੁਣ ਲਿਆ। ਮੈਨੂੰ ਰੋਂਦੀ ਵੇਖ ਉਸ ਨੇ ਜੋ ਫ਼ੈਸਲਾ ਕੀਤਾ ਤੇਰੇ ਸਾਹਮਣੇ ਆ। ਤਲਾਕ ਦਾ ਕੇਸ ਛੇ ਸਾਲ ਚੱਲਿਆ। ਏਨਾ ਸਮਾਂ ਉਹਨੇ ਇੰਤਜ਼ਾਰ ਕੀਤਾ।’
‘ਉਹਦੇ ਮਾਪੇ ਮੰਨ ਗਏ।’ ਮੈਨੂੰ ਉਹਦੀ ਦੱਸੀ ਕਹਾਣੀ ਓਪਰੀ ਜਿਹੀ ਲੱਗੀ।
‘ਨਹੀਂ। ਘਰਦਿਆਂ ਤੋਂ ਬਾਗ਼ੀ ਹੋ ਕੇ ਕੀਤਾ ਸਭ ਕੁਝ। ਮੰਨਦੈ ਤਾਂ ਮੇਰਾ ਭਰਾ ਵੀ ਨਹੀਂ ਸੀ। ਕਹਿੰਦਾ ਬਰਾਦਰੀ ਵਾਲੇ ਕੀ ਕਹਿਣਗੇ ਪਰ ਡੈਡੀ ਨੇ ਸਟੈਂਡ ਲਿਆ ਕਹਿੰਦਾ, ‘ਪਹਿਲਾਂ ਬਰਾਦਰੀ ‘ਚ ਕਰ ਕੇ ਕੀ ਖੱਟ ਲਿਆ। ਨਾਲੇ ਮੇਰਾ ਕੀ ਪਤਾ ਮੈਂ ਕਦੋਂ ਅੱਖਾਂ ਮੀਟ ਜਾਵਾਂ। ਆਪਣੇ ਹੱਥੀਂ ਧੀ ਨੂੰ ਉਹਦੇ ਘਰ ਤੋਰ ਦਿਆਂ। ਫੇਰ ਹੀ ਮੌਤ ਸੌਖਿਆਂ ਆਵੇਗੀ।’
ਮੈਂ ਹਰਮੀਤ ਬਾਰੇ ਸੋਚਣ ਲੱਗਾ। ਮੇਰੀਆਂ ਅੱਖਾਂ ਅੱਗੇ ਉਹਦੇ ਫੋਟੋ ‘ਚ ਦੇਖੇ ਨਕਸ਼ ਹੋਰ ਗੂੜ੍ਹੇ ਹੋਣ ਲੱਗੇ। ਆਰਤੀ ਨੇ ਆਪਣੀ ਗੱਲ ਫਿਰ ਤੋਰੀ।
‘ਵਿਆਹ ਪਿੱਛੋਂ ਅਸੀਂ ਦੋਵੇਂ ਪਹਿਲੀ ਵਾਰ ਮੇਰੇ ਪੇਕੇ ਘਰ ਗ

ਏ। ਭਰਾ ਨੇ ਹਰਮੀਤ ਨੂੰ ਬੁਲਾਇਆ ਨਾ। ਇਨ੍ਹਾਂ ਬਹੁਤ ਸਬਰ ਦਿਖਾਇਆ। ਨਹੀਂ ਤਾਂ ਕਿਹੜਾ ਏਦਾਂ ਬਰਦਾਸ਼ਤ ਕਰਦਾ। ਹੌਲੀ-ਹੌਲੀ ਉਹ ਵੀ ਨਰਮ ਪੈ ਗਿਆ। ਹੁਣ ਕਈ ਵਾਰ ਕਹਿ ਦਿੰਦਾ ਕੁੜੀਆਂ ਦੇ ਵਿਆਹ ਮੌਕੇ ਮੈਂ ਜਾਤ ਬਰਾਦਰੀ ਨਹੀਂ ਦੇਖਣੀ।
ਤਲਾਕ ਦਾ ਕੇਸ ਚੱਲਦਿਆਂ ਡੈਡੀ ਨੇ ਇਸ ਨਵੀਂ ਕੱਟੀ ਗਈ ਕਲੋਨੀ ‘ਚ ਮੇਰੇ ਲਈ ਪਲਾਟ ਲੈ ਲਿਆ।
ਹੌਲੀ-ਹੌਲੀ ਕਰ ਕੇ ਕਿਸ਼ਤਾਂ ‘ਚ ਏਹ ਘਰ ਬਣਾਇਆ। ਛੋਟੀ ਦਾ ਜਨਮ ਏਸੇ ਘਰ ਆ ਕੇ ਹੋਇਆ। ਹਰਮੀਤ ਦੇ ਘਰ ਦੇ ਵੀ ਹੌਲੀ-ਹੌਲੀ ਪੁੱਤ ਦੀ ਜ਼ਿੱਦ ਅੱਗੇ ਝੁਕ ਗਏ। ਹੁਣ ਸਭ ਆਉਂਦੇ ਜਾਂਦੇ ਨੇ।’ ਆਰਤੀ ਉਠ ਕੇ ਖ਼ਾਲੀ ਕੱਪ ਸਮੇਟਣ ਲੱਗੀ। ਰ

ਸੋਈ ‘ਚ ਜਾਣ ਲੱਗੀ ਉਹ ਟੀਵੀ ਆਨ ਕਰ ਰਿਮੋਟ ਮੇਰੇ ਕੋਲ ਰੱਖ ਗਈ।

ਟੀਵੀ ਦੇਖਦਿਆਂ ਮੈਂ ਫਿਰ ਆਰਤੀ ਦੀ ਬੀਤੀ ਜ਼ਿੰਦਗੀ ‘ਚ ਗੁਆਚਦਾ ਗਿਆ। ਉਹ ਜਦ ਦਫ਼ਤਰ ਆਈ ਸੀ ਉਹਦਾ ਚਿਹਰਾ ਦਿਨ ‘ਚ ਕਈ ਰੰਗ ਬਦਲਦਾ। ਸ਼ੁਰੂਆਤ ‘ਚ ਉਹ ਗੱਲਬਾਤ ਕਰਦਿਆਂ ਸਾਡੇ ਇਕ ਸੀਨੀਅਰ ਨੂੰ ‘ਵੀਰ ਜੀ’ ਆਖਦੀ ਨਾ ਥੱਕਦੀ। ਦੋ ਕੁ ਮਹੀਨੇ ਬਾਅਦ ਉਹਦਾ ਲਹਿਜਾ ਬਦਲ ਗਿਆ।
ਉਹਦਾ ਇਹ ਬਦਲਿਆ ਰੂਪ ਦੇਖ ਮੇਰੇ ਮਨ ‘ਚ ਕਦੇ-ਕਦੇ ਸਵਾਲ ਉੱਠਦਾ। ਪਰ ਪੁੱਛਦਾ ਨਾ। ਚੁੱਪ ਰਹਿੰਦਾ। ਇਕ ਦਿਨ ਪਤਾ ਨਹੀਂ ਕਿਉਂ ਉਹ ਸਵਾਲ ਜ਼ਬਾਨ ‘ਤੇ ਆ ਗਿਆ।
‘ਆਰਤੀ ਹੁਣ ਕਦੇ ਸਿੱਧੂ ਨੂੰ ਵੀਰ ਜੀ-ਵੀਰ ਜੀ ਨ੍ਹੀਂ ਕਹਿੰਦੀ, ਕੀ ਗੱਲ ਹੋ ਗਈ।’
‘ਸਿੱਧੂ ਕੀ ਸਾਰੇ ਦਫ਼ਤਰ ‘ਚ ਸਾਲਾ ਕੋਈ ਵੀ ਵੀਰ ਕਹਿਣ ਦੇ ਯੋਗ ਨਹੀਂ।’ ਕਹਿ ਕੇ ਉਹ ਹੱਸ ਪਈ।
‘ਮੈਂ ਵੀਰ ਤਾਂ ਨਹੀਂ ਪਰ ਇਹੋ ਜਿਹਾ ਵੀ ਨਹੀਂ।’ ਕਹਿ ਕੇ ਉਸ ਨੂੰ ਟੋਹਣਾ ਚਾਹਿਆ।
‘ਤੂੰ ਕਿਹੜਾ ਅਕਾਸ਼ੋਂ ਉਤਰਿਐਂ। ਤੂੰ ਵੀ ਏਸੇ ਧਰਤੀ ਦਾ ਅੰਨ ਖਾਂਦੈਂ।’ ਉਸ ਹੱਸਦੀ ਨੇ ਕਿਹਾ ਸੀ।
‘ਏਹ ਤਾਂ ਮੇਰੇ ਨਾਲ ਧੱਕਾ ਏ।’ ਮੈਂ ਸਫ਼ਾਈ ਦਿੱਤੀ।
‘ਕੁੜੀਆਂ ਨੂੰ ਰੱਬ ਨੇ ਏਨੀ ਕੁ ਸਮਝ ਦਿੱਤੀ ਏ ਕਿ ਉਹ ਅਗਲੇ ਦੀ ਅੱਖ ਪਛਾਣ ਲੈਣ। ਐਵੇਂ ਮੈਥੋਂ ਪਰਦੇ ਨਾ ਖੁਲ੍ਹਵਾ।’ ਉਹ ਮੇਰੇ ਵੱਲ ਸਿੱਧੀ ਹੋਈ ਸੀ।
ਉਹਦੇ ਮਨ ‘ਚ ਕੀ ਏ, ਜਾਣਨ ਲਈ ਮੈਂ ਪੁੱਛਿਆ, ‘ਐਹੋ ਜਿਹਾ ਮੈਂ ਕੀ ਕਹਿ ਦਿੱਤਾ।’
‘ਬਾਕੀਆਂ ਦਾ ਪਤਾ ਤਾਂ ਬਾਅਦ ‘ਚ ਲੱਗਾ ਤੂੰ ਤਾਂ ਪਹਿਲੇ ਦਿਨ ਹੀ ਪਛਾਣਿਆ ਗਿਆ ਜਦ ਕਾਗਜ਼ ਫੜਾਉਣ ਲੱਗਿਆਂ ਜਾਣ ਬੁਝ ਕੇ ਮੇਰੇ ਹੱਥ ਨੂੰ ਛੂਹਿਆ ਸੀ।’
ਸੁਣ ਕੇ ਮੈਂ ਚੁੱਪ ਕਰ ਗਿਆ। ਕਈ ਦਿਨ ਚੁੱਪ ਜਿਹੀ ਵੱਟੀ ਰੱਖੀ। ਮੈਂ ਨੀਵੀਂ ਪਾਈ ਫਾਈਲ ‘ਚ ਜਾਂ ਡੈਸਕਟਾਪ ‘ਤੇ ਧਿਆਨ ਗੱਡੀ ਰੱਖਦਾ। ਪਰ ਮੈਨੂੰ ਲੱਗਦਾ ਉਹ ਮੇਰੇ ਵੱਲ ਦੇਖ-ਦੇਖ ਮੁਸਕਰਾ ਰਹੀ ਏ।
ਸਾਡੀ ਏਹ ਰੋਸੇ ਦੀ ਖੇਡ ਬਹੁਤੇ ਦਿਨ ਨਾ ਚੱਲੀ। ਪਤਾ ਨਹੀਂ ਕਿਸ ਨੇ ਪਹਿਲ ਕੀਤੀ। ਫੇਰ ਪਹਿਲਾਂ ਵਾਲਾ ਸਿਲਸਿਲਾ ਸ਼ੁਰੂ ਹੋ ਗਿਆ। ਕੰਮ ਕਰਦਿਆਂ ਕਿਸੇ ਨਾਵਲ ਜਾਂ ਕਹਾਣੀ ਦੀ ਕੰਪੋਜਿੰਗ ਕਰਦਿਆਂ ਉਨ੍ਹਾਂ ‘ਚੋਂ ਰੁਮਾਂਸ ਜਾਂ ਥੋੜ੍ਹੇ ਜਿਹੇ ਨੰਗੇਜ ਵਾਲੇ ਵਾਕ ਮੈਂ ਜਾਣ ਬੁਝ ਕੇ ਉਹਨੂੰ ਪੜ੍ਹਾਉਂਦਾ ਰਹਿੰਦਾ। ਉਹ ਸਭ ਜਾਣਦੀ ਹੋਈ ਵੀ ਐਵੇਂ ਕਹਿ ਦਿੰਦੀ, ‘ਕੀ

ਹੈ ਇਨ੍ਹਾਂ ‘ਚ। ਸਮਾਜ ‘ਚ ਤਾਂ ਇਸ ਤੋਂ ਕਿਤੇ ਵੱਡਾ ਗੰਦ ਪਿਆ ਏ।’ ਸੁਣ ਕੇ ਮੈਂ ਕੱਚਾ ਜਿਹਾ ਪੈ ਜਾਂਦਾ।

ਆਰਤੀ ਦੇ ਚਿਹਰੇ ਦੀ ਮੁਸਕਰਾਹਟ ਵੇਖ ਕੇ ਕੋਈ ਕਹਿ ਨਹੀਂ ਸਕਦਾ ਕਿ ਉਸ ਨੂੰ ਕੋਈ ਦੁੱਖ ਜਾਂ ਚਿੰਤਾ ਹੋਵੇ। ਹੁਣੇ ਉਹ ਹੱਸ ਰਹੀਏ। ਅਗਲੇ ਪਲ ਹੰਝੂ ਉਹਦੀਆਂ ਗੱਲ੍ਹਾਂ ‘ਤੋਂ ਤਿਲਕ ਰਹੇ ਹੁੰਦੇ। ਜਦ ਨਾਰਮਲ ਹੁੰਦੀ ਚਹਿਕਣ ਲੱਗਦੀ। ਹਾਸਾ ਉਹਦੀਆਂ ਅੱਖਾਂ ‘ਚੋਂ ਬਾਹਰ ਡੁਲ੍ਹਦਾ। ਆਪਣੀ ਮੁਸਕਰਾਹਟ ਦੇ ਖੁੱਲ੍ਹੇਪਨ ਨਾਲ ਉਹ ਕਿਸੇ ਨੂੰ ਵੀ ਆਪਣੀ ਘੁਟਣ ਭਰੀ ਜ਼ਿੰਦਗੀ ਦਾ ਅਹਿਸਾਸ ਨਾ ਹੋਣ ਦਿੰਦੀ। ਉਹ ਮੇਰੇ ਨਾਲ ਹੱਸਦੀ ਖੇਡਦੀ। ਹਰ ਗੱਲ ਦਾ ਖੁੱਲ੍ਹ ਕੇ ਜਵਾਬ  ਦਿੰਦੀ। ਉਹ ਦੀਆਂ ਇਨ੍ਹਾਂ ਗੱਲਾਂ ਤੋਂ ਕਦੇ-ਕਦੇ ਮੈਨੂੰ ਭਰਮ ਜਿਹਾ ਹੋਣ ਲੱਗਦਾ ਕਿ ਮੇਰੇ ਵੱਲ ਝੁਕ ਰਹੀ ਏ। ਉਹਦੇ ਇਸ ਝੁਕਾਅ ਦੇ ਮੈਂ ਆਪਣੇ ਮਤਲਬ ਕੱਢਣ ਲੱਗਦਾ। ਉਹ ਘੂਰੀ ਵੱਟਦੀ। ਉਹਦੀ ਏਹ ਘੂਰੀ ਲੋੜੋਂ ਵੱਧ ਨਰਮ ਹੁੰਦੀ।
ਮੈਂ ਗੱਲਾਂ-ਗੱਲਾਂ ‘ਚ ਆਪਣੇ ਘੜੇ ਤਰਕ ਨਾਲ ਜਾਲ ਜਿਹਾ ਬੁਣਦਾ ਰਹਿੰਦਾ। ਪਰ ਇਸ ਜਾਲ ‘ਚ ਉਹ ਸਹਿਜੇ ਤਿਲਕ ਜਾਂਦੀ। ਮੇਰੀ ਸੋਚੀ ਸਾਰੀ ਤਰਕੀਬ ਉਲਟ ਪੈ ਜਾਂਦੀ। ਇਕ ਦਿਨ ਕਹਿੰਦੀ, ‘ਸਾਰੇ ਮਰਦ ਬਿਗਾਨੀਆਂ ਨਾਲ ਇਕੋ ਰਿਸ਼ਤੇ ‘ਚ ਬੱਝਣ ਲਈ ਕਿਉਂ ਤਰਲੋਮੱਛੀ ਰਹਿੰਦੇ ਆ।’ ਮੈਂ ਵੀ ਛੇਤੀ ਹਥਿਆਰ ਸੁੱਟ ਕੇ ਭੱਜਣਾ ਨਹੀਂ ਸੀ ਚਾਹੁੰਦਾ। ਗੱਲਾਂ ਦਾ ਰੁਖ਼ ਬਦਲ ਲੈਂਦਾ। ਇਕ ਦਿਨ ਉਹ ਮੇਰੇ ਸ਼ਬਦ ਜਾਲ ‘ਚ ਉਲਝ ਗਈ।
‘ਆਪਣੀ ਜ਼ਿੰਦਗੀ ‘ਚੋਂ ਸਿਰਫ਼ ਇਕ ਘੜੀ ਦੇ ਦੇ।’ ਮੌਕਾ ਦੇਖ ਮੈਂ ਆਪਣਾ ਸਵਾਲ ਰੱਖ ਦਿੱਤਾ। ਸੁਣ ਕੇ ਉਹ ਮੁਸਕਰਾ ਪਈ। ਮੇਰੀ ਆਸ ਨੂੰ ਬੂਰ ਪੈਂਦਾ ਲੱਗਾ।
‘ਆਨੰਦ ਦੀ ਦੁਨੀਆ ‘ਚ ਸਮਾਂ ਕੋਈ ਮਾਇਨੇ ਨ੍ਹੀਂ ਰੱਖਦਾ।’ ਅਗਲੇ ਹੀ ਪਲ ਆਰਤੀ ਨੇ ਆਪਣੇ ਤਰਕ ਵਾਣ ਨਾਲ ਮੈਨੂੰ ਵਿੰਨ੍ਹ ਦਿੱਤਾ। ਹੋਰ ਕਿਸੇ ਦਿਨ ਮੈਂ ਆਪਣੀ ਜ਼ਿੱਦ ਲਈ ਉਹਦੇ ਖਹਿੜੇ ਪੈ ਜਾਂਦਾ। ਉਹ ਚੁੱਪ ਕਰ ਜਾਂਦੀ। ਫੇਰ ਅਚਾਨਕ ਬੋਲਦੀ, ‘ਮੈਂ ਕਿਸੇ ਦਾ ਵੀ ਖ਼ੂਨ ਕਰ ਸਕਦੀ ਆਂ।’
ਆਰਤੀ ਦੀ ਇਹ ਗੱਲ ਸੁਣ ਮੈਨੂੰ ਬੜਾ ਅਜੀਬ ਲੱਗਦਾ। ਮੈਂ ਸੋਚਦਾ ਇਹ ਆਪਣੇ ਦੁੱਖ ਨਾਲ ਇੰਨੀ ਝੰਬੀ ਹੋਈ ਆ। ਮਸਾਂ ਤੁਰੀ ਫਿਰਦੀ ਏ। ਗੱਲਾਂ ਕਤਲਾਂ ਦੀਆਂ ਕਰਦੀ ਏ। ਕਦੇ ਉਹਦੀ ਇਸ ਗੱਲ ਤੋਂ ਡਰ ਵੀ ਲੱਗਣ ਲੱਗਦਾ। ਇਕ ਮਨ ਕਹਿੰਦਾ ਕੀ ਪਤਾ ਹਾਲਾਤ ਤੋਂ ਅੱਕਿਆ ਬੰਦਾ ਕੁਝ ਵੀ ਕਰ ਬੈਠੇ। ਪਰ ਆਰਤੀ ਦੀ ਗੱਲਬਾਤ ਅਤੇ ਮੁਸਕਰਾਹਟ ਤੋਂ ਕਦੇ ਨਾ ਲੱਗਦਾ ਉਹ ਦੁਖੀ ਏ। ਉਸ ਨੇ ਸਮੇਂ ਤੇ ਹਾਲਾਤ ਮੁਤਾਬਕ ਖ਼ੁਦ ਨੂੰ ਢਾਲ ਲਿਆ ਸੀ। ਪਤਾ ਨਹੀਂ ਉਹਦੀ ਹਿੰਮਤ ਜਾਗ ਪਈ ਸੀ। ਉਹ ਹਰ ਮੁਸ਼ਕਲ ਨਾਲ ਸਿੱਝਣ ਲਈ ਤਿਆਰ ਰਹਿਣ ਲੱਗ ਪਈ।
ਆਰਤੀ ਰਸੋਈ ‘ਚੋਂ ਮੁੜੀ ਤਾਂ ਉਹਦੇ ਹੱਥ ‘ਚ ਪਲੇਟ ਸੀ। ਉਹ ਸੇਬ ਕੱਟ ਲਿਆਈ। ਮੈਂ ਅਜੇ ਪੀਸ ਨੂੰ ਹੱਥ ਪਾਇਆ ਸੀ ਕਿ ਮੇਰੇ ਫੋਨ ਦੀ ਰਿੰਗ ਟਿਊਨ ਵੱਜ ਪਈ। ਫੋਨ ਦਫ਼ਤਰੋਂ ਸੀ। ਫੇਰ ਕਦੇ ਆਉਣ ਲਈ ਕਹਿ ਮੈਂ ਜਲਦੀ ਨਾਲ ਜਾਣ ਲਈ ਉੁਠਿਆ। ਉਹ ਗੇਟ ਤਕ ਮੇਰੇ ਨਾਲ ਆਈ। ਬਾਹਰ ਪੈਰ ਰੱਖੀ ਮੈਂ ਉਹਦੇ ਨੇੜੇ ਹੋਇਆ। ਪਤਾ ਨ੍ਹੀਂ ਕੀ ਸ਼ਰਾਰਤ ਸੁਝੀ। ‘ਹੁਣ ਵੀ ਕਿਸੇ ਦਾ ਕਤਲ ਕਰ ਸਕਦੀ ਏਂ।’ ਮੈਂ ਉਹਦੇ ਪਹਿਲਾਂ ਕਦੇ ਕਹੇ ਨੂੰ ਸਵਾਲ ਬਣਾ ਪੁੱਛਿਆ।
ਉਹ ਪਹਿਲਾਂ ਖਿੜ-ਖਿੜਾ ਕੇ ਹੱਸੀ। ਫੇਰ ਚੁੱਪ ਜਿਹੀ ਹੋ ਗਈ। ਮੁਸਕਰਾਈ ਤਾਂ ਮੈਂ ਤੁਰਨ ਲਈ ਅਹੁਲਿਆ। ਉਹ ਮੇਰੇ ਵੱਲ ਟੇਡਾ ਜਿਹਾ ਝਾਕੀ। ਅੱਖਾਂ ‘ਚੋਂ ਹਾਸੇ ਵਰਗਾ ਕੁਝ ਡੁੱਲ੍ਹ ਰਿਹਾ ਸੀ। ਉਹਦੀ ਤੱਕਣੀ ਜਿਵੇਂ ਕਹਿ ਰਹੀ ਹੋਵੇ, ‘ਬੰਦੈ ਨੂੰ ਜਾਨੋਂ ਮਾਰਨਾ ਹੀ ਕਿਤੇ ਕਤਲ ਥੋੜੋਂ੍ਹ ਹੁੰਦੈ।’