ਜਾਣ-ਪਹਿਚਾਣ
26 ਸਤੰਬਰ, 1997
ਪਿੰਡ : ਫ਼ਤਹਿਗੜ੍ਹ (ਦਬੜ੍ਹੀਖਾਨਾ)
ਜ਼ਿਲ੍ਹਾ : ਫ਼ਰੀਦਕੋਟ
ਸੰਪਰਕ : 89686-75012
ਅਸ਼ੋਕ ਦਬੜ੍ਹੀਖਾਨਾ ਗ਼ਜ਼ਲ ਵਿਧਾ ਦੀ ਸਿਰਜਣਾ ਵਿਚ ਸੰਜੀਦਗੀ ਨਾਲ਼ ਅੱਗੇ ਵਧ ਰਿਹਾ ਹੈ, ਖ਼ਾਸ ਤੌਰ ‘ਤੇ ਛੋਟੀ ਬਹਿਰ ਦੀ ਗ਼ਜ਼ਲ ਕਹਿੰਦਾ ਹੈ। ਉਸ ਦੀ ਗ਼ਜ਼ਲ ਦੇ ਥੀਮ ਦਾ ਪਾਸਾਰ ਨਵ-ਪੂੰਜੀਵਾਦ ਦੀ ਪ੍ਰਤੀਰੋਧੀ ਸੁਰ ਪੇਸ਼ ਕਰਦੇ ਹੋਏ ਦਲਿਤ ਚੇਤਨਾ ਤੱਕ ਫੈਲੇ ਹੋਏ ਹਨ।
ਗ਼ਜ਼ਲ
ਗਾਰੇ ਦੇ ਵਿੱਚ ਗਾਰਾ ਹੋਏ,
ਸਿਖ਼ਰ ਦੁਪਹਿਰੇ ਪਾਰਾ ਹੋਏ।
ਰੀਝਾਂ ਚਾਅ ਸਭ ਮਾਰੇ ਆਪਾਂ,
ਕਿਉਂ ਨਾ ਫੇਰ ਗੁਜ਼ਾਰਾ ਹੋਏ।
ਦੱਬ ਲੈਂਦਾ ਮਜ਼ਦੂਰੀ ਸਾਡੀ,
ਕੰਮ ਜਦ ਉਹਦਾ ਸਾਰਾ ਹੋਏ,
ਕਰਜ਼ਾ ਲਾਹ ਲਾਹ ਹੰਭ ਗਏ ਹਾਂ,
ਦੁੱਗਣਾ ਫ਼ੇਰ ਦੁਬਾਰਾ ਹੋਏ।
ਸਦੀਆਂ ਹੋਈਆਂ ਜੂਝਦਿਆਂ ਨੂੰ,
ਕਿੰਝ ਭੁੱਖ ਦਾ ਨਿਪਟਾਰਾ ਹੋਏ,
ਬਾਲਾਂ ਮੰਗੇ ਜਦੋਂ ਖਿਡੌਣੇ,
ਰੋਜ਼ ਵਾਂਗ ਫਿਰ ਲਾਰਾ ਹੋਏ।
ਸੱਚਿਆਂ ਲਈ ਸਲੀਬਾਂ ਨੇ ਜਦ,
ਝੂਠਿਆਂ ਲਈ ਵੀ ਆਰਾ ਹੋਏ,
ਧਨੀ ਗਰੀਬਾਂ ਨੂੰ ਕੀ ਸਮਝਣ?
ਜਿੱਦਾਂ ਪਸ਼ੂ ਅਵਾਰਾ ਹੋਏ।
ਗੂੜ੍ਹੀ ਨੀਂਦੋ ਉੱਠੋ ਜਾਗੋ,
ਕੱਠਿਆਂ ਦਾ ਲਲਕਾਰਾ ਹੋਏ।
ਗ਼ਜ਼ਲ
ਹੰਭ ਗਿਆ ਹੈ ਬਾਪੂ ਖਹਿੜਾ ਛੁੱਟਿਆ ਨੀ।
ਰੋਗ ਗ਼ਰੀਬੀ ਵਾਲਾ ਭੈੜਾ ਛੁੱਟਿਆ ਨੀ।
ਸ਼ਾਹਾਂ ਸ਼ਹਿਰ ਚ ਕੋਠੀ ਉੱਚੀ ਚੁੱਕੀ ਹੈ,
ਸਾਥੋਂ ਕੱਚਾ ਘਰ ਤੇ ਰੇੜ੍ਹਾ ਛੁੱਟਿਆ ਨੀ।
ਤਕੜਾ ਕਤਲ ਕਰੇ ਤਾਂ ਕੁਝ ਵੀ ਮਸਲਾ ਨਾ,
ਕੱਟ ਸਜ਼ਾ ਵੀ ਜੇਲ੍ਹੋਂ ਮਾੜਾ ਛੁੱਟਿਆ ਨੀ।
ਰੀਝਾਂ ਚਾਅ ਮੈਥੋਂ ਮੇਰੇ ਲੋਕੀਂ ਪੁੱਛਣ,
ਦੱਸਾਂ ਕਿਸਰਾਂ ਕਿਹੜਾ ਕਿਹੜਾ ਛੁੱਟਿਆ ਨੀ।
ਮੰਨਾਂ ਕਿੰਝ ਅਸੀਂ ਆਜ਼ਾਦ ਹੋਏ, ਜਦ,
ਨਾਵਾਂ ਨਾਲੋਂ ਸਾਡੇ ਵਿਹੜਾ ਛੁੱਟਿਆ ਨੀ।
ਗ਼ਜ਼ਲ
ਬਿਰਹਾ ਤੇਰਾ ਖਾਂਦਾ ਜਾਂਦਾ,
ਜ਼ਖ਼ਮ ਦਿਨੋਂ ਦਿਨ ਵਧਦਾ ਜਾਂਦਾ।
ਭੁੱਲੇ ਵਿਸਰੇ ਆਇਆ ਕਿੱਥੋਂ,
ਚੇਤਾ ਤੇਰਾ ਜਾਂਦਾ ਜਾਂਦਾ।
ਹੰਝੂ ਪੀ ਮੈਂ ਤਕੜਾ ਹੋਵਾਂ,
ਲੋਕਾਂ ਭਾਣੇ ਮਰਦਾ ਜਾਂਦਾ,
ਰਾਤ ਵਸਲ ਦੀ ਢਲਦੀ ਜਾਂਦੀ,
ਗ਼ਮ ਦਾ ਸੂਰਜ ਚੜ੍ਹਦਾ ਜਾਂਦਾ।
ਨਾਂ ਲੈ ਤੇਰਾ ਟਿੱਚਰ ਕਰਦਾ,
ਰਾਹ ‘ਚ ਹਰ ਇਕ ਆਉਂਦਾ ਜਾਂਦਾ।
ਉਹਨਾਂ ਹੀ ਮੈਂ ਝੱਲਾ ਹੋਵਾਂ,
ਕਲਮਾ ਜਿਉਂ ਜਿਉਂ ਪੜ੍ਹਦਾ ਜਾਂਦਾ।
ਸਮਝਾਂ ਵਾਲਾ ਕਿਹੜਾ ਏਥੇ?
ਵਕਤ ਅਸਾਨੂੰ ਘੜਦਾ ਜਾਂਦਾ।
Read more
ਦਾਦਰ ਪੰਡੋਰਵੀ
ਸੁਰਿੰਦਰ ਸੀਰਤ
ਅਮਰਿੰਦਰ ਸੋਹਲ