January 17, 2025

ਧਨੀ ਰਾਮ ਚਾਤ੍ਰਿਕ

ਇੱਕ ਕਵਿਤਾ ਇੱਕ ਕਹਾਣੀ?

ਧਨੀ ਰਾਮ ਚਾਤ੍ਰਿਕ

(ਕੰਸ ਨੂੰ ਮਾਰ ਕੇ ਸ੍ਰੀ ਕ੍ਰਿਸ਼ਨ ਜੀ ਮਥੁਰਾ ਦੇ ਰਾਜ ਪ੍ਰਬੰਧ ਵਿੱਚ ਜੁਟ ਜਾਂਦੇ ਹਨ, ਪਿਛੋਂ ਬ੍ਰਿਜ ਗੋਪੀਆਂ ਵੱਲੋਂ ਸੁਨੇਹੇ ਤੇ ਸੁਨੇਹੇ ਆਉਂਦੇ ਹਨ। ਅੰਤ ਕ੍ਰਿਸ਼ਨ ਜੀ ਊਧੋ ਨੂੰ ਭੇਜਦੇ ਹਨ, ਕਿ ਸਾਡੀ ਲਾਚਾਰੀ ਜਿਤਾ ਕੇ, ਗੋਪੀਆਂ ਨੂੰ ਗਿਆਨ ਉਪਦੇਸ਼ ਕਰ ਆਓ। ਊਧੋ ਦੀਆਂ ਗੱਲਾਂ ਤੋਂ ਖਿਝ ਕੇ ਰਾਧਾ ਉਸਨੂੰ ਉੱਤਰ ਦਿੰਦੀ ਹੈ ।ਪ੍ਰੇਮ ਲਗਨ ਵਿੱਚ ਝੱਲੀ ਹੋਈ ਹੋਈ, ਗੱਲ ਊਧੋ ਨਾਲ ਕਰਦੀ ਹੈ ਤੇ ਕੋਈ ਗੱਲ ਕਰਨ ਵੇਲੇ ਕ੍ਰਿਸ਼ਨ ਜੀ ਨੂੰ ਸਨਮੁੱਖ ਕਰ ਲੈਂਦੀ ਹੈ ।)
(1)
ਊਧੋ ਕਾਹਨ ਦੀ ਗੱਲ ਸੁਣਾ ਸਾਨੂੰ, ਕਾਹਨੂੰ ਚਿਣਗ ਚੁਆਤੀਆਂ ਲਾਈਆਂ ਨੀਂ?
ਮਸਾਂ ਮਸਾਂ ਸਨ ਆਠਰਨ ਘਾਉ ਲੱਗੇ, ਨਵੀਆਂ ਨਸ਼ਤਰਾਂ ਆਣ ਚਲਾਈਆਂ ਨੀਂ!
ਅਸੀਂ ਕਾਲਜਾ ਘੁੱਟ ਕੇ ਬਹਿ ਗਏ ਸਾਂ, ਮੁੜ ਕੇ ਸੁੱਤੀਆਂ ਕਲਾਂ ਜਗਾਈਆਂ ਨੀਂ!
ਤੇਰੇ ਗਯਾਨ ਦੀ ਪੁੜੀ ਨਹੀਂ ਕਾਟ ਕਰਦੀ, ਏਨ੍ਹਾਂ ਪੀੜਾਂ ਦੀਆਂ ਹੋਰ ਦਵਾਈਆਂ ਨੀਂ!
ਆਪ ਆਉਣ ਦੀ ਨਹੀਂ ਜੇ ਨੀਤ ਉਸ ਦੀ, ਕਾਹਨੂੰ ਗੋਂਗਲੂ ਤੋਂ ਮਿੱਟੀ ਝਾੜਦਾ ਹੈ?
ਜੇਕਰ ਅੱਗ ਨੂੰ ਨਹੀਂ ਬੁਝਾਉਣ ਜੋਗਾ, ਪਾ ਪਾ ਤੇਲ ਕਿਉਂ ਸੜਿਆਂ ਨੂੰ ਸਾੜਦਾ ਹੈ?
(2)
ਉਸ ਨੂੰ ਆਖ, ਅੱਖੀਂ ਆ ਕੇ ਦੇਖ ਜਾਏ, ਸਾਨੂੰ ਕੂੰਜ ਦੇ ਵਾਂਗ ਕੁਰਲਾਂਦਿਆਂ ਨੂੰ।
ਵਾਟਾਂ ਵੇਂਹਦਿਆਂ ਔਸੀਆਂ ਪਾਂਦਿਆਂ ਨੂੰ, ਤਾਰੇ ਗਿਣ ਗਿਣ ਕੇ ਰਾਤਾਂ ਲੰਘਾਂਦਿਆਂ ਨੂੰ।
ਸਾਂਗਾਂ ਸਹਿੰਦਿਆਂ, ਜਿੰਦ ਲੁੜਛਾਂਦਿਆਂ ਨੂੰ, ਘੁਲ ਘੁਲ ਹਿਜਰ ਵਿਚ ਮੁੱਕਦਿਆਂ ਜਾਂਦਿਆਂ ਨੂੰ।
ਫੁਟ ਗਿਆਂ ਨਸੀਬਾਂ ਤੇ ਝੂਰਦਿਆਂ ਨੂੰ, ਘਰੋਂ ਕੱਢ ਬਰਕਤ ਪੱਛੋਤਾਂਦਿਆਂ ਨੂੰ।
ਤੂੰ ਤਾਂ ਮਥਰਾ ਦੀਆਂ ਕੁੰਜੀਆਂ ਸਾਂਭ ਬੈਠੋਂ, ਐਧਰ ਗੋਕਲ ਨੂੰ ਵੱਜ ਗਏ ਜੰਦਰੇ ਵੇ!
ਜਾ ਕੇ, ਘਰਾਂ ਵਲ ਮੁੜਨ ਦੀ ਜਾਚ ਭੁੱਲ ਗਈ, ਨਿਕਲ ਗਿਉਂ ਕਿਹੜੇ ਵਾਰ ਚੰਦਰੇ ਵੇ!
(3)
ਗੱਲਾਂ ਨਾਲ ਕੀ ਪਿਆ ਪਰਚਾਉਂਦਾ ਏਂ, ਉਸਦੇ ਪਿਆਰ ਨੂੰ ਅਸਾਂ ਪਰਤਾ ਲਿਆ ਹੈ।
ਮਾਰੇ ਕੁਬਜਾਂ ਦੀ ਹਿੱਕੇ ਇਹ ਗਯਾਨ-ਗੋਲੀ, ਬੂਹੇ ਵੜਦਿਆਂ ਜਿਨ੍ਹੇਂ ਭਰਮਾ ਲਿਆ ਹੈ।
ਊਧੋ ! ਕੋਰੜੂ ਮੋਠ ਵਿਚ ਮੋਹ ਪਾ ਕੇ, ਅਸਾਂ ਆਪਣਾ ਆਪ ਗੁਆ ਲਿਆ ਹੈ।
ਦੁੱਖਾਂ ਪੀ ਲਿਆ, ਗ਼ਮਾਂ ਨੇ ਖਾ ਲਿਆ ਹੈ, ਕੁੰਦਨ ਦੇਹੀ ਨੂੰ ਰੋਗ ਜਿਹਾ ਲਾ ਲਿਆ ਹੈ।
ਏਨ੍ਹਾਂ ਤਿਲਾਂ ਵਿਚ ਤੇਲ ਹੁਣ ਜਾਪਦਾ ਨਹੀਂ, ਸਾਰਾ ਹੀਜ-ਪਿਆਜ ਮੈਂ ਟੋਹ ਲਿਆ ਹੈ।
ਹੱਛਾ, ਸੁੱਖ ! ਜਿੱਥੇ ਜਾਏ ਘੁੱਗ ਵੱਸੇ, ਸਾਡੇ ਦਿਲੋਂ ਭੀ ਕਿਸੇ ਨੇ ਖੋਹ ਲਿਆ ਹੈ।
(4)
ਆਖੀਂ : ਕੱਚਿਆ ! ਸੱਚ ਨੂੰ ਲਾਜ ਲਾਈਓ! ਸੁਖਨ ਪਾਲਣੋਂ ਭੀ, ਬੱਸ! ਰਹਿ ਗਿਓਂ ਵੇ ?
ਕਾਲੇ ਭੌਰ ਦੀ ਬਾਣ ਨਾ ਗਈ ਤੇਰੀ, ਜਿੱਥੇ ਫੁੱਲ ਡਿੱਠਾ, ਓਥੇ ਬਹਿ ਗਿਓਂ ਵੇ!
ਸਾਨੂੰ ਗਯਾਨ ਦੇ ਖੂਹਾਂ ਵਿਚ ਦੇਇੰ ਧੱਕੇ, ਆਪ ਮਾਲਣ ਦੇ ਰੋੜ੍ਹ ਵਿਚ ਵਹਿ ਗਿਓਂ ਵੇ!
ਡੰਗਰ ਚਾਰਦਾ ਵੜ ਗਿਓਂ ਸ਼ੀਸ਼ ਮਹਿਲੀਂ, ਘੋਟ ਘੋਟ ਗੱਲਾਂ ਕਰਨ ਡਹਿ ਗਿਓਂ ਵੇ!
ਹੱਛਾ ਕੰਸ ਦੀਆਂ ਗੱਦੀਆਂ ਸਾਂਭੀਆਂ ਨੀ, ਸਾਡੇ ਨਾਲ ਵੀ ਅੰਗ ਕੁਝ ਪਾਲ ਛਡਦੋਂ।
ਕੋਈ ਮਹਿਲਾਂ ਦੀਆਂ ਲੂਹਲਾਂ ਨਹੀਂ ਲਾਹ ਖੜਦਾ,ਦੋ ਦਿਨ ਸਾਨੂੰ ਵੀ ਧੌਲਰ ਵਿਖਾਲ ਛਡਦੋਂ।
(5)
ਆਖੀਂ : ਪ੍ਰੇਮ ਇਹ ਪਿਛਾਂ ਨਹੀਂ ਮੁੜਨ ਜੋਗਾ, ਬੇੜੇ ਸਿਦਕ ਦੇ ਠਿਲ੍ਹਦੇ ਰਹਿਣਗੇ ਵੇ !
ਏਨ੍ਹਾਂ ਨ੍ਹਵਾਂ ਤੋਂ ਮਾਸ ਨਹੀਂ ਵੱਖ ਹੋਣਾ, ਜਦ ਤੱਕ ਚੰਦ ਸੂਰਜ ਵੜ੍ਹਨ ਲਹਿਣਗੇ ਵੇ !
ਏਸ ਇਸ਼ਕ ਦੀ ਛਿੜੇਗੀ ਵਾਰ ਮਾਹੀਆ ! ਜਿਥੇ ਚਾਰ ਬੰਦੇ ਰਲ ਕੇ ਬਹਿਣਗੇ ਵੇ !
ਕੜੀਆਂ ਕੁਬਜਾਂ ਦਾ ਕਿਸੇ ਨਹੀਂ ਨਾਉਂ ਲੈਣਾ, ‘ਰਾਧਾ’ ਆਖ ਪਿੱਛੋਂ ਕ੍ਰਿਸ਼ਨ ਕਹਿਣਗੇ ਵੇ !
ਤ੍ਰੈ ਸੌ ਸੱਠ ਜੁੜ ਪਏਗੀ ਨਾਰ ਤੈਨੂੰ, ਜਮ ਜਮ ਹੋਣ ਪਏ ਦੂਣੇ ਇਕਬਾਲ ਤੇਰੇ ।
ਪਰਲੋ ਤੀਕ ਪਰ ਮੰਦਰਾਂ ਵਿਚ, ਚਾਤ੍ਰਿਕ, ਏਸੇ ਬੰਦੀ ਨੇ ਵੱਸਣਾ ਏ ਨਾਲ ਤੇਰੇ ।