ਸ਼ਬਦ ਚਿੱਤਰ
ਸਾਹਿਤ ਅਤੇ ਸੰਗੀਤ ਦਾ ਸੁਮੇਲ
ਗੁਰਮੁੱਖ ਸਿੰਘ ਸਹਿਗਲ
ਪ੍ਰੋ. ਗੁਰਮੁੱਖ ਸਿੰਘ ਸਹਿਗਲ ਜਿੱਥੇ ਇੱਕ ਵਧੀਆ ਸਾਹਿਤਕਾਰ ਅਤੇ ਸੰਗੀਤਕਾਰ ਸਨ, ਉੱਥੇ ਇਕ ਚੰਗੇ ਅਧਿਆਪਕ ਵੀ ਸਨ। ਪ੍ਰੋ. ਸਹਿਗਲ ਦਾ ਪਲੇਠਾ ਨਾਵਲ ‘ਨਦੀਓਂ ਵਿਛੜੇ ਨੀਰ’ 1987 ਵਿਚ ਛੱਪਿਆ। ‘ਨਦੀਓਂ ਵਿਛੜੇ ਨੀਰ’ ਦੇ ਅਗਲੇ ਭਾਗ ‘ਲੁਆਰਗੀ (1991) ਅਤੇ ‘ਹਿਜਰਤ’ (2002) ਛੱਪੇ ਤੇ ਉਪਰੰਤ ਆਪ ਦੇ ਇਹ ਤਿੰਨੇ ਵਾਲ ‘ਦਰਦ ਵਿਛੋੜੇ ਦਾ ਹਾਲ’ (2016) ਨਾਂ ਹੇਠ ਸਮਾਣਾ (ਪਟਿਆਲਾ) ਦੇ ਸੰਗਮ ਪਬਲੀਕੇਸ਼ਨਜ਼ ਨੇ ਵੱਡ-ਅਕਾਰੀ ਰੂਪ ਵਿਚ ਛਾਪਿਆ।
ਹਰਪ੍ਰੀਤ ਸਿੰਘ ਰਾਣਾ (ਡਾ.)
98885-53162
ਸਾਲ 1993-94 ਵਿਚ ‘ਪੰਜਾਬੀ ਟ੍ਰਿਬਿਊਨ’ ਵਿਚ ਹਰ ਹਫ਼ਤੇ ਸ਼ੁੱਕਰਵਾਰ ਨੂੰ ‘ਨਕਸ਼ ਨੁਹਾਰ’ ਕਾਲਮ, ਜਿਸ ਵਿਚ ਵੱਖ-ਵੱਖ ਲੇਖਕਾਂ ਅਤੇ ਕਲਾਕਾਰਾਂ ਬਾਰੇ ਫੀਚਰ ਛੱਪਦਾ ਸੀ। ਮੇਰੇ ਵੀ ਉਦੋਂ ਪੰਜਾਬੀ ਦੇ ਕਈ ਲੇਖਕਾਂ ਬਾਰੇ ਫੀਚਰ ਇਸ ਕਾਲਮ ਵਿਚ ਨਿਰੰਤਰ ਛਪਦੇ ਸਨ। 28 ਅਕਤੂਬਰ, 1993 ਨੂੰ ਪ੍ਰੋਫੈਸਰ ਸਹਿਗਲ ਬਾਰੇ ਮੇਰਾ ਫੀਚਰ ‘ਸਾਹਿਤ ਤੇ ਸੰਗੀਤ ਦਾ ਸੁਮੇਲ-ਗੁਰਮੁਖ ਸਿੰਘ ਸਹਿਗਲ’ ਛਪਿਆ। ਉਹ ਸਮਾਂ ਮੋਬਾਈਲ ਜਾਂ ਇੰਟਰਨੈੱਟ ਦਾ ਯੁੱਗ ਨਹੀਂ ਸੀ ਤੇ ਉਸ ਸਮੇਂ ਕਿਸੇ ਲੇਖਕ ਬਾਰੇ ਉਹ ਵੀ ‘ਪੰਜਾਬੀ ਟ੍ਰਿਬਿਊਨ’ ਅਖ਼ਬਾਰ ਵਿਚ ਕੁਝ ਛਪਣਾ ਬਹੁਤ ਹੀ ਕਾਬਲੇਗੌਰ ਗੱਲ ਸੀ, ਕਿਉਂਕਿ ਅਖ਼ਬਾਰ, ਰਸਾਲੇ, ਦੂਰਦਰਸ਼ਨ ਅਤੇ ਅਕਾਸ਼ਵਾਣੀ ਹੀ ਲੋਕ ਦੇ ਮਨੋਰੰਜਨ ਦੇ ਮੁੱਖ ਸਾਧਨ ਸਨ। ਅਸਲ ਵਿਚ ਸਾਲ 1990 ਵਿਚ ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਪਾਸੀ ਰੋਡ, ਪਟਿਆਲਾ ਵਿਖੇ ਬਾਰ੍ਹਵੀਂ ਵਿਚ ਪੜ੍ਹਦਿਆਂ ਪਹਿਲੀ ਵਾਰ ਸਕੂਲ ਮੈਗਜ਼ੀਨ ਵਿਚ ਮੇਰਾ ਲੇਖ ‘ਨਕਲ ਦੀ ਬਿਮਾਰੀ’ ਛਪਣ ਨਾਲ ਮੇਰਾ ਲਿਖਣ ਦਾ ਮੁੱਢ ਬੱਝਾ ਤੇ ਉਥੇ ਹੀ ਪੰਜਾਬੀ ਕਹਾਣੀਕਾਰ ਸ੍ਰੀ ਜਗਦੀਸ਼ ਅਰਮਾਨੀ ਜੀ, ਜੋ ਮੇਰੇ ਇਤਿਹਾਸ ਦੇ ਲੈਕਚਰਾਰ ਸਨ, ਉਨ੍ਹਾਂ ਦੇ ਮਿੰਨੀ ਕਹਾਣੀ ਸੰਗ੍ਰਹਿ ‘ਕੁੜੂ ਫਿਰੇ ਪਰਧਾਨੁ’ ਨੂੰ ਪੜ੍ਹ ਕੇ ਮੈਂ ਵੀ ਤਿੰਨ-ਚਾਰ ਮਿੰਨੀ ਕਹਾਣੀਆਂ ਲਿਖ ਦਿੱਤੀਆਂ ਤੇ ਇਕ ਦਿਨ ਸੰਗਦੇ-ਸੰਗਦੇ ਉਨ੍ਹਾਂ ਨੂੰ ਜਾ ਦਿਖਾਈਆਂ। ਅਰਮਾਨੀ ਸਾਹਿਬ ਪੜ੍ਹ ਕੇ ਬਹੁਤ ਖੁਸ਼ ਹੋਏ। ਮੇਰੀ ਇਕ ਮਿੰਨੀ ਕਹਾਣੀ ‘ਅਨੋਖੀ ਮਠਿਆਈ’ ਉਨ੍ਹਾਂ ਅਤੇ ਅੱਵਲ ਸਰਹੱਦੀ ਵੱਲੋਂ ਸੰਪਾਦਿਤ ਕੀਤੇ ਜਾਂਦੇ ਨਿਰੋਲ ਪੰਜਾਬੀ ਮਿੰਨੀ ਕਹਾਣੀ ਦੇ ਤਿਮਾਹੀ ਰਸਾਲੇ ‘ਖ਼ੁਸ਼ਬੂ’ ਦੇ ਮਈ-ਸਤੰਬਰ 19991 ਦੇ ਵਿਚ ਛਪੀ ਤੇ ਮੇਰਾ ਲੇਖਕ ਬਣਨ ਦਾ ਮੁੱਢ ਬੱਝ ਗਿਆ। ਅਰਮਾਨੀ ਸਾਹਿਬ ਮੇਰੇ ਸਾਹਿਤਕ ਗੁਰੂ ਬਣ ਗਏ ਤੇ ਉਨ੍ਹਾਂ ਦੇ ਸੱਦੇ ਉੱਤੇ ਮੈਂ ਪਹਿਲੀ ਵਾਰ ਕਿਲ੍ਹਾ ਮੁਬਾਰਕ ਦੇ ਕੋਲ ਖਾਦੀ ਭੰਡਾਰ ਦੇ ਪਿੱਛੇ ਸਥਿਤ ਆਕਸਫੋਰਡ ਕਾਲਜ ਵਿਖੇ 19 ਮਾਰਚ 1991 ਨੂੰ ਪੰਜੀਬ ਸਾਹਿਤ ਸਭਾ (ਰਜਿ:), ਪਟਿਆਲਾ ਜਿਸ ਦੇ ਉਹ ਉਸ ਸਮੇਂ ਜਨਰਲ ਸਕੱਤਰ ਸਨ ਦੀ ਮਾਸਿਕ ਸਾਹਿਤਕ ਇਕੱਤਰਤਾ ਵਿਚ ਆਪਣੀਆਂ ਦੋ ਮਿੰਨੀ ਕਹਾਣੀਆਂ ਸੁਣਾਈਆਂ। ਇਸ ਇਕੱਤਰਤਤਾ ਦੇ ਮੁੱਖ ਮਹਿਮਾਨ ਸੰਸਾਰ ਪ੍ਰਸਿੱਧ ਚਿੱਤਰਕਾਰ ਸੋਭਾ ਸਿੰਘ ਦੇ ਜਵਾਈ ਤੇ ‘ਦਾ ਟ੍ਰਿਬਿਊਨ’ ਦੇ ਪੱਤਰਕਾਰ ਹਰਬੀਰ ਸਿੰਘ ਭੰਵਰ ਸਨ ਤੇ ਪ੍ਰਧਾਨਗੀ ਐਸ. ਐਸ. ਕਿਸ਼ਨਪੁਰੀ ਅਤੇ ਮੋਹਨ ਸ਼ਰਮਾ ਕਰ ਰਹੇ ਸਨ। ਇਸ ਇਕੱਤਰਤਾ ਵਿਚ ਸਭਾ ਦੇ ਪ੍ਰਧਾਨ ਹਰਚਰਨ ਸਿੰਘ ਕੈਂਬਲਪੁਰੀ, ਅੱਵਲ ਸਰਹੱਦੀ, ਦਿਆਲ ਸਿੰਘ ਚਮਨ, ਰਮੇਸ਼ ਚੋਂਦਵੀਂ, ਦਲੀਪ ਸਿੰਘ ਵਾਸਨ, ਰਾਜਿੰਦਰ ਕੌਰ ਵੰਤਾ, ਸਤਿੰਦਰਪਾਲ ਕੌਰ, ਦੇਵਿੰਦਰ ਸਿੰਘ ਰਾਜ਼, ਯੋਗਰਾਜ ਪ੍ਰਭਾਕਰ, ਡਾ. ਈਸ਼ਰ ਸਿੰਘ ਤਾਂਘ, ਚਰਨਜੀਤ ਸਿੰਘ ਚੱਢਾ, ਜਸਵੰਤ ਸਿੰਘ ਕੁਲਾਣਾ, ਹੇਮਰਿਸ਼ੀ, ਮਨਜੀਤ ਸਿੰਘ ਬਰਾੜ ਅਤੇ ਪ੍ਰੋ. ਗੁਰਮੁੱਖ ਸਿੰਘ ਸਹਿਗਲ ਸ਼ਾਮਿਲ ਸਨ। ਜਦੋਂ ਸਟੇਜ ਸਕੱਤਰ ਜਗਦੀਸ਼ ਅਰਮਾਨੀ ਨੇ ਪ੍ਰੋ. ਸਹਿਗਲ ਨੂੰ ਸਟੇਜ ਉੱਤੇ ਆਉਣ ਦਾ ਸੱਦਾ ਦਿੱਤਾ ਤੇ ਉਨ੍ਹਾਂ ਦਾ ਤਾਅਰੁੱਫ ਬਤੌਰ ਪੰਜਾਬੀ ਨਾਵਲਕਾਰ ਕਰਵਾਇਆ। ਉਸ ਸਮੇਂ 1987 ਵਿਚ ਛਪਿਆ ਪ੍ਰੋ. ਸਹਿਗਲ ਦਾ ਨਾਵਲ ‘ਨਦੀਓਂ ਵਿਛੜੇ ਨੀਰ’ ਜਿਸ ਨੂੰ ਸਾਲ 1990 ਦਾ ਸਰਵ ਸ੍ਰੇਸ਼ਟ ਨਾਵਲ ਦੇ ਤੌਰ ‘ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਭਾਈ ਵੀਰ ਸਿੰਘ ਗਲਪ ਪੁਰਸਕਾਰ ਮਿਲਿਆ ਸੀ ਦੀ ਪੰਜਾਬੀ ਸਾਹਿਤਕ ਹਲਕਿਆਂ ਵਿਚ ਬੜੀ ਚਰਚਾ ਸੀ। ਸਮਾਗਮ ਖ਼ਤਮ ਹੋਣ ਤੋਂ ਬਾਅਦ ਪ੍ਰੋ. ਸਹਿਗਲ ਸਮੇਤ ਕਈ ਹੋਰ ਲੇਖਕਾਂ ਨੇ ਮੈਨੂੰ ਸ਼ਾਬਾਸ਼ ਦਿੱਤੀ। ਇਹ ਪ੍ਰੋ. ਸਹਿਗਲ ਹੋਰਾਂ ਨਾਲ ਮੇਰੀ ਪਹਿਲੀ ਸਰਸਰੀ ਜਿਹੀ ਮੁਲਾਕਾਤ ਸੀ। ਮਾਰਚ-ਅਪ੍ਰੈਲ, 1991 ਵਿਚ ਬਾਰ੍ਹਵੀਂ ਦੇ ਸਾਲਾਨਾ ਪੇਪਰ ਖ਼ਤਮ ਹੋਣ ਤੋਂ ਬਾਅਦ ਮਈ 1991 ਦੀ ਸਭਾ ਦੀ ਮਾਸਿਕ ਇਕੱਤਰਤਾ ਜੋ ਪ੍ਰੋ. ਬਾਬੂ ਸਿੰਘ ਗੁਰਮ ਦੇ ਆਕਸਫੋਰਡ ਕਾਲਜ ਵਿਚ ਹਰ ਮੀਹਨੇ ਦੇ ਦੂਜੇ ਐਤਵਾਰ ਹੁੰਦੀ ਸੀ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਮਹੀਨੇ ਦੇ ਦੂਜੇ ਐਤਵਾਰ ਵਾਲੀ ਰਿਵਾਇਤ ਚੱਲੀ ਆ ਰਹੀ ਹੈ , ਭਾਵੇਂ ਹੁਣ ਸਥਾਨ ਸ਼ੇਰਾਂ ਵਾਲਾ ਗੇਟ ਸਥਿਤ ਭਾਸ਼ਾ ਵਿਭਾਗ ਪੰਜਾਬ ਦਾ ਸ਼ਾਨਦਾਰ ਸੈਮੀਨਾਰ ਹਾਲ ਹੈ ਵਿਚ ਮੈਂ ਦੂਜੀ ਵਾਰ ਸ਼ਿਰਕਤ ਕੀਤੀ ਤੇ ਇਸ ਇਕੱਤਰਤਾ ਵਿਚ ਮੇਰੇ ਸਮੇਤ ਹਾਜ਼ਰੀਨ ਲੇਖਕਾਂ ਨੇ ਰਚਨਾਵਾਂ ਸੁਣਾਈਆਂ ਅਤੇ ਪ੍ਰੋ. ਸਹਿਗਲ ਨੇ ਵੀ ਆਪਣੀ ਵੱਡੀ ਕਹਾਣੀ ‘ਆਲੂ ਹਿੰਮਤ’ ਸੁਣਾਈ। ਪੜ੍ਹੀਆਂ ਗਈਆਂ ਰਚਨਾਵਾਂ ਉੱਤੇ ਪ੍ਰੋ. ਸ. ਸੋਜ਼, ਪ੍ਰੋ. ਸਤਿੰਦਰ ਸਿੰਘ ਸਪੜਾ, ਚਰਨਜੀਤ ਸਿੰਘ ਚੱਢਾ ਤੇ ਰਮੇਸ਼ਇੰਦਰ ਸਿੰਘ ਨੇ ਭਖਵੀਂ ਬਹਿਸ ਕੀਤੀ।
ਜੁਲਾਈ 1991 ਨੂੰ ਮੇਰਾ ਬਾਰ੍ਹਵੀਂ ਦਾ ਨਤੀਜਾ ਆ ਗਿਆ। ਪਟਿਆਲਾ ਵਿਖੇ ਉਦੇ ਸਰਕਾਰੀ ਮਹਿੰਦਰਾ ਕਾਲਜ, ਮੁਲਤਾਨੀ ਮੱਲ ਮੋਦੀ ਕਾਲਜ, ਖਾਲਸਾ ਕਾਲਜ, ਖ਼ਾਲਸਾ ਕਾਲਜ ਸਨ। ਮੇਰੇ ਪਿਤਾ ਨੇ ਮੈਨੂੰ ਕਿਹਾ ਕਿ ਤੂੰ ਆਪਣੀ ਮਰਜ਼ੀ ਮੁਤਾਬਿਕ ਕਿਸੇ ਵੀ ਕਾਲਜ ਦਾਖਲ ਹੋ ਜਾ ਤੇ ਮੈਂ ਸਰਕਾਰੀ ਮਹਿੰਦਰਾ ਕਾਲਜ ਦਾਖਲ ਹੋਣ ਦਾ ਮਨ ਬਣਾ ਲਿਆ ਪਰ ਮੇਰੇ ਬਾਰ੍ਹਵੀਂ ਦੇ ਕਰੀਬੀ ਸਹਿਪਾਠੀ ਮੋਦੀ ਕਾਲਜ ਜਾ ਦਾਖਲ ਹੋਏ ਤੇ ਮੈਂ ਵੀ ਉਨ੍ਹਾਂ ਦੀ ਅਤੇ ਆਪਣੀਆਂ ਭੈਣਾਂ ਦੀ ਸਲਾਹ ਨਾਲ ਮੋਦੀ ਕਾਲਜ ਵਿਚ ਦਾਖਲਾ ਲੈ ਲਿਆ ਭਾਵੇਂ ਸਰਕਾਰੀ ਕਾਲਜ ਨਾਲੋਂ ਇਸ ਕਾਲਜ ਦੀ ਫੀਸ ਜ਼ਿਆਦਾ ਸੀ। ਮੈਂ ਇੱਥੇ ਵੀ ਬਾਰ੍ਹਵੀਂ ਵਾਂਗ ਬੀ. ਏ. ਭਾਗ ਪਹਿਲਾ ਵਿਚ ਪੰਜਾਬੀ ਸਾਹਿਤ, ਇਤਿਹਾਸ ਅਤੇ ਪੁਲਿਟੀਕਲ ਸਾਇੰਸ ਚੋਣਵੇਂ ਵਿਸ਼ੇ ਲੈ ਲਏ। ਸਾਡੀ ਜਮਾਤ ਨੂੰ ਪੰਜਾਬੀ ਲਾਜ਼ਮੀ ਡਾ. ਹਰਚਰਨ ਸਿੰਘ ਅਤੇ ਪੰਜਾਬੀ ਸਾਹਿਤ ਪ੍ਰੋ. ਗੁਰਮੁੱਖ ਸਿੰਘ ਸਹਿਗਲ ਪੜ੍ਹਾਉਂਦੇ ਸਨ ਤੇ ਮੈਂ ਪ੍ਰੋ. ਸਹਿਗਲ ਦਾ ਵਿਦਿਆਰਥੀ ਬਣ ਗਿਆ। ਮੈਂ ਨਵਾਂ-ਨਵਾਂ ਲੇਖਕ ਬਣ ਰਿਹਾ ਸਾਂ। ਮੈਂ ਖੁਸ਼ੀ ਵਿਚ ਖੀਵਾ ਹੁੰਦੇ ਆਪਣੇ ਕਰੀਬੀ ਸਹਿਪਾਠੀ ਦੋਸਤਾਂ ਨੂੰ ਮਾਣ ਨਾਲ ਕਿਹਾ ਕਿ ਪ੍ਰੋ. ਸਹਿਗਲ ਮੈਨੂੰ ਜਾਣਦੇ ਹਨ ਤਾਂ ਕਿ ਦੋਸਤ ਨੇ ਮੈਨੂੰ ਟਿੱਚਰ ਕਰਦੇ ਕਿਹਾ, ”ਆਪਣੀ ਸ਼ਕਲ ਤੂੰ ਸ਼ੀਸ਼ੇ ਵਿਚ ਵੇਖੀ ਹੈ, ਐਵੇਂ ਫੜਾਂ ਨਾ ਮਾਰ ਤੈਨੂੰ ਕਿਤੋਂ ਕੋਈ ਪ੍ਰੋਫੈਸਰ ਜਾਣਦਾ।” ਮੈਂ ਠਿੱਠ ਹੋ ਗਿਆ ਪਰ ਜਦੋਂ ਅਸੀਂ ਪ੍ਰੋ. ਸਹਿਗਲ ਦਾ ਪਹਿਲੀ ਵਾਰ ਪੀਰੀਅਡ ਲਗਾਇਆ ਤਾਂ ਉਨ੍ਹਾਂ ਆਪਣਾ ਤਾਅਰੁੱਫ਼ ਦਿੰਦਿਆਂ ਸਾਰੇ ਵਿਦਿਆਰਥੀਆਂ ਨੂੰ ਆਪਣਾ-ਆਪਣਾ ਤਾਅਰੁੱਫ ਕਰਵਾਉਣ ਲਈ ਕਿਹਾ। ਜਦੋਂ ਮੇਰੀ ਵਾਰੀ ਆਈ ਤਾਂ ਉਨ੍ਹਾਂ ਮੈਨੂੰ ਪਛਾਣ ਲਿਆ ਤੇ ਉਹ ਬਹੁਤ ਖੁਸ਼ ਹੋਏ ਤੇ ਸਾਰੀ ਜਮਾਤ ਨੂੰ ਮੇਰੇ ਸਾਹਿਤਕਾਰ ਹੋਣ ਬਾਰੇ ਦੱਸਿਆ। ਕੁੜੀਆਂ ਸਮੇਤ ਸਾਰੀ ਜਮਾਤ ਮੇਰੇ ਵੱਲ ਬਿੱਟਰ-ਬਿੱਟਰ ਝਾਕਣ ਲੱਗੀ ਤੇ ਹੁਣ ਮੈਨੂੰ ਠਿੱਠ ਕਰਨ ਵਾਲਾ ਦੋਸਤ ਖੁਦ ਠਿੱਠ ਹੋਣਾ ਬੈਠਾ ਸੀ। ਪ੍ਰੋ. ਸਹਿਗਲ ਨੇ ਅਗਲੀ ਵਾਰ ਮੈਨੂੰ ਆਪਣੀਆਂ ਮਿੰਨੀ ਕਹਾਣੀਆਂ ਜਮਾਤ ਵਿਚ ਸੁਣਾਉਣ ਦੀ ਤਾਕੀਦ ਕੀਤੀ ਤੇ ਬਾਅਦ ਵਿਚ ਮੈਂ ਉਨ੍ਹਾਂ ਦੇ ਹੁਕਮ ਉੱਤੇ ਕਈ ਵਾਰ ਜਮਾਤ ਵਿਚ ਆਪਣੀਆਂ ਮਿੰਨੀ ਕਹਾਣੀਆਂ ਸੁਣਾਈਆਂ। ਮੈਂ ਇਕ ਦਰਮਿਆਨੇ ਦਰਜੇ ਦਾ ਸੈਕਿੰਡ ਕਲਾਸ ਵਿਚ ਪਾਸ ਹੋਣ ਵਾਲਾ ਇਕਹਿਰੇ ਸਰੀਰ ਵਾਲਾ ਮਾੜਚੂ ਜਿਹਾ ਵਿਦਿਆਰਥੀ, ਜਿਸ ਦੇ ਅਜੇ ਦਾੜ੍ਹੀ-ਮੁੱਛ ਵੀ ਨਹੀਂ ਸੀ ਉੱਗੀ, ਪ੍ਰੋ. ਸਹਿਗਲ ਹੋਰਾਂ ਸਦਕਾ ਜਮਾਤ ਅਤੇ ਹੋਰ ਪ੍ਰੋਫੈਸਰਾਂ ਵਿਚ ਇਕ ਚੰਗੇ ਵਿਦਿਆਰਥੀ ਦੇ ਤੌਰ ਉੱਤੇ ਪਛਾਣ ਸਥਾਪਿਤ ਕਰ ਲਈ। ਸ਼ਹਿਰ ਦੇ ਇਕ ਮੰਨੇ-ਪ੍ਰਮੰਨੇ ਡਾਕਟਰ ਦੀ ਮਾਡਰਨ ਕੁੜੀ ਜੋ ਮੇਰੀ ਹਮਜਮਾਤਣ ਸੀ ਤੇ ਕਾਲਜ ਵਿਚ ਜੀਨ-ਸ਼ਰਟ ਉਸ ਸਮੇਂ ਪਾ ਕੇ ਆਉਂਦੀ ਸੀ ਤੇ ਸਾਡੇ ਵਰਗੇ ਸੰਸਕਾਰਾਂ ਪੱਖੋਂ ਪਿਛੜੇ ਮਾਹੌਲ ਵਿਚ ਆਏ ਵਿਦਿਆਰਥੀਆਂ ਵਿਚ ਇਹ ਬਹੁਡ ਵੱਡੀ ਤੇ ਅਲੋਕਾਰ ਗੱਲ ਸੀ, ਮੈਨੂੰ ਸਾਹਿਤਕ ਰੁਚੀਆਂ ਕਾਰਨ ਖਾਸ ਤਵੱਜੋ ਦਿੰਦੇ ਹੋਏ ਸ਼ਰੇਆਮ ਮੇਰੇ ਨਾਲ ਹੱਥ ਮਿਲਾਂਦੀ, ਜਿਸ ਕਰਕੇ ਕਈ ਸਹਿਪਾਠੀ ਮੇਰੇ ਨਾਲ ਈਰਖਾ ਕਰਦੇ। ਪੁਲਿਟੀਕਲ ਸਾਇੰਸ ਦੇ ਪ੍ਰੋ. ਵੇਦ ਪ੍ਰਕਾਸ਼ ਜੋ ਪ੍ਰੋ. ਸਹਿਗਲ ਦਾ ਸੀਨੀਅਰ ਹੋਣ ਕਾਰਨ ਬਹੁਤ ਸਤਿਕਾਰ ਕਰਦੇ ਸਨ ਤਾਂ ਮੈਨੂੰ ਸਾਹਿਤਕਾਰ ਸਾਹਿਬ ਕਰਕੇ ਬੁਲਾਉਂਦੇ ਸਨ। ਜਦੋਂ ਮੈਂ ਪੱਚੀ ਸਾਲ ਬਾਅਦ ਆਪਣੇ ਕੁਲੀਗ ਦੇ ਵਾਕਫ਼ ਦੀ ਕੁੜੀ ਨੂੰ ਕਾਲਜ ਦਾਖਲਾ ਦਿਵਾਉਣ ਲਈ ਪ੍ਰੋ. ਵੇਦ ਪ੍ਰਕਾਸ਼ ਨੂੰ ਮਿਲਿਆ ਤਾਂ ਉਹ ਬਹੁਤ ਤਪਾਕ ਨਾਲ ਮਿਲੇ ਤੇ ਨਾ-ਨਾ ਕਰਨ ਦੇ ਬਾਵਜੂਦ ਕਾਲਜ ਕੰਟੀਨ ਵਿਚ ਲਿਜਾ ਕੇ ਚਾਹ-ਸਮੋਸਿਆਂ ਨਾਲ ਸਾਡੀ ਸੇਵਾ ਕੀਤੀ ਤਾਂ ਮੈਨੂੰ ਕਾਲਜ ਦੇ ਦਿਨ ਯਾਦ ਆ ਗਏ ਤੇ ਇਹ ਇੱਜ਼ਤ ਪ੍ਰੋ. ਸਹਿਗਲ ਹੋਰਾਂ ਕਾਰਨ ਹੀ ਅੱਜ ਤੱਕ ਕਾਇਮ ਹੈ। ਮੇਰੇ ਇਕ ਵੱਡੇ ਜੀਜਾ ਜੀ 1980-83 ਵਿਚ ਪ੍ਰੋ. ਸਹਿਗਲ ਦਾ ਵਿਦਿਆਰਥੀ ਰਿਹਾ ਹੈ। ਪ੍ਰੋ. ਸਹਿਗਲ 1970 ਤੋਂ ਲੈ ਕੇ 1998 ਆਪਣੀ ਸੇਵਾਮੁਕਤੀ ਤੱਕ ਮੋਦੀ ਕਾਲਜ ਵਿਚ ਪੜ੍ਹਾਉਂਦੇ ਰਹੇ।
ਪ੍ਰੋ. ਸਹਿਗਲ ਅਸਲ ਵਿਚ ਜਿੱਥੇ ਇੱਕ ਵਧੀਆ ਸਾਹਿਤਕਾਰ ਅਤੇ ਸੰਗੀਤਕਾਰ ਸਨ, ਉੱਥੇ ਇਕ ਚੰਗੇ ਅਧਿਆਪਕ ਵੀ ਸਨ। ਮੈਨੂੰ ਉਨ੍ਹਾਂ ਦਾ ਡੇਢ ਕੁ ਸਾਲ 1991-92 ਵਿਚ ਵਿਦਿਆਰਥੀ ਹੋਣ ਦਾ ਮਾਣ ਹਾਸਿਲ ਹੈ, ਕਿਉਂਕਿ ਦਸਬੰਰ 1992 ਨੂੰ ਮੈਨੂੰ ਸਿੱਖਿਆ ਵਿਭਾਗ ‘ਚ ਸਰਕਾਰੀ ਨੌਕਰੀ ਮਿਲਣ ਕਾਰਨ ਪੜ੍ਹਾਈ ਅੱਧਵਾਟੇ ਛੱਡਣੀ ਪਈ ਤੇ ਬਾਅਦ ਵਿਚ ਪੰਜਾਬੀ ਯੂਨੀਵਰਸਿਟੀ ਦੇ ਪੱਤਰ ਵਿਹਾਰ ਸਿੱਖਿਆ ਵਿਭਾਗ ਰਾਹੀਂ ਨਵੇਂ ਸਿਰੇ ਤੋਂ ਆਪਣੀ ਪੜ੍ਹਾਈ ਸ਼ੁਰੂ ਕੀਤੀ ਤੇ ਫਿਰ ਹੌਲੀ-ਹੌਲੀ ਐਮ. ਏ. (ਪੰਜਾਬੀ) ਐਮ. ਫਿਲ. ਪੀ. ਐੱਚ. ਡੀ. ਪੋਸਟ ਗਰੈਜੂਏਟ ਡਿਪਲੋਮਾ ਪੱਤਰਕਾਰੀ ਤੇ ਜਨ ਸੰਚਾਰ ਕੀਤਾ ਤੇ ਨਾਲ ਹੀ ਛੁੱਟੀ ਲੈ ਕੇ ਰੈਗੂਲਰ ਬੀ. ਐੱਡ ਦੀ ਡਿਗਰੀ ਵੀ ਹਾਸਲ ਕੀਤੀ। ਪਰ ਕਾਲਜ ਛੱਡਣ ਤੋਂ ਬਾਅਦ ਵੀ ਪ੍ਰੋ. ਸਹਿਗਲ ਦਾ ਸਾਹਿਤਕ ਸਾਥ ਤੇ ਅਸ਼ੀਰਵਾਦ ਮਿਲਦਾ ਰਿਹਾ ਤੇ ਉਹ ਅਕਸਰ ਮੈਨੂੰ ਸਰਕਾਰੀ ਨੌਕਰੀ ਵਿਚ ਆਉਣ ਤੋਂ ਬਾਅਦ ਵੀ ਉਚੇਰੀ ਪੜ੍ਹਾਈ ਕਰਦਾ ਦੇਖ ਹਾਂ-ਪੱਖੀ ਉਤਸ਼ਾਹ ਦਿੰਦੇ ਰਹਿੰਦੇ। ਉਨ੍ਹਾਂ ਦਾ ਪੜ੍ਹਾਉਣ ਦਾ ਆਪਣਾ ਇਕ ਸੂਫੀਆਨਾ ਅੰਦਾਜ਼ ਅਤੇ ਵਿਲੱਖਣ ਢੰਗ ਸੀ। ਉਹ ਜਿੱਥੇ ਗੁਰਮਤਿ, ਸੂਫੀ, ਬੀਰ ਤੇ ਭਗਤੀ, ਕਿੱਸਾ-ਕਾਵਿ ਖੁੱਭ ਕੇ ਪੜ੍ਹਾਉਂਦੇ, ਉੱਥੇ ਪੰਜਾਬੀ ਸਾਹਿਤ ਦਾ ਇਤਿਹਾਸ, ਨਾਟਕ, ਕਵਿਤਾ, ਨਾਵਲ ਤੇ ਕਹਾਣੀ ਵੀ ਬੜੀ ਹੀ ਦਿਲਚਸਪੀ ਨਾਲ ਪੜ੍ਹਾਉਂਦੇ ਕਿ ਲਗਭਗ ਸਾਰੀ ਜਮਾਤ ਹੀ ਉਨ੍ਹਾਂ ਦਾ ਪੀਰੀਅਡ ਲਾਉਂਦੀ। ਉਨ੍ਹਾਂ ਦਾ ਨਾਟਕ ਪੜ੍ਹਾਉਣ ਦਾ ਢੰਗ ਵੀ ਨਿਰਾਲਾ ਸੀ। ਪਾਤਰਾਂ ਦੇ ਡਾਇਲਾਗ ਬੋਲਦੇ ਹੋਏ ਉਨ੍ਹਾਂ ਦੇ ਹਾਵ-ਭਾਵ ਵੀ ਪਾਤਰਾਂ ਵਾਂਗ ਹੀ ਨਾਟਕੀ ਅੰਦਾਜ਼ ਵਾਲੇ ਹੋ ਜਾਂਦੇ ਸਨ ਜਿਵੇਂ ਉਹ ਸਟੇਜ ਉੱਤੇ ਖੁਦ ਨਾਟਕ ਕਰ ਰਹੇ ਹੋਣ। 1991-92 ਵਿਚ ਹੀ ਪ੍ਰੋ. ਸਹਿਗਲ ਵੱਲੋਂ ਪੰਜਾਬੀ ਸਾਹਿਤ ਦੇ ਇਤਿਹਾਸ ਨੂੰ ਦਿਲਚਸਪੀ ਨਾਲ ਪੜ੍ਹਾਉਣ ਕਾਰਨ ਮੇਰੇ ਮਨ ‘ਤੇ ਪ੍ਰਭਾਵ ਪੈ ਚੁੱਕਾ ਸੀ। ਅਸਲ ਵਿਚ ਸਾਹਿਤ ਵਧੀਆ ਪੜ੍ਹਾਉਣ ਅਤੇ ਲਿਖਣ ਦੀ ਗੁੜ੍ਹਤੀ ਅੱਗੋਂ ਪ੍ਰੋ. ਸਹਿਗਲ ਨੂੰ ਵੀ ਆਪਣੇ ਵਿਦਿਆਰਥੀ ਜੀਵਨ ਵਿਚ ਪ੍ਰੋ. ਪ੍ਰੀਤਮ ਸਿੰਘ, ਪ੍ਰੋ. ਅਤਰ ਸਿੰਘ, ਡਾ. ਦਲੀਪ ਕੌਰ ਟਿਵਾਣਾ ਵਰਗੇ ਮਹਾਨ ਪੰਜਾਬੀ ਪ੍ਰੋਫੈਸਰਾਂ ਤੋਂ ਮਿਲੀ ਸੀ ਤੇ ਉਪਰੰਤ ਉਨ੍ਹਾਂ ਆਪਣੀ ਮਿਹਨਤ ਸਦਕਾ ਪੜ੍ਹਾਉਣ ਵਿਧੀ ਵਿਚ ਨਿਖਾਰ ਲਿਆਂਦਾ।
ਕਾਲਜ ਛੱਡਣ ਤੋਂ ਬਾਅਦ ਵੀ ਪ੍ਰੋ. ਸਹਿਗਲ ਨਾਲ ਸਮਕਾਲੀ ਸਾਹਿਤਕਾਰ ਵਾਲੇ ਰਿਸ਼ਤੇ ਕਾਰਨ ਉਨ੍ਹਾਂ ਨਾਲ ਸਾਹਿਤਕ ਸਾਂਝ ਉਨ੍ਹਾਂ ਦੇ ਸਵਰਗਵਾਸ ਅਪ੍ਰੈਲ 2021 ਤੱਕ ਕਾਇਮ ਰਹੀ। ਉਨ੍ਹਾਂ ਦੇ ਘਰ ਜਾਣ ਲੱਗ ਪਿਆ। ਸਾਲ 1993 ਨੂੰ ਸ੍ਰੀ ਜਗਦੀਸ਼ ਅਰਮਾਨੀ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਦੇ ਪ੍ਰਧਾਨ, ਅੱਵਲ ਸਰਹੱਦੀ ਜਨਰਲ ਸਕੱਤਰ, ਪ੍ਰੋ. ਗੁਰਮੁਖ ਸਿੰਘ ਸਹਿਗਲ ਸੀਨੀਅਰ ਮੀਤ ਪ੍ਰਧਾਨ ਅਤੇ ਮੈਂ ਪ੍ਰੈੱਸ ਸਕੱਤਰ ਚੁਣਿਆ ਗਿਆ। ਅਰਮਾਨੀ ਸਾਹਿਬ ਦਾ ਘਰ ਮੀਰ ਕੁੰਦਲਾ ਸਰਹਿੰਦੀ ਬਾਜ਼ਾਰ ਵਿਚ ਸੀ ਤੇ ਇਸੇ ਬਾਜ਼ਾਰ ਵਿਚੋਂ ਲੰਘ ਕੇ ਥੋੜ੍ਹਾ ਜਿਹਾ ਦੂਰ ਮੁਹੱਲਾ ਅਰੋੜਿਆਂ ਵਿਚ ਪ੍ਰੋ. ਸਹਿਗਲ ਦਾ ਘਰ ਸੀ। ਪੰਜਾਬੀ ਸਾਹਿਤ ਸਭਾ ਦੀਆਂ ਮਹਿਫ਼ਿਲਾਂ ਵਿਚ ਅਕਸਰ ਪ੍ਰੋ. ਗੁਰਮੁਖ ਸਿੰਘ ਸਹਿਗਲ, ਪ੍ਰੋ. ਸ. ਸੋਜ਼, ਪਿੰ੍ਰ. ਮੋਹਨ ਸਿੰਘ ਪ੍ਰੇਮ, ਪ੍ਰੋ. ਕੁਲਵੰਤ ਸਿੰਘ ਗਰੇਵਾਲ, ਪ੍ਰੋ. ਕਿਰਪਾਲ ਸਿੰਘ ਕਸੇਲ, ਪ੍ਰੋ. ਪਿਆਰਾ ਸਿੰਘ ਪਦਮ, ਪ੍ਰੋ. ਕਿਰਪਾਲ ਕਜ਼ਾਕ, ਡਾ. ਕੁਲਦੀਪ ਸਿੰਘ ਧੀਰ, ਡਾ. ਸੁਰਜੀਤ ਸਿੰਘ ਸੇਠੀ, ਡਾ. ਈਸ਼ਰ ਸਿੰਘ ਤਾਂਘ, ਡਾ. ਹਰਜੀਤ ਸਿੰਘ ਸੱਧਰ, ਡਾ. ਸੁਖਮਿੰਦਰ ਸੇਖੋਂ ਡਾ. ਮਾਨ ਸਿੰਘ ਅੰਮ੍ਰਿਤ, ਡਾ. ਦਰਸ਼ਨ ਸਿੰਘ ਆਸ਼ਟ, ਡਾ. ਗੁਰਦੇਵ ਸਿੰਘ ਚੰਦੀ, ਜਗਦੀਸ਼ ਅਰਮਾਨੀ, ਰਾਜਿੰਦਰ ਕੌਰ ਵੰਤਾ, ਅੱਵਲ ਸਰਹੱਦੀ, ਚਰਨਜੀਤ ਸਿੰਘ ਚੱਢਾ, ਐਡਵੋਕੇਟ ਦਲੀਪ ਸਿੰਘ ਵਾਸਨ, ਰਮੇਸ਼ ਚੌਂਦਵੀਂ, ਕਰਮਵੀਰ ਸਿੰਘ ਸੂਰੀ, ਸੁਖਦੇਵ ਸਿੰਘ ਸ਼ਾਂਤ, ਦਵਿੰਦਰ ਪਟਿਆਲਵੀ, ਰਘਬੀਰ ਸਿੰਘ ਮਹਿਮੀ, ਇੰਜ. ਅਸ਼ਵਨੀ ਕੁਮਾਰ ਆਦਿ ਸ਼ਾਮਿਲ ਹੁੰਦੇ ਤੇ ਪੜ੍ਹੀਆਂ ਰਚਨਾਵਾਂ ਉੱਤੇ ਉਪਰੋਕਤ ਸੱਜਣ ਸਾਰਥਕ ਬਹਿਸ ਕਰਦੇ ਤੇ ਨਵੇਂ ਤੇ ਪੁਰਾਣੇ ਲੇਖਕਾਂ ਨੂੰ ਬਿਨਾਂ ਕੋਈ ਰਿਆਇਤ ਕੀਤੇ ਉਨ੍ਹਾਂ ਦੀਆਂ ਰਚਨਾਵਾਂ ਬਾਰੇ ਉਸਾਰੂ ਬਹਿਸ ਕਰਦੇ। ਕਈ ਵਾਰ ਬਾਹਰੋਂ ਵੀ ਜਸਵੰਤ ਸਿੰਘ ਕੰਵਲ, ਭੁਪਿੰਦਰ ਸਿੰਘ ਆਈ. ਏ. ਐਸ., ਪਿਆਰਾ ਸਿੰਘ ਦਾਤਾ, ਹਰਨਾਮ ਦਾਸ ਸਹਿਰਾਈ, ਚੰਦਨ ਨੇਗੀ, ਬਚਿੰਤ ਕੌਰ ਅਤੇ ਹੋਰ ਪ੍ਰਸਿੱਧ ਸਾਹਿਤਕਾਰ ਵੀ ਸਾਹਿਤਕ ਸਮਾਗਮਾਂ ਵਿਚ ਵਿਸ਼ੇਸ਼ ਤੌਰ ਉੱਤੇ ਆਏ। ਮੁੰਬਈ ਤੋਂ ਵਿਸ਼ੇਸ਼ ਤੌਰ ‘ਤੇ ਪ੍ਰੋ. ਸਹਿਗਲ ਦੇ ਨਿਕਟਵਰਤੀ ਦੋਸਤ ਤੇ ਮਸ਼ਹੂਰ ਸਾਹਿਤਕਾਰ ਸੁਖਬੀਰ ਪਟਿਆਲੇ ਆਏ ਤੇ ਉਹ ਪ੍ਰੋ. ਸਹਿਗਲ ਦੇ ਘਰ ਠਹਿਰੇ। ਆਪਣੇ ਸੁਭਾਅ ਦੇ ਅਨੁਕੂਲ ਉਨ੍ਹਾਂ ਭਾਸ਼ਾ ਵਿਭਾਗ ਵੱਲੋਂ ਉਨ੍ਹਾਂ ਦਾ ਰੂਬਰੂ ਕਰਵਾਉਣ ਤੇ ਕਿਸੇ ਵੀ ਸਾਹਿਤ ਸਭਾ ਦੇ ਸਮਾਗਮ ਵਿਚ ਜਾਣ ਤੋਂ ਇਨਕਾਰ ਕਰ ਦਿੱਤਾ ਤੇ ਸਹਿਗਲ ਸਾਹਿਬ ਦੇ ਘਰ ਹੀ ਕੁਝ ਚੋਣਵੇਂ ਲੇਖਕਾਂ ਨਾਲ ਸ਼ਾਮ ਨੂੰ ਗੈਰਰਸਮੀ ਮਿਲਣੀ ਲਈ ਹਾਂ ਕਰ ਦਿੱਤੀ। ਸੁਖਬੀਰ ਬੰਬਈ (ਹੁਣ ਮੁੰਬਈ) ਵਿਚ 1965-69 ਦੌਰਾਨ ਖਾਲਸਾ ਕਾਲਜ ਵਿਖੇ ਪ੍ਰੋ. ਸਹਿਗਲ ਨਾਲ ਇਕੱਠੇ ਪੰਜਾਬੀ ਲੈਕਚਰਾਰ ਰਹੇ ਸਨ ਤੇ 1968 ਵਿਚ ਉਹ ਨੌਕਰੀ ਛੱਡ ਕੇ ਕੁਲਵਕਤੀ ਲੇਖਕ ਬਣ ਗਏ। ਪ੍ਰੋ. ਸਹਿਗਲ 1970 ਤੱਕ ਮੁੰਬਈ ਰਹੇ ਤੇ ਫਿਰ ਖਾਲਸਾ ਕਾਲਜ ਦੀ ਨੌਕਰੀ ਛੱਡ ਕੇ ਘਰੇਲੂ ਕਾਰਨਾਂ ਕਰਕੇ ਪਟਿਆਲੇ ਸ਼ਿਫਟ ਕਰ ਗਏ। ਪ੍ਰੋ. ਸਹਿਗਲ 1964 ਵਿਚ ਪ੍ਰੋ. ਅਤਰ ਸਿੰਘ ਦੀ ਪ੍ਰੇਰਨਾ ਸਦਕਾ ਐਮ. ਏ. ਪੰਜਾਬੀ ਕਰਨ ਤੋਂ ਬਾਅਦ ਐਡਵਾਂਸ ਸੈਂਟਰ ਆਫਡ ਲਿੰਗਵਿਸਟਿਕ, ਡੇਕਨ ਕਾਲਜ, ਪੂਨਾ (ਮਹਾਰਾਸ਼ਟਰ) ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇਕ ਪ੍ਰੋਜੈਕਟ ਉੱਤੇ ਇਕ ਸਾਲ ਲਈ ਦੋ ਸੌ ਰੁਪਏ ਪ੍ਰਤੀ ਮਹੀਨਾ ਲੈਂਗੂਏਜ ਸਕਾਲਰਸ਼ਿਪ ਉੱਤੇ ਗੁਜਰਾਤੀ ਭਾਸ਼ਾ ਸਿੱਖੀ ਤੇ ਉਪਰੰਤ ਬੰਬਈ ਆ ਗਏ। ਇਸ ਬੰਬਈ ਠਹਿਰਨ ਦੌਰਾਨ ਪ੍ਰੋ. ਸਹਿਗਲ, ਸੁਖਬੀਰ ਦੀ ਸੰਗਤ ਨਾਲ ਕਈ ਸਾਹਿਤਕਾਰਾਂ, ਸੰਗੀਤਕਾਰਾਂ ਅਤੇ ਫ਼ਿਲਮੀ ਹਸਤੀਆਂ ਦੀ ਸੰਗਤ ਵਿਚ ਆਪਣੀ ਸਾਹਿਤ ਅਤੇ ਸੰਗੀਤ ਸਾਧਨਾ ਨੂੰ ਪ੍ਰਪੱਕ ਕਰਨ ਵੱਲ ਰੁਚਿਤ ਰਹੇ। ਉੱਘੇ ਅਦਾਕਾਰ ਦਲੀਪ ਕੁਮਾਰ, ਬਲਰਾਜ ਸਾਹਨੀ, ਸਰਦਾਰ ਜਾਫਰੀ, ਗੁਲਜ਼ਾਰ, ਰਜਿੰਦਰ ਸਿੰਘ ਬੇਦੀ, ਬੂਟਾ ਸਿੰਘ ਸ਼ਾਦ, ਮਹਿੰਦੀ ਹਸਨ, ਰੇਸ਼ਮਾ, ਕਮਲੇਸ਼ ਪੁਰੋਹਿਤ, ਮੁਹਿੰਦਰਜੀਤ, ਪ੍ਰੀਤਮ ਬੇਲੀ, ਹਰਨਾਮ ਸਿੰਘ ਨਾਜ਼ ਆਦਿ ਸ਼ਖਸੀਅਤਾਂ ਦੀ ਸੰਗਤ ਮਾਣਦੇ ਰਹੇ ਤੇ ਬਾਅਦ ਵਿਚ 2006 ਵਿਚ ਉਪਰੋਕਤ ਵਿਚੋਂ ਕੁਝ ਸ਼ਖਸੀਅਤਾਂ ਤੋਂ ਇਲਾਵਾ ਬਲਵੰਤ ਗਾਰਗੀ, ਪ੍ਰੋ. ਪ੍ਰੀਤਮ ਸਿੰਘ, ਸੁਰਿੰਦਰ ਸਿੰਘ ਨਰੂਲਾ, ਪ੍ਰੋ. ਕਿਰਪਾਲ ਸਿੰਘ ਕਸੇਲ, ਸੁਖਬੀਰ ਬਾਰੇ ਰੇਖਾ ਚਿੱਤਰਾਂ ਦੀ ਕਿਤਾਬ ‘ਨਕਸ਼-ਨਿਗਾਰ’ ਵੀ ਲਿਖੀ, ਜਿਸ ਵਿਚ ਇਨ੍ਹਾਂ ਸ਼ਖ਼ਸੀਅਤਾਂ ਦੇ ਨਿੱਜੀ ਜੀਵਨ ਦੇ ਨਾਲ-ਨਾਲ ਕਲਾ ਅਤੇ ਸਾਹਿਤਕ ਪੱਖ ਬਾਰੇ ਭਾਵਪੂਰਤ ਢੰਗ ਨਾਲ ਚਾਨਣਾ ਪਾਇਆ ਹੈ। ਸੁਖਬੀਰ ਦੀ ਉਦੋਂ ਨਵੰਬਰ 1993 ਵਿਚ ਪ੍ਰੋ. ਸਹਿਗਲ ਦੇ ਘਰ ਗੈਰ-ਰਸਮੀ ਮਿਲਣੀ ਵਿਚ ਕਿਰਪਾਲ ਕਜ਼ਾਕ, ਲਾਲੀ ਬਾਬਾ, ਸਤਿੰਦਰ ਸਿੰਘ ਨੰਦਾ, ਡਾ. ਈਸ਼ਰ ਸਿੰਘ ਤਾਂਘ, ਪ੍ਰੋ. ਸ. ਸੋਜ਼, ਸੁਰਿੰਦਰ ਸ਼ਰਮਾ, ਪ੍ਰੋ. ਕਿਰਪਾਲ ਸਿੰਘ ਕਸੇਲ, ਜਗਦੀਸ਼ ਸਿੰਘ ਅਰਮਾਨੀ, ਅੱਵਲ ਸਰਹੱਦੀ, ਅਜਮੇਰ ਕੈਂਥ, ਗਿਆਨੀ ਸ਼ਮਸ਼ੇਰ ਸਿੰਥ ਤੇ ਮੈਂ ਸ਼ਾਮਿਲ ਸਾਂ। ਸੁਖਬੀਰ ਨਾਲ ਸਾਹਿਤ ਤੇ ਕਲਾ ਬਾਰੇ ਨਿੱਠ ਕੇ ਚਰਚਾ ਹੋਈ। ਮੇਰੇ ਵਰਗੇ ਨਵੇਂ ਸਿਖਾਂਦਰੂ ਲੇਖਕ ਲਈ ਇਸ ਅਦਬੀ ਮਹਿਫ਼ਲ ਵਿਚ ਸ਼ਾਮਿਲ ਹੋਣਾ ਮਾਣ ਵਾਲੀ ਗੱਲ ਸੀ। ਇਸ ਮਿਲਣੀ ਤੋਂ ਬਾਅਦ ਸੁਖਬੀਰ ਹੋਰਾਂ ਦਾ ਮੈਂ ਸਮੁੱਚਾ ਸਾਹਿਤ ਪੜ੍ਹਿਆ ਤੇ ਖਤੋ-ਖਿਤਾਬਤ ਕਰਨ ਲੱਗਾ। ਸੁਖਬੀਰ ਜੀ ਜਦੋਂ ਵੀ ਪ੍ਰੋ. ਸਹਿਗਲ ਨੂੰ ਫ਼ੋਨ ਕਰਦੇ ਮੇਰਾ ਹਾਲ-ਚਾਲ ਵੀ ਪੁੱਛਦੇ ਰਹਿੰਦੇ। ਪ੍ਰੋ. ਸਹਿਗਲ ਦੇ ਸੁਝਾਅ ਅਨੁਸਾਰ ਕਈ ਵਿਸ਼ਵ ਪ੍ਰਸਿੱਧ ਖਾਸ ਕਰਕੇ ਰੂਸੀ ਸਾਹਿਤ ਦੀਆਂ ਪੰਜਾਬੀ ਵਿਚੋਂ ਅਨੁਵਾਦਤ ਪ੍ਰਸਿੱਧ ਪੁਸਤਕਾਂ ਲਾਇਬਰੇਰੀ ਵਿਚੋਂ ਕਢਵਾ ਕੇ ਪੜ੍ਹੀਆਂ। ਇਕ ਵਾਰ ਮੈਂ ਲਿਓ ਤਾਲਸਤਾਏ ਦਾ ਵਿਸ਼ਵ ਪ੍ਰਸਿੱਧ ਨਾਵਲ ‘ਵਾਰ ਐਂਡ ਪੀਸ’ ਦਾ ਪੰਜਾਬੀ ਅਨੁਵਾਦ ‘ਜੰਗ ਅਤੇ ਅਮਨ’ ਸੈਂਟਰਲ ਲਾਇਬਰੇਰੀ, ਪਟਿਆਲਾ ਤੋਂ ਪੜ੍ਹਨ ਲਈ ਕਢਵਾਇਆ। ਉਸ ਸਮੇਂ ਮੈਨੂੰ ਆਪਣਾ ਸਾਇਕਲ ਚੁੱਕ ਕੇ ਪਟਿਆਲੇ ਦੇ ਵੱਖ-ਵੱਖ ਪੰਜਾਬੀ ਲੇਖਕਾਂ ਨੂੰ ਮਿਲਣ ਉਨ੍ਹਾਂ ਦੇ ਘਰ ਤੁਰ ਪੈਣਾ ਤੇ ਸਾਹਿਤਕ ਗੱਲਬਾਤ ਕਰਨ ਦਾ ਬਹੁਤ ਝੱਸ ਸੀ, ਜੋ ਕਿ ਆਮ ਇਕ ਨਵੇਂ ਲੇਖਕ ਨੂੰ ਹੁੰਦਾ ਹੈ। ਪਟਿਆਲੇ ਦੇ ਇਕ ਪ੍ਰੋੜ ਲੇਖਕ ਜੋ ਨਾਵਲਕਾਰ, ਕਵੀ, ਨਿਬੰਧਕਾਰ ਕਈ ਕਿਤਾਬਾਂ ਦਾ ਰਚੇਤਾ ਸੀ ਨੂੰ ਮਿਲਣ ਗਿਆ। ਗੱਲਬਾਤ ਦੌਰਾਨ ਜਦੋਂ ਮੈਂ ਉਸਨੂੰ ਦੱਸਿਆ ਕਿ ਮੈਂ ‘ਜੰਗ ਅਤੇ ਅਮਨ’ ਨਾਵਲ ਪੜ੍ਹ ਰਿਹਾ ਹਾਂ ਤਾਂ ਉਹ ਮੈਨੂੰ ਉੱਛਲ-ਉੱਛਲ ਕੇ ਕਹਿਣ ਲੱਗਾ ਕਿ ਤੇਰੀ ਅਜੇ ਪ੍ਰੋੜ ਉਮਰ ਨਹੀਂ ਕਿ ਇਹ ਨਾਵਲ ਪੜ੍ਹੇ, ਕੋਈ ਹਲਕਾ-ਫੁਲਕਾ ਸਾਹਿਤ ਪੜ੍ਹ। ਮੈਨੂੰ ਉਸ ਦੇ ਵਤੀਰੇ ਉੱਤੇ ਬੜੀ ਹੈਰਾਨੀ ਹੋਈ ਕਿਉਂਕਿ ਮੈਂ ਉਦੋਂ ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਨਵੇਂ-ਪੁਰਾਣੇ ਲੇਖਕਾਂ ਜਿਵੇਂ ਸੁਖਬੀਰ, ਜਸੰਵਤ ਸਿੰਘ ਕੰਵਲ, ਕਿਰਪਾਲ ਕਜ਼ਾਕ, ਦਲੀਪ ਕੌਰ ਟਿਵਾਣਾ, ਨਿਰੰਜਣ ਤਸਨੀਮ, ਸੰਤੋਖ ਸਿੰਘ ਧੀਰ, ਪ੍ਰੋ. ਸ. ਸੋਜ਼, ਡਾ. ਅਮਰ ਕੋਮਲ ਆਦਿ ਨੂੰ ਮਿਲਿਆ ਤਾਂ ਸਾਰਿਆਂ ਨੇ ਉੱਚ ਕੋਟੀ ਦਾ ਵਿਸ਼ਵ ਸਾਹਿਤ ਪੜ੍ਹਨ ਲਈ ਹੀ ਪ੍ਰੇਰਿਆ ਹੈ। ਉਸ ਲੇਖਕ ਦੇ ਇਸ ਵਤੀਰੇ ਬਾਰੇ ਜਦੋਂ ਮੈਂ ਸਹਿਗਲ ਸਾਹਿਬ ਨੂੰ ਦੱਸਿਆ ਤਾਂ ਉਹ ਵੀ ਖਿੱਝ ਗਏ ਤੇ ਕਿਹਾ ਕਿ ‘ਯਾਰ ਅਜਿਹੇ ਲੱਲੀ-ਛੱਲੀ ਦੀ ਪ੍ਰਵਾਹ ਨਹੀਂ ਕਰੀ ਦੀ, ਉਸ ਖੋਤੇ ਆਦਮੀ ਨੂੰ ਪੁੱਛ ਕਿ ਸਾਹਿਤ ਪੜ੍ਹਨ ਲਈ ਵੀ ਉਮਰ ਨੂੰ ਦੇਖਿਆ ਜਾਂਦਾ ਹੈ, ਅਜਿਹੇ ਨਾਂਹ ਪੱਖੀ ਸੋਚ ਵਾਲਿਆਂ ਕੋਲ ਜਾਣ ਤੋਂ ਗੁਰੇਜ਼ ਕਰਿਆ ਕਰ ਤੇ ਰੱਜ ਕੇ ਸਾਹਿਤ ਪੜ੍ਹ, ਸਾਹਿਤ ਜਿੰਨਾ ਜ਼ਿਆਦਾ ਪੜ੍ਹੋ ਤਾਂ ਲਿਖਤ ਵਿਚ ਨਿਖਾਰ ਆਉਂਦਾ ਹੈ ਤੇ ਸੰਗੀਤ ਵਿਚ ਰੋਜ਼ਾਨਾ ਰਿਆਜ਼ ਨਾਲ।” ਜਦੋਂ ਵੀ ਪ੍ਰੋ. ਸਹਿਗਲ ਨੂੰ ਕਿਸੇ ਵਿਅਕਤੀ ਉੱਤੇ ਗੁੱਸਾ ਆਉਂਦਾ ਉਹ ‘ਖੋਤਾ ਆਦਮੀ’ ਜਾਂ ‘ਲੱਲੀ ਛੱਲੀ’ ਵਿਸ਼ੇਸ਼ਣ ਵਰਤਦੇ। ਇਹ ਇਕ ਤਰ੍ਹਾਂ ਨਾਲ ਉਨ੍ਹਾਂ ਦਾ ਤਕੀਆ ਕਲਾਮ ਵੀ ਸੀ।
ਸੁਖਬੀਰ ਬਾਰੇ ਉਸ ਸਮੇਂ ‘ਪੰਜਾਬੀ ਟ੍ਰਿਬਿਊਨ’ ਵਿਚ ਛਪਿਆ ਪ੍ਰੋ. ਸਹਿਗਲ ਦਾ ਰੇਖਾ ਚਿੱਤਰ ‘ਬਾਰੀ ਵਿਚਲਾ ਸਮੁੰਦਰ’ ਛਪਿਆ ਤਾਂ ਉਸ ਵਿਚ ਵਰਸੋਵਾ ਰੋਡ ਉੱਤੇ ਸਨ ਐਂਡ ਸੀ ਬਿਲਡਿੰਗ ਵਿਚ ਤੀਜੇ ਮਾਲੇ ਤੇ ਬੀ-19 ਵਿਚ ਡਰਾਇੰਗ ਰੂਮ ਦੀ ਬਾਲਕੋਨੀ ਵਿਚੋਂ ਵਿਸ਼ਾਲ ਸਮੁੰਦਰ ਦੀਆਂ ਲਹਿਰਾਂ ਤੇ ਸੂਰਜ ਦੀਆਂ ਕਿਰਨਾਂ ਦਾ ਖਾਸ ਜ਼ਿਕਰ ਕੀਤਾ ਗਿਆ ਤੇ ਮੈਨੂੰ ਵੀ ਅਪ੍ਰੈਲ 2006 ਵਿਚ ਆਪਣੇ ਇਕ ਕਰੀਬੀ ਰਿਸ਼ਤੇਦਾਰ ਦੀ ਕੀਮੋ ਹੋਣ ਕਾਰਨ ਜਸਲੋਕ ਹਸਪਤਾਲ, ਮੁੰਬਈ ਵਿਖੇ ਦੇਖਭਾਲ ਲਈ ਇਕ ਮਹੀਨਾ ਰਹਿਣਾ ਪਿਆ ਤੇ ਇਕ ਦਿਨ ਫੋਨ ਉੱਤੇ ਸੁਖਬੀਰ ਜੀ ਤੋਂ ਮੁਲਾਕਾਤ ਲਈ ਸਮਾਂ ਲੈ ਕੇ ਮਿਲਣ ਗਿਆ ਤੇ ਉਸੇ ਬਾਲਕੋਨੀ ਵਿਚੋਂ ਵਿਸ਼ਾਲ ਸਮੁੰਦਰ ਦੀਆਂ ਲਹਿਰਾਂ ਅਤੇ ਸੂਰਜ ਦੀਆਂ ਤੇਜ਼ ਕਿਰਨਾਂ ਦੇ ਦਰਸ਼ਨ ਕਰਨ ਦਾ ਸੁÎਭਾਗ ਪ੍ਰਾਪਤ ਹੋਇਆ।
ਸਾਲ 1993 ਵਿਚ ਮੈਂ ਆਪਣੀ ਸਵਰਗੀ ਮਾਤਾ ਜੀ ਦੀ ਯਾਦ ਵਿਚ ਪਹਿਲਾ ਮਾਨ ਕੌਰ ਮਿੰਨੀ ਕਹਾਣੀ ਮੁਕਾਬਲਾ ਕਰਵਾਇਆ ਤੇ 1994 ਵਿਚ ਮੁਕਾਬਲੇ ਲਈ ਦੇਸ਼-ਵਿਦੇਸ਼ ਤੋਂ ਪੁੱਜੀਆਂ ਮਿੰਨੀ ਕਹਾਣੀਆਂ ਵਿਚੋਂ ਇਨਾਮ ਜੇਤੂ ਅਤੇ ਚੋਣਵੀਆਂ ਮਿੰਨੀ ਕਹਾਣੀਆਂ ਦੀ ਪੁਸਤਕ ‘ਮਾਰੂਥਲ ਦੇ ਰਾਹੀ’ ਸੰਪਾਦਿਤ ਕੀਤੀ। ਇਹ ਮੇਰੀ ਪਲੇਠੀ ਪੁਸਤਕ ਸੀ। ਦਸੰਬਰ 1995 ਨੂੰ ਪ੍ਰੋ. ਸਹਿਗਲ ਦੇ ਉੱਦਮ ਨਾਲ ਮੋਦੀ ਕਾਲਜ ਦੇ ਵਿਦਿਆਰਥੀਆਂ ਦੀ ਪੰਜਾਬੀ ਸਾਹਿਤ ਸਿਮਰਤੀ ਸਭਾ ਵੱਲੋਂ ਕਾਲਜ ਪਿੰ੍ਰਸੀਪਲ ਐਸ. ਆਰ. ਸਾਹਨੀ ਤੇ ਸਟਾਫ਼ ਦੇ ਸਹਿਯੋਗ ਨਾਲ ਨਾਵਲਕਾਰ ਜਸਵੰਤ ਸਿੰਘ ਕੰਵਲ ਦਾ ਰੂਬਰੂ ਸਮਾਗਮ ਆਯੋਜਿਤ ਕੀਤਾ। ਕੰਵਲ ਹੋਰਾਂ ਦਾ ਨਾਵਲ ‘ਰਾਤ ਬਾਕੀ ਹੈ’ ਬੀ. ਏ. ਭਾਗ-ਪਹਿਲਾ ਵਿਚ ਲੱਗਿਆ ਹੋਇਆ ਸੀ ਤੇ ਪ੍ਰੋ. ਸਹਿਗਲ ਨੇ ਜਮਾਤ ਵਿਚ ਭਾਵਪੂਰਤ ਢੰਗ ਨਾਲ ਨਾਵਲ ਦਾ ਵਿਸ਼ਾ ਪੱਖ ਅਤੇ ਰੂਪਕ ਪੱਖ ਪੜ੍ਹਾਇਆ ਹੋਇਆ ਸੀ। ਜਸਵੰਤ ਸਿੰਘ ਕੰਵਲ ਵੱਲੋਂ ਰੂਬਰੂ ਦੌਰਾਨ ਇਹ ਦੱਸਣ ਕਿ ਉਹ ਨੌਵੀਂ ਪਾਸ ਕਰ ਸਕਿਆ ਹਾਂ ਤੇ ਹਿਸਾਬ ਵਿਚੋਂ ਫੇਲ੍ਹ ਹੋ ਗਿਆ ਸੀ ਪਰ ਮਨੁੱਖ ਵਿਚਲੀ ਸਿਰਜਣਾਤਮਕ ਕਲਾ ਕੁਦਰਤ ਦੀ ਦੇਣ ਹੈ, ਸੁਣ ਕੇ ਸਾਡੇ ਵਰਗੇ ਪੜ੍ਹਾਈ ਵਿਚ ਔਸਤ ਦਰਜੇ ਦੇ ਵਿਦਿਆਰਥੀ ਬਹੁਤ ਖੁਸ਼ ਹੋਏ। ਕਾਫ਼ੀ ਸਾਲ ਬਾਅਦ ਇਕ ਵਾਰ ਪ੍ਰੋ. ਸਹਿਗਲ ਦੇ ਕਹਿਣ ‘ਤੇ ਮੈਂ ਪ੍ਰੋ. ਪ੍ਰੀਤਮ ਸਿੰਘ ਵੱਲੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਇਕ ਵਾਇਸ ਚਾਂਸਲਰ ਵੱਲੋਂ ਪੰਜਾਬੀ ਭਾਸ਼ਾ ਵਿਰੁੱਧ ਗਤੀਵਿਧੀਆਂ ਕਾਰਨ ਉਸ ਖ਼ਿਲਾਫ਼ ਪੰਜਾਬੀ ਦੇ ਹੱਕ ਵਿਚ ਚਲਾਈ ਦਸਤਖ਼ਤ ਮੁਹਿੰਮ ਵਿਚ ਦਸਤਖ਼ਤ ਕਰਨ ਉਨ੍ਹਾਂ ਦੇ ਘਰ ਗਿਆ ਤਾਂ ਪ੍ਰੋਫੈਸਰ ਸਾਹਿਬ ਜੋ ਇਕ ਵੱਡ-ਅਕਾਰੀ ‘ਲੇਖ ਕੋਸ਼’ ਤਿਆਰ ਕਰ ਰਹੇ ਸਨ ਤੇ ਉਨ੍ਹਾਂ ਨੇ ਇਸ ਵਿਚ ਮੇਰਾ ਸਾਹਿਤਕ ਜੀਵਨ ਵੇਰਵਾ ਵੀ ਛਾਪਿਆ। ਇਸ ਕੋਸ਼ ਦੀ ਖਾਸੀਅਤ ਇਹ ਹੈ ਕਿ ਇਸ ਵਿਚ ਵਿਦਿਅਕ ਯੋਗਤਾ ਦਾ ਖਾਨਾ ਨਹੀਂ ਹੈ ਤੇ ਪ੍ਰੋਫੈਸਰ ਸਾਹਿਬ ਦਾ ਵੀ ਕੰਵਲ ਹੋਰਾਂ ਵਾਂਗ ਤਰਕ ਸੀ ਕਿ ਮਨੁੱਖ ਦੀ ਅੰਦਰਲੀ ਕਲਾ ਕੁਦਰਤੀ ਦੇਣ ਹੈ ਤੇ ਉਚੇਰੀ ਪੜ੍ਹਾਈ ਕੇਵਲ ਦੁਨਿਆਵੀ ਕਿੱਤੇ ਵਿਚ ਹੀ ਕੰਮ ਆਉਂਦੀ ਹੈ। ਪ੍ਰੋ. ਗੁਰਮੁੱਖ ਸਿੰਘ ਸਹਿਗਲ ਵੀ ਇਸ ਗੱਲ ਦੀ ਪ੍ਰੋੜਤਾ ਕਰਦੇ ਸਨ ਤੇ ਉਹ ਕਈ ਵਾਰ ਪੜ੍ਹਾਉਂਦੇ ਹੋਏ ਉੱਚ ਵਿੱਦਿਅਕ ਯੋਗਤਾ ਤੋਂ ਫਾਡੀ ਲੋਕਾਂ ਦੀ ਕਲਾ ਦੇ ਖੇਤਰ ਵਿਚ ਮੱਲਾਂ ਮਾਰਨ ਦੀਆਂ ਉਦਾਹਰਣਾਂ ਦਿੰਦੇ ਸਨ। ਸਮਾਗਮ ਕਾਲਜ ਦੇ ਖੁੱਲ੍ਹੇ ਲਾਅਨ ਵਿਚ ਕੀਤਾ ਗਿਆ। ਸਟੇਜ ਸਕੱਤਰ ਪ੍ਰੋ. ਬਲਬੀਰ ਸਿੰਘ ਬੱਲੀ ਨੇ ਰੂਬਰੂ ਤੋਂ ਬਾਅਦ ਪ੍ਰੋ. ਸਹਿਗਲ ਨੂੰ ਆਪਣਾ ਨਾਵਲ ‘ਸਰਗਮ’ ਅਤੇ ਮੈਨੂੰ ਆਪਣੀ ਪੁਸਤਕ ‘ਮਾਰੂਥਲ ਦੇ ਰਾਹੀ’ ਕੰਵਲ ਨੂੰ ਭੇਟ ਕਰਨ ਦਾ ਸੱਦਾ ਦਿੱਤਾ। ਸਹਿਗਲ ਸਾਹਿਬ ਤੋਂ ਬਾਅਦ ਜਦੋਂ ਮੈਂ ਸਟੇਜ ‘ਤੇ ਜਾ ਕੇ ਜਸਵੰਤ ਸਿੰਘ ਕੰਵਲ ਨੂੰ ਪੁਸਤਕ ਭੇਟ ਕਰਨ ਲੱਗਾ ਤਾਂ ਕੰਵਲ ਸਾਹਿਬ ਮੈਨੂੰ ਬੋਲੇ ਕਿ ਮੈਂ ਵਾਅਦਾ ਨਹੀਂ ਕਰਦਾ ਕਿ ਤੇਰੀ ਇਹ ਕਿਤਾਬ ਪੜ੍ਹਾਂਗਾ ਤਾਂ ਮੈਂ ਕੁਝ ਠਠੰਬਰ ਗਿਆ ਪਰ ਕੋਲ ਖੜ੍ਹੇ ਪ੍ਰੋ. ਸਹਿਗਲ ਨੇ ਇਹ ਸੁਣ ਲਿਆ ਤੇ ਉਹ ਝੱਟ ਬੋਲੇ ਕਿ ਇਸ ਨਵੇਂ ਮੁੰਡੇ ਨੂੰ ਆਪ ਦਾ ਅਸ਼ੀਰਵਾਦ ਹੀ ਚਾਹੀਦਾ ਹੈ। ਕੰਵਲ ਜੀ ਨੇ ਹੱਸਦਿਆਂ ਮੈਨੂੰ ਗਲਵੱਕੜੀ ਵਿਚ ਲੈਂਦਿਆਂ ਥਾਪੜਾ ਦਿੱਤਾ ਤੇ ਫੋਟੋ ਖਿਚਵਾਈ। ਇਹ ਯਾਦਗਾਰੀ ਫੋਟੋ ਜਿਸ ਵਿਚ ਮੈਂ ਕੰਵਲ ਹੋਰਾਂ ਨੂੰ ਪੁਸਤਕ ਭੇਟ ਕਰ ਰਿਹਾ ਹਾਂ ਤੇ ਨਾਲ ਪ੍ਰੋ. ਸਹਿਗਲ ਵੀ ਖੜ੍ਹੇ ਹਨ। ਇਹ ਯਾਦਗਾਰੀ ਤਸਵੀਰ ਮੇਰੀ ਐਲਬਮ ਵਿਚ ਸਾਂਭੀ ਪਈ ਹੈ।
ਪ੍ਰੋ. ਸਹਿਗਲ ਨੇ ਜੋ ਵੀ ਨਾਵਲ ਲਿਖੇ ਉਹ ਰਿਵਾਇਤੀ ਪੰਜਾਬੀ ਨਾਵਲ ਤੋਂ ਵੱਖਰੇ ਕਿਸਮ ਦੇ ਪੰਜਾਬੀ ਦੀ ਉਪ ਬੋਲੀ ਹਿੰਦਕੋ ਜਾਂ ਇਨਕੋ ਅਤੇ ਪਸ਼ਤੋ ਆਂਚਲਿਕਤਾ ਨੂੰ ਅਭਿਵਿਅਕਤ ਕਰਦੇ ਸਨ। ਸਾਲ 1987 ਵਿਚ ਛਪਿਆ ਉਨ੍ਹਾਂ ਦਾ ਪਲੇਠਾ ਨਾਵਲ ‘ਨਦੀਓਂ ਵਿਛੜੇ ਨੀਰ’ ਦੀ ਕਹਾਣੀ ਪਾਕਿਸਤਾਨ-ਅਫ਼ਗਾਨਿਸਤਾਨ ਦੀ ਸੂਬਾ ਸਰਹੱਦ ਦੇ ਇਲਾਕੇ ਤੋਰਖਾਮ ਤੇ ਲੰਡੀਕੋਤਲ ਜਾਂ ਲੁਆਰਗੀ ਵਿਚ ਵੱਸਦੇ ਹਿੰਦੂ-ਸਿੱਖ ਖੱਤਰੀ ਪਰਿਵਾਰਾਂ ਜਿਨ੍ਹਾਂ ਨੂੰ ਉੱਥੇ ਖਤਰੱਮ, ਹਿੰਦੂਆਂ ਨੂੰ ਸੇਵਕ ਅਤੇ ਪਛਾਣਾਂ ਜਿਨ੍ਹਾਂ ਨੂੰ ਪਖਤੂਨ ਕਿਹਾ ਜਾਂਦਾ ਹੈ ਦੇ ਆਪਸੀ ਸਬੰਧਾਂ, ਜਨ-ਜੀਵਨ ਅਤੇ ਸਭਿਆਚਾਰ ਨੂੰ ਬਾਖੂਬੀ ਪੇਸ਼ ਕਰਦੀ ਹੈ। ‘ਨਦੀਓਂ ਵਿਛੜੇ ਨੀਰ’ ਦੇ ਅਗਲੇ ਭਾਗ ‘ਲੁਆਰਗੀ (1991) ਅਤੇ ‘ਹਿਜਰਤ’ (2002) ਛਪੇ ਤੇ ਉਪਰੰਤ ਆਪ ਦੇ ਇਹ ਤਿੰਨੇ ਵਾਲ ‘ਦਰਦ ਵਿਛੋੜੇ ਦਾ ਹਾਲ (2016) ਨਾਂ ਹੇਠ ਸਮਾਣਾ (ਪਟਿਆਲਾ) ਦੇ ਸੰਗਮ ਪਬਲੀਕੇਸ਼ਨਜ਼ ਨੇ ਵੱਡ ਅਕਾਰੀ ਰੂਪ ਵਿਚ ਛਾਪਿਆ। ਤੋਲਾ ਸਿੰਘ ਅਤੇ ਉਸ ਦੇ ਭਰਾਵਾਂ ਦੇ ਪਰਿਵਾਰਾਂ ਨੂੰ ਲੈ ਕੇ ਤਿੰਨ ਪੀੜ੍ਹੀਆਂ ਦੀ ਗਾਥਾ ਇਨ੍ਹਾਂ ਨਾਵਲਾਂ ਵਿਚ ਅਭਿਵਿਅਕਤ ਕੀਤੀ ਗਈ ਹੈ। ਲਾਜੋ ਅਤੇ ਪਾਸ਼ੋ ਦੀ ਪ੍ਰੇਮ ਕਹਾਣੀ, ਜਿਸ ਵਿਚ ‘ਨਦੀਓਂ ਵਿਛੜੇ ਨੀਰ’ ਦੀ ਪਾਤਰ ਲਾਜੋ ਦਾ ਵਿਆਹੇ ਹੋਏ ਸਵਰਨ ਨਾਲ ਪਿਆਰ ਵਿਚ ਅਸਫ਼ਲ ਰਹਿਣ ਕਾਰਨ ਖੁਦਕੁਸ਼ੀ ਅਤੇ ਸਵਰਨ ਦਾ ਉਸਦੇ ਗਮ ਵਿਚ ਬਿਸਤਰਾ ਪਕੜ ਲੈਣਾ, ਇਸ ਨਾਵਲ ਦਾ ਦੁਖਾਂਤਕ ਅੰਤ ਹੈ ਅਤੇ ‘ਲੁਆਰਗੀ’ ਅਤੇ ‘ਹਿਜਰਤ’ ਦੀ ਪਾਤਰ ਪਾਸ਼ੋ ਦਾ ਆਪਣੀ ਤੋਂ ਵੱਡੀ ਉਮਰ ਦੇ ਦਹਾਜੂ ਪਤੀ ਨਾਲ ਵਿਆਹ ਤੇ ਫਿਰ ਪਤੀ ਦੇ ਜ਼ੁਲਮ ਕਾਰਨ ਇਕ ਮੁਸਲਮਾਨ ਪਠਾਣ ਵੱਲੋਂ ਜ਼ਬਰਦਸਤੀ ਉਧਾਲ ਲੈ ਕੇ ਜਾਣਾ ਅਤੇ ਉਸ ਨਾਲ ਹੀ ਸਦਾ ਲਈ ਵੱਸ ਜਾਣ ਦਾ ਫੈਸਲਾ ਲੈਣ ਕਾਰਨ ਪੂਰੀ ਖਤਰੱਮ ਬਰਾਦਰੀ ਦੀ ਨਮੋਸ਼ੀ ਨੂੰ ਪੇਸ਼ ਕਰਦਾ ਹੈ। ਪਿਸ਼ਾਵਰ, ਤੋਰਖਾਮ, ਲੰਡੀਕੋਤਲ ਜਾਂ ਲੁਆਰਗੀ, ਪਗਮਾਨ, ਅਸ਼ਕ ਖੇਲ, ਪਾਤਮੀ ਖੇਲ, ਜਲਾਲਾਬਾਦ, ਕਾਬਲ ਆਦਿ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦੇ ਇਲਾਕਿਆਂ ਦੀ ਪਿੱਠਭੂਮੀ ਉੱਤੇ ਸਿਰਜੀ ਵੀਹਵੀਂ ਸਦੀ ਦੇ ਆਰੰਭ ਤੋਂ ਲੈ ਕੇ ਅੰਤ ਤੱਕ ਇਕ ਸਦੀ ਵਿਚ ਫੈਲੀ ਇਹ ਪੰਜਾਬੀ ਨਾਵਲ ਦੀ ਵਿਲੱਖਣ ਤੇ ਨਿਵੇਕਲੀ ਸ਼ਾਹਕਾਰ ਰਚਨਾ ਹੈ। ਪ੍ਰੋ. ਗੁਰਮੁੱਖ ਸਿੰਘ ਸਹਿਗਲ ਇਕੋਲਿੱਤਰੇ ਨਾਵਲਕਾਰ ਨੇ ਜਿਨ੍ਹਾਂ ਨੇ ਉਸ ਇਲਾਕੇ ਦੀ ਆਂਚਲਿਕਤਾ ਵਿਚ ਉਪਰੋਕਤ ਨਾਵਲਾਂ ਦੀ ਰਚਨਾ ਕੀਤੀ। ਪਠਾਣਾਂ ਦੀ ਪਸ਼ਤੋ ਬੋਲੀ ਅਤੇ ਹਿੰਦੂ-ਸਿੱਖਾਂ ਦੀ ਹਿੰਦਕੋ ਜਾਂ ਇਨਕੋ ਬੋਲੀ ਵਿਚ ਪਾਤਰਾਂ ਦੀ ਆਪਸੀ ਵਾਰਤਾਲਾਪ ਮਨ ਨੂੰ ਟੁੰਬਦੀ ਹੈ। ਅਸਲ ਮੇਰੇ ਬਜ਼ੁਰਗ ਵੀ ਪਿੱਛੇ ਮਕਬੂਜਾ ਕਸ਼ਮੀਰ (ਪਾਕਿਸਤਾਨ) ਦੀ ਰਾਜਧਾਨੀ ਮੁਜ਼ੱਫਰਾਬਾਦ ਦੇ ਇਲਾਕੇ ਨਲੂਛੀ ਪਿੰਡ ਦੇ ਸਨ। ਮੇਰੇ ਪੜਦਾਦੇ ਤੱਕ ਸਾਡੇ ਪੁਰਖੇ ਨਲੂਛੀ ਸਥਿਤ ਛੇਵੀਂ ਪਾਤਸ਼ਾਹ ਦੇ ਗੁਰਦੁਆਰੇ ਦੇ ਮਹੰਤ ਰਹੇ ਤੇ ਫਿਰ ਗੁਰਦੁਆਰਾ ਸੁਧਾਰ ਲਹਿਰ ਕਾਰਨ ਮਹੰਤਗੀਰੀ ਖ਼ਤਮ ਹੋ ਗਈ ਤੇ ਗੁਰਦੁਆਰੇ ਦਾ ਪ੍ਰਬੰਧ ਸਥਾਨਕ ਕਮੇਟੀ ਨੂੰ ਦੇ ਕੇ ਮੇਰੇ ਦਾਦੇ ਸਰਦਾਰ ਗੁਰਬਖਸ਼ ਸਿੰਘ ਨੂੰ ਹੈੱਡ ਗ੍ਰੰਥੀ ਥਾਪ ਦਿੱਤਾ ਗਿਆ। 1947 ਦੀ ਵੰਡ ਵੇਲੇ ਗੁਰਦੁਆਰੇ ਦੀ ਕਬਾਇਲੀ ਧਾੜਵੀਆਂ ਤੋਂ ਰੱਖਿਆ ਕਰਦੇ ਹੋਏ ਹੋਰ ਕਮੇਟੀ ਮੈਂਬਰਾਂ ਨਾਲ ਸ਼ਹੀਦੀ ਪ੍ਰਾਪਤ ਕਰ ਗਏ ਤੇ ਮੇਰੇ ਪਿਤਾ, ਦਾਦੀ, ਭੂਆ ਸਮੇਤ ਸਾਰੀ ਬਰਾਦਰੀ ਹਿਜਰਤ ਕਰਦੀ ਹੋਈ ਪਟਿਆਲਾ, ਜੰਮੂ ਅਤੇ ਹੋਰ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿਚ ਵੱਸ ਗਈ। ਇਸ ਹਿੰਦਕੋ ਬੋਲੀ ਦਾ ਕੁਝ-ਕੁਝ ਮੁਹਾਂਦਰਾ ਸਾਡੀ ਕਸ਼ਮੀਰੀ ਬਰਾਦਰੀ ਦੀ ਬੋਲਚਾਲ ਵਾਲੀ ਪੰਜਾਬੀ ਪਹਾੜੀ ਬੋਲੀ ਨਾਲ ਮਿਲਦਾ ਜੁਲਦਾ ਹੈ, ਜਿਸ ਕਾਰਨ ਮੈਂ ਇਨ੍ਹਾਂ ਨਾਵਲਾਂ ਨੂੰ ਦਿਲਚਸਪੀ ਨਾਲ ਦੋ-ਚਾਰ ਦਿਨਾਂ ਵਿਚ ਹੀ ਪੜ੍ਹ ਲਿਆ।
‘ਨਦੀਓਂ ਵਿਛੜੇ ਨੀਰ’ ਅਤੇ ‘ਲੁਆਰਗੀ’ ਨਾਵਲ ਭਾਵੇਂ ਮੈਂ ਪਹਿਲਾਂ ਵੀ ਸਾਲ 1991-92 ਵਿਚ ਮੋਦੀ ਕਾਲਜ ਦੀ ਲਾਇਬਰੇਰੀ ਵਿਚੋਂ ਵੀ ਕਢਵਾ ਕੇ ਪੜ੍ਹ ਲਏ ਸੀ। ਜਦੋਂ ਮੈਂ ‘ਨਦੀਓਂ ਵਿਛੜੇ ਨੀਰ’ ਨਾਵਲ ਪੜ੍ਹਿਆ ਤਾਂ ਉਸ ਵਿਚ ਫੋਸ (ਟੱਟੀ) ਅਤੇ ਤੀਜ਼ਨ (ਪੱਦ) ਸ਼ਬਦ ਪੜ੍ਹੇ ਤਾਂ ਉਹ ਮੈਂ ਆਪਣੇ ਇਕ ਸਹਿਪਾਠੀ ਦੋਸਤ ਨੂੰ ਪੜ੍ਹਾਏ। ਪ੍ਰੋ. ਸਹਿਗਲ ਦੀ ਕਾਲਜ ਲਾਇਬਰੇਰੀਅਨ ਸ਼ਾਇਦ ਉਸ ਨੂੰ ਲਾਂਬਾ (ਪੂਰਾ ਨਾਂ ਹੁਣ ਯਾਦ ਨਹੀਂ) ਨਾਲ ਪੱਕੀ ਦੋਸਤੀ ਸੀ, ਕਿਉਂਕਿ ਪ੍ਰੋ. ਸਹਿਗਲ ਹੋਰ ਪ੍ਰੋਫੈਸਰਾਂ ਵਾਂਗ ਗੱਪਸ਼ੱਪ ਕਰਨ ਦੀ ਥਾਂ ਲਾਇਬਰੇਰੀ ਵਿਚ ਬੈਠ ਕੇ ਕੋਈ ਨਾ ਕੋਈ ਸਾਹਿਤਕ ਕਿਤਾਬ ਪੜ੍ਹਦਿਆਂ ਅਕਸਰ ਮੈਂ ਦੇਖਦਾ ਸਾਂ। ਸਹਿਗਲ ਸਾਹਿਬ ਤੇ ਉਹ ਇਕੱਠੇ ਮੋਦੀ ਕਾਲਜ ਦੇ ਮੇਨ ਗੇਟ-ਪੋਲੇ ਗਰਾਊਂਡ ਚੌਕ ਦੇ ਸਾਹਮਣੇ ਮਾਰਕੀਟ ਵਿਚ ਸਥਿਤ ‘ਭਈਆ ਸਵੀਟਸ’ ਹੁੰਦੀ ਸੀ ਤੇ ਕਈ ਵਾਰ ਚਾਹ ਪੀਣ ਆਉਂਦੇ। ਉਹ ਕਾਲਜ ਦੀ ਕੰਟੀਨ ਨਾਲੋਂ ਚਾਹ ਵਧੀਆ ਬਣਾਉਂਦਾ ਸੀ। ਉਸਦੀ ਚਾਹ ਅਤੇ ਵੇਸਣ ਦੇ ਲੱਡੂਆਂ ਦਾ ਸੁਆਦ ਅਜੇ ਤੱਕ ਮਨ ਵਿਚ ਵੱਸਿਆ ਹੋਇਆ ਹੈ। ਮੈਂ ਤੇ ਮੇਰਾ ਉਹ ਦੋਸਤ ਅਕਸਰ ਉੱਥੇ ਹੀ ਚਾਹ ਪੀਂਦੇ ਸਾਂ। ਜਦੋਂ ਵੀ ਉਸਨੇ ਪ੍ਰੋ. ਸਹਿਗਲ ਨੂੰ ਆਉਂਦੇ ਵੇਖਣਾ ਤੇ ਮੈਨੂੰ ਹੱਸਦੇ ਹੋਏ ਛੇੜਨਾ ‘ਫੋਸ’। ਇਨ੍ਹਾਂ ਤਿੰਨਾਂ ਨਾਵਲਾਂ ਵਿਚ ਇਕ ਗੱਲ ਦਾ ਪਤਾ ਲੱਗਦਾ ਹੈ ਕਿ ਪਠਾਣਾਂ ਦੇ ਬਹੁਗਿਣਤੀ ਵਾਲੇ ਉਧਰ ਦੇ ਇਲਾਕਿਆਂ ਵਿਚ ਹਿੰਦੂ-ਸਿੱਖ ਘੱਟ ਗਿਣਤੀ ਨੂੰ ਡਰ ਕੇ ਰਹਿਣਾ ਪੈਂਦਾ ਸੀ। ਉਨ੍ਹਾਂ ਨੂੰ ਛੁਟਿਆ ਕੇ ਦੇਖਿਆ ਜਾਂਦਾ ਸੀ। ਪ੍ਰੋ. ਸਹਿਗਲ ਲੁਆਰਗੀ ਦੇ ਹੀ ਜੰਮਪਲ ਸਨ। 15 ਮਈ, 1940 ਨੂੰ ਜਨਮੇ ਤੇ ਦੇਸ਼ ਦੀ ਵੰਡ ਕਾਰਨ ਪਰਿਵਾਰ ਸਮੇਤ ਪਹਿਲੇ ਤਿੰਨ ਸਾਲ ਜਲਾਲਾਬਾਦ (ਅਫ਼ਗਾਨਿਸਤਾਨ) ਵਿਚ ਰਹੇ ਉਪਰੰਤ ਭਾਰਤ, ਪਟਿਆਲੇ ਆ ਕੇ ਵੱਸ ਗਏ ਤੇ ਉਨ੍ਹਾਂ ਦੀ ਬਿਰਾਦਰੀ ਦੇ ਕੁਝ ਪਰਿਵਾਰ ਅਫ਼ਗਾਨਿਸਤਾਨ ਵਿਚ ਜਲਾਲਾਬਾਦ ਅਤੇ ਕਾਬਲ ਵੀ ਜਾ ਵਸੇ ਤੇ ਕਾਫ਼ੀ ਸਾਲਾਂ ਬਾਅਦ ਉੱਥੋਂ ਦੇ ਤਾਲਿਬਾਨ ਦੇ ਕਬਜ਼ੇ ਕਾਰਨ ਕੁਝ ਪਰਿਵਾਰ ਮੁੜ ਪਾਕਿਸਤਾਨ ਦੇ ਪਿਸ਼ਾਵਰ ਜਾਂ ਲਾਹੌਰ ਅਤੇ ਕੁਝ ਭਾਰਤ ਆ ਗਏ। ਇਸ ਸਾਰੀ ਗਾਥਾ ਉਨ੍ਹਾਂ ਨੇ ਵਿਸਥਾਰ ਸਹਿਤ ਆਪਣੇ ਨਾਵਲ ‘ਹਿਜਰਤ’ ਵਿਚ ਦਿੱਤੀ ਹੈ। ਨਾਵਲ ‘ਲੁਆਰਗੀ’ ਵਿਚ ਸਿੰਘ ਸਭਾ ਲਹਿਰ ਕਾਰਨ ਸਿੱਖ ਪ੍ਰਚਾਰਕ ਅਕਾਲੀ ਕੌਰ ਸਿੰਘ ਜੀ ਦਾ ਇਕ ਥਾਂ ਜ਼ਿਕਰ ਕੀਤਾ ਹੈ ਕਿ ਉਨ੍ਹਾਂ ਇਸ ਇਲਾਕੇ ਵਿਚ ਆ ਕੇ ਸਿੱਖੀ ਦਾ ਪ੍ਰਚਾਰ ਕਰਨਾ ਤੇ ਇਲਾਕੇ ਦੇ ਸਿੱਖਾਂ ਵੱਲੋਂ ਸਿੱਖ ਸਿਧਾਂਤ ਅਨੁਸਾਰ ਚੱਲਣ ਕਾਰਨ, ਉੱਥੇ ਦੇ ਕੁਝ ਕੱਟੜ ਸਨਾਤਨੀ ਸੇਵਕਾਂ ਨੂੰ ਚੰਗਾ ਨਹੀਂ ਲੱਗਾ ਸੀ ਤੇ ਧਾਰਮਿਕ ਤੌਰ ‘ਤੇ ਕੁਝ ਵਖਰੇਵਾਂ ਪੈਦਾ ਹੋ ਗਿਆ ਸੀ। ਦਰਅਸਲ ਅਕਾਲੀ ਕੋਰ ਸਿੰਘ ਜੀ ਸਾਡੇ ਕਸ਼ਮੀਰੀ ਬਰਾਦਰੀ ਨਾਲ ਪਿੱਛੋਂ ਪਿੰਡ ਚਕਾਰ (ਮਕਬੂਜ਼ਾ ਕਸ਼ਮੀਰ) ਦੇ ਸਨ ਤੇ ਮੇਰੇ ਨਾਨਕੇ ਪਰਿਵਾਰ ਦੀ ਰਿਸ਼ਤੇਦਾਰੀ ਵਿਚੋਂ ਸਨ। ਪ੍ਰੋ. ਸਹਿਗਲ ਨੂੰ ਮੈਂ ਇਹ ਦੱਸਿਆ ਤਾਂ ਉਹ ਬਹੁਤ ਖੁਸ਼ ਹੋਏ ਤੇ ਮੇਰੇ ਬਜ਼ੁਰਗਾਂ ਦਾ ਕਸ਼ਮੀਰੀ ਪਿਛੋਕੜ ਹੋਣ ਕਾਰਨ ਆਪਣਿਆਂ ਵਿਚੋਂ ਹੀ ਸਮਝਦੇ ਸਨ ਭਾਵੇਂ ਉਹ ਖੱਤਰੀ ਅਤੇ ਮੈਂ ਬ੍ਰਾਹਮਣ ਸਿੱਖ ਭਾਈਚਾਰੇ ਨਾਲ ਸੰੰਬੰਧਿਤ ਸਾਂ। ਪ੍ਰੋ. ਸਹਿਗਲ ਨੇ ਆਪਣੇ ਪਿਤਾ ਜੀ, ਮਾਮਾ ਜੀ ਤੇ ਹੋਰ ਬਰਾਦਰੀ ਦੇ ਬਜ਼ੁਰਗਾਂ ਤੋਂ ਕਹਾਣੀਆਂ ਸੁਣ ਕੇ ਆਪਣੇ ਅਧਿਆਪਕ ਪ੍ਰੋ. ਪ੍ਰੀਤਮ ਸਿੰਘ ਦੀ ਸਲਾਹ ਅਤੇ ਪ੍ਰੇਰਨਾ ਸਦਕਾ ਹੀ ਹਿੰਦਕੋ ਅਤੇ ਪਸ਼ਤੋ ਆਂਚਲਿਕਤਾ ਨੂੰ ਆਧਾਰ ਬਣਾਕੇ ਇੰਨ੍ਹਾਂ ਨਾਵਲਾਂ ਦੀ ਸਿਰਜਣਾ ਕੀਤੀ। ‘ਹਿਜਰਤ’ ਨਾਵਲ ਤਾਂ ਅੰਗੇਰਜ਼ੀ ਵਿਚ ਵੀ ਅਨੁਵਾਦ ਹੋ ਕੇ ਛੱਪਿਆ ਹੈ। ਉਨ੍ਹਾਂ ਦੇ ਨਾਵਲਾਂ ਦਾ ਆਂਚਲਿਕਤਾ ਉੱਤੇ ਇਕ-ਦੋ ਖੋਜਾਰਥੀਆਂ ਨੇ ਐਮ. ਫਿਲ ਵੀ ਕੀਤੀ ਹੈ। ਇਕ ਵਾਰ ਪ੍ਰੋ. ਸਹਿਗਲ ਨੇ ਮੈਨੂੰ ਦੱਸਿਆ ਕਿ ਮੇਰਾ ਜਦੋਂ ਪਲੇਠਾ ਨਾਵਲ ‘ਨਦੀਓਂ ਵਿਛੜੇ ਨੀਰ’ ਛਪਿਆ ਤਾਂ ਲਾਜੋ ਦੀ ਪ੍ਰੇਮ ਕਹਾਣੀ ਕਾਰਨ ਬਰਾਦਰੀ ਦੇ ਕੁਝ ਬਜ਼ੁਰਗ ਨਰਾਜ਼ ਵੀ ਹੋ ਗਏ। ਉਨਾਂ੍ਹ ਦੇ ਉਪਰੋਕਤ ਨਾਵਲਾਂ ਨੂੰ ਪੜ੍ਹ ਕੇ ਪ੍ਰਸਿੱਧ ਪੰਜਾਬੀ ਨਾਵਲਕਾਰ ਸੁਰਿੰਦਰ ਸਿੰਘ ਨਰੂਲਾ ਲੁਧਿਆਣੇ ਤੋਂ ਵਡੇਰੀ ਉਮਰ ਹੋਣ ਦੇ ਬਾਵਜੂਦ ਉਨ੍ਹਾਂ ਦੇ ਘਰ ਉਨ੍ਹਾਂ ਨੂੰ ਮਿਲਣ ਆਏ। ਜਸਵੰਤ ਸਿੰਘ ਕੰਵਲ, ਗੁਰਦਿਆਲ ਸਿੰਘ, ਡਾ. ਹਰਿਭਜਨ ਸਿੰਘ, ਸੁਖਬੀਰ, ਡਾ. ਕੁਲਦੀਪ ਸਿੰਘ ਧੀਰ, ਪ੍ਰੋ. ਕਿਰਪਾਲ ਸਿੰਘ ਕਸੇਲ ਆਦਿ ਕਈ ਹੋਰ ਲੇਖਕਾਂ ਅਤੇ ਆਲੋਚਕਾਂ ਨੇ ਆਪ ਦੇ ਨਾਵਲਾਂ ਦਾ ਵਿਸ਼ੇਸ਼ ਤੌਰ ਉੱਤੇ ਨੋਟਿਸ ਲਿਆ ਪਰ ਪ੍ਰੋ. ਸਹਿਗਲ ਜੀ ਨੂੰ ਇਕ ਟੀਸ ਹਮੇਸ਼ਾ ਰਹੀ ਕਿ ਜਿਸ ਤਰ੍ਹਾਂ ਮਲਵਈ ਆਂਚਲਿਕਤਾ ਵਾਲੇ ਨਾਵਲਾਂ ਦਾ ਪੰਜਾਬੀ ਆਲੋਚਕਾਂ ਨੇ ਵਿਸਥਾਰ ਸਹਿਤ ਨੋਟਿਸ ਲਿਆ ਪਰ ਗੈਰ ਮਲਵਈ ਹੋਣ ਕਾਰਨ ਪੋਠੋਹਾਰੀ ਜਾਂ ਹਿੰਦਕੋ ਆਂਚਲਿਕਤਾ ਵਾਲੇ ਜਾਂ ਮਹਾਨਗਰਾਂ ਵਾਲੇ ਨਾਵਲਾਂ ਦਾ ਨੋਟਿਸ ਘੱਟ ਲਿਆ ਗਿਆ ਹੈ। ਇਸ ਗੱਲ ਦਾ ਸ਼ਿਕਵਾ ਸੁਖਬੀਰ ਜੀ ਨੂੰ ਵੀ ਸੀ ਜੋ ਉਨ੍ਹਾਂ ਮੇਰੇ ਨਾਲ ਮੁੰਬਈ ਵਿਖੇ ਆਪਣੇ ਘਰ ਗੱਲਬਾਤ ਦੌਰਾਨ ਸਾਂਝਾ ਕੀਤਾ ਸੀ।
ਉਨ੍ਹਾਂ ਨੇ ਨਾਵਲਾਂ ਤੋਂ ਇਲਾਵਾ ‘ਪਖਤੂਨ’ ‘ਕਹਾਣੀ ਸੰਗ੍ਰਹਿ), ‘ਸਚੁ ਕੀ ਬਾਣੀ (ਟੈਲੀ ਨਾਟਕ), ‘ਸਫ਼ਰਨਾਮਾ ਪਾਕਿਸਤਾਨ’, ‘ਸਫ਼ਰਨਾਮਾ ਇੰਗਲਿਸਤਾਨ, ‘ਸੰਸਾਰ ਦੇ ਪ੍ਰਸਿੱਧ ਸੰਗੀਤਕਾਰ’ ‘ਵਾਰਤਕ) ਅੰਗਰੇਜ਼ੀ ਅਤੇ ਉਰਦੂ ਤੋਂ ਅਨੁਵਾਦਤ ਪੁਸਤਕਾਂ ‘ਭਾਰਤੀ ਰੰਗਮੰਚ’, ‘ਸ਼ਿਵਾ ਜੀ’, ‘ਗਧੇ ਦੀ ਵਾਪਸੀ’, ‘ਪੰਜ ਲੋਫ਼ਰ’, ‘ਪਿਸ਼ਾਵਰ ਐਕਸਪ੍ਰੈੱਸ’, ‘ਉਲਟਾ ਦਰਖ਼ਤ’ ਅਤੇ ਅਫ਼ਜ਼ਲ ਤੌਸੀਫ਼ ਦੀ ਸ੍ਵੈ-ਜੀਵਨੀ ‘ਮਨ ਦੀਆਂ ਬਸਤੀਆਂ’ ਦਾ ਵੀ ਸ਼ਾਹਮੁਖੀ ਤੋਂ ਲਿੱਪੀਅੰਤਰ ਕੀਤਾ। ਆਪ ਦੀਆਂ ਅਨੁਵਾਦਿਤ ਪੁਸਤਕਾਂ ਦਾ ਸ਼ਾਨਦਾਰ ਅਨੁਵਾਦ ਮੌਲਿਕ ਪੁਸਤਕਾਂ ਦਾ ਭੁਲੇਖਾ ਪਾਉਂਦਾ ਹੈ। ਆਪ ਜੀ ਇਕ ਕਹਾਣੀ ‘ਪੁਸਤਕ ਮੇਲੇ ਦੇ ਬਾਹਰ ਖੜ੍ਹਾ ਆਦਮੀ’ ਜੋ ਬਹੁਤ ਸਾਲ ਪਹਿਲਾਂ ਪੰਜਾਬੀ ਟ੍ਰਿਬਿਊਨ ਵਿਚ ਛਪੀ ਸੀ, ਅੇਜ ਤੱਕ ਮਨ ਵਿਚ ਉੱਕਰੀ ਪਈ ਹੈ ਕਿ ਕਿਸ ਤਰ੍ਹਾਂ ਇਕ ਨਵਾਂ-ਨਵਾਂ ਕਾਲਜ ਪ੍ਰੋਫੈਸਰ ਜੋ ਲੇਖਕ ਵੀ ਹੈ ਤਾਂ ਇਕ ਸਾਹਿਤ ਨਾਲ ਦਿਲਚਸਪੀ ਰੱਖਣ ਵਾਲੀ ਵਿਦਿਆਰਥਣ ਉੱਤੇ ਦੀਵਾਨਾ ਹੋ ਕੇ ਇਕਪਾਸੜ ਹੋ ਕੇ ਪਿਆਰ ਕਰਨ ਲੱਗਦਾ ਹੈ ਪਰ ਮਰਿਆਦਾ ਵਿਚ ਬੱਝਾ ਉਸਨੂੰ ਇਜ਼ਹਾਰ ਨਹੀਂ ਕਰ ਸਕਦਾ ਤੇ ਉਹ ਕੁੜੀ ਵੀ ਪੜ੍ਹਾਈ ਪੂਰੀ ਕਰਕੇ ਕਾਲਜ ਛੱਡ ਜਾਂਦੀ ਹੈ ਪਰ ਲੇਖਕ ਪ੍ਰੋਫੈਸਰ ਉਸਨੂੰ ਸਦਾ ਲਈ ਆਪਣੀਆਂ ਲਿਖਤਾਂ ਵਿਚ ਯਾਦ ਕਰਦਾ ਹੈ ਤੇ ਇਕ ਵਾਰ ਦਿੱਲੀ ਪੁਸਤਕ ਮੇਲੇ ਵਿਚ ਉਹ ਜੋ ਹੁਣ ਉਸ ਵਾਂਗ ਵਿਆਹੀ ਤੇ ਬਾਲ-ਬੱਚੇਦਾਰ ਹੈ, ਅਚਾਨਕ ਮਿਲਦੀ ਹੈ ਤਾਂ ਉਹ ਉਸਨੂੰ ਪਛਾਣ ਲੈਂਦੀ ਹੈ। ਲੇਖਕ ਪ੍ਰੋਫੈਸਰ ਉਸਨੂੰ ਆਪਣਾ ਨਵਾਂ ਛਪਿਆ ਨਾਵਲ ਭੇਟ ਕਰਦਿਆਂ ਆਪਣੇ ਪੁਰਾਣੇ ਜਜ਼ਬਾਤ ਸਾਂਝਾ ਕਰ ਬੈਠਦਾ ਹੈ ਤਾਂ ਉਹ ਦੰਗ ਰਹਿ ਜਾਂਦਾ ਹੈ ਕਿ ਉਹ ਵੀ ਉਸ ਨੂੰ ਉਦੋਂ ਚਾਹੁੰਦੀ ਸੀ ਪਰ ਇਜ਼ਹਾਰ ਕਰਨ ਤੋਂ ਡਰਦੀ ਸੀ। ਅੰਤ ਵਿਚ ਲੇਖਕ ਪ੍ਰੋਫੈਸਰ ਪਛਤਾਉਂਦਾ ਹੈ ਤੇ ਮਨ ਹੀ ਮਨ ਆਪਣੇ-ਆਪ ਨੂੰ ਹੌਂਸਲਾ ਦਿੰਦਾ ਹੈ ਕਿ ਜੇ ਮੇਰੀ ਉਦੋਂ ਇਹ ਜੀਵਨ ਸਾਥਣ ਬਣ ਜਾਂਦੀ ਤਾਂ ਮੈਂ ਹੁਣ ਵਾਂਗ ਇਸ ਦੀਆਂ ਯਾਦਾਂ ਵਿਚ ਸਮੋਇਆ, ਇਸ ਉੱਤੇ ਨਾਵਲ ਨਾ ਲਿਖ ਸਕਦਾ। ਇਕ ਹੋਰ ਕਹਾਣੀ ‘ਪਖਤੂਨ’ ਪਠਾਣਾਂ ਦੀ ਅਣਖ ਨੂੰ ਖੂਬਸੂਰਤੀ ਨਾਲ ਪੇਸ਼ ਕਰਦੀ ਹੈ ਕਿ ਇਕ ਅਕਰਮ ਖਾਨ ਨਾਂ ਦਾ ਪਠਾਣ ਆਪਣੇ ਪੁੱਤਰ ਦੇ ਸ਼ਰੇਆਮ ਸਾਰੇ ਪਿੰਡ ਵਿਚ ਅਭੱਦਰ ਵਿਵਹਾਰ ਤੂੰ ਦੁਖੀ ਹੋ ਕੇ ਆਖਰੀ ਦਮ ਤੱਕ ਨਾ ਬੋਲਣ ਦੀ ਕਸਮ ਖਾਂਦਾ ਹੈ ਤੇ ਉਸਦੀ ਤਰੀਮਤ, ਪੁੱਤਰ ਅਤੇ ਸਾਰਾ ਪਿੰਡ ਉਸਨੂੰ ਮਨਾ-ਮਨਾ ਥੱਕ ਜਾਂਦਾ ਹੈ ਪਰ ਉਹ ਟੱਸ ਤੋਂ ਮੱਸ ਨਹੀਂ ਹੁੰਦਾ ਤੇ ਕਈ ਸਾਲ ਬਾਅਦ ਜਦੋਂ ਉਸਦਾ ਪੁੱਤਰ ਵੀ ਨੌਜਵਾਨ ਤੋਂ ਅੱਧਖੜ੍ਹ ਹੋ ਜਾਂਦਾ ਹੈ ਤੇ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ ਤਾਂ ਉਹ ਵੀ ਆਪਣੇ ਪਿਓ ਨੂੰ ਬੁਲਾਉਣ ਦੀ ਜ਼ਿੱਦ ਵਿਚ ਰੋਟੀ ਖਾਣਾ ਬੰਦ ਕਰ ਦਿੰਦਾ ਹੈ ਪਰ ਦੋਨੋਂ ਪਿਓ-ਪੁੱਤਰ ਆਪਣੀ ਈਨ ਮੰਨਣ ਨੂੰ ਤਿਆਰ ਨਹੀਂ ਤੇ ਅੰਤ ਦੋਨੋਂ ਹੀ ਆਪਣੀਆਂ ਕਸਮਾਂ ਦੀ ਲਾਜ ਰੱਖਦੇ ਹੋਏ ਦਮ ਤੋੜ ਜਾਂਦੇ ਹਨ। ‘ਮੀਰਾਸਾ’ ਅਤੇ ‘ਪਠਾਣ ਦੀ ਤਰੀਮਤ’ ਕਹਾਣੀਆਂ ਵੀ ਪਠਾਣਾਂ ਦੇ ਅਣਖੀਲੇ ਸੁਭਾਅ ਨੂੰ ਅਭਿਵਿਅਕਤ ਕਰਦੀਆਂ ਹਨ। ਪ੍ਰੋ. ਗੁਰਮੁੱਖ ਸਿੰਘ ਸਹਿਗਲ ਵੀ ਪਠਾਣਾਂ ਵਾਂਗ ਤਕੜੀ ਦਿੱਖ ਵਾਲੇ ਅਣਖੀ ਸੁਭਾਅ ਦੇ ਸਨ ਤੇ ਉਹ ਇਸੇ ਕਾਰਨ ਕਿਸੇ ਨੂੰ ਅੱਗੇ ਹੋ ਕੇ ਆਪਣੀਆਂ ਰਚਨਾਵਾਂ ਉੱਤੇ ਗੋਸ਼ਟੀਆਂ ਕਰਵਾਉਣ ਜਾਂ ਇਨਾਮ-ਸਨਮਾਨ ਲੈਣ ਤੋਂ ਗਰੇਜ਼ ਹੀ ਕਰਦੇ ਰਹੇ, ਜਦੋਂਕਿ ਉਨ੍ਹਾਂ ਦੇ ਸਮਕਾਲੀ ਅਜਿਹੇ ਕਾਰਜਾਂ ਲਈ ਤਰਲੋ-ਮੱਛੀ ਹੁੰਦੇ ਆਮ ਦੇਖੇ ਜਾ ਸਕਦੇ ਸਨ। ਉਹ ਪ੍ਰਤੀਬੱਧਤਾ ਨਾਲ ਸਾਹਿਤਕ ਅਤੇ ਸੰਗੀਤਕ ਰੁਚੀਆਂ ਵਾਲੇ ਗੰਭੀਰ ਲੋਕਾਂ ਦੀ ਸੰਗਤ ਵਿਚ ਹੀ ਵਿਚਰਣਾ ਪਸੰਦ ਕਰਦੇ ਸਨ। ਹਲਕੇ-ਫੁਲਕੇ ਸਮਾਂ ਪਾਸ ਕਰਨ ਵਾਲੇ ਲੇਖਕਾਂ ਤੋਂ ਵੀ ਦੂਰੀ ਬਣਾ ਕੇ ਰੱਖਦੇ। ਜਦੋਂ ਵੀ ਉਨ੍ਹਾਂ ਦੇ ਘਰ ਮੈਂ ਤੇ ਦਵਿੰਦਰ ਪਟਿਆਲਵੀ ਜਾਂਦੇ ਤਾਂ ਉਹ ਸਾਨੂੰ ਆਪਣੇ ਅਜ਼ੀਜ਼ ਸਮਝ ਕੇ ਉਸਾਰੂ ਸਾਹਿਤਕ ਸੁਝਾਅ ਦਿੰਦੇ ਰਹਿੰਦੇ।
ਪ੍ਰੋ. ਸਹਿਗਲ ਜਦੋਂ 1998 ਨੂੰ ਕਾਲਜ ਲੈਕਚਰਾਰ ਸੇਵਾ ਮੁਕਤ ਹੋਏ ਪਰ ਪ੍ਰਾਈਵੇਟ ਕਾਲਜ ਕਾਰਨ ਪੈਨਸ਼ਨ ਨਾ ਹੋਣ ਕਾਰਨ ਉਨ੍ਹਾਂ ਨੂੰ ਦੁਬਾਰਾ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰਨੀ ਪਈ। ਉਹ ਕੋਈ ਸਾਇੰਸ ਜਾਂ ਹਿਸਾਬ ਦੇ ਅਧਿਆਪਕ ਤਾਂ ਨਹੀਂ ਸਨ ਕਿ ਟਿਊਸ਼ਨਾਂ ਪੜ੍ਹਾ ਕੇ ਆਪਣੀ ਕਬੀਲਦਾਰੀ ਨੂੰ ਚਲਾਉਂਦੇ। ਉਹ ਐਮ. ਏ. ਪੰਜਾਬੀ ਅਤੇ ਅੰਗਰੇਜ਼ੀ, ਸੰਗੀਤ ਪ੍ਰਵੀਨ ਦੀ ਵਿਦਿਅਕ ਯੋਗਤਾ ਪ੍ਰਾਪਤ ਸਨ। ਘਰੇਲੂ ਪਤਨੀ, ਦੋ ਜਵਾਨ ਬੇਟੀਆਂ ਤੇ ਬੇਟੇ ਦੇ ਭਵਿੱਖ ਦੀ ਵੀ ਚਿੰਤਾ ਸੀ ਤੇ ਉਹ ਸਾਹਿਤ ਅਤੇ ਸੰਗੀਤ ਨਾਲ ਜੁੜੇ ਹੋਏ ਸਨ। ਮੌਲਿਕ ਸਾਹਿਤ ਵਿਚ ਪੈਸੇ ਦੀ ਕੋਈ ਉਮੀਦ ਨਹੀਂ ਸੀ ਤੇ ਉਨ੍ਹਾਂ ਦੀ ਸੰਗੀਤ ਸਾਧਨਾ ਇਸ ਵੇਲੇ ਸਹਾਰਾ ਬਣੀ। ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਵੀ ਆਪਣੀ ਮਰਜ਼ੀ ਮੁਤਾਬਿਕ ਕਲਾ ਨਾਲ ਜੁੜ ਕੇ ਜੀਵਨ ਨਿਰਬਾਹ ਕਰਨ ਦੀ ਆਜ਼ਾਦੀ ਦਿੱਤੀ। ਵੱਡੀ ਬੇਟੀ ਸੁਰਪ੍ਰੀਤ ਕੌਰ ਸੰਗੀਤ ਵਿਚ ਉੱਚ ਯੋਗਤਾ ਪ੍ਰਾਪਤ ਕਰਕੇ ਇਸ ਸਮੇਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਸੰਗੀਤ ਵਿਭਾਗ ਵਿਚ ਟੈਕਨੀਕਲ ਅਸਿਸਟੈਂਟ ਨਿਯੁਕਤ ਹੈ। ਬੇਟਾ ਵੀ ਗਿਟਾਰ ਵਜਾਉਣ ਦਾ ਸ਼ੌਕਿਨ ਸੀ ਤੇ ਉਸਨੂੰ ਮੁੰਬਈ ਆਪਣੇ ਸ਼ੌਕ ਨੂੰ ਪੇਸ਼ਾਵਰ ਢੰਗ ਨਾਲ ਪ੍ਰਫੁੱਲਤ ਕਰਨ ਲਈ ਭੇਜਿਆ। ਅੱਜਕੱਲ੍ਹ ਬੇਟਾ ਪਿਛਲੇ ਕਈ ਸਾਲ ਤੋਂ ਇੰਗਲੈਂਡ ਵਿਚ ਅਤੇ ਛੋਟੀ ਬੇਟੀ ਆਪਣੇ ਪਰਿਵਾਰ ਨਾਲ ਆਸਟ੍ਰੇਲੀਆ ਵਿਖੇ ਸੈਟਲ ਹੈ।
ਸੇਵਾ-ਮੁਕਤੀ ਤੋਂ ਬਾਅਦ ਉਹ ਕੁਝ ਸਾਲ ਮੁੰਬਈ ਵਿਖੇ ਵੀ ਫ਼ਿਲਮੀ ਲਾਇਨ ਵਿਚ ਸਕਰਿਪਟ ਰਾਈਟਰ ਅਤੇ ਸੰਗੀਤ ਖੇਤਰ ਵਿਚ ਆਪਣੀ ਰੋਜ਼ੀ-ਰੋਟੀ ਦਾ ਵਸੀਲਾ ਢੂੰਡਣ ਲੱਗੇ। ਕੁਝ ਕੁ ਸਫ਼ਲ ਵੀ ਰਹੇ। ਫ਼ਿਲਮਾਂ ਤੇ ਟੀ.ਵੀ. ਨਾਟਕ ਬਣਾਉਣ ਵਾਲੀ ਮਸ਼ਹੂਰ ਕੰਪਨੀ ‘ਸਿਨੇਵਿਸਟਾ’ ਦੇ ਮਾਲਿਕ ਸੁਨੀਲ ਮਹਿਤਾ ਨੇ ਉਨ੍ਹਾਂ ਦੇ ਲਿਖੇ ਟੈਲੀਨਾਟਕ ‘ਸਚੁ ਕਾ ਬਾਣੀ ਨਾਨਕ ਆਖੈ’ ਨੂੰ ਲੜੀਵਾਰ ਰੂਪ ਵਿਚ ਬਣਾਉਣ ਲਈ ਚੁਣ ਲਿਆ ਤੇ ਚਾਰ ਐਪੀਸੋਡ ਤਿਆਰ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਵਿਖੇ ਪ੍ਰਵਾਨਗੀ ਲਈ ਭੇਜਿਆ ਤਾਂ ਕਿ ਸਿੱਖ ਧਾਰਮਿਕ ਨਾਟਕ ਹੋਣ ਕਾਰਨ ਬਾਅਦ ਵਿਚ ਕੋਈ ਵਾਦ-ਵਿਵਾਦ ਨਾ ਖੜ੍ਹਾ ਹਵੇ। ਪ੍ਰੋ. ਸਹਿਗਲ ਖੁਦ ਕੰਪਨੀ ਦੇ ਖਰਚੇ ਉੱਤੇ ਮੁੰਬਈ ਤੋਂ ਆ ਕੇ ਪ੍ਰਬੰਧਕ ਕਮੇਟੀ ਦੇ ਦਫ਼ਤਰ ਐਪੀਸੋਡ ਜਮ੍ਹਾਂ ਕਰਵਾ ਕੇ ਗਏ ਤੇ ਕਾਫ਼ੀ ਸਮੇਂ ਤੱਕ ਪ੍ਰਵਾਨਗੀ ਲਈ ਖ਼ਤੋ-ਖ਼ਿਤਾਬਤ ਕਰਦੇ ਰਹੇ। ਪਰ ਸਾਡੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੀ ਉਦਾਸਤੀਨਤਾ ਕਾਰਨ ਕੋਈ ਜਵਾਬ ਨਹੀਂ ਮਿਲਿਆ ਤੇ ਇਹ ਪ੍ਰੋਜੈਕਟ ਠੰਢੇ ਬਸਤੇ ਵਿਚ ਪੈ ਗਿਆ। ਬਾਅਦ ਵਿਚ ਉਨ੍ਹਾਂ ਇਹ ਨਾਟਕ ਆਪਣੇ ਯਤਨਾਂ ਨਾਲ ਕਿਤਾਬੀ ਰੂਪ ਵਿਚ ਛਪਵਾਇਆ। ਉਮਰ ਦਾ ਤਕਾਜ਼ਾ ਅਤੇ ਮੁੰਬਈ ਦੀ ਭੱਜ-ਦੌੜ ਅਤੇ ਚਕਾਚੌਂਧ ਵਾਲੀ ਬਨਾਵਟੀ ਜ਼ਿੰਦਗੀ ਆਪ ਨੂੰ ਰਾਸ ਨਾ ਆਈ ਤੇ ਸਾਲ 2005 ਵਿਚ ਉਹ ਮੁੜ ਪਟਿਆਲੇ ਆ ਗਏ ਤੇ ਇੱਥੇ ਆਪਣੇ ਘਰ ‘ਸੁਰਾਂਜਲੀ’ ਨਾਂ ਦਾ ਸੰਗੀਤ ਵਿਦਿਆਲਾ ਖੋਲ੍ਹ ਕੇ ਸੰਗੀਤ ਪ੍ਰੇਮੀਆਂ ਨੂੰ ਪੇਸ਼ਾਵਰ ਤਰੀਕੇ ਨਾਲ ਸੰਗੀਤ ਦੀ ਵਿੱਦਿਆ ਪ੍ਰਦਾਨ ਕਰਨ ਲੱਗੇ ਤੇ ਕਈ ਪ੍ਰਸਿੱਧ ਸਾਹਿਤਕ ਪੁਸਤਕਾਂ ਦਾ ਉਰਦੂ, ਹਿੰਦੀ ਅਤੇ ਅੰਗਰੇਜ਼ੀ ਤੋਂ ਅਨੁਵਾਦ ਕਰਕੇ ਵੀ ਉਪਜੀਵਕਾ ਦਾ ਜ਼ਰੀਆ ਬਣਾਇਆ। ਇਸ ਵਿਚ ਆਪ ਦੀ ਵੱਡੀ ਬੇਟੀ ਜੋ ਖੁਦ ਸ਼ਾਸਤਰੀ ਸੰਗੀਤ ਦੀ ਮਾਹਿਰ ਹੈ ਤੇ ਜਵਾਈ ਜਸਪ੍ਰੀਤ ਸਿੰਘ ਜਗਰਾਉਂ ਜੋ ਖੁਦ ਇਕ ਚੰਗਾ ਬਾਲ ਸਾਹਿਤ, ਵਾਰਤਕ ਅਤੇ ਅਨੁਵਾਦ ਲੇਖਕ ਹੈ ਤੇ ਸੰਗਮ ਪਬਲੀਕੇਸ਼ਨਜ਼ ਸਮਾਣਾ ਨਾਲ ਪਰੂਫ਼ ਰੀਡਰ, ਅਨੁਵਾਦਕ ਦੇ ਤੌਰ ਉੱਤੇ ਜੁੜਿਆ ਹੋਇਆ ਹੈ ਨੇ ਆਪ ਦੇ ਸਾਹਿਤਕ ਅਤੇ ਸੰਗੀਤਕ ਕਾਰਜਾਂ ਵਿਚ ਤਨਦੇਹੀ ਨਾਲ ਸਾਥ ਦਿੱਤਾ ਅਤੇ ਸਹਿਗਲ ਸਾਹਿਬ ਦੇ ਸਾਰੇ ਮੌਲਿਕ ਸਾਹਿਤ ਦੇ ਦੁਬਾਰਾ ਐਡੀਸ਼ਨ ਛਪਵਾਏ ਤੇ ਬੇਟੇ ਨੇ ਇੰਗਲੈਂਡ ਵਿਚ ਰਹਿੰਦਿਆਂ ਹੋਇਆਂ ਵੀ ਘਰੇਲੂ ਜ਼ਿੰਮੇਵਾਰੀਆਂ ਵਿਚ ਆਪ ਦਾ ਡੱਟ ਕੇ ਸਾਥ ਦਿੱਤਾ ਹੈ।
ਅਸਲ ਵਿਚ ਪ੍ਰੋ. ਗੁਰਮੁਖ ਸਿੰਘ ਸਹਿਗਲ ਅਜਿਹੀ ਕੱਦਾਵਾਰ ਸ਼ਖ਼ਸੀਅਤ ਸਨ, ਜਿਨ੍ਹਾਂ ਦਾ ਰੋਮ-ਰੋਮ ਸਾਹਿਤ ਅਤੇ ਸੰਗੀਤ ਦਾ ਸੁਮੇਲ ਸੀ। ਉਰਦੂ, ਫਾਰਸੀ, ਹਿੰਦੀ, ਅੰਗੇਰਜ਼ੀ, ਗੁਜਰਾਤੀ ਅਤੇ ਪਸ਼ਤੋ ਆਦਿ ਭਾਸ਼ਾਵਾਂ ਦੇ ਗਿਆਤਾ ਤੇ ਵਿਦਵਾਨ, ਸਾਹਿਤ ਵਾਂਗ ਸੰਗੀਤ ਵਿਚ ਵੀ ਆਪ ਪੂਰੀ ਤਰ੍ਹਾਂ ਡੁੱਬੇ ਹੋਏ ਸਨ। ਸ਼ਾਸਤਰੀ ਸੰਗੀਤ ਦੇ ਮਾਹਿਰ ਸਨ। ਸੰਗੀਤ ਅਤੇ ਸਾਹਿਤ ਦਾ ਸ਼ੌਕ ਆਪ ਨੂੰ ਬਚਪਨ ਵਿਚ ਹੀ ਪੈਦਾ ਹੋ ਗਿਆ ਸੀ ਚੜ੍ਹਦੀ ਉਮਰੇ ਹੋਰ ਪ੍ਰਫੁੱਲਤ ਹੁੰਦਾ ਗਿਆ। ਸ਼ਾਸਤਰੀ ਸੰਗੀਤ ਦੀ ਮੁਢਲੀ ਤਾਲੀਮ ਸਾਲ 1965 ਵਿਚ ਮੁੰਬਈ ਵਿਖੇ ਘਰਾਣੇਦਾਰ ਉਸਤਾਦਾਂ ਮਾਸਟਰ ਮਨਹਰ ਭਰਵੇ ਤੇ ਪੰਡਿਤ ਲਛਮਣ ਪ੍ਰਸਾਦ ਜੈਪੁਰ ਵਾਲੇ ਤੋਂ ਪ੍ਰਤੀਬੱਧਤਾ ਨਾਲ ਸੰਗੀਤ ਦੀ ਵਿੱਦਿਆ ਪ੍ਰਾਪਤ ਕੀਤੀ। ਪੂਨਾ ਵਿਖੇ ਵੀ ਉਸਤਾਦ ਕੇਸ਼ਵ ਬੂਆ ਇੰਗਲੇ ਕੋਲ ਵੀ ਇਕ ਸਾਲ ਸੰਗੀਤ ਸਿੱਖਿਆ ਹਾਸਲ ਕੀਤੀ। 1970 ਵਿਚ ਪਟਿਆਲਾ ਵਿਖੇ ਪੱਕੇ ਤੌਰ ‘ਤੇ ਰੈਣ-ਬਸੇਰਾ ਕਰਨ ਕਾਰਨ ਬਾਕਾਇਦਾ ਸ਼ਾਸਤਰੀ ਸੰਗੀਤ ਪਟਿਆਲੇ ਦੇ ਸ੍ਰੀ ਆਤਮਾ ਪ੍ਰਕਾਸ਼ ਤੋਂ ਸਿੱਖਣਾ ਸ਼ੁਰੂ ਕੀਤਾ ਫਿਰ ਬਾਅਦ ਵਿਚ ਸ੍ਰੀ ਦੀਪਕ ਚੈਟਰਜੀ ਦਾ ਗੰਢਾ-ਬੰਨ੍ਹਾ ਕੇ ਉਨ੍ਹਾਂ ਦੇ ਸ਼ਾਗਿਰਦ ਬਣੇ। ਸੰਗੀਤ ਦੀ ਐਮ. ਏ. ਪ੍ਰਯਾਗ ਸੰਗੀਤ ਸੰਮਤੀ ਅਲਾਹਾਬਾਦ ਤੋਂ ਕੀਤੀ। ਆਪ ਸ਼ਾਸਤਰੀ ਸੰਗੀਤ ਦੇ ਨਾਲ-ਨਾਲ ਗ਼ਜ਼ਲ ਅਤੇ ਸੂਫ਼ੀ ਕਾਫੀਆਂ ਗਾਉਣ ਵਿਚ ਵੀ ਪੂਰੀ ਮੁਹਾਰਤ ਰੱਖਦੇ ਸਨ। ਪਾਕਿਸਤਾਨੀ ਗਾਇਕ ਮਹਿੰਦੀ ਹਸਨ ਤੋਂ ਪ੍ਰੇਰਿਤ ਹੋ ਕੇ ਮਿਰਜ਼ਾ ਗਾਲਿਬ, ਫੈਜ਼ ਮੀਰ ਤੇ ਦਾਰਾ ਆਦਿ ਉਰਦੂ ਸ਼ਾਇਰਾਂ ਤੋਂ ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ ੰਪਜਾਬੀ ਸੂਫੀ ਕਵੀਆਂ ਦੀਆਂ ਕਾਫੀਆਂ ਨੂੰ ਸੁਰਬੱਧ ਕੀਤਾ। ਆਲ ਇੰਡੀਆ ਰੇਡੀਓ, ਮੁੰਬਈ ਦੇ ਵੀ ਆਪ ਪ੍ਰਮਾਣਿਕ ਗ਼ਜ਼ਲ ਗਾਇਕ ਵੀ ਰਹੇ ਅਤੇ ਆਲ ਇੰਡੀਆ ਰੇਡਿਓ, ਜਲੰਧਰ ਤੇ ਪਟਿਆਲੇ ਤੋਂ ਵੀ ਗਾਉਂਦੇ ਰਹੇ। ਟੀ.ਵੀ. ‘ਤੇ ਵੀ ਪ੍ਰੋਗਰਾਮ ਦਿੰਦੇ ਰਹੇ। ਦਿੱਲੀ ਦੀ ਪੰਜਾਬੀ ਸਭਾ ਦੇ ਸੱਦੇ ਉੱਤੇ ਭਾਪਾ ਪ੍ਰੀਤਮ ਸਿੰਘ ਦੇ ਮਹਿਰੌਲੀ ਫਾਰਮ ਵਿਚ ‘ਧੁੱਪ ਦੀ ਮਹਿਫ਼ਿਲ’ ਸਾਲਾਨਾ ਸਾਹਿਤਕ ਸਮਾਗਮ ਵਿਚ, ਪ੍ਰਾਚੀਨ ਕਲਾ ਕੇਂਦਰ, ਚੰਡੀਗੜ੍ਹ ਅਤੇ ਸੈਂਟਰਲ ਯੂਨੀਵਰਸਿਟੀ ਪੰਜਾਬ, ਬਠਿੰਡਾ ਵਿਖੇ ਅਤੇ ਹੋਰ ਕਈ ਥਾਵਾਂ ‘ਤੇ ਵੀ ਸੂਫ਼ੀਆਨਾ ਕਲਾਮ ਦਾ ਪੇਸ਼ ਕੀਤਾ। ਆਪਦੀ ਅਕਤੂਬਰ 2018 ਵਿਚ ਹਾਰਟ ਦੀ ਵੀ ਸਰਜਰੀ ਹੋਈ ਸੀ ਪਰ ਇਸ ਸਾਲ ਕੋਰੋਨਾ ਦੇ ਬਚਾਅ ਦੀ ਪਹਿਲੀ ਵੈਕਸੀਨ ਲਿਵਾਉਣ ਤੋਂ ਬਾਅਦ ਕੋਰੋਨਾ ਹੋਣ ਕਾਰਨ ਪਰਿਵਾਰ ਵੱਲੋਂ ਸਦਭਾਵਨਾ ਹਸਪਤਾਲ ਦਾਖਲ ਕਰਵਾਇਆ ਗਿਆ ਪਰ 10 ਅਪ੍ਰੈਲ, 2021 ਨੂੰ ਸਾਹਿਤ ਅਤੇ ਸੰਗੀਤ ਨਾਲ ਰੂਹਾਨੀ ਤੌਰ ਉੱਤੇ ਜੁੜੀ ਇਹ ਸ਼ਖਸੀਅਤ ਸਦਾ ਲਈ ਸਦੀਵੀ ਵਿਛੋੜਾ ਦੇ ਗਈ। ਇਸ ਗੱਲ ਦਾ ਬੜਾ ਦੁੱਖ ਹੈ ਕਿ ਉਨ੍ਹਾਂ ਦੇ ਜੀਵਨ ਅਤੇ ਸਾਹਿਤ ਬਾਰੇ ਇਕ-ਦੋ ਲੋਕਲ ਅਖ਼ਬਾਰਾਂ ਤੋਂ ਇਲਾਵਾ ਕਿਸੇ ਵੀ ਮੁੱਖ ਪੰਜਾਬੀ ਅਖ਼ਬਾਰ ਨੇ ਦੋ ਸ਼ਬਦ ਤੱਕ ਨਹੀਂ ਛਾਪੇ ਅਤੇ ਆਪਣੀ ਸਾਰੀ ਉਮਰ ਸਾਹਿਤ ਅਤੇ ਸੰਗੀਤ ਦੇ ਲੇਖੇ ਲਾਉਣ ਵਾਲੀ ਸ਼ਖਸੀਅਤ ਨੂੰ ਅਣਗੌਲਿਆ ਕੀਤਾ ਗਿਆ ਪਰ ਸਾਹਿਤਕਾਰ ਅਤੇ ਸੰਗੀਤਕਾਰ ਗੁਰਮੁੱਖ ਸਿੰਘ ਸਹਿਗਲ ਪਾਠਕਾਂ ਅਤੇ ਸਰੋਤਿਆਂ ਦੇ ਮਨਾਂ ਵਿਚ ਸਦਾ ਉੱਕਰੇ ਰਹਿਣਗੇ।
Read more
ਮੇਰੀ ਸਭ ਤੋਂ ਉੱਤਮ ਰਚਨਾ
ਆਲੋਚਨਾਤਮਕ ਲੇਖ : ਪੰਜਾਬੀ ਮਿੰਨੀ ਕਹਾਣੀ : ਇੱਕ ਵਿਸ਼ਲੇਸ਼ਣ
ਸੰਦੂਕੜੀ ਖੋਲ੍ਹ ਨਰੈਣਿਆ