ਜੋਬਨਰੂਪ ਛੀਨਾ

ਜਾਣ-ਪਹਿਚਾਣ

04 ਜੂਨ, 1997

ਪਿੰਡ : ਹਰਸ਼ਾ ਛੀਨਾ
ਜ਼ਿਲ੍ਹਾ : ਅੰਮ੍ਰਿਤਸਰ

ਮੈਂ ਜੋਬਨਰੂਪ ਛੀਨਾ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਹਰਸ਼ਾ ਛੀਨਾ ਦੀ ਵਸਨੀਕ ਹਾਂ।  ਮੇਰੀ ਉਮਰ 25 ਸਾਲ ਹੈ।  ਪਹਿਲਾਂ ਮੈਂ ਬੀ. ਐਸ.ਸੀ ਮੈਡੀਕਲ ਦੀ ਪੜ੍ਹਾਈ ਕੀਤੀ ਉਸ ਤੋਂ ਬਾਅਦ ਮੈਂ ਜਾਣਿਆਂ ਕਿ ਮੈਨੂੰ ਸਾਹਿਤ ਦੇ ਵਿਸ਼ੇ ਤੇ ਪੜ੍ਹਾਈ ਕਰਨੀ ਚਾਹੀਦੀ ਹੈ, ਇਸ ਲਈ ਹੁਣ ਮੈਂ ਬੀ.ਬੀ.ਕੇ.ਡੀ.ਏ ਵੀ ਕਾਲਜ ਅੰਮ੍ਰਿਤਸਰ ਵਿਖੇ ਐਮ.ਏ. ਪੰਜਾਬੀ ਕਰ ਰਹੀਂ ਹਾਂ। ਮੇਰੀਆਂ ਰਚਨਾਵਾਂ ਏਕਮ ਅਤੇ ਸੰਭਾਵਨਾ ਮੈਗਜ਼ੀਨ, ਕਾਲਜ ਦੇ ਮੈਗਜ਼ੀਨ ਅਤੇ ਦੋ ਸਾਂਝੇ ਕਾਵਿ-ਸੰਗ੍ਰਹਿ ਵਿੱਚ ਛੱਪ ਚੁੱਕੀਆਂ ਸਨ। 13 ਜਨਵਰੀ 2021 ਨੂੰ ‘1ll 9ndia radio’ ਆਕਾਸ਼ਵਾਣੀ ਜਲੰਧਰ ‘ਤਾਰੇ ਪਹਿਲੇ ਪਹਿਰ ਦੇ’ ਪ੍ਰੋਗਰਾਮ ਵਿੱਚ ਲਾਈਵ ਇੰਟਰਵਿਊ ਲਈ ਮੈਨੂੰ ਬੁਲਾਇਆ ਗਿਆ।  ਮਹਿਲਾ ਦਿਵਸ ‘ਤੇ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਵਿਖੇ ਚੇਅਰਮੈਨ ਸਤਿਕਾਰਯੋਗ ਡਾ.ਸੁਰਜੀਤ ਪਾਤਰ ਜੀ ਤੇ ਅਮਰਦੀਪ ਕੌਰ ਜੀ ਵੱਲੋਂ ਕਰਵਾਏ ਗਏ ਕਵਿਤਾ ਦਰਬਾਰ ਵਿੱਚ ਸ਼ਿਰਕਤ ਕਰਨ ਦਾ ਅਤੇ ਆਪਣੀਆਂ ਰਚਨਾਵਾਂ ਸਾਂਝੀਆਂ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਉਥੇ ਡਾ. ਸੁਰਜੀਤ ਪਾਤਰ ਜੀ ਵੱਲੋਂ ਸਨਮਾਨਿਤ ਰਾਸ਼ੀ ਭੇਟ ਵਿੱਚ ਮਿਲੀ। 2021 ਵਿੱਚ ਹੀ ਪੰਜਾਬੀ ਸਾਹਿਤ ਸਭਾ ਜੰਡਿਆਲਾ ਗੁਰੂ ਦੇ ਪ੍ਰਧਾਨ ਐਡਵੋਕੇਟ ਸ਼ੁਕਰਗੁਜ਼ਾਰ ਸਿੰਘ ਜੀ ਅਤੇ ਮੀਤ ਪ੍ਰਧਾਨ ਪ੍ਰੋ: ਸਤਿੰਦਰ ਸਿੰਘ ਓਠੀ ਜੀ ਵੱਲੋਂ ਨੋਜਵਾਨ ਸਾਹਿਤਕਾਰ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਮੈਂ ਹੁਣ ਤੱਕ ਕੁਝ ਕਵਿਤਾਵਾਂ ਅਤੇ ਗ਼ਜ਼ਲਾਂ ਲਿਖ ਚੁੱਕੀ ਹਾਂ। ਆਪਣੀ ਇੱਕ ਗ਼ਜ਼ਲ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ।

ਗ਼ਜ਼ਲ

ਉਦਾਸੀ ਨੂੰ ਉਹ ਖੰਭ ਲਾ ਦਿੰਦਾ ਮੈਨੂੰ ਜਾਦੂਗਰ ਲੱਗਦਾ ਏ।
ਕਹਿਣੇ ਨੂੰ ਤਾਂ ਦੋਸਤ ਮੇਰਾ ਪਰ ਮੁੱਢ ਤੋਂ ਦਿਲਬਰ ਲੱਗਦਾ ਏ।
ਤੇ ਪੌਣਾਂ ਦੇ ਵਿਚ ਮਹਿਕਾਂ ਘੁਲੀਆਂ ਤੋਂ ਏਦਾਂ ਹੀ ਲੱਗਦਾ ਹੈ,
ਫੁੱਲਾਂ ਦਾ ਗੁਲਦਸਤਾ ਲੈ ਕੇ ਆਇਆ ਮੇਰੇ ਦਰ ਲੱਗਦਾ ਏ।
ਮੈਂ ਵੀ ਉਸਨੂੰ ਕਹਿ ਦੇਣੀ ਹੈ ਜੋ ਵੀ ਮੇਰੇ ਦਿਲ ਦੀ ਇੱਛਾ,
ਓਸ ਮੁਸਾਫਿਰ ਦਾ ਹੁਣ ਮੇਰੇ ਦਿਲ ਦੇ ਅੰਦਰ ਘਰ ਲੱਗਦਾ ਏ।
ਹੁਣ ਮੇਰੇ ਵੱਲੋਂ ਉਸਦੀ ਹਰ ਇੱਕ ਇੱਛਾ ਪੂਰੀ ਹੋਵੇਗੀ,
ਪਰ ਉਹ ਮੈਥੋਂ ਵੱਖ ਨਾ ਹੋਵੇ ਵੱਖ ਹੋਵਣ ਤੋਂ ਡਰ ਲੱਗਦਾ ਏ।
ਤੇ ਲੋਕਾਂ ਦੇ ਲਈ ਕੀ ਹੋਵੇਗੀ ਉਸਦੀ ਹਸਤੀ ਇਲਮ ਨਹੀਂ,
ਮੇਰੇ ਲਈ ਉਹ ਪਾਕ ਪਵਿੱਤਰ ,ਮੈਨੂੰ ਉਹ ਰਹਿਬਰ ਲੱਗਦਾ ਏ।

ਗ਼ਜ਼ਲ

ਅੱਖਾਂ ਅੰਦਰ ਸੰਗ ਨੂੰ ਭਰ ਕੇ ਤੱਕਣਾ ਏ।
ਮੈਂ ਸੁਫਨੇ ਨੂੰ ਨੀਂਦਰ ਓਹਲੇ ਰੱਖਣਾ ਏ।
ਜਿੰਨੀ ਦੇਰ ਤੂੰ ਚੁੱਕੀ ਰੱਖਣਾ ਧਰਤੀ ਨੂੰ,
ਓਨੀ ਦੇਰ ਮੈਂ ਸਿਰ ‘ਤੇ ਅੰਬਰ ਡੱਕਣਾ ਏ।
ਜਿਸ ਨੇ ਖੁਸ਼ਬੂ ਨਾਲ ਮੁਹੱਬਤ ਕਰਨੀ ਏ,
ਓਸ ਵਿਚਾਰੇ ਫੁੱਲਾਂ ਨੂੰ ਕੀ ਚੱਕਣਾ ਏ।
ਮੇਰੇ ਹੰਝੂ ਰੱਬ ਦੀ ਕਸਮੇ ਦੱਸਦੇ ਨੇ,
ਦਿਲ ਨੇ ਹਾਲੇ ਰੀਝ ਦੀ ਹਾਂਡੀ ਪੱਕਣਾ ਏ।
‘ਜੋਬਨ’ ਜਦ ਵੀ ਸਾਹਮਣੇ ਆਈ ਸ਼ੀਸ਼ੇ ਦੇ,
ਇਹਨੇ ਮੇਰੇ ਬਾਰੇ ਮੰਦਾ ਬੱਕਣਾ ਏ।