January 19, 2026

ਡਾ. ਵਨੀਤਾ

ਯਸ਼ੋਧਰਾ

ਸਿਧਾਰਥ!
ਇਸ ਵਾਰ ਨਿਰਮਾਣ ਦੀ ਪ੍ਰਾਪਤੀ ਲਈ
ਤੂੰ ਨਹੀਂ, ਯਸ਼ੋਧਰਾ ਜਾਵੇਗੀ
ਤੇਰੇ ਮਹਿਲਾਂ ਦੀਆਂ ਰੰਗੀਨ ਦੀਵਾਰਾਂ ‘ਚ
ਉਹ ਬਹੁਤ ਹੈ ਉਦਾਸ
ਹਰ ਰੰਗ ਬੇਰੰਗ ਲੱਗਦਾ
ਉਸ ਨੂੰ ਕਰਦਾ ਉਪਰਾਮ
ਇਸ ਵਾਰ ਯਸ਼ੋਧਰਾ ਇਕ ਖੂਬਸੂਰਤ ਕਲੀ
ਤੇਰੀ ਗੋਦ ਵਿਚ ਰੱਖ ਜਾਵੇਗੀ
ਫ਼ਿਕਰ ਨਾ ਕਰਨਾ
ਜਿਥੇ ਬਹੁਤ ਕੁਝ ਤੈਨੂੰ ਪ੍ਰਾਪਤ ਹੋਇਆ
ਸ਼ਾਇਦ ਇਸ ਗਿਆਨ ਦੀ ਪ੍ਰਾਪਤੀ ਵੀ ਹੋਵੇਗੀ
ਮੇਰੀਆਂ ਪਿੱਛੇ ਛੱਡੀਆਂ
ਉਦਾਸ ਪੈੜਾਂ ਨੂੰ ਵੇਖ
ਇਕ ਹੋਰ ਗਿਆਨ ਦੀ ਪ੍ਰਾਪਤੀ
ਤੂੰ ਬੋਧੀ ਰੁੱਖ ਥੱਲੇ ਕੀ ਪਾਇਆ
ਮੈਂ ਨਹੀਂ ਜਾਣਦੀ
ਯਸ਼ੋਧਰਾ ਉਸ ਰੁੱਖ ਥੱਲੇ ਤੇਰੇ ਮਹਿਲਾਂ ਦੀ ਰੰਗੀਨੀ ਤਿਆਗ
ਨਿਰਵਾਣ ਢੂੰਡੇਗੀ
ਇਕ ਕਲੀ ਤੇਰੀ ਗੋਦ ‘ਚ ਅਰਪਣ ਕਰ
ਤੈਨੂੰ ਨਵ-ਗਿਆਨ ਦੀ ਦਿਸ਼ਾ ਵੱਲ ਛੱਡ
ਨਿਰਵਾਣ ਢੂੰਡਣ ਜਾਵੇਗੀ