January 19, 2026

ਜਦ ਚੇਤ ਮਹੀਨਾ ਚੜ੍ਹਦਾ ਹੈ

ਹਰਕਮਲ ਸਿੰਘ ਕਾਂਗ

ਚੇਤ ਜਾਂ ਚੇਤਰ ਵਿੱਚ ਮੌਸਮ ਸੁਹਾਵਣਾ ਹੋ ਜਾਂਦਾ ਹੈ ਅਤੇ ਇਸ ਮਹੀਨੇ ਬਸੰਤ ਆਪਣੇ ਜੋਬਨ ‘ਤੇ ਹੁੰਦੀ ਹੈ। ਗਰਮੀ ਦੀ ਰੁੱਤ ਬਸੰਤ ਦੀ ਬਹਾਰ ਉੱਤੇ ਭਾਰੂ ਪੈਣ ਲੱਗਦੀ ਹੈ। ਬਾਰਾਹ ਮਾਂਹ ਪੰਜਾਬ ਦਾ ਪ੍ਰਸਿੱਧ ਲੋਕ ਕਾਵਿ ਹੈ। ਵਿਛੋੜੇ ਦੇ ਸੱਲ ਝੱਲ ਰਹੀ ਪੰਜਾਬਣ ਮੁਟਿਆਰ ਦੇ ਦਿਲ ਦੀਆਂ ਹੂਕਾਂ ਦੀ ਬਾਤ ਵੀ ਚੇਤ ਮਹੀਨੇ ਦੀ ਕਵਿਤਾ ਵਿੱਚ ਪੈਂਦੀ ਸੁਣੀ ਜਾ ਸਕਦੀ ਹੈ। ਹੂਕ ਉਦੋਂ ਹੀ ਪੈਂਦੀ ਹੈ ਜਦੋਂ ਦਿਲ ਦੇ ਭੇਤ ਸੱਲ ਬਣ ਜਾਣ। ਮੁਟਿਆਰ ਲੋਕ ਲਾਜ ਰੱਖਦੀ ਅੱਖਾਂ ਵਿੱਚ ਸ਼ਰਮ ਅਤੇ ਲੱਜ ਪਾਲਦੀ ਹੋਈ ਦਿਲ ਦੇ ਬਲਬਲਿਆਂ ਨੂੰ ਮਾਰਨ ਦਾ ਯਤਨ ਕਰਦੀ ਹੈ ਅਤੇ ਦਿਲ ਦੇ ਭੇਤ ਛੁਪਾ ਕੇ ਰੱਖਦੀ ਹੈ ਪਰ ਜਿਸ ਦਿਲਜਾਨੀ ਨੂੰ ਦਿਲ ਦੇ ਦੇਵੇ ਤਾਂ ਉਸ ਨਾਲ ਦੇ ਦਿਲ ਦੇ ਭੇਤ ਸਾਂਝੇ ਵੀ ਕਰ ਲੈਂਦੀ ਹੈ। ਦਿਲ ਦਾ ਇਹ ਦਰਦ ਕਿਸੇ ਨਾ ਕਿਸੇ ਤਰ੍ਹਾਂ ਕਵਿਤਾ ਦੇ ਰੂਪ ਵਿੱਚ ਫੁੱਟ ਹੀ ਪੈਂਦਾ ਹੈ—
ਚੜ੍ਹਿਆ ਮਹੀਨਾ ਚੇਤ
ਦਿਲਾਂ ਦੇ ਭੇਤ ਕੋਈ ਨਹੀਂ ਜਾਣਦਾ,
ਉਹ ਗਿਆ ਪ੍ਰਦੇਸ ਜੋ ਸਾਡੇ ਹਾਣ ਦਾ।
ਦਿਲ ਦੇ ਭੇਤ ਛੁਪਾ ਕੇ ਰੱਖਣ ਵਿੱਚ ਹੀ ਭਲਾ ਹੈ।
ਦਿਲ ਦਰਿਆ ਸਮੁੰਦਰੋਂ ਡੂੰਘੇ
ਕੌਣ ਦਿਲਾਂ ਦੀਆਂ ਜਾਣੇ।
ਚੇਤਰ ਨਾ ਜਾਈਂ ਚੰਨਾ
ਖਿੜੀ ਬਹਾਰ ਵੇ।
ਇਸ ਤੋਂ ਵੀ ਪਤਾ ਲੱਗਦਾ ਹੈ ਕਿ ਚੇਤ ਮਹੀਨੇ ਬਹਾਰ ਖਿੜ ਜਾਂਦੀ ਹੈ। ਬਹਾਰ ਬਾਗਾਂ ਵਿੱਚ ਹੀ ਨਹੀਂ, ਦਿਲਾਂ ਵਿੱਚ ਵੀ ਖਿੜਦੀ ਹੈ:
ਚੇਤ ਦੇ ਮਹੀਨੇ ਨੌਂ ਰੱਖਾਂ ਨਰਾਤੇ
ਮੈਂ ਜਪਾਂ ਭਗਵਾਨ ਲਾਲ ਮਿਲ ਆ ਆਪੇ।
ਚੇਤ ਦੇ ਮਹੀਨੇ ਨਰਾਤੇ ਆ ਜਾਂਦੇ ਹਨ ਅਤੇ ਲੋਕ ਵੱਖ-ਵੱਖ ਦੇਵੀਆਂ ਦੀ ਪੂਜਾ ਕਰਦੇ ਹਨ। ਨਾਨਕਸ਼ਾਹੀ ਕੈਲੰਡਰ ਅਨੁਸਾਰ ਦੇਸੀ ਸਾਲ ਦਾ ਪਹਿਲਾ ਮਹੀਨਾ ਚੇਤ ਜਦੋਂ ਚੜ੍ਹਦਾ ਹੈ ਤਾਂ ਪੰਜਾਬ ਵਿੱਚ ਕਿਸਾਨ ਤਿਆਰ ਹੋ ਰਹੀ ਹਾੜ੍ਹੀ ਦੀ ਮੁੱਖ ਫ਼ਸਲ ਕਣਕ ਨੂੰ ਸੰਭਾਲਣ ਲਈ ਅਗਾਊਂ ਯਤਨ ਆਰੰਭ ਦਿੰਦਾ ਹੈ। ਕੋਈ ਸਮਾਂ ਸੀ ਕਿ ਦਾਤੀਆਂ ਬਣਾਉਣ ਦਾ ਕੰਮ ਪਹਿਲਾਂ ਹੀ ਆਰੰਭ ਹੋ ਜਾਂਦਾ ਸੀ, ਜੋ ਕਿ ਲੁਹਾਰ ਭਾਈਚਾਰੇ ਦਾ ਪ੍ਰਮੁੱਖ ਕਿੱਤਾ ਸੀ। ਦਾਤੀ ਦੀ ਅਹਿਮੀਅਤ ਬੇਹੱਦ ਜ਼ਿਆਦਾ ਸੀ,ਹਾੜ੍ਹੀ ਵੱਢਣ ਦਾ ਚਾਅ ਵੀ ਬਹੁਤ ਜ਼ਿਆਦਾ ਹੁੰਦਾ ਸੀ,ਤਾਂ ਇਹ ਲੋਕ ਬੋਲੀ ਪ੍ਰਚਲਿਤ ਹੈ ਦਾਤੀ ਨੂੰ ਲਵਾ ਲੈ ਘੁੰਗਰੂ ਕਣਕ ਵੱਢੂ ਨਾਲ ਤੇਰੇ। ਬੇਹੱਦ ਮੁਸ਼ਕਿਲ ਕੰਮ ਨੂੰ ਇਹ ਲੋਕ ਬੋਲੀ ਅਸਾਨ ਬਣਾ ਰਹੀ ਹੈ । ਦਾਤੀ  ਨੂੰ ਦੰਦੇ ਇਕ ਪਾਸੇ ਪਰ ਲੋਕਾਂ ਨੂੰ ਦੋ ਪਾਸੇ। ਦੰਦੇ ਕੱਢਣਾ ਵੀ ਇੱਕ ਰੁਝੇਵਿਆਂ ਭਰਪੂਰ ਕਾਰਜ ਸੀ। ਲੁਹਾਰਾਂ ਦੇ ਕੋਲ ਦਾਤੀਆਂ ਵਾਲੇ ਦਾਤੀਆਂ ਲੈ ਕੇ ਬੈਠੇ ਰਹਿੰਦੇ ਅਤੇ ਲੋਹੇ ਦੀ ਤਰ੍ਹਾਂ ਸਖ਼ਤ ਜਾਨ ਲੁਹਾਰ ਦੀ ਖੁਸ਼ਾਮਦ ਕਰਦੇ ਰਹਿੰਦੇ ਤਾਂ ਜੋ ਉਹ ਆਪਣਾ ਕੰਮ ਕਰਵਾ ਸਕਣ ਪਰ ਕੰਬਾਈਨਾਂ ਅਤੇ ਰੀਪਰਾਂ ਆਦਿ ਨੇ ਇਹ ਕੰਮ ਸਾਂਭ ਲਿਆ ਹੈ ਅਤੇ ਕੁਝ ਦਿਨ ਵਿੱਚ ਹੀ ਵਾਢੀ ਦਾ ਕੰਮ ਨਿੱਬੜ ਜਾਂਦਾ ਹੈ। ਹੁਣ ਵਾਢੀ ਦੀ ਥਾਂ ਜੇ ਕਹਿ ਲਿਆ ਜਾਵੇ ਕਿ ਕਣਕ ਸੰਭਾਲੀ ਜਾਣੀ ਹੈ ਤਾਂ ਵਧੇਰੇ ਜਾਇਜ਼ ਕਿਹਾ ਜਾ ਸਕਦਾ ਹੈ।
ਧਾਰਮਿਕ ਪੱਖ ਤੋਂ ਬਾਰਾਹ ਮਾਹ ਰਚਣ ਨੂੰ ਬਦਲਦੀਆਂ ਰੁੱਤਾਂ ਅਤੇ ਮਹੀਨਿਆਂ ਮੁਤਾਬਕ ਬਦਲਦੇ ਕੁਦਰਤੀ ਮੌਸਮ ਨੂੰ ਪਿਛੋਕੜ ਵਿੱਚ ਰੱਖ ਉਸ ਪ੍ਰਭੂ ਪ੍ਰੀਤਮ ਦੀ ਸਿਫ਼ਤ ਸਲਾਹ ਨਾਲ ਜੋੜਿਆ ਗਿਆ ਹੈ।  ਚੇਤ ਮਹੀਨੇ ਵਿੱਚ ਉਸ ਮਾਲਕ ਪਭੂ-ਪ੍ਰੀਤਮ ਤੋਂ ਵਿਛੜੀ ਜੀਵ ਆਤਮਾ ਦੇ ਪ੍ਰਭੂ ਨਾਲ ਮਿਲਾਪ ‘ਤੇ ਜ਼ੋਰ ਦਿੱਤਾ ਗਿਆ ਹੈ। ਇਸ ਮਹੀਨੇ ਬੂਟੇ ਫੁੱਟ ਆਉਂਦੇ ਹਨ। ਚੇਤ ਤੋਂ ਬਾਅਦ ਵਿਸਾਖ ਚੜ੍ਹਨ ਤੱਕ ਰੁੱਖ ਨਵੇਂ ਪੱਤੇ ਕੱਢ ਕੇ ਲੋਕਾਂ ਨੂੰ ਛਾਂ ਦਾ ਆਨੰਦ ਦਿੰਦੇ ਹਨ।
ਮਾਸਟਰ ਮਹਿੰਦਰ ਸਿੰਘ ਮਾਨੂੰਪੁਰੀ (ਮਰਹੂਮ) ਦੀ ਕਵਿਤਾ ਦੀ ਪਹਿਲੀ ਸਤਰ ‘ਚੇਤ ਮਹੀਨਾ ਚੜ੍ਹਦਾ ਹੈ ਕਣਕੀ ਸੋਨਾ ਮੜ੍ਹਦਾ ਹੈ’ ਸਪੱਸ਼ਟ ਕਰਦੀ ਹੈ ਕਿ ਚੇਤ ਵਿੱਚ ਕਣਕ ਦੀਆਂ ਬੱਲੀਆਂ ਪੀਲੀਆਂ ਪੈਣ ਲੱਗਦੀਆਂ ਹਨ ਤੇ ਦਾਣੇ ਪੱਕਣ ਲੱਗਦੇ ਹਨ। ਫ਼ਸਲਾਂ ਜਵਾਨ ਹੋਣ ‘ਤੇ ਕਿਸਾਨਾਂ ਦੇ ਚਿਹਰਿਆਂ ‘ਤੇ ਰੌਣਕਾਂ ਆ ਜਾਂਦੀਆਂ ਹਨ।
ਦੂਜੇ ਪਾਸੇ ਸਿੱਖ ਗੁਰੂਆਂ ਨੇ ਧਾਰਮਿਕ ਅਕੀਦਿਆਂ ਨੂੰ ਅੱਗੇ ਰੱਖ ਕੇ ਚੇਤ ਦੇ ਧਾਰਮਿਕ ਪੱਖ ਨੂੰ ਉਭਾਰਿਆ ਹੈ। ਕੁਦਰਤ ਜਦੋਂ ਚੇਤ ਮਹੀਨੇ ਵਿੱਚ ਮੌਲਦੀ ਹੈ ਤਾਂ ਚਾਰੇ ਪਾਸੇ ਮਹਿਕਾਂ ਫੈਲ ਜਾਂਦੀਆਂ ਹਨ। ਜਦੋਂ ਚੇਤ ਚੜ੍ਹਦਾ ਹੈ ਤਾਂ ਪਹੁ ਫੁੱਟਦਿਆਂ ਸਾਰ ਹੀ ਸਾਰੇ ਪਾਸੇ ਮਹਿਕਾਂ ਫੈਲੀਆਂ ਹੁੰਦੀਆਂ ਹਨ। ਉੱਤਰੀ ਭਾਰਤ ਵਿੱਚ ਅੰਬਾਂ ਅਤੇ ਫਲਦਾਰ ਬੂਟਿਆਂ ਲੀਚੀਆਂ, ਆੜੂਆਂ ਆਦਿ ਨੂੰ ਬੂਰ ਪੈ ਜਾਂਦੇ ਹਨ। ਬਾਗਬਾਨ ਨੂੰ ਉਮੀਦ ਪੈਦਾ ਹੋ ਜਾਂਦੀ ਹੈ ਕਿ ਫਸਲ ਭਰਵੀਂ ਹੋਵੇਗੀ। ਸਰ੍ਹੋਂ ਨੂੰ ਦਾਣਾ ਪੈ ਜਾਂਦਾ ਤੇ ਕਣਕ ਬੱਲੀਆਂ ‘ਤੇ ਆ ਜਾਂਦੀ ਹੈ। ਗੱਲ ਕੀ ਹਰ ਪਾਸੇ ਉਮੀਦ ਦਾ ਸੰਚਾਰ ਹੋ ਜਾਂਦਾ ਹੈ।
ਚੇਤ ਮਹੀਨੇ ਕਿਸਾਨ ਕਣਕ ਦੀਆਂ ਭਰੀਆਂ ਬੰਨ੍ਹਣ ਲਈ ਬੇੜਾਂ ਵੱਟਦੇ। ਇਹ ਬੇੜਾਂ ਦੁੱਭ ਦੀਆਂ ਵੱਟੀਆਂ ਹੁੰਦੀਆਂ। ਆਮ ਤੌਰ ‘ਤੇ ਪਿੰਡਾਂ ਦੇ ਬਾਹਰਵਾਰ ਪਿੱਪਲਾਂ ਬਰੋਟਿਆਂ ਥੱਲੇ ਵੇੜਾਂ ਵੱਟੀਆਂ ਪਰ ਅੱਜ ਕੱਲ੍ਹ ਦੀ ਮਾਡਰਨ ਪੀੜ੍ਹੀ ਨੂੰ ਬੇੜਾਂ ਅਤੇ ਬੇੜਾ ਵਿੱਚ ਫਰਕ ਦਾ ਪਤਾ ਨਹੀਂ ਲੱਗਦਾ।
ਹੁਣ ਭਾਵੇਂ ਮਸ਼ੀਨੀਕਰਨ ਕਰਕੇ ਬੇੜਾਂ ਵੱਟਣੀਆਂ ਬੀਤੇ ਸਮੇਂ ਦੀ ਗੱਲ ਹੋ ਗਈ ਹੈ ਪਰ ਕਹਿਣ ਦਾ ਮਤਲਬ ਇਹ ਹੈ ਕਿ ਚੇਤ ਚੜ੍ਹਦਿਆਂ ਹੀ ਲੋਕਾਂ ਦੇ ਕੰਮ ਧੰਦੇ ਆਰੰਭੇ ਜਾਂਦੇ ਹਨ। ਹਾੜ੍ਹੀ ਵੱਢਣ ਤੋਂ ਪਹਿਲਾਂ ਦੀ ਤਿਆਰੀ ਇਸ ਮਹੀਨੇ ਹੋ ਸ਼ੁਰੂ ਹੋ ਜਾਂਦੀ ਹੈ।
ਜਦੋਂ ਚੇਤ ਵਿੱਚ ਬੂਟਿਆਂ ਨੂੰ ਫੁੱਲ ਨਿਕਲਦੇ ਹਨ ਤਾਂ ਭੌਰੇ ਫੁੱਲਾਂ ਦੀ ਮਹਿਕ ਵਿੱਚ ਮਸਤਾਨੇ ਹੋ ਜਾਂਦੇ ਹਨ ਅਤੇ ਵਾਸ਼ਨਾ ਦੇ ਪਿਅਸੇ ਭੌਰੇ ਫੁੱਲਾਂ ਦਾ ਰਸ ਚੂਸਣ ਲਈ ਬੇਵਸ ਹੋ ਜਾਂਦੇ ਹਨ। ਇਸ ਮਹੀਨੇ ਵਿੱਚ ਜਿਥੇ ਕਿਸਾਨ ਕਣਕ ਦੀ ਫ਼ਸਲ ਸੰਭਾਲਣ ਲਈ ਅਗਾਊਂ ਤਿਆਰੀ ਕਰਦਾ ਹੈ ਉਥੇ ਹੀ ਪਹਿਲਾਂ ਦੇ ਪਛੜੇ ਕਾਰਜਾਂ ਨੂੰ ਸਮੇਟਣ ਲਈ ਵੀ ਯਤਨਸ਼ੀਲ।