January 17, 2025

ਜਗਮੀਤ ਹਰਫ਼

ਜਾਣ-ਪਹਿਚਾਣ

08 ਮਾਰਚ, 1994
ਪਿੰਡ : ਜੱਜਲ
ਜ਼ਿਲ੍ਹਾ : ਬਠਿੰਡਾ
ਸੰਪਰਕ : 99887-46178

ਪੜ੍ਹਾਈ : ਐਮ.ਏ. (ਪੰਜਾਬੀ) , ਐਮ. ਫਿਲ (ਸੁਲੱਖਣ ਸਰਹੱਦੀ ਦੀ ਗ਼ਜ਼ਲ ਦਾ ਛੰਦ ਬਹਿਰ ਸਰਵੇਖਣ),
ਕਿੱਤਾ : ਰਿਸਰਚ ਸਕਾਲਰ (ਪੀ.ਐਚ. ਡੀ.) ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ ਬਠਿੰਡਾ।
ਕਿਤਾਬਾਂ : ਮਾਲਵਿੰਦਰ ਸ਼ਾਇਰ: ਕਾਵਿ ਸੰਦਰਭ (ਆਲੋਚਨਾ)
ਗ਼ਜ਼ਲ ਸਿਰਜਣਾ ਨਾਲੋਂ ਗ਼ਜ਼ਲ ਆਲੋਚਕ ਵਜੋਂ ਜ਼ਿਆਦਾ ਛਪਿਆ ਹਾਂ, ਜਿਸ ਵਿਚ ਮੇਰੇ ਹੇਠ ਲਿਖੇ ਪੇਪਰ ਵੱਖ ਵੱਖ ਮੈਗਜ਼ੀਨਾਂ ਵਿਚ ਪ੍ਰਕਾਸ਼ਿਤ ਹੋਏ ਹਨ।
1. ਪ੍ਰੀਤਮ ਰਾਹੀ ਦੀ ਗ਼ਜ਼ਲ ਦਾ ਆਲੋਚਨਾਤਮਕ ਅਧਿਐਨ (ਮਾਲਕੌਂਸ ਦੇ ਸੰਦਰਭ ਵਿੱਚ)-ਮੁਹਾਂਦਰਾ ਮੈਗਜ਼ੀਨ।
2. ਆਵਾਜ਼ ਤੋਂ ਰਬਾਬ ਤੱਕ ਦਾ ਕੋਈ ਸਨਮਾਨ। ਵਿਸ਼ਲੇਸ਼ਣਾਤਮਿਕ ਅਧਿਐਨ -ਮੁਹਾਂਦਰਾ ਮੈਗਜ਼ੀਨ
3. ਗ਼ਜ਼ਲ ਵਿਚ ਬਹੁਤ ਕੁਝ ਹੁੰਦਾ – ਮੁਹਾਂਦਰਾ ਮੈਗਜ਼ੀਨ
4. ਸਾਲ 2022 ਦੀ ਗ਼ਜ਼ਲ ਦਾ ਸਰਵੇਖਣ ਤੇ ਮੁਲਾਂਕਣ – ਨਵਾਂ ਜ਼ਮਾਨਾ ਐਤਵਾਰਤਾ ਅੰਕ ਵਿਚ।
5. ਗੁਰਚਰਨ ਕੌਰ ਕੋਚਰ ਰਚਿਤ ਗ਼ਜ਼ਲ ਅਸ਼ਰਫ਼ੀਆਂ ਦਾ ਸੁਹਜ ਸ਼ਾਸਤਰ’ ਗੁਰਚਰਨ ਕੌਰ ਕੋਚਰ ਦੀ ਗ਼ਜ਼ਲ ਚੇਤਨਾ ਦੇ ਪਾਸਾਰ ਸੰਪਾਦਕ ਬਲਦੇਵ ਸਿੰਘ ਬੱਧਨ।
6. ਰਾਜ ਕਰੇਂਦੇ ਰਾਜਿਆਂ ਦਾ ਰਾਜਨੀਤਕ ਪ੍ਰਵਚਨ – ਅਨਹਦ ਈ ਮੈਗਜ਼ੀਨ
7. ਵਿਲੱਖਣ ਸ਼ੈਲੀ ਦਾ ਸ਼ਾਇਰ – ਮਾਲਵਿੰਦਰ ਸ਼ਾਇਰ
ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨਫ਼ਰੰਸਾਂ ਵਿਚ ਪੜ੍ਹੇ ਪੇਪਰ
1. ਇਕੀਵੀਂ ਸਦੀ ਦੀ ਪੰਜਾਬੀ ਗ਼ਜ਼ਲ ਦੀਆਂ ਸੰਚਾਰ ਜੁਗਤਾਂ – ਸਰਬ ਭਾਰਤੀ ਪੰਜਾਬੀ ਕਾਨਫਰੰਸ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੜ੍ਹੇ।
2. ਭਾਈ ਵੀਰ ਸਿੰਘ ਦੀ ਗ਼ਜ਼ਲ ਚੇਤਨਾ – ਭਾਈ ਵੀਰ ਸਿੰਘ ਵਿਸ਼ਵ ਪੰਜਾਬੀ ਕਾਨਫ਼ਰੰਸ , ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੜ੍ਹੇ।
3. ਸੁਰਿੰਦਪ੍ਰੀਤ ਘਣੀਆਂ ਰਚਿਤ ‘ਟੂੰਮਾ’ ਗ਼ਜ਼ਲ ਸੰਗ੍ਰਹਿ : ਵਿਸ਼ਵੀ ਸਰੋਕਾਰ ਤੇ ਸੰਕਟ, ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ, ਮੰਡੀ ਗੋਬਿੰਦਗੜ੍ਹ ਵਿਖੇ ਪੜ੍ਹੇ।

ਗ਼ਜ਼ਲ

ਉਸਨੂੰ ਇਹ ਗਲ ਰੜਕੀ ਕਿਉਂ ਨਈਂ।
ਸਾਡੇ ਜੋਗੀ ਧਰਤੀ ਕਿਉਂ ਨਈਂ।
ਤੇਰਾ ਇਸ਼ਕ ਛਲਾਵਾ ਹੀ ਸੀ,
ਐਪਰ ਅਕਲ ਮੈਂ ਵਰਤੀ ਕਿਉਂ ਨਈਂ।
ਖ਼ਤ ਉਸਦੇ ਸਭ ਸਾੜ ਦਿੱਤੇ ਨੇ,
ਪਰ! ਇਕ ਫੋਟੋ ਸੜਦੀ ਕਿਉਂ ਨਈਂ।
ਗ਼ਜ਼ਲ ਤੇਰੀ ਲੋਕਾਂ ਲਈ ਰੋਂਦੀ
ਅਪਣੇ ਪਿਆਰ ਲਈ ਤੜਫ਼ੀ ਕਿਉਂ ਨਈਂ।
ਸੀਨੇ ਲਾਕੇ ਦਰਦ ਵੰਡਾਏ
ਮੇਰਾ ਇਕ ਵੀ ਦਰਦੀ ਕਿਉਂ ਨਈਂ।

ਗ਼ਜ਼ਲ

ਪੀੜਾਂ ਮੈਂ ਤੇਰੀਆਂ ਨੂੰ, ਐਦਾਂ ਕਬੂਲ ਕੀਤਾ।
ਹਾਸੇ ਦੀ ਭਾਫ਼ ਦੇ ਕੇ, ਦਿਲ ਵਿਚ ਉਤਾਰ ਲਈਆਂ।
ਬਣ ਕੇ ਨਦੀ ਮੈਂ ਤੇਰੇ, ਅੰਦਰ ਸਮਾ ਜਾਣਾ ਸੀ,
ਅਪਣੇ ਵਿਚਾਲੇ ਤੂੰ ਹੀ, ਕੰਧਾਂ ਉਸਾਰ ਲਈਆਂ
ਤਪਦੇ ਥਲਾਂ ਦੇ ਵਰਗਾ, ਅਹਿਸਾਸ ਜ਼ਿੰਦਗੀ ਦਾ
ਹਿੱਕ ਨਾਲ ਲਾ ਕੇ ਤੂੰ ਸਭ, ਨਜ਼ਰਾਂ ਉਤਾਰ ਲਈਆਂ।
ਖੁਦ ਨੂੰ ਮਹਿਸੂਸਦਾ ਹਾਂ, ਭਰਤੀ ਦੇ ‘ਸ਼ਬਦ’ ਵਾਂਗਰ,
‘ਬਚੀਆਂ ਤੁਕਾਂ’ ਵੀ ਯਾਰੋ! ‘ਸਕਤੇ’ ਨੇ ਮਾਰ ਲਈਆਂ ।
ਗਮ ਦੇ ਗੁਲਾਬ ਤਾਂ ਹੀ, ਹੁਣ ਖਿੜ ਰਹੇ ਨੇ ਯਾਰਾ!
ਪੁੱਟ ਕੇ ਨਦੀਨੀ-ਹਾਸੇ, ਫ਼ਸਲਾਂ ਸੰਵਾਰ ਲਈਆਂ।

ਗ਼ਜ਼ਲ

ਸਵੈ ਦਾ ਮਾਣ ਜੇਕਰ ਕੀਚਰਾਂ ਵਿਚ ਟੁੱਟ ਜਾਣਾ ਸੀ।
ਕਦੇ ਵੀ ਸ਼ੀਸ਼ਿਆਂ ਵਿਚ ਢਾਲਦਾ ਨਾ ਜੀਵਨੀ ਅਪਣੀ ।
ਸੀ ਟੋਟੇ ਕੱਚ ਦੇ ਰਾਹਾਂ, ਚ ਰੱਖ ਕੇ ਰੱਜ ਗਏ ਲੋਕੀਂ
ਅਸੀਂ ਟੁੱਟੇ ਨਹੀਂ, ਝੁਕੇ ਨਹੀਂ, ਰੁਕੇ ਨਹੀਂ ਫਿਰ ਵੀ।
ਬੜਾ ਕੌੜਾ ਕੁਸੈਲਾ ਹੈ ਤਜੁਰਬਾ ਏਸਦਾ ਯਾਰੋ,
ਨਿਰੀ ਖੰਡ ਦੀ ਪਿਆਲੀ ਨਾ ਰਹੀ ਮੇਰੇ ਲਈ ਜ਼ਿੰਦਗੀ।
ਪਤਾ ਹੁੰਦਾ ਜੇ ਮਹਿਫ਼ਲ ਵਿਚ ਮਿਰੇ ਬੈਠੇ ਸਿਆਣੂ ਨੇ,
ਵਫ਼ਾ ਵਾਲੀ ਨਾ ਉਥੇ ਬੰਨ੍ਹਦਾ ਮੈਂ ਭੂਮਿਕਾ ਅਪਣੀ।