ਡਾ. ਸੱਯਦ ਹੁਸਨ ਅੱਬਾਸ

ਜਾਣ-ਪਹਿਚਾਣ
ਪਿੰਡ : ਮੇਂਧਰ (ਪੁੰਛ)
ਜ਼ਿਲ੍ਹਾ : ਜੰਮੂ-ਕਸ਼ਮੀਰ
ਸੰਪਰਕ : +6581952478
sayedabas73@gmail.com
ਡਾ. ਸੱਯਦ ਹੁਸਨ ਅਬਾਸ ਦਾ ਜਨਮ 1989 ਵਿਚ ਜੰਮੂ ਅਤੇ ਕਸ਼ਮੀਰ ਤਹਿਸੀਲ ਮੇਂਧਰ ਜ਼ਿਲ੍ਹਾ ਪੁੰਛ ਦੇ ਸਰਹੱਦੀ ਖੇਤਰ ਵਿੱਚ ਹੋਇਆ। ਮੈਂ ਆਪਣੀ ਸਕੂਲੀ ਪੜ੍ਹਾਈ ਆਪਣੇ ਘਰ ਤੋਂ ਕੀਤੀ। ਮੈਂ ਜੰਮੂ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ ਅਤੇ ਬੀ.ਐੱਡ. 2014 ਵਿਚ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਆਪਣੀ ਪੀ. ਐੱਚ. ਡੀ. ਸ਼ੁਰੂ ਕੀਤੀ ਅਤੇ 2019 ਵਿਚ ਪੂਰੀ ਕੀਤੀ।
ਉਰਦੂ ਸ਼ਾਇਰੀ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਦਾ ਜ਼ਿਕਰ
ਜਦੋਂ ਵੀ ਕਿਸੀ ਕੌਮ ਵਿੱਚ ਜਹਾਲਤ, ਗੁੰਮਰਾਹੀ ਅਤੇ ਤਾਰੀਕੀ ਗਲਬਾ ਪਾ ਲੈਂਦੀ ਹੈ ਤਾਂ ਖ਼ੁਦਾਵੰਦ ਤਾਲਾ ਉਸ ਕੌਮ ਦੀ ਤਰਫ ਆਪਣੇ ਕਿਸੇ ਐਸੇ ਨੁਮਾਇੰਦੇ, ਰਹਿਬਰ, ਹਾਦੀ ਅਤੇ ਗੁਰੂ ਨੂੰ ਭੇਜ ਦਿੰਦਾ ਹੈ ਜੋ ਉਨ੍ਹਾਂ ਨੂੰ ਉਸ ਤਾਰੀਕੀ, ਜਹਾਲਤ ਅਤੇ ਗੁੰਮਰਾਹੀ ਦੇ ਘੜੇ ‘ਚੋਂ ਕੱਢ ਕੇ ਰੌਸ਼ਨੀ ਦੀ ਤਰਫ ਲਿਆਉਂਦਾ ਹੈ ਇਸੇ ਕਿਸਮ ਦੀ ਇੱਕ ਅਜ਼ੀਮ ਹਸਤੀ ਯਾਨੀ ਮੇਰੀ ਮੁਰਾਦ ਬਾਬਾ ਗੁਰੂ ਨਾਨਕ ਸਾਹਿਬ ਤੋਂ ਹੈ। ਗੁਰੂ ਜੀ ਜਿਸ ਜ਼ਮਾਨੇ ਵਿੱਚ ਪੈਦਾ ਹੋਏ ਉਹ ਅਹਿਦ ਜ਼ਿਹਨੀ ਅਤੇ ਫਿਕਰੀ ਇੰਤਸ਼ਾਰ-ਓ-ਬੇਚੈਨੀਆਂ ਦਾ ਦੌਰ ਸੀ। ਆ
ਪਣੀ ਦੁਨੀਆਂ ਵਿਚ ਇਨਸਾਨੀ ਵਹਿਦਤ ਨੂੰ ਸਲਾਮਤ ਰੱਖਣੇ ਅਤੇ ਅਵਾਮੀ ਰਾਸਤੀ ਲਈ ਖੁਦਾ ਨੇ ਬਾਬਾ ਨਾਨਕ ਨੂੰ ਮਾਮੂਰ ਕੀਤਾ। ਗੁਰੂ ਜੀ ਨੇ ਸੋਏ ਹੋਏ ਸਮਾਜ ਨੂੰ ਆਪਣੇ ਹੁਸਨੋ ਕਿਰਦਾਰ-ਓ-ਅਮਲ, ਤਦਾਬੀਰ ਅਤੇ ਨੂਰੇ ਮਾਰਫਤ ਨਾਲ ਬੇਦਾਰ ਕੀ
ਤਾ।
ਸਰਜ਼ਮੀਨੇ ਪੰਜਾਬ ਅਤੇ ਉਰਦੂ ਜ਼ੁਬਾਨ-ਓ-ਅਦਬ ਦਾ ਰਿਸ਼ਤਾ ਜਿਸਮ-ਓ-ਰੂਹ ਜੈਸਾ ਰਿਹਾ ਹੈ। ਇਸ ਸਿਲਸਿਲੇ ਵਿੱਚ ਉਰਦੂ ਜ਼ੁਬਾਨ-ਓ-ਅਦਬ ਤੋਂ ਮੁਤੱਲਕ ਜਿੰਨੀਆਂ ਵੀ ਅਹਿਮ ਕਿਤਾਬਾਂ ਸ਼ੁਰੂ ਤੋਂ ਮੌਜੂਦਾ ਅਹਿਦ ਤੱਕ ਸਾਡੇ ਸਾਹਮਣੇ ਆਇਆਂ ਹਨ, ਉਨ੍ਹਾਂ ਵਿੱਚ ਉਰਦੂ ਅਤੇ ਪੰਜਾਬ ਦੇ ਰਿਸ਼ਤੇ ਨੂੰ ਖ਼ਾਸ ਤੌਰ ਪਰ ਕਾਬਲੇ-ਜ਼ਿਕਰ ਸਮਝਿਆ ਜਾਂਦਾ ਰਿਹਾ ਹੈ। ਪੰਦਰਵੀਂ ਅਤੇ ਸੋਲਵੀਂ ਸਦੀ ਤਾਂ ਉਹ ਜ਼ਮਾਨਾ ਸੀ ਜਦੋਂ ਹਿੰਦੁਸਤਾਨ ਅਰਬ ਤੇ ਈਰਾਨ ਦੀਆਂ ਤਹਿਜ਼ੀਬਾਂ ਔਰ ਜ਼ੁਬਾਨਾਂ ਦੇ ਕਰੀਬ ਹੋ ਰਿਹਾ ਸੀ। ਉਸ ਅਹਿਦ ਵਿੱਚ ਰੂਹਾਨੀ ਬਜ਼ੁਰਗਾਂ ਦੇ ਕਲਾਮ ਅਤੇ ਪੈਗ਼ਾਮ ਨੇ ਪੰਜਾਬ ਦੀ ਸਰਜ਼ਮੀਨ ਪਰ ਮਜ਼੍ਹਬੀ ਅਕਾਇਦ ਦੀ ਸ਼ਾਇਰਾਜਾ-ਬੰਦੀ ਵਿੱਚ ਵੀ ਅਹਿਮ ਰੋਲ ਅਦਾ ਕੀਤਾ। ਪੰਜਾਬ ਤੋਂ ਮੁਤੱਲਕ ਬਾਬਾ ਨਾਨਕ ਦੀ ਸ਼ਖ਼ਸੀਅਤ ਹਿੰਦੁਸਤਾਨ ਹੀ ਨਹੀਂ, ਬਲਕਿ ਪੂਰੇ ਏਸ਼ੀਆ ਵਿੱਚ ਇਨਸਾਨੀ ਬਿਰਾਦਰੀ ਨੂੰ ਇੱਕ ਧਾਰਾ ਵਿੱਚ ਜੋੜਨ ਲਈ ਕਲੇਦੀ ਹੈਸੀਅਤ ਰੱਖਦੀ ਹੈ।
ਗੁਰੂ ਨਾਨਕ ਸਾਹਿਬ ਜਿੱਥੇ ਇੱਕ ਤਰਫ ਅਵਾਮੀ ਸ਼ਖ਼ਸੀਅਤ ਦੇ ਮਾਲਕ ਅਤੇ ਇੱਕ ਅਜ਼ੀਮ ਰੂਹਾਨੀ ਪੇਸ਼ਵਾ ਸਨ, ਉੱਥੇ ਹੀ ਉਹ ਆਪਣੇ ਜ਼ਮਾਨੇ ਦੇ ਬਹੁਤ ਬੜੇ ਸ਼ਾਇਰ ਵੀ ਸਨ। ਇਸ ਹਕੀਕਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਗੁਰੂ ਨਾਨਕ ਸਾਹਿਬ ਦਾ ਕਲਾਮ ਬੁਨਿਆਦੀ ਤੌਰ ਤੇ ਪੰਜਾਬੀ ਜ਼ੁਬਾਨ ਵਿੱਚ ਹੈ ਲੇਕਿਨ ਉਨ੍ਹਾਂ ਦੇ ਅਕਸਰ-ਆਸ਼ਾਰ ਉਸ ਰੰਗ ਅਤੇ ਜ਼ੁਬਾਨ ਵਿੱਚ ਮਿਲਦੇ ਹਨ, ਜੋ ਰੰਗ ਅਤੇ ਜ਼ੁਬਾਨ ਸਾਨੂੰ ਬਾਬਾ ਫਰੀਦ ਤੋਂ ਅਮੀਰ ਖੁਸਰੋ ਅਤੇ ਕਬੀਰ ਸਾਹਿਬ ਤੱ
ਕ ਨਜ਼ਰ ਆਉਂਦੀ ਹੈ। ਗੁਰੂ ਨਾਨਕ ਸਾਹਿਬ ਦੀਆਂ ਦੋ ਤੁੱਕਾਂ ਮੁਲਾਜ਼ਾ ਹੋ, ਜਿਹਨਾਂ ਨੂੰ ‘ਮੁਹੰਮਦ ਹੁਸੈਨ’ ਆਜ਼ਾਦ ਨੇ ਆਪਣੀ ਤਾਰੀਖ਼ੀ ਕਿਤਾਬ ”ਆਬ-ਏ-ਹਯਾਤ” ਵਿੱਚ ਦਰਜ ਕੀਤਾ ਹੈ-
ਸਾਸੁ ਮਾਸੁ ਸਭ ਜੀਉ ਤੁਮਾਰਾ
ਤੂ ਮੈ ਖਰਾ ਪਿਆਰਾ। ।
ਨਾਨਕੁ ਸਾਇਰੁ ਏਵ ਕਹਤੁ
ਹੈ ਸਚੇ ਪਰਵਦਗਾਰਾ। ।
ਕਿਆ ਹੰਸੁ ਕਿਆ ਬਗੁਲਾ ਜਾ
ਕਉ ਨਦਰਿ ਕਰੇਇ। ।
ਜੋ ਤਿਸੁ ਭਾਵੇ ਨਾਨਕਾ ਕਾਗਹੁ ਹੰਸੁ ਕਰੇਇ। ।
ਇਨ੍ਹਾਂ ਤੁਕਾਂ ਤੋਂ ਸਿੱਧ ਹੁੰਦਾ ਹੈ ਕਿ ਬਾਬਾ ਨਾਨਕ ਦੇ ਕਲਾਮ ਵਿੱਚ ਪੰਜਾਬੀ ਦੇ ਨਾਲ-ਨਾਲ ਉਰਦੂ ਜ਼ਬਾਨ ਦਾ ਹਮੀਰ ਵੀ ਮਿਲਦਾ ਹੈ,ਇਸ ਤੋਂ ਇਲਾਵਾ ਅਰਬੀ ਅਤੇ ਫਾਰਸੀ ਦੇ ਅਲਫ਼ਾਜ਼ ਵੀ ਮੌਜੂਦ ਹਨ। ਗੁਰੂ ਨਾਨਕ ਸਾਹਿਬ ਦੇ ਕਲਾਮ-ਓ-ਪੈਗਾਮ ਨੇ ਨਾ ਸਿਰਫ਼ ਪੰਜਾਬੀ ਜ਼ਬਾਨ ਨੂੰ ਆਪਣੇ ਅਦਬ ਨਾਲ ਮਾਲਾ-ਮਾਲ ਕੀਤਾ, ਬਲਕਿ ਇਬਤਾਦਾਈ ਉਰਦੂ ਜ਼ਬਾਨ-ਓ-ਅਦਬ ਤੇ ਗੁਰੂ ਨਾਨਕ ਸਾਹਿਬ ਦੀ ਖਿਦਮਾਤ ਦੇ ਅਕਸ ਨਜ਼ਰ ਆਉਂਦੇ ਹਨ। ਇਹ ਦੂਜੀ ਗੱਲ ਹੈ ਕਿ ਉਰਦੂ ਅਦਬ ਦੀ ਤਾਰੀਖ਼ ਵਿੱਚ ਗੁਰੂ ਨਾਨਕ ਸਾਹਿਬ ਦੀ ਖਿਦਮਾਤ ਨੂੰ ਇਸ ਤਰ੍ਹਾਂ ਸਾਹਮਣੇ ਨਹੀਂ ਲਿਆਇਆ ਜਾ ਸਕਿਆ, ਜਿਸ ਤਰ੍ਹਾਂ ਲਿਆਏ ਜਾਣ ਦੀ ਜ਼ਰੂਰਤ ਸੀ।
ਗੁਰੂ ਨਾਨਕ ਸਾਹਿਬ ਨਾਲ ਉਰਦੂ ਸ਼ਾਇਰਾਂ ਦੀ ਅਕੀਦਤ ਦੇ ਨਾਲ-ਨਾਲ ਜਜ਼ਬਾਤੀ, ਇਲਮੀ ਅਤੇ ਅਦਬੀ ਵਾਬਸਤਗੀ ਸ਼ੁਰੂ ਤੋਂ ਹੀ ਰਹੀ ਹੈ, ਲੇਕਿਨ ਇਸ ਪਹਿਲੂ ਤੇ ਅਜੇ ਤੱਕ ਕੋਈ ਵੱਡਾ ਕੰਮ ਨਹੀਂ ਹੋਇਆ। ਇਸੇ ਹਕਾਇਕ ਦੇ ਪੇਸ਼ੇਨਜ਼ਰ ਬਾਬਾ ਨਾਨਕ ਨਾਲ ਉਰਦੂ ਅਦਬ, ਸ਼ਾਇਰੀ ਅਤੇ ਸ਼ਾਇਰਾਂ ਦੀ ਜਿਹੜੀ ਵਾਬਸਤਗੀ ਰਹੀ ਹੈ, ਉਸੇ ਨੂੰ ਮੋਜੂ ਬਣਾ ਕੇ ਮੇਰਾ ਪੀਐੱਚ.ਡੀ. ਦਾ ਥੀਸਿਸ ਸਾਹਮਣੇ ਆ ਚੁੱਕਿਆ ਹੈ।
ਹਿੰਦੁਸਤਾਨੀ ਜ਼ਬਾਨਾਂ ਵਿੱਚ ਪੰਜਾਬੀ ਦੇ ਦੋਸ਼-ਬਾ-ਦੋਸ਼ ਉਰਦੂ ਜ਼ਬਾਨ ਨੇ ਵੀ ਆਪਣੇ ਸ਼ੁਰੂ ਤੋਂ ਹੀ ਗੁਰੂ ਨਾਨਕ ਸਾਹਿਬ ਤੇ ਕਸੀਦੇ ਪੜ੍ਹੇ ਹਨ। ਬਾਬਾ ਨਾਨਕ ਦੀ ਰੂਹਾਨੀ, ਇਲਮੀ, ਇਸਲਾਹੀ ਅਤੇ ਅਦਬੀ ਸਖਸ਼ੀਅਤ ਨੂੰ ਉਰਦੂ ਸ਼ਾਇਰਾਂ ਨੇ ਜਿਸ ਤਰ੍ਹਾਂ ਸਲਾਮ ਪੇਸ਼ ਕੀਤਾ ਹੈ, ਉਹ ਮਜ਼ਮੂਈ ਤੌਰ ‘ਤੇ ਉਰਦੂ ਅਦਬ ਦਾ ਇੱਕ ਕੀਮਤੀ ਸਰਮਾਇਆ ਹੈ। ਇਸ ਮਜ਼ਮੂਨ ਵਿੱਚ ਕੁਝ ਉਰਦੂ ਸ਼ਾਇਰਾਂ ਦੇ ਉਸ ਕਲਾਮ ਨੂੰ ਪੇਸ਼ ਕੀਤਾ ਜਾਵੇਗਾ, ਜਿਹੜਾ ਕਿ ਬਾਬਾ ਨਾਨਕ ਨਾਲ ਸੰਬੰਧਿਤ ਹੈ। ਗੁਰੂ ਨਾਨਕ ਸਾਹਿਬ ਤੇ ਉਰਦੂ ਸ਼ਾਇਰੀ ਵਿਚ ਸਭ ਤੋਂ ਪਹਿਲੇ ਕਲਮ ਚਲਾਉਣ ਵਾਲੇ ਅਵਾਮੀ, ਸੂਫ਼ੀ ਅਤੇ ਨਜ਼ਮ ਦੇ ਸ਼ਾਇਰ ”ਨਜ਼ੀਰ ਅਕਬਰਾਬਾਦੀ” ਹਨ। ਨਜ਼ੀਰ ਦਾ ਸਬੰਧ ਆਗਰਾ ਨਾਲ ਸੀ, ਆਗਰਾ ਉਸ ਜ਼ਮਾਨੇ ਵਿੱਚ ਅਕਬਰ-ਆਬਾਦ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਇਨ੍ਹਾਂ ਨੇ ਇੱਕ ਤਵੀਲ ਮਸੱਦਸ ਦੇ ਜ਼ਰੀਏ ਬਾਬਾ ਨਾਨਕ ਨੂੰ ਸਲਾਮ ਪੇਸ਼ ਕੀਤਾ ਹੈ। ਉਹ ਫ਼ਰਮਾਉਂਦੇ ਹਨ-
ਹੈਂ ਕਹਿਤੇ ਨਾਨਕ ਸ਼ਾਹ ਜਿਨਹੇਂ,
ਵੋਹ ਪੂਰੇ ਹੈਂ ਆਗਾਹ ਗੁਰੂ,
ਵੋਹ ਕਾਮਿਲ ਰਹਿਬਰ ਜਗ ਮੇ ਹੈਂ,
ਯੂੰ ਰੋਸ਼ਨ ਜੈਸੇ ਮਾਹ ਗੁਰੂ,
ਮਕਸੂਦ ਮੁਰਾਦ ਉਮੀਦ ਸਭੀ,
ਬਰ ਲਾਤੇ ਹੈਂ ਦਿਲ ਖੁਵਾਹ ਗੁਰੂ,
ਨਿੱਤ ਲੁਤਫ-ਓ-ਕਰਮ ਸੇ ਕਰਤੇ ਹੈਂ,
ਹਮ ਲੋਗੋਂ ਕਾ ਨਿਰਵਾਹ ਗੁਰੂ,
ਇਸ ਬਖਸ਼ਿਸ਼ ਕੇ ਇਸ ਅਜਮਤ ਕੇ
ਹੈਂ ਬਾਬਾ ਨਾਨਕ ਸ਼ਾਹ ਗੁਰੂ,
ਸਬ ਸੀਸ ਨਵਾ ਅਰਦਾਸ ਕਰੋ,
ਔਰ ਹਰ ਦਮ ਬੋਲੋ ਵਾਹਗੁਰੂ।
ਦਿਨ ਰਾਤ ਜਿਨ੍ਹੋ ਨੇ ਦਿਲ ਮੇਂ ਸੇ,
ਯਾਦੇਂ ਗੁਰੂ ਸੇ ਕਾਮ ਲੀਆ,
ਸਬ ਮਨ ਕੇ ਮਕਸਦ ਬਰ ਪਾਏ,
ਖੁਸ਼ਵਕਤੀ ਕਾ ਹੰਗਾਮ ਲੀਆ,
ਦੁੱਖ ਦਰਦ ਮੇਂ ਅਪਨੇ ਦਿਆਨ ਲਗਾ,
ਜਿਸ ਵਕਤ ਗੁਰੂ ਕਾ ਨਾਮ ਲੀਆ,
ਪਲ ਬੀਚ ਗੁਰੂ ਨੇ ਆਣ ਉਨ੍ਹੇ,
ਖੁਸ਼ਹਾਲ ਕੀਆ ਔਰ ਥਾਮ ਲਿਆ,
ਇਸ ਬਖਸ਼ਿਸ਼ ਕੇ ਇਸ ਅਜਮਤ ਕੇ,
ਹੈਂ ਬਾਬਾ ਨਾਨਕ ਸ਼ਾਹ ਗੁਰੂ,
ਸਬ ਸੀਸ ਨਵਾ ਅਰਦਾਸ ਕਰੋ,
ਔਰ ਹਰ ਦਮ ਬੋਲੋ ਵਾਹਗੁਰੂ।
(ਕੁਲਯਾਤੇ ਨਜੀਰ- ਪੰਨਾ 405)
ਨਜੀਰ ਤੋਂ ਬਾਅਦ ਦੀ ਨਸਲ ਵਿੱਚ ”ਸ. ਗੰਢਾ ਸਿੰਘ ਮਸ਼ਰਕੀ” ਇੱਕ ਐਸੇ ਸ਼ਾਇਰ ਹਨ, ਜਿਹੜੇ ਉਰਦੂ ਜ਼ਬਾਨ-ਓ-ਅਦਬ ਦੇ ਪਹਿਲੇ ਸਾਹਿਬੇ-ਦੀਵਾਨ ਅਤੇ ਐਵਾਰਡ ਯਾਫ਼ਤਾ ਸਿੱਖ ਸ਼ਾਇਰ ਹਨ। ਗੁਰੂ ਗ੍ਰੰਥ ਸਾਹਿਬ ਦੇ ਉਰਦੂ ਤਰਜਮੇ ਲਈ ਜਿਹੜੀ ਪਹਿਲੀ ਕਮੇਟੀ ਬਣਾਈ ਗਈ ਸੀ, ਮਸ਼ਰਕੀ ਉਸ ਦੇ ਮੈਂਬਰ ਵੀ ਰਹੇ ਹਨ। ਮਸ਼ਰਕੀ ਨੇ ਇਸ ਤੋਂ ਇਲਾਵਾ ‘ਜਪੁਜੀ ਸਾਹਿਬ’ ਦਾ ਉਰਦੂ ਨਸਰੀ ਤਰਜਮਾ ਵੀ ਕੀਤਾ ਹੈ। ਮਸ਼ਰਕੀ ਨੂੰ ਉਰਦੂ, ਫ਼ਾਰਸੀ, ਅਰਬੀ, ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਪਰ ਵੀ ਅਬੂਰ ਹਾਸਿਲ ਸੀ। ਗੁਰੂ ਨਾਨਕ ਸਾਹਿਬ ਨਾਲ ਸਬੰਧਤ, ਇਨ੍ਹਾਂ ਨੇ ਇੱਕ ਤਵੀਲ ਨਜ਼ਮ “ਵਾਹੇਗੁਰੂ” ਲਿਖੀ ਹੈ। ‘ਮਸ਼ਰਕੀ’ ਫ਼ਰਮਾਉਂਦੇ ਹਨ –
ਐ ਸ਼ਾਹੇ ਨਾਨਕ ਕਰ ਸਕੂੰ,
ਮੈਂ ਕਿਆ ਤੇਰੀ ਵਸਫੋਂ ਸਨਾਹ,
ਗੁੰਮਰਾਹ ਜਬ ਆਲਮ ਹੂਆ,
ਆਕਰ ਹੂਆ ਤੂੰ ਰੂਹ-ਨਮਾ,
ਹੈ ਜਲਵਾ ਨੂਰੇ ਖੁਦਾ,
ਜਲਵਾ ਤੇਰੇ ਦੀਦਾਰ ਕਾ,
ਰੂਹੇ ਮੁਕੱਦਸ ਜਬ ਤੇਰਾ ਦੇਖਾ,
ਮਲਾਇਕਾ ਨੇ ਕਹਾ,
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਗਰ ਤੂੰ ਸਮੁੰਦਰ ਪਰ ਚੱਲੇ,
ਬਣ ਜਾਏ ਵੋ ਰਾਹੇ ਰਵਾਂ,
ਬੰਜਰ ਦਿਖਾਏ ਫੈਜ਼ ਸੇ, ਤੇਰੇ ਬਹਾਰੇ ਗੁਲਸਤਾਂ,
ਗਰ ਸੈਰ ਕਰਨੇ ਕੇ ਲੀਏ, ਜਾਏ ਤੂ ਸੂਏ ਆਸਮਾਂ,
ਤੇਰੀ ਸਵਾਰੀ ਕੋ ਬਨੇ, ਮੋਜੇ ਹਵਾ, ਤਖ਼ਤੇ ਰਵਾਂ,
ਐ ਸ਼ਾਹੇ ਨਾਨਕ ਕਰ ਸਕੂੰ ਮੈਂ ਕਿਆ,
ਤੇਰੀ ਵਸਫੋਂ ਸਨਾਹ।
(ਦੀਵਾਨੇ ਮਸ਼ਰਕੀ- ਪੰਨਾ 49)
ਮਸ਼ਰਕੀ ਤੋਂ ਬਾਅਦ ਲਹੌਰ ਨਾਲ ਸੰਬੰਧਿਤ, ”ਅੱਲਾ ਯਾਰ ਖਾਨ ਜੋਗੀ”, ਜਿਹੜੇ ਅਲਤਾਫ਼ ਹੁਸੈਨ ਹਾਲੀ ਦੇ ਸਾਥੀਆਂ ਵਿੱਚੋਂ ਇੱਕ ਐਸੇ ਸ਼ਾਇਰ ਸਨ ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਸਿੱਖ ਗੁਰੂਆਂ ਦੀ ਗਾਥਾ ਵਿੱਚ ਗੁਜ਼ਾਰੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਹਿਬਜ਼ਾਦਿਆਂ ਨੂੰ ਸਰਹਿੰਦ ਵਿੱਚ ਜਿਹੜੀਆਂ ਤਕਲੀਫਾਂ ਦਿੱਤੀਆਂ ਗਈਆਂ ਅਤੇ ਫੇਰ ਉਨ੍ਹਾਂ ਨੂੰ ਸ਼ਹੀਦ ਕੀਤਾ ਗਿਆ, ਇਸ ਪੂਰੀ ਦਾਸਤਾਨ-ਏ-ਸ਼ਹਾਦਤ ਨੂੰ ਜੋਗੀ ਅੱਲਾ ਯਾਰ ਖ਼ਾਨ ਨੇ 1914-15 ਈਸਵੀ ਵਿੱਚ ਦੂਸਰੀ ਕਰਬਲਾ ਦਾ ਨਾਂ ਦੇ ਕੇ“ਗੰਜੇ ਸ਼ਹੀਦਾਂ” ਅਤੇ “ਸ਼ਹੀ-ਦਾਨੇ-ਵਫਾ” ਦੇ ਨਾਂ ਨਾਲ ਦੋ ਮਰਸੀਆਂ ਵਿੱਚ ਪੇਸ਼ ਕੀਤੇ। ਬਾਬਾ ਨਾਨਕ ਦੇ ਮੁਤੱਲਕ ਜੋਗੀ ਅੱਲਾ ਯਾਰ ਖ਼ਾਨ ਫਰਮਾਉਂਦੇ ਹਨ-
ਵੋ ਨਾਨਕ ਨਹੀਂ, ਜਿਸਕਾ ਸਾਹਨੀ ਜਹਾਂ ਮੇਂ,
ਵੋ ਨਾਨਕ ਜੋ ਹੈ, ਇਕ ਕੋਨੋ-ਓ-ਮੁਕਾਂ ਮੇਂ,
ਨਜ਼ੀਰ ਆਪਣੀ ਆਪ ਥਾ,
ਕੁੱਲ ਇਨਸ-ਓ-ਜਾਂਨ ਮੇਂ,
ਹਸੂਸਨ, ਹਮਾਰੇ ਹੀ ਹਿੰਦੁਸਤਾਨ ਮੇਂ,
ਜ਼ਮਾਨੇ ਮੇਂ ਹਾਸਿਲ, ਉਸੇ ਬਰਤਰੀ ਹੈ,
ਉਸੀ ਸੇ ਹੁਈ, ਸ਼ਾਹੇ-ਵਹਿਦਤ ਹਰੀ ਹੈ।
ਹਰ ਇੱਕ ਬਾਤ, ਹੈ ਤੇਰੀ ਮਾਕੂਲ ਨਾਨਕ,
ਨਾਮਾਨੇ ਤੁਝੇ, ਵੋ ਹੈ ਮਜ਼ਹੂਲ ਨਾਨਕ,
ਹੈ ਅਪਨੇ ਬੇਗਾਨੋਂ ਮੇਂ ਮਕਬੂਲ ਨਾਨਕ,
ਨਹੀਂ ਜਿਸ ਮੇਂ ਕਾਂਟਾ ਹੈ ਵੋਹ ਫੂਲ ਨਾਨਕ,
ਜਨਮ ਚੌਧਵੀਂ ਰਾਤ ਕੋ ਤੂਨੇ ਪਾਇਆ,
ਉਜਾਲਾ ਹੂਆ, ਜਬ ਤੂੰ ਤਸ਼ਰੀਫ ਲਾਇਆ।
(ਜਮਨਾ ਤੱਟ- ਪੰਨਾ 12)
ਜੋਗੀ ਅੱਲ੍ਹਾ ਯਾਰ ਖ਼ਾਨ ਤੋਂ ਬਾਅਦ ਜਿਸ ਹਸਾਸ ਸ਼ਾਇਰ ਨੇ ਬਾਬਾ ਨਾਨਕ ਦੀ ਅਜ਼ਮਤ ਨੂੰ ਮੌਜੂ-ਏ-ਸੋਹਨ ਬਣਾਇਆ ਉਹ ‘ਡਾ. ਸਰ ਮੁਹੰਮਦ ਇਕਬਾਲ’ ਹਨ। ਇਕਬਾਲ ਦਾ ਤਾਲੁਕ ਵੀ ਲਹੌਰ ਅਤੇ ਸਿਆਲਕੋਟ ਨਾਲ ਸੀ। ਗੁਰੂ ਜੀ ਦੇ ਇਰਸ਼ਾਦਾਤ, ਤਾਲੀਮਾਤ, ਪੈਗ਼ਾਮਾਤ ਅਤੇ ਕਲਾਮ ਨੇ ਸ਼ਾਇਰੇ ਮਸ਼ਰਕ ਅਤੇ ਮਫੱਕਰ-ਏ-ਇਸਲਾਮ ਜੈਸੇ ਸ਼ਾਇਰ ਨੂੰ ਵੀ ਆਪਣੀ ਮਦਾ ਸਰਾਈ ਤੇ ਉਕਸਾਇਆ। ਇਕਬਾਲ ਨੇ ਬਾਬਾ ਨਾਨਕ ਦੀ ਅਕੀਦਤ ਵਿੱਚ “ਪਿਆਮੇ-ਨਾਨਕ” ਜੈਸੀ ਇੱਕ ਅਹਿਮ ਨਜ਼ਮ ਲਿਖੀ ਹੈ, ਜਿਸ ਵਿੱਚ ਗੁਰੂ ਜੀ ਦੇ ਨਾਲ ਅਕੀਦਤ, ਸ਼ਾਇਰ ਦੇ ਜਜ਼ਬਾਤ ਅਤੇ ਪੂਰੀ ਦੁਨੀਆਂ ਲਈ ਪੈਗ਼ਾਮ ਵੀ ਹੈ। ਇਕਬਾਲ ਇਸ ਨਜ਼ਮ ਵਿੱਚ ਬਾਬਾ ਨਾਨਕ ਨੂੰ ਕੀਮਤੀ ਗੋਹਰ, ਆਵਾਜ਼-ਏ-ਹੱਕ, ਮਰਦੇ ਕਾਮਿਲ, ਨੂਰ-ਏ-ਇਬਰਾਹੀਮ, ਸ਼ਮਾਂ-ਏ-ਗੋਤਮ ਜੈਸੇ ਮਾਨੀ ਹੇਜ ਲਫ਼ਜ਼ਾਂ ਨਾਲ ਮਨਸੂਬ ਕਰਦਿਆਂ ਹੋਇਆਂ, ਹਜ਼ਾਰਾਂ ਸਾਲਾਂ ਦੇ ਤਾਰੀਖੀ ਵਾਕਾਤ ਨਾਲ ਤਾਬੀਰ ਕਰਦੇ ਹਨ ਜੋ ਕਿ ਗੁਰੂ ਜੀ ਦੀ ਰੂਹਾਨੀਅਤ, ਅਜ਼ਮਤ ਅਤੇ ਬਜ਼ੁਰਗੀ ਦੀ ਦਲੀਲ ਹੈ। ਡਾਕਟਰ ਇਕਬਾਲ ਫ਼ਰਮਾਉਂਦੇ ਹਨ-
ਆਸ਼ਕਾਰ ਉਸ ਨੇ ਕਿਆ,
ਜੋ ਜ਼ਿੰਦਗੀ ਕਾ ਰਾਜ ਥਾ,
ਹਿੰਦ ਕੋ ਲੇਕਿਨ ਖਿਆਲੀ,
ਫ਼ਲਸਫ਼ੇ ਪਰ ਨਾਜ ਥਾ,
ਬੁਤ ਕਦਾ ਫਿਰ ਬਾਅਦ ਮੁੱਦਤ,
ਕੇ ਮਗਰ ਰੋਸ਼ਨ ਹੋਇਆ,
ਨੂਰੇ ਇਬਰਾਹੀਮ ਸੇ,
ਆਜਰ ਕਾ ਘਰ ਰੋਸ਼ਨ ਹੋਇਆ,
ਫਿਰ ਉਠੀ ਆਖਿਰ ਸਦਾ,
ਤੋਹੀਦ ਕੀ ਪੰਜਾਬ ਸੇ,
ਹਿੰਦ ਕੋ ਇਕ ਮਰਦੇ ਕਾਮਿਲ,
ਨੇ ਜਗਾਇਆ ਖਾਬ ਸੇ।
(ਕੁਲਯਾਤੇ ਇਕਬਾਲ- ਪੰਨਾ 337)
ਇੱਕ ਹੋਰ ਨਜ਼ਮ ”ਹਿੰਦੁਸਤਾਨੀ ਬੱਚੋਂ ਕਾ ਗੀਤ” ਵਿੱਚ ਇਕਬਾਲ ਨੇ ਬਾਬਾ ਨਾਨਕ ਦੇ ਮੁਤੱਲਕ ਇਸ ਤਰ੍ਹਾਂ ਦਾ ਹਵਾਲਾ ਦਿੱਤਾ ਹੈ। ਡਾਕਟਰ ਇਕਬਾਲ ਕਹਿੰਦੇ ਹਨ –
ਚਿਸ਼ਤੀ ਨੇ ਜਿਸ ਜਮੀਂ ਪਰ,
ਪੈਗਾਮੇਂ ਹੱਕ ਸੁਨਾਇਆ,
ਨਾਨਕ ਨੇ ਜਿਸ ਚਮਨ ਮੇਂ,
ਵਹਿਦਤ ਕਾ ਗੀਤ ਗਾਇਆ,
ਤਾਤਾਰਿਓਂ ਨੇ ਜਿਸਕੋ,
ਅਪਨਾ ਵਤਨ ਬਨਾਇਆ,
ਜਿਸ ਨੇ ਹਜ਼ਾਜੀਓਂ ਸੇ,
ਦਸ਼ਤੇ ਅਰਬ ਛੁਡਾਇਆ,
ਮੇਰਾ ਵਤਨ ਵੋਹੀ ਹੈ, ਮੇਰਾ ਵਤਨ ਵੋਹੀ ਹੈ।
(ਕੁਲਯਾਤੇ ਇਕਬਾਲ- ਪੰਨਾ 441)
ਨਾਮਵਰ ਹੱਕ ਸ਼ਨਾਸ ਸ਼ਾਇਰ ”ਖਵਾਜਾ ਦਿਲ ਮੁਹੰਮਦ” ਦਾ ਤਾਲੁੱਕ ਵੀ ਲਾਹੌਰ ਨਾਲ ਸੀ। ਉਹ ਆਪਣੇ ਜ਼ਮਾਨੇ ਦੇ ਇੱਕ ਮੁਮਤਾਜ਼ ਸ਼ਾਇਰ, ਰਿਆਜ਼ਦਾਨ ਅਤੇ ਮਾਹਿਰੇ-ਤਾਲੀਮ ਸਨ। ਲਾਹੌਰ ਕਾਲਜ ਵਿੱਚੋ ਬਾ ਹਸੀਅਤ ਪਿੰ੍ਰਸੀਪਲ ਰਿਟਾਇਰ ਹੋਏ, ਇਨ੍ਹਾਂ ਨੇ ਸਿੱਖ ਗੁਰੂ ਸਾਹਿਬਾਨ ਦੇ ਕਲਾਮ ਦਾ ਬੜੀ ਬਾਰੀਕਬੀਨੀ ਔਰ ਗਹਿਰਾਈ ਨਾਲ਼ ਮੁਤਾਲਾ ਕੀਤਾ, ਜਿਸ ਦੇ ਨਤੀਜੇ ਵਿੱਚ ਇਨ੍ਹਾਂ ਨੇ ਬਾਬਾ ਨਾਨਕ ਦਾ ”ਜਪੁਜੀ ਸਾਹਿਬ” ਅਤੇ ਗੁਰੂ ਅਰਜਨ ਦੇਵ ਜੀ ਦੀ ”ਸੁਖਮਨੀ ਸਾਹਿਬ” ਦਾ ਮਨਜੂਮ ਉਰਦੂ ਤਰਜੁਮਾ “ਕਲਾਮ-ਏ-ਵਹਿਦਾਨੀਅਤ” ਦੇ ਨਾਂ ਨਾਲ ਪ੍ਰਕਾਸ਼ਿਤ ਕੀਤਾ। ਬਾਬਾ ਨਾਨਕ ਦੀ ਅਕੀਦਤ ਵਿੱਚ ”ਖਵਾਜਾ ਦਿਲ ਮੁਹੰਮਦ” ਫਰਮਾਉਂਦੇ ਹਨ-
ਜੋ ਮਨ ਕਾ ਰੋਗ ਗਵਾਤੇ ਹੈਂ,
ਵੋ ਹੈਂ ਜੀਸ਼ਾਨ ਗੁਰੂ।
ਜੋ ਸੀਧੀ ਰਾਹ ਦਿਖਾਤੇ ਹੈਂ,
ਤੂੰ ਉਨਕੋ ਅਪਨਾ ਮਾਨ ਗੁਰੂ।
ਕਰ ਹਾਸਲ ਮਨ ਕੀ ਨਰਮੀ ਕੋ,
ਕਰ ਦੂਰ ਤਾਸਬ ਗਰਮੀ ਕੋ।
ਤੂ ਛੋੜ ਅਪਨੀ ਹੱਟ ਦਰਮੀ ਕੋ,
ਦੇਤੇ ਹੈਂ ਯੇ ਫੁਰਮਾਨ ਗੁਰੂ।
ਏਕਾਨਤ ਮੇਂ ਜਿਨ ਕਾ ਡੇਰਾ ਹੈ,
ਵਹਿਦਤ ਮੇਂ ਲੀਆ ਬਸੇਰਾ ਹੈ।
ਨਾ ਤੇਰਾ ਹੈ, ਨਾ ਮੇਰਾ ਹੈ,
ਵੋਹ ਹੈ ਸਾਹਿਬ-ਏ-ਇਰਫਾਨ ਗੁਰੂ।
ਕਿਆ ਮਸਜਿਦ ਹੈ, ਕਿਆ ਮੰਦਿਰ ਹੈ,
ਕਿਆ ਸੂਫ਼ੀ ਮਸਤ ਕਲੰਦਰ ਹੈ,
ਵੋ ਸਤਗੁਰੂ ਤੇਰੇ ਅੰਦਰ ਹੈ,
ਤੂੰ ਅੰਦਰ ਕਾ ਪਹਿਚਾਨ ਗੁਰੂ।
(ਜ਼ਿਕਰੇ ਨਾਨਕ- ਪੰਨਾ 34)
ਬੀਸਵੀਂ ਸਦੀ ਵਿੱਚ ਗੁਰੂ ਨਾਨਕ ਸਾਹਿਬ ਦੀ ਮੱਦਾ ਸਰਾਈ ਵਿੱਚ ਇੱਕ ਹੋਰ ਆਵਾਜ਼ ਬੁਲੰਦ ਹੋਈ ਅਤੇ ਇਹ ਅਵਾਜ਼ ਸੱਯਦ ‘ਨਜ਼ੀਰ ਤਰਿੰਮਜੀ’ ਦੀ ਸੀ। ਇਨ੍ਹਾਂ ਦਾ ਇੱਕ ਅਹਿਮ ਕਾਰਨਾਮਾ ਇਹ ਹੈ ਕਿ ਇਨ੍ਹਾਂ ਨੇ ਬਾਬਾ ਨਾਨਕ ਦੀ ਮੁਕੰਮਲ ਦਸਤੂਰ-ਏ-ਹਯਾਤ ਅਤੇ ਹਾਲਾਤ-ਏ-ਜ਼ਿੰਦਗੀ ਨੂੰ ਮਨਜ਼ੂਮ ਯਾਨੀ ਸ਼ਾਇਰਾਨਾ ਅੰਦਾਜ ਵਿੱਚ ਪੇਸ਼ ਕੀਤਾ ਹੈ।
ਸੱਯਦ ਸਾਹਿਬ ਦੀ ਇਹ ਕਿਤਾਬ 1942 ਈਸਵੀ ਵਿੱਚ ”ਹਲੂਸੇ ਕੈਸ਼” ਦੇ ਨਾਂ ਨਾਲ ਪਹਿਲੀ ਵਾਰ ਸਾਹਮਣੇ ਆਈ। ਜਿਸ ਦਾ ਪੇਸ਼ੇਲਫ਼ਜ਼ ਡਾ. ਮੋਹਨ ਸਿੰਘ ਦੀਵਾਨਾ ਨੇ ਲਿਖਿਆ ਸੀ। ਸੱਯਦ ਸਾਹਿਬ ਨੇ ਐਸੀ ਸਾਫ, ਸਾਦਾ, ਆਸਾਨ ਅਤੇ ਮਿੱਠੀ ਜ਼ੁਬਾਨ ਦਾ ਇਸਤੇਮਾਲ ਕੀਤਾ ਹੈ ਕਿ ਕਾਰੀ ਨੂੰ ਬਾਰ ਬਾਰ ਪੜ੍ਹਨੇ ਲਈ ਮਜਬੂਰ ਕਰਦੀ ਹੈ। ਗੁਰੂ ਨਾਨਕ ਸਾਹਿਬ ਦੀ ਪੈਦਾਇਸ਼ ਨੂੰ ਸੱਯਦ ਸਾਹਿਬ ਇਸ ਤਰ੍ਹਾਂ ਬਿਆਨ ਕਰਦੇ ਹਨ-
ਗੁਰੂ ਜੀ ਤਵੱਲਦ ਹੋਵੇ ਜਿਸ ਗੜੀ,
ਅਜਬ ਰਾਤ ਥੀ ਵੋਹ ਸਿਤਾਰੋਂ ਜੜੀ,
ਥਾ ਚਾਂਦ ਅਪਨੇ ਜੋਬਨ ਪਰ ਆਇਆ ਹੂਆ,
ਫਿਜ਼ਾ ਪਰ ਨਸ਼ਾ ਸਾ ਛਾਇਆ ਹੂਆ,
ਕਰਮ ਆਜ ਪਰਮਾਤਮਾ ਨੇ ਕਿਆ,
ਜ਼ਮਾਨੇ ਕੋ ਹਾਦੀ-ਓ-ਰਹਿਬਰ ਦੀਆ,
ਮੁਕੱਦਰ ਨੇ ਕਿਸਮਤ ਕੋ ਚਮਕਾ ਦੀਆ,
ਬਦੀ ਕੋ ਤਕੱਦਸ ਨੇ ਗਹਿਨਾ ਦੀਆ,
ਜ਼ਮਾਨੇ ਮੇਂ ਖੁਸ਼ੀਆਂ ਮਨਾਈ ਗਈ,
ਅਕੀਦਤ ਕੀ ਸ਼ਮੇਂ ਜਲਾਈ ਗਈ,
ਗਰੀਬੋਂ ਕੀ ਦੁਨੀਆ ਮੇਂ ਹੋਸ਼ ਆ ਗਿਆ,
ਗੁਲਾਮੀ ਕੀ ਦੁਨੀਆਂ ਮੇਂ ਜੋਸ਼ ਆ ਗਿਆ।
(ਹਲੂਸੇ ਕੈਸ਼- ਪੰਨਾ 19)
ਬੀਸਵੀਂ ਸਦੀ ਦੇ ਇੱਕ ਹੋਰ ਨਾਮਵਰ ਅਤੇ ਮਸ਼ਹੂਰ ਸ਼ਾਇਰ ”ਮੈਹਦੀ ਨਜ਼ਮੀ” ਹਨ ਜਿਨ੍ਹਾਂ ਦਾ ਤਾਲੁਕ ਲਖਨਊ ਨਾਲ ਸੀ। ਮੈਹਦੀ ਨਜ਼ਮੀ ਮਹਿਜ ਇਕ ਸ਼ਖ਼ਸੀਅਤ ਦਾ ਨਾਂ ਹੀ ਨਹੀਂ, ਬਲਕਿ ਇਲਮ-ਓ-ਅਦਬ ਦੇ ਉਸ ਬੜੇ ਕਿਤਾਬਖਾਨੇ ਦਾ ਨਾਂ ਹੈ, ਜਿਨ੍ਹਾਂ ਦੀ ਕਲਮ ਤੋਂ 216 ਕਿਤਾਬਾਂ ਤਸਨੀਫ਼ ਹੋਈਆਂ। ਜੋ ਕਿ ਮਜ਼੍ਹਬ, ਅਦਬ ਅਤੇ ਸਮਾਜ ਤੱਕ ਪਰਵਾਜ਼-ਏ-ਫ਼ਿਕਰ ਦੇ ਮੁਖ਼ਤਲਿਫ਼ ਪਹਿਲੂਆਂ ਦਾ ਜਾਇਜ਼ਾ ਪੇਸ਼ ਕਰਦੀਆਂ ਹਨ। ਇਨ੍ਹਾਂ ਦੀ ਸ਼ਾਇਰੀ ਉਰਦੂ ਦੇ ਸੈਕੂਲਰ ਕਿਰਦਾਰ ਅਤੇ ਹਿੰਦੁਸਤਾਨ ਦੀ ਗੰਗਾ-ਯਮੁਨੀ ਤਹਿਜ਼ੀਬ ਦੀ ਇਕਾਸੀ ਵੀ ਕਰਦੀ ਹੈ। ਇਨ੍ਹਾਂ ਨੇ ”ਹਜ਼ਰਤ ਈਸਾ” ਦੀ ਹਯਾਤ ਪਰ ”ਇਬਨੇ ਮਰੀਅਮ”, ”ਭਗਵਾਨ ਰਾਮ” ਦੀ ਅਜਮਤ ਪਰ ‘ਮੰਨਜ਼ੂਮ ਰਾਮਾਇਣ’ ਔਰ ਗੁਰੂ ਨਾਨਕ ਸਾਹਿਬ ਦੀ ਜ਼ਿੰਦਗੀ ਪਰ “ਨਜ਼ਰੇ ਨਾਨਕ” ਜੈਸੀ ਇੱਕ ਅਹਿਮ ਕਿਤਾਬ ਲਿਖੀ ਹੈ। ਮੈਹਦੀ ਨਜ਼ਮੀ ਦਾ ਇੱਕ ਬੜਾ ਕਾਰਨਾਮਾ ਇਹ ਹੈ ਕਿ ਇਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀ ਮੁਕੰਮਲ ਦਸਤੂਰੇ ਹਯਾਤ, ਹਾਲਾਤੇ ਜ਼ਿੰਦਗੀ ਨੂੰ ਸ਼ਾਇਰਾਨਾ ਅੰਦਾਜ਼ ਵਿੱਚ ਪੇਸ਼ ਕੀਤਾ ਹੈ। ਇਹ ਕਿਤਾਬ ਪਹਿਲੀ ਵਾਰ 1969 ਈਸਵੀ ਵਿੱਚ ਸਾਹਮਣੇ ਆਈ। ਨਜਮੀ ਦੀ ਇਹ ਕਿਤਾਬ ਸਿਰਫ ਗੁਰੂ ਜੀ ਦੀ ਹਾਲਾਤੇ ਜ਼ਿੰਦਗੀ ਹੀ ਨਹੀਂ, ਬਲਕਿ ਇੱਕ ਮੁਕੰਮਲ ਤਾਰੀਖ ਹੈ। ਜਿਸ ਵਿੱਚ ਗੁਰੂ ਜੀ ਦੀ ਵਿਲਾਦਤ ਤੋਂ ਕਬਲ ਦਾ ਅਹਿਦ, ਵਿਲਾਦਤ, ਬਚਪਨ, ਤਾਲੀਮ,ਜੁਨਾਰਬੰਦੀ, ਖਰਾ ਸੌਦਾ, ਸੁਲਤਾਨਪੁਰ ਵਿੱਚ ਆਮਦ, ਮਸਜਿਦ-ਓ-ਨਮਾਜ਼, ਸ਼ਾਦੀ, ਉਦਾਸੀਆਂ, ਹਮਲਾ-ਏ-ਬਾਬਰ ਅਤੇ ਵਸਾਲ ਜੈਸੇ ਤਮਾਮ ਪਹਿਲੂਆਂ ਨੂੰ ਪੇਸ਼ ਕੀਤਾ ਹੈ। ‘ਮੈਹਦੀ ਨਜ਼ਮੀ’ ਗੁਰੂ ਨਾਨਕ ਸਾਹਿਬ ਦੀ ਅਕੀਦਤ ਵਿੱਚ ਕੁਝ ਲਿਖਣ ਤੋਂ ਪਹਿਲਾਂ ਆਪਣੀ ਕਲਮ ਲਈ ਖੁਦਾ ਤੋਂ ਇਸ ਤਰ੍ਹਾਂ ਦੁਆ ਮੰਗਦੇ ਹਨ-
ਐ ਖੁਦਾ ਮੇਰੇ ਕਲਮ ਕੋ, ਕੁਦਰਤੇ ਤਹਿਰੀਰ ਦੇ,
ਹੁਸਨ ਦੇ ਤਰਜ਼ੇ ਬਿਆਂ ਕੋ, ਨਜ਼ਮ ਕੋ ਤਾਸੀਰ ਦੇ,
ਨਜ਼ਰ ਦੇਣਾ ਹੈ ਅਕੀਦਤ, ਪੇਸ਼ਵਾਏ ਹਿੰਦ ਕੋ,
ਨਜ਼ਮ ਕਰਨਾ ਹੈ ਜਮਾਲੇ, ਰਹਿਨਮਾਏ ਹਿੰਦ ਕੋ।
ਰਹਿਨੂਮਾ ਜਿਸ ਨੇ ਦਿਖਾਇਆ, ਰਸਤਾ ਤੋਹੀਦ ਕਾ,
ਜਿਸ ਕੋ ਹਾਸਲ ਹੈ ਸ਼ਰਫ, ਤਹਿਜ਼ੀਬ ਕੀ ਤਜਦੀਦ ਕਾ।
(ਨਜ਼ਰੇ ਨਾਨਕ- ਪੰਨਾ 196) .
ਇਸੇ ਤਰ੍ਹਾਂ ਮੈਹਦੀ ਨਜ਼ਮੀ ਇੱਕ ਦੂਜੀ ਨਜ਼ਮ ਵਿੱਚ ਗੁਰੂ ਨਾਨਕ ਸਾਹਿਬ ਦੇ ਵਸੀਲੇ ਨਾਲ ਹਿੰਦੁਸਤਾਨ ਦੀ ਸਲਾਮਤੀ ਦੀ ਦੁਆ ਮੰਗਦੇ ਹਨ। ‘ਨਜਮੀ ਸਾਹਿਬ’ ਕਹਿੰਦੇ ਹਨ-
ਵਾਸਤਾ ਨਾਨਕ ਕਾ, ਯਾ ਰੱਬ, ਹਿੰਦ ਕੋ ਤੋਕੀਰ ਦੇ,
ਕੂਵਤੇ ਜਹਦੋ ਅਮਲ ਦੇ, ਜਜ਼ਬਾ-ਏ-ਤਾਮੀਰ ਦੇ,
ਏਕ ਲੇਹੋ, ਇਕ ਨਗਮਾ, ਇਕ ਸਰਗਮ ਇਕ ਸਾਜ,
ਏਕ ਮੰਜ਼ਿਲ ਹੋ ਵਤਨ ਕੀ, ਐ ਖੁਦਾ-ਏ-ਬੇਨਿਆਜ਼।
(ਨਜਰੇ ਨਾਨਕ- ਪੰਨਾ 44) .
ਲਖਨਊ ਦੇ ਇਕ ਹਿੰਦੂ ਸ਼ਾਇਰ ”ਗੋਪੀ ਨਾਥ ਅਮਨ” ਗੁਰੂ ਨਾਨਕ ਸਾਹਿਬ ਦੀ ਸ਼ਾਨ ਵਿੱਚ ਲਿਖਦੇ ਹਨ-
ਵੋਹ ਹਸਤੀ, ਜਿਸ ਨੇ ਦੀ ਤਾਲੀਮ ਸਬਕੋ,
ਦਰਦਮੰਦੀ ਕੀ,
ਵੋਹ ਹਸਤੀ, ਜਿਸ ਨੇ ਬੁਨਿਆਦੇਂ ਹਿਲਾ ਦੀ,
ਫਿਰਕਾ ਬੰਦੀ ਕੀ,
ਵੋਹ ਹਸਤੀ, ਕ੍ਰਿਸ਼ਨ ਕੀ ਔਰ ਰਾਮ ਕੀ,
ਜਿਸ ਨੇ ਇੱਜ਼ਤ ਕੀ,
ਵੋਹ ਹਸਤੀ, ਬਾਨੀ-ਏ-ਇਸਲਾਮ ਕੀ ਬੀ,
ਜਿਸ ਨੇ ਇੱਜਤ ਕੀ,
ਵੋਹ ਹਸਤੀ, ਕੋਨ,
ਤਨਵੀਰੇ ਮੁਹੱਬਤ ਬਾਬਾ ਨਾਨਕ ਜੀ,
ਵੋਹ ਹਸਤੀ, ਕੋਨ,
ਤਨਵੀਰੇ ਆਹੂਅਤ ਬਾਬਾ ਨਾਨਕ ਜੀ।
(ਹਮਦੇ ਨਾਨਕ- ਪੰਨਾ 37)
ਗੁਰੂ ਨਾਨਕ ਦੇਵ ਜੀ ਨਾਲ ਉਰਦੂ ਦੇ ਮਰਦ ਸ਼ਾਇਰਾਂ ਦੇ ਅਲਾਵਾ ਖ਼ਵਾਤੀਨ ਸ਼ਾਇਰਾ ਨੇ ਵੀ ਆਪਣੀ ਆਕੀਦਤ ਦਾ ਇਜ਼ਹਾਰ ਕੀਤਾ ਹੈ। ਇਸੀ ਸਿਲਸਿਲੇ ਦਾ ਇੱਕ ਅਹਿਮ ਨਾਮ ਮੋਹਤਰਮਾ ”ਸੀਮਾ ਕਾਮਿਲ” ਸਾਹਿਬਾ ਦਾ ਹੈ। ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੀ ਅਕੀਦਤ ਵਿੱਚ ”ਸਨਾਏ ਸਤਿਗੁਰੂ” ਜੈਸੀ ਇੱਕ ਅਹਿਮ ਨਜ਼ਮ ਕਲਮਬੰਦ ਕੀਤੀ ਹੈ। ਉਹ ਲਿਖਦੇ ਹਨ-
ਸੀਨੇ ਮੇਂ ਨੂਰ, ਦਿਲ ਮੇਂ ਜਗ੍ਹਾ, ਸਤਿਗੁਰੂ ਕੀ ਹੈ,
ਤੂਰੇ ਨਿਗਾਹ, ਜਲਵਾ ਸਰਾ, ਸਤਿਗੁਰੂ ਕੀ ਹੈ,
ਮੁੱਦਤ ਸੇ ਕਰ ਰਹੀ ਹੂੰ ਮੈਂ, ਤਕਮੀਲੇ ਮਾਰਫਤ,
ਯੇਹ ਜਾਨੋ ਰੂਹ ਵਕਫੋ ਸਨਾ, ਸਤਿਗੁਰੂ ਕੀ ਹੈ,
ਮੈਂ ਦਿਲ ਕੋ ਅਪਨੇ ਕਹਿਤੀ ਹੂੰ, ਨਨਕਾਨਾ ਇਸ ਲੀਏ,
ਸੀਨੇ ਮੇਂ ਯਾਦ, ਦਿਲ ਮੇਂ ਜਗ੍ਹਾ, ਸਤਿਗੁਰੂ ਕੀ ਹੈ।
(ਜ਼ਿਕਰੇ ਨਾਨਕ- ਪੰਨਾ 29)
ਇਨ੍ਹਾਂ ਪੇਸ਼ ਕੀਤੇ ਗਏ ਇਨ ਅਜ਼ੀਮ ਅਤੇ ਉਸਤਾਦ ਸ਼ਾਇਰਾਂ ਤੋਂ ਇਲਾਵਾ ਸੈਂਕੜੇ ਦੂਸਰੇ ਨਾਮਵਰ ਸ਼ਾਇਰ ਹਨ, ਜਿਨ੍ਹਾਂ ਨੇ ਆਪਣੇ ਕਲਾਮ ਦੇ ਜ਼ਰੀਏ ਬਾਬਾ ਨਾਨਕ ਨੂੰ ਸਲਾਮ ਅਤੇ ਖਿਰਾਜੇ ਤਹਿਸੀਨ ਪੇਸ਼ ਕੀਤਾ ਹੈ। ਇਸ ਤੋਂ ਇਲਾਵਾ ਗੁਰੂ ਨਾਨਕ ਸਾਹਿਬ ਦੀ ਬਾਣੀ ”ਜਪੁਜੀ ਸਾਹਿਬ” ਦੇ ਇੱਕ ਦਰਜਨ ਤੋਂ ਜ਼ਿਆਦਾ ਉਰਦੂ ਤਰਜੁਮੇ ਵੀ ਹੋ ਚੁੱਕੇ ਹਨ ਜੋ ਕਿ ਉਰਦੂ ਨਜ਼ਮ ਅਤੇ ਉਰਦੂ ਨਸ਼ਰ ਵਿਚ ਮੌਜੂਦ ਹਨ। ਇਹ ਤਰਜੁਮੇ ਅਤੇ ਇਨ ਸ਼ਾਇਰਾਂ ਦਾ ਤਮਾਮ ਕਲਾਮ ਮੇਰੀ ਨਜ਼ਰਾਂ ਤੋਂ ਗੁਜ਼ਰ ਚੁੱਕਿਆ ਹੈ। ਇਹ ਸਾਰਾ ਕੀਮਤੀ ਸਰਮਾਇਆ ਪੰਜਾਬ ਦੀ ਲਾਇਬ੍ਰੇਰੀਆਂ ਵਿੱਚ ਮੌਜੂਦ ਹੈ।
ਆਖਿਰ ਵਿੱਚ ਜ਼ਰੂਰਤ ਇਸ ਗੱਲ ਦੀ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਮੁਤੱਲਕ ਪੰਜਾਬੀ ਦੇ ਇਲਾਵਾ ਦੂਜੀਆਂ ਜ਼ਬਾਨਾਂ ਵਿੱਚ ਜਿਹੜੇ ਕੰਮ ਹੋਏ ਹਨ ਉਨ੍ਹਾਂ ਨੂੰ ਕਿਤਾਬੀ ਸੂਰਤ ਵਿੱਚ ਪ੍ਰਕਾਸ਼ਿਤ ਕੀਤਾ ਜਾਵੇ ਤਾਂ ਕਿ ਬਾਬਾ ਨਾਨਕ ਦੀ ਆਫ਼ਾਕੀ ਸ਼ਖ਼ਸੀਅਤ ਦੀ ਜ਼ਿਆਦਾ ਤੋਂ ਜਿਆਦਾ ਤਬਲੀਗ ਹੋ ਸਕੇ।
J J J J


Read more
ਸੂਫ਼ੀ ਕਾਵਿ : ਹਾਫ਼ਿਜ਼ ਸ਼ਿਰਾਜ਼ੀ
ਪੰਜਾਬੀ ਸਾਹਿਤ ਦੇ ਪਿਤਾਮਾ ਬਾਬਾ ਸ਼ੇਖ ਫ਼ਰੀਦ
ਧਨੀ ਰਾਮ ਚਾਤ੍ਰਿਕ