ਪੰਜਾਬੀ ਕਵੀਸ਼ਰੀ
ਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ ਇੱਕ ਜਾਵੇ,
ਰਲ ਸੰਗ ਕਾਫ਼ਲੇ ਦੇ, ਛੇਤੀ ਬੰਨ ਬਿਸਤਰਾ ਕਾਫਰ,
ਕਈ ਪਹਿਲੀ ਡਾਕ ਚੜ੍ਹੇ, ਬਾਕੀ ਟਿਕਟਾਂ ਲੈਣ ਮੁਸਾਫਿਰ।
ਹੈ ਸਿਗਨਲ ਹੋਇਆ ਵਾ ਗਾਰਡ ਵਿਸਲਾਂ ਪਿਆ ਵਜਾਵੇ,
ਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ ਇੱਕ ਜਾਵੇ।
ਘਰ ਨੂੰਹ ਨੇ ਸਾਂਭ ਲਿਆ, ਤੁਰ’ਗੀ ਧੀ ਝਾੜ ਕੇ ਪੱਲੇ,
ਪੋਤੇ ਨੇ ਜਨਮ ਲਿਆ, ਬਾਬਾ ਸਿਵਿਆਂ ਦੇ ਵੱਲ ਚੱਲੇ।
ਕਿਤੇ ਜ਼ੋਰ ਮਕਾਣਾਂ ਦਾ, ਕਿਧਰੇ ਹਨ ਵਿਆਹ ਤੇ ਮੁਕਲਾਵੇ।
ਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ, ਇੱਕ ਜਾਵੇ।
ਰਫਤਾਰ ਜ਼ਮਾਨੇ ਦੀ, ਕਰਿਆਂ ਤੇਜ਼ ਨਾ ਹੋਵੇ ਢਿੱਲੀ,
ਲੱਖ ਰਾਜੇ ਬਹਿ ਤੁਰ ਗਏ, ਉਥੇ ਦੀ ਉਥੇ ਹੈ ਦਿੱਲੀ।
ਗਏ ਲੁੱਟ ਵਿਚਾਰੀ ਨੂੰ, ਨਾਦਿਰ ਸ਼ਾਹ ਵਰਗੇ ਕਰ ਧਾਵੇ।
ਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ, ਇੱਕ ਜਾਵੇ।
ਲੱਖ ਪੰਛੀ ਬਹਿ ਉਡ ਗਏ, ਬੁੱਢੇ ਬੋਹੜ ਬਿਰਛ ਦੇ ਉਤੇ,
ਸਨ ਜੇਤੂ ਦੁਨੀਆ ਦੇ, ਲੱਖਾਂ ਸਿਕੰਦਰ ਕਬਰੀਂ ਸੁੱਤੇ।
ਬੱਸ ਇਸ ਕਚਹਿਰੀ ‘ਚੋਂ, ਤੁਰ ਗਏ ਕੁੱਲ ਹਾਰ ਕੇ ਦਾਵੇ।
ਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ ਇੱਕ ਜਾਵੇ।
ਰਲ ‘ਮਾਨ ਭਰਾਵਾਂ’ ਨੇ, ਨਿੱਤ ਨੀ ਗਾਉਣੇ ਗੀਤ ਇਕੱਠਿਆਂ,
‘ਕਰਨੈਲ ਕਵੀਸ਼ਰ’ ਨੇ, ਕਿਧਰੇ ਲੁਕ ਨੀ ਜਾਣਾ ਨੱਠਿਆਂ।
ਵਾਂਗੂ ਇੱਲ ਭੁੱਖੀ ਦੇ, ਲੈਂਦੀ ਫਿਰਦੀ ਮੌਤ ਕਲਾਵੇ।
ਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ, ਇੱਕ ਜਾਵੇ।
Read more
ਮੇਰੇ ਹੱਡਾਂ ‘ਚ ਮਚਲਦਾ ਪਾਰਾ ਅਨਿਲ ਆਦਮ
ਕਹਾਣੀ : ਪੇਮੀ ਦੇ ਨਿਆਣੇ
ਇੱਕ ਕਵੀ ਹੁੰਦਾ ਸੀ ਰਾਜਬੀਰ