February 6, 2025

ਰਣਧੀਰ ਸਿੰਘ ਚੰਦ

ਗ਼ਜ਼ਲ

ਲੰਮੀ ਔੜ, ਉਦਾਸੀ, ਪਤਝੜ, ਠੱਕਾ ਤੇ ਕੋਰਾ ਵੀ ਹੈ।
ਇਸ ਮੌਸਮ ਵਿਚ ਸੂਲੀ ਚੜ੍ਹਿਆ ਇਕ ਸੂਰਜ ਮੇਰਾ ਵੀ ਹੈ।

ਤਲਖ਼ ਫ਼ਿਜ਼ਾ, ਬੇਦਰਦ ਹਵਾ, ਤਨਹਾਈ ਦਾ ਸਹਿਰਾ ਵੀ ਹੈ,
ਬੇਮੌਸਮ ਵਿਚ ਖਿੜ ਕੇ ਜਿਊਂਦੇ ਰਹਿਣ ਦੀ ਨਾਲ ਸਜ਼ਾ ਵੀ ਹੈ।

ਜਦ ਘਬਰਾ ਕੇ ਹਰ ਕਤਰੇ ਨੂੰ ਇਕ ਸਮੁੰਦਰ ਸਮਝ ਲਿਆ,
ਓਦੋਂ ਭੇਤ ਨਹੀਂ ਸੀ ਰਾਹ ਵਿਚ ਉਸ ਦਾ ਦਿਲ ਦਰਿਆ ਵੀ ਹੈ।

ਸਭ ਗਲੀਆਂ, ਘਰ ਜਾਣ ਪਛਾਣੇ, ਜਿਸ ਵਿਚ ਉਸ ਇਕ ਨਾਂ ਦੇ ਨਾਲ,
ਇਸ ਨਗਰੀ ਦਾ ਸਭ ਤੋਂ ਵੱਖਰਾ ਆਖ਼ਰ ਉਹ ਨਕਸ਼ਾ ਵੀ ਹੈ।

ਇਸ ਬਸਤੀ ‘ਚੋਂ ਤਹਿਜ਼ੀਬਾਂ ਦੇ ਰੰਗ ਤੂੰ ਆਪੇ ਲੱਭ ਲਵੀਂ,
ਯਾਦਾਂ ਦੇ ਕੁਝ ਖੰਡਰ ਵੀ ਨੇ, ਦੁੱਖਾਂ ਦਾ ਮੇਲਾ ਵੀ ਹੈ।

ਤੀਹਵੇਂ ਸਾਲ ਤੋਂ ਪਿੱਛੋਂ ਮੈਨੂੰ ਲੱਗਿਆ ਹੈ ਇਕਤਾਲ਼ੀਵਾਂ,
ਇਹ ਸਨਮਾਨ ਮਿਲਣ ਵਿਚ ਤੇਰੇ ਗ਼ਮ ਦਾ ਕੁਝ ਹਿੱਸਾ ਵੀ ਹੈ।