ਲੇਖਕ : ਸਰਘੀ
ਮੈਂ ਬਹੁਤ ਥੱਕਿਆ ਹੋਇਆ ਸੀ ਤੇ ਪਤਾ ਨਹੀਂ ਕਿਹੜੇ ਵੇਲੇ ਅੱਖ ਲੱਗ ਗਈ। ਮੀਟੀਆਂ ਅੱਖਾਂ ਨੂੰ ਅੱਗ ‘ਚ ‘ਲਾਂਬੂ’ ਦਿਸਣ ਲੱਗੇ। ਹਰ ਮੁਰਦੇ ਨੂੰ ਉਹਦੇ ਵਾਰਿਸ ਹਫ਼ੜਾ-ਦਫ਼ੜੀ ‘ਚ ‘ਲਾਂਬੂ’ ਲਾ ਰਹੇ ਸਨ। ਪਰ ਮੇਰੇ ਕੋਲੋਂ ਆਪਣੇ ਆਪ ਨੂੰ ‘ਲਾਂਬੂ’ ਨਹੀਂ ਲਾ ਹੋਇਆ। ਕੋਸ਼ਿਸ਼ ਕੀਤੀ ਸੀ, ਪਰ ਨੇਜ਼ਿਆਂ, ਛੁਰੀਆਂ ਤੇ ਤਲਵਾਰਾਂ ਦੇ ਹਜੂਮ ਅੱਗੇ ਮੇਰੀ ਕੋਈ ਪੇਸ਼ ਨਾ ਗਈ। ਫਿਰ ਹਥਿਆਰਾਂ ਦਾ ਹਜੂਮ ਕਿਧਰੇ ਦੂਰ ਰਹਿ ਜਾਂਦਾ ਹੈ। ਆਪਣੀ ਜਾਨ ਬਚਾ ਲੈਂਦਾ ਹਾਂ…ਪਰ ਗੱਡੇ ‘ਤੇ ਪਈ ਲਾਸ਼ ਦੀਆਂ ਅੱਖਾਂ ਤੋਂ ਬਚਿਆ ਨਹੀਂ ਜਾਂਦਾ। ਉਹ ਤਾਂ ਅਜੇ ਵੀ ਮੇਰਾ ਪਿੱਛਾ ਕਰ ਰਹੀਆਂ ਹਨ। ਮੈਂ ਬੌਂਦਲਿਆ ਜਿਹਾ ਉੱਠਦਾ ਹਾਂ…ਪਰ ਮੈਂ ਤਾਂ ਆਪਣੇ ਬਾਪ ਦਾ ਸਸਕਾਰ ਆਪਣੇ ਹੱਥੀਂ ਕੀਤਾ ਸੀ।
ਸਾਹਮਣੇ ਕੰਧ ‘ਤੇ ਲੱਗੀ ਫੋਟੋ ਵਿਚਲਾ ਬਾਪੂ ਮੁਸਕਰਾਉਂਦਾ ਹੈ। ਮੈਂ ਬੀਤੇ ਨੂੰ ਹੰਘਾਲਦਾ ਹਾਂ ਤੇ ਫਿਰ ਬਾਪੂ ਬੋਲਣ ਲੱਗ ਪਿਆ ਸੀ-”ਪੁੱਤਰਾ, ਜਦ ਕਦੇ ਜ਼ਮੀਨ-ਜੈਦਾਦ ਵੇਖ ਬਹੁਤਾ ਹੰਕਾਰ ਆ ਜਾਵੇ ਤਾਂ ਚੇਤੇ ਕਰ ਲਿਆ ਕਰੀਂ, ਕਿਸੇ ਵੇਲੇ ‘ਭੋਇੰ ਨਈ’ ਦੇ ਮਾਲਕ ਤੇਰੇ ਦਾਦੇ ਨੂੰ ਖੱਫਣ ਵੀ ਨਹੀਂ ਸੀ ਜੁੜਿਆ ਤੇ ਨਾ ਹੀ ਪੁੱਤ ਦੇ ਹੱਥੋਂ ‘ਲਾਂਬੂ’ ਲਾ ਹੋਇਆ ਸੀ।
ਸਵੇਰੇ-ਸਵੇਰ ਆਇਆ ਇਹ ਸੁਪਨਾ ਮੈਨੂੰ ਬੇਚੈਨੀ ਦੇ ਗਿਆ ਸੀ। ਭਈਏ ਨੂੰ ਨਾਲ ਲੈ ਮੈਂ ਚੜ੍ਹਦੀ ਪੱਤੀ ਦੀਆਂ ਮੜ੍ਹੀਆਂ ਵੱਲ ਲੱਗੇ ਬੂਟਿਆਂ ਨੂੰ ਪਾਣੀ ਦੇਣ ਤੁਰ ਪੈਂਦਾ ਹਾਂ। ਉਂਝ ਤਾਂ ‘ਲਹਿੰਦੀ ਪੱਤੀ’ ਦੀਆਂ ਮੜ੍ਹੀਆਂ ‘ਚ ਵੀ ਫੁੱਲ-ਬੂਟੇ ਮੈਂ ਹੀ ਲਗਵਾਏ ਸੀ ਪਰ ਪਤਾ ਨਹੀਂ ਕਿਉਂ ਮੈਂ ਉਨ੍ਹਾਂ ਬੂਟਿਆਂ ਨੂੰ ਆਪ ਪਾਣੀ ਦੇਣ ਕਦੇ ਨਹੀਂ ਗਿਆ ਸੀ। ਆਪਣੇ ਹੀ ਪਿੰਡ ਦੀਆਂ ਗਲੀਆਂ ਮੈਨੂੰ ਓਪਰੀਆਂ ਜਹੀਆਂ ਲੱਗੀਆਂ। ਕੰਮ-ਧੰਦਿਆਂ ਦੇ ਦਿਨ ਸੀ। ਕਹਿੰਦੇ ਹੁੰਦੇ ਆ-ਇਨ੍ਹਾਂ ਦਿਨਾਂ ‘ਚ ਤਾਂ ਜ਼ਿਮੀਂਦਾਰ ਆਪਣੀ ਮਰੀ ਮਾਂ ‘ਭੜੋਲੇ’ ‘ਚ ਪਾ ਛੱਡਦੇ…ਪਰ ਹੁਣ ਤਾਂ ਉਹ ਜਿਉਂਦੇ ਜੀਅ ਆਪ ਹੀ ‘ਭੜੋਲੇ’ ‘ਚ ਪੈ ਗਏ ਸੀ।
ਮੌਸਮ ਬਹਾਰ ਦਾ ਸੀ…ਕਣਕ ਪੱਕ ਗਈ ਸੀ…ਕੋਇਲ ਦੀ ਕੂ-ਕੂ ਦੂਰ ਤਕ ਸੁਣ ਰਹੀ ਸੀ। ਪਸ਼ੂ, ਪੰਛੀ, ਪਰਿੰਦਿਆਂ ‘ਤੇ ‘ਚੰਦਰੇ ਵਾਇਰਸ’ ਦਾ ਕੋਈ ਅਸਰ ਨਹੀਂ ਸੀ। ਪਰ ਬੰਦੇ ਨੂੰ ਇਸ ‘ਕਰੋਨਾ ਵਾਇਰਸ’ ਨੇ ਕਾਸੇ ਜੋਗਾ ਨਹੀਂ ਰਹਿਣ ਦਿੱਤਾ ਸੀ। ਗਲੀ ਦੀ ‘ਸੁੰਨ ਮਸਾਣ’ ਵੇਖ ਮੇਰੇ ਅੰਦਰੋਂ ਪੀਲੂ ਬੋਲਣ ਲੱਗ ਪਿਆ-”ਗਲੀਆਂ ਹੋ ਜਾਣ ਸੁੰਞੀਆਂ…ਵਿਚ ਮਿਰਜਾ ਯਾਰ ਫਿਰੇ…।” ਤੇ ਇਸ ਵੇਲੇ ਮੈਨੂੰ ਆਪਣਾ ਆਪ ਮਿਰਜੇ ਤੋਂ ਘੱਟ ਨਹੀਂ ਲੱਗ ਰਿਹਾ ਸੀ।
ਤਿੰਨ ਮਹੀਨੇ ਪਹਿਲਾਂ ਚੀਨ ‘ਚ ਨਵੇਂ ਵਾਇਰਸ ਦੀ ਗੱਲ ਸੁਣੀ ਸੀ। ਉਦੋਂ ਮੈਂ ਮਾੜਾ-ਮੋਟਾ ਅਖ਼ਬਾਰ ‘ਚੋਂ ਇਹਦੇ ਬਾਰੇ ਪੜ੍ਹਿਆ ਸੀ। ਪਰ ਬਹੁਤੇ ਪਿੰਡ ਵਾਲੇ ਇਸ ਤੋਂ ਅਣਜਾਣ ਹੀ ਸਨ। ਰੋਜ਼ ਦੀ ਤਰ੍ਹਾਂ ਮੈਂ ਆਪਣੇ ਪੋਤਿਆਂ ਨੂੰ ਮੈਂ ‘ਕਪਾਲ ਭਾਤੀ’ ਕਰਵਾ ਰਿਹਾ ਸੀ। ਅਸੀਂ ਸ਼ਾਂਤ-ਚਿਤ ਬੈਠੇ ਕਿਰਿਆਵਾਂ ਕਰ ਰਹੇ ਸੀ। ਅੰਦਰੋਂ ਮੇਰਾ ਮੁੰਡਾ ਆਇਆ ਤਾਂ ਮੇਰੇ ਗਲ ਹੀ ਪੈ ਗਿਆ। ਹਲਕਿਆਂ ਵਾਂਗ ਉੱਚੀ ਸਾਰੀ ਬੋਲਦਾ ਕਹਿਣ ਲੱਗਾ-”ਦੁਨੀਆ ‘ਚ ਮਹਾਂਮਾਰੀ ਫੈਲੀ ਹੋਈ ਆ ਤੇ ਤੁਸੀਂ ਇਕ ਦੂਜੇ ਦੇ ਸਾਹਮਣੇ ਬਹਿ ਕੇ ਇਕ-ਦੂਜੇ ਦੇ ਸਾਹਾਂ ‘ਚ ਸਾਹ ਕੱਢ-ਪਾ ਰਹੇ ਹੋ। ਡੈਡ ! ਥੋੜ੍ਹੀ ਅਕਲ ਕਰ ਲਿਆ ਕਰੋ…ਤੂੰ ਪੜ੍ਹਿਆ ਲਿਖਿਆ ਬੰਦਾ…ਦੀਨ ਦੁਨੀਆ ਦੀ ਸੋਝੀ ਰੱਖਣ ਵਾਲਾ…।” ਉਸ ਦਿਨ ਪੁੱਤ ਦੀਆਂ ਕਰੀਆਂ-ਸੁਣੀਆਂ ਨੇ ਮੇਰੇ ਧੁਰ ਅੰਦਰ ਲਾਂਬੂ ਲਾ ਦਿੱਤਾ ਸੀ।
ਮੈਂ ‘ਬਨਵੰਤ ਸਿੰਘ ਚੰਦੀ’ ਪਿੰਡ ਦਾ ਸਰਪੰਚ, ਜ਼ਮੀਨ ਜਾਇਦਾਦ ਵਾਲਾ ਬੰਦਾ…ਆਲੇ ਦੁਆਲੇ ਦੇ ਲੋਕ ਮੇਰੇ ਤੋਂ ਸਲਾਹਾਂ ਲੈ ਕੇ ਆਪਣੇ ਕੰਮ ਕਰਦੇ, ਪਰ ਮੈਂ ਆਪਣੇ ਹੀ ਘਰ ਬੇਅਕਲਾ ਹੋ ਗਿਆ ਸਾਂ। ਉਸ ਵੇਲੇ ਜੀਅ ‘ਚ ਆਈ ਆਖਾਂ-ਕੰਜਰਾ…ਮੈਨੂੰ ਅਕਲ ਬਥੇਰੀ ਸੀ, ਪਰ ਤੇਰੇ ਵਰਗੇ ਧੀਆਂ-ਪੁੱਤ ਕਮਲਾ ਕਰ ਦੇਂਦੇ। ਪਰ ਕਹਿ ਨਾ ਹੋਇਆ…ਸੋਚਿਆ ਛੁੱਟੀ ਕੱਟਣ ਆਏ ਆ…ਫਿਰ ਇਹਨੇ ਚਲੇ ਹੀ ਜਾਣਾ ਸ਼ਹਿਰ ਵਾਲੇ ਘਰ…ਕਈ ਵਾਰ ਸੋਚੂ ਇਹੋ ਜਿਹੇ ਆਉਣ ਖੁਣੋਂ ਕੀ ਥੁੜਿਆ। ਜੇ ਰੱਬ ਨੇ ਸਾਥ ਖੋਹ ‘ਕੱਲਾ ਕਰ ਦਿੱਤਾ ਸੀ ਤੇ ਫਿਰ ਮੈਂ ਆਪਣੇ ਘਰ ‘ਕੱਲਾ ਹੀ ਹੁੰਦਾ। ਮਾਂ ਵਾਂਗੂੰ ਵਹਿਮੀ ਬੜਾ…ਪਤਾ ਨਹੀਂ ਕਿੰਨੀ ਵਾਰ ਕਮਲਿਆਂ ਵਾਂਗ ਹੱਥ ਈ ਧੋਈ ਜਾਂਦਾ…।
ਇਸ ਬਿਮਾਰੀ ਤੋਂ ਮੈਂ ਕਿਹੜਾਂ ਅਣਜਾਣ ਸੀ। ਪਰ ਹਾਲੇ ਸਾਡੇ ਦੇਸ਼ ‘ਚ ਇਹਦਾ ਕੋਈ ‘ਨਾਂ-ਨਿਸ਼ਾਨ’ ਨਹੀਂ ਸੀ। ਪਰ ਇਹ ਨਵਾਂ ਕੋੜਮਾ ਸਾਰੀ ਦਿਹਾੜੀ ਲੈਪ-ਟੋਪ ਅੱਗੇ ਬੈਠਾ ਰਹਿੰਦਾ। ਇਨ੍ਹਾਂ ਨੂੰ ਸਭ ਪਤਾ ਹੁੰਦਾ। ਤਦ ਤਾਂ ਉਸ ਦਿਨ ਦੀਪ ਇਵੇਂ ਮੱਚ ਉੱਠਿਆ ਸੀ ਜਿਵੇਂ ਸਹੁਰੀ ਦਾ ਕਰੋਨਾ ਬਾਹਰ ਹੀ ਖਲੋਤਾ ਹੋਵੇ। ਫਿਰ ਬਹੁਤ ਦਿਨ ਕਰੋਨਾ ਬਾਹਰ ਖਲੋਤਾ ਨਹੀਂ ਰਿਹਾ ਸੀ। ਸਾਡੇ ਦੇਸ਼ ਵੀ ਆਣ ਪਹੁੰਚਿਆ ਸੀ। ਪਾੜ੍ਹਿਆਂ ਨੇ ਤਾਂ ਕਦ ਦਾ ਇਸ ਬਿਮਾਰੀ ਦਾ ਕੱਪੜ-ਛਾਣ ਕਰ ਲਿਆ ਸੀ ਤੇ ਹੁਣ ਦੇਸਾਂ-ਪਰਦੇਸਾਂ ‘ਚ ਬੈਠੇ ਸਾਰੇ ਧੀਆਂ-ਪੁੱਤ ਫ਼ੋਨ ‘ਤੇ ਮਾਂ-ਪਿਉ ਨੂੰ ਨਸੀਹਤਾਂ ਦੇ ਪਾਹੜੇ ਪੜ੍ਹਾਉਣ ਲੱਗ ਪਏ ਸੀ। ਪਰ ਇਨ੍ਹਾਂ ਧੀਆਂ-ਪੁੱਤਾਂ ਨੇ ਸਮਝਾਇਆ ਥੋੜ੍ਹਾ ਤੇ ਡਰਾਇਆ ਬਹੁਤਾ ਸੀ। ਮੜ੍ਹੀਆਂ ਤੋਂ ਵਾਪਸ ਆਉਂਦਿਆਂ ਮੈਨੂੰ ਫਿਰ ਆਪਣਾ ਬਾਪੂ ਯਾਦ ਆਉਣ ਲੱਗ ਪਿਆ ਸੀ। ਬਾਪੂ ਹਰ ‘ਮਰਨੇ ਪਰਨੇ ‘ਤੇ ਖੱਫਣ ‘ਚ ਆਉਂਦਾ ਸੀ। ਲਾਂਬੂ ਲਾਉਣ ਲਈ ਬਾਲਣ ਵੀ ਸੁਟਵਾ ਦੇਂਦਾ ਸੀ। ਜਦ ‘ਚੜ੍ਹਦੀ ਪੱਤੀ’ ਦੇ ਸਰਦੇ-ਪੁੱਜਦੇ ਘਰ ਉਸਦੀ ਇਸ ਗੱਲ ‘ਤੇ ਨੱਕ-ਮੂੰਹ ਵੱਟਣ ਲੱਗੇ ਤਾਂ ਫਿਰ ਉਹਨੇ ਆਪਣੀਆਂ ਮੁਹਾਰਾਂ ‘ਲਹਿੰਦੀ ਪੱਤੀ’ ਵੱਲ ਮੋੜ ਲਈਆਂ ਸੀ। ਕਿਸੇ ਵੀ ਲਵਾਰਿਸ ਲਾਸ਼ ਨੂੰ ਲਾਂਬੂ ਲਾ ਕੇ ਬਾਪੂ ਸ਼ਾਇਦ ਆਪਣੇ ਹੀ ਅੰਦਰ ਮੱਚਦੇ ‘ਲਾਂਬੂ’ ਨੂੰ ਠੰਡ ਪਾ ਰਿਹਾ ਹੁੰਦਾ। ਬਾਪੂ ਅਕਸਰ ਕਹਿੰਦਾ ਹੁੰਦਾ ਸੀ, ”ਪੁੱਤਰਾ, ਕਿਸੇ ਦੇ ਦੁੱਖ ਵੰਡਾਅ…ਆਪਣੇ ਆਪ ਨੂੰ ਹੀ ਹੌਲਾ ਕਰੀਦਾ।” ਬਾਪੂ ਜਹਾਨੋਂ ਤੁਰ ਗਿਆ ਸੀ… ਲੋਕਾਂ ਦੇ ‘ਦੁੱਖ-ਦਰਦ’ ਵੰਡਾਉਣ ਦਾ ਜ਼ਿੰਮਾ ਮੈਂ ਲੈ ਲਿਆ ਸੀ ਤੇ ਬਾਪੂ ਦੇ ਅੰਦਰ ਮੱਚਦਾ ‘ਲਾਂਬੂ’ ਕਦ ਮੇਰੇ ਅੰਦਰ ਧੁਖਣ ਲੱਗਾ, ਮੈਨੂੰ ਪਤਾ ਹੀ ਨਾ ਲੱਗਿਆ।
ਪਰ ਮੇਰੇ ਆਪਣੇ ਪੁੱਤ ਦੇ ਅੜਬ ਜਿਹੇ ਬੋਲ ਮੈਨੂੰ ਧੁਰ ਅੰਦਰ ਤਕ ਦੁੱਖ ਦੇਂਦੇ ਸਨ…ਪਰ ਇਸ ਦੁੱਖ ਨੂੰ ਵੰਡਾਉਣ ਵਾਲਾ ਮੇਰੇ ਕੋਲ ਕੋਈ ਨਹੀਂ ਸੀ। ਪਰ ਹੋਰਨਾਂ ਦਾਦਿਆਂ ਵਾਂਗ ਮੈਨੂੰ ਵੀ ‘ਮੂਲ ਨਾਲੋਂ ਵਿਆਜ’ ਪਿਆਰਾ ਸੀ। ਸ਼ਾਇਦ ਇਸੇ ਲਈ ਪੁੱਤ ਦੀਆਂ ਕਹੀਆਂ ਸੁਣੀਆਂ ਨੂੰ ਲਾਂਭੇ ਕਰ ਇਕ ਦਿਨ ਸ਼ਹਿਰ ਵਾਲੇ ਘਰ ਤੁਰ ਪਿਆ ਸੀ। ਘਰ ਦੀ ਬੈੱਲ ਮਾਰ-ਮਾਰ ਹੰਭ ਗਿਆ ਸੀ ਪਰ ਦਰਵਾਜ਼ਾ ਨਹੀਂ ਖੁੱਲ੍ਹਿਆ ਸੀ। ਥੱਕ-ਹਾਰ ਕੇ ਮੁੰਡੇ ਨੂੰ ਫ਼ੋਨ ਕੀਤਾ ਤਾਂ ਉਸ ਕਿਹੜੀ ‘ਸਤਿ-ਕਸਤਿ’ ਬੁਲਾਈ ਸੀ, ਭਬਕ ਕੇ ਪੈ ਗਿਆ ਸੀ, ”ਕਰੋਨਾ ਬੁਰੀ ਤਰ੍ਹਾਂ ਫੈਲ ਰਿਹਾ ਹੈ ਤੇ ਤੁਹਾਨੂੰ ਮਿਲਣੇ ਸੁੱਝਣ ਡਹੇ ਆ…। ਜੇ ਕੱਲ੍ਹ ਨੂੰ ਕੁਝ ਹੋ ਗਿਆ ਤਾਂ ਮੇਰੇ ਤੋਂ ਕੋਈ ਆਸ ਨਾ ਰੱਖਿਉ।” ”ਤੇਰੇ ਵਰਗੀ ਔਲਾਦ ਤੋਂ ਮੈਨੂੰ ਕੀ ਆਸ ਹੋ ਸਕਦੀ ਭਲਾ।” ਮੇਰੀ ਗੱਲ ਸੁਣ ਉਸ ਫੋਨ ਕੱਟ ਦਿੱਤਾ ਸੀ ਤੇ ਮੈਂ ਆਪਣੇ ਅੰਦਰ ਧੁਖਦੇ ਲਾਂਬੂ ਸਮੇਤ ਪਿੰਡ ਵਾਪਸ ਆ ਗਿਆ ਸੀ।
* * *
ਉਸ ਦਿਨ ਨੂੰ ਯਾਦ ਕਰ ਅੱਜ ਵੀ ਲੂੰਈ ਕੰਡੇ ਖੜ੍ਹੇ ਹੋ ਜਾਂਦੇ ਆ…। ਮੈਂ ਪਿੱਛੇ ਭਉਂ ਕੇ ਵੇਖਿਆ ਤਾਂ ਭਈਆ ਵਾਹਵਾ ਪਿੱਛੇ ਰਹਿ ਗਿਆ ਸੀ।
”ਉਹ ਛੇਤੀ ਪੈਰ ਪੁੱਟ ਹੁਣ…ਤੂੰ ਤਾਂ ਮਸੀਂ ਤੁਰ ਰਿਹਾ।” ”ਸਰਦਾਰ ਜੀ ਪੀਛੇ ਨਾ ਰਹੀ ਹੂੰ ਮੈਂ…ਜਾਣ ਕੇ ਪੀਛੇ ਰਹੀ…’ਸੋਸ਼ਲ ਡੈਸਟਿੰਗ’ ਕਰ ਰਹਾਂ ਹੂੰ…ਛੋਟਾ ਸਰਦਾਰ ਬੋਲ ਕਰ ਗਈ ਥੀ ਮੁਝੇ।” ”ਸਹੁਰੀ ਦਿਆ…ਅਬ ਸੇ ਛੋਟਾ ਸਰਦਾਰ ਜੋ ਕਹੇ…ਉਸਸੇ ਉਲਟ ਕੀਆ ਕਰ।”
ਮੜ੍ਹੀਆਂ ਤੋਂ ਵਾਪਸ ਆਉਂਦਿਆਂ ਹੀ ਟਿਕਾਅ ਨਹੀਂ ਸੀ। ‘ਲਹਿੰਦੀ’ ਤੇ ‘ਚੜ੍ਹਦੀ’ ਪੱਤੀ ਦੇ ਐਨ ਵਿਚਕਾਰ ਕੁਵੇਲੇ ਤੁਰ ਗਏ ਮੇਰੇ ਜਿਗਰੀ ਯਾਰ ‘ਇੰਦਰ ਨਰ’ ਦਾ ਘਰ ਸੀ। ਉਹਦਾ ਪੁੱਤ ਅਮਰੀਕਾ ‘ਚ ਸੈੱਟ ਸੀ। ਮੈਨੂੰ ਇਹ ਵੀ ਪਤਾ ਸੀ, ਹੁਣ ਇਸ ਘਰ ਕੋਈ ਨਹੀਂ ਸੀ ਪਰ ਫਿਰ ਵੀ ਮੈਂ ਆਪਣੇ ਯਾਰ ਦੇ ਘਰ ਦੀਆਂ ਬਰੂਹਾਂ ਟੱਪ ਗਿਆ ਸੀ। ‘ਇੰਦਰ ਨਰ’ ਦੇ ਪੁਰਖਿਆਂ ਕੋਲ ਥੋੜ੍ਹੀ ਬਹੁਤ ਜ਼ਮੀਨ ਸੀ। ਪਰ ਜਦ ਉਹ ਤਸੀਲਦਾਰ ਬਣਿਆ ਤਾਂ ਥੋੜ੍ਹੇ ਜਿਹੇ ਸਮੇਂ ‘ਚ ਹੀ ਪਿੰਡ ਦਾ ਸਭ ਤੋਂ ਵੱਡਾ ਜ਼ਿਮੀਦਾਰ ਵੀ ਬਣ ਗਿਆ। ਵਾਕਿਆ ਹੀ ਉਹ ‘ਨਰ ਬੰਦਾ’ ਸੀ। ਮੇਰੇ ਨਾਲ ਗਲਾਸੀ ਟਕਰਾ ਕੇ ਆਖਦਾ, ”ਤੂੰ ਕਰਮ ਤੋਂ ਨਰ…ਮੈਂ ਜਨਮ ਤੋਂ ਨਰ।” ਉਹਦੀ ਗੱਲ ਦਾ ਹੁੰਗਾਰਾ ਭਰ ਦਿਆ। ਮੈਂ ਕਿਹਾ, ”ਆਪਾਂ ਦੋਵੇਂ ਨਰ…ਤੇਰੇ-ਮੇਰੇ ਵਰਗਾ ਹੋਰ ਕੋਈ ਪਿੰਡ ‘ਚ ਨਹੀਉਂ।”
”ਉਇ ਨਹੀਂ, ਤੇਰੇ ਵਰਗਾ ਤਾਂ ਫਿਰ ਕੋਈ ਪਿੰਡ ‘ਚ ਹੋ ਸਕਦਾ ਪਰ ਮੇਰੇ ਵਰਗਾ ਤਾਂ ਉੱਕਾ ਨਹੀਉਂ।” ਉਹਦਾ ਜਵਾਬ ਸੁਣ ਮੈਂ ਬਸ ਹੱਸ ਛੱਡਦਾ। ਗੱਲ ਭਾਵੇਂ ਕਿਸੇ ਤਰ੍ਹਾਂ ਦੀ ਵੀ ਹੁੰਦੀ ਉਹ ‘ਅੰਬੇਦਕਰ’ ਦੇ ਸੋਹਿਲੇ ਗਾਉਣੇ ਨਾ ਭੁੱਲਦਾ…ਇਹੋ ਜਿਹੇ ਵੇਲੇ ਮੈਂ ਵੀ ‘ਊਧਮ ਸਿੰਘ’ ਨੂੰ ਵਡਿਆਉਂਦਿਆਂ ਉਹਨੂੰ ‘ਕੰਬੋਅ’ ਸਿੱਧ ਕਰਨ ‘ਤੇ ਤੁਲ ਜਾਂਦਾ…ਜਿਹੜਾ ਸਾਰੀ ਉਮਰੇ ਆਪਣੇ ਆਪ ਨੂੰ ‘ਰਾਮ ਮੁਹੰਮਦ ਸਿੰਘ ਆਜ਼ਾਦ’ ਲਿਖਦਾ ਰਿਹਾ ਸੀ। ਜਦ ਮੈਂ ਉਹਦੇ ਘਰੋਂ ਤੁਰਨ ਲੱਗਿਆ ਤਾਂ ਮੇਰਾ ਹੱਥ ਫੜ ਕਹਿਣ ਲੱਗਾ, ”ਐਵੇਂ ਭੁਲੇਖੇ ਨੇ ਜ਼ਿਮੀਦਾਰਾਂ ਦੇ ਮੁੰਡੇ ਮਾੜੇ ਨਹੀਂ ਚਮਾਰਾਂ ਦੇ…।”
ਵਾਕਿਆ ਹੀ ਉਹ ਮੇਰਾ ਜਿਗਰੀ ਯਾਰ ਸੀ। ਉਸ ਕਦੇ ਮੈਨੂੰ ਪਿੱਠ ਨਹੀਂ ਵਿਖਾਈ ਸੀ। ਜਾਤ-ਬਰਾਦਰੀ ਦੀ ਕਦੇ ਮੈਂ ਪਰਵਾਹ ਨਹੀਂ ਕੀਤੀ ਸੀ…। ਪਰ ਜਦ ਕਦੇ ਉਹ ਅਮਰੀਕਾ ‘ਚ ਆਪਣੇ ਪੁੱਤ ਦੇ ‘ਵੱਡੇ ਕਾਰੋਬਾਰ’ ਤੇ ‘ਵੱਡੇ ਘਰ’ ਦੀਆਂ ਗੱਲਾਂ ਕਰਦਾ ਤਾਂ ਮੇਰੇ ਅੰਦਰ ਬੈਠੇ ‘ਜ਼ਿਮੀਦਾਰ’ ਨੂੰ ਕੁਝ ਹੋਣ ਲੱਗਦਾ।
ਆਪਣੇ ਅਖ਼ੀਰਲੇ ਦਿਨਾਂ ‘ਚ ਜਦ ਵੀ ਉਸ ਘੁੱਟ ਪੀਤੀ ਹੁੰਦੀ ਤਾਂ ਮੈਨੂੰ ਕਹਿੰਦਾ, ”ਤੇਰੇ ਯਾਰ ਕੋਲ ਰੜਕ ਆ, ਮੜਕ ਆ, ਪਰ ਬੜਕ ਹੈ ਨੀ…ਚੱਲ ਆਪਣੇ ਯਾਰ ਨੂੰ ਬੜਕ ਮਾਰਨੀ ਸਿਖਾ।”
ਸ਼ਾਇਦ ਇਹ ਮੇਰੀ ਹੀ ਬਦਨੀਤੀ ਸੀ ਜਾਂ ਉਹਦੀ…ਨਾ ਮੇਰੇ ਕੋਲੋਂ ਬੜਕ ਮਾਰਨੀ ਸਿਖਾਈ ਗਈ ਸੀ ਤੇ ਨਾ ਹੀ ਉਹਦੇ ਕੋਲੋਂ ਸਿੱਖੀ ਗਈ ਸੀ।
ਇਕ ਰਾਤ ‘ਕੱਠੇ ਬੈਠੇ ਸੀ…ਆਪਣੇ ਚੌੜੇ ਸੀਨੇ ‘ਤੇ ਹੱਥ ਧਰ ਉਹ ਗੜਕਵੀਂ ਆਵਾਜ਼ ‘ਚ ਉਸ ਕਿਹਾ ਸੀ, ”ਮੈਂ ਸ਼ੂਦਰ, ਮੈਂ ਚਮਾਰ, ਮੈਂ ਪਿੰਡ ਦਾ ਸਭ ਤੋਂ ਵੱਡਾ ਜ਼ਿਮੀਦਾਰ…ਪਰ ਮੇਰੇ ਕੋਲੋਂ ਬੜਕ ਨਹੀਂ ਵੱਜਦੀ ਉਇ।”
ਮੈਂ ਉਹਦੇ ਬੋਲਾਂ ‘ਚੋਂ ਬੜਕ ਪਹਿਚਾਣ ਲਈ ਸੀ…ਪਰ ਉਹਦੇ ਕੋਲੋਂ ਆਪਣੀ ਹੀ ‘ਬੜਕ’ ਬੋਚੀ ਨਹੀਂ ਗਈ ਸੀ। ਉਹਦੀ ਉੱਚੀ ਆਵਾਜ਼ ਸੁਣ ਵੱਟ ਜਿਹਾ ਵੀ ਚੜ੍ਹਿਆ ਸੀ…ਪਰ ਫਿਰ ਵੀ ਉਹਨੂੰ ਸਮਝਾਉਂਦਿਆਂ ਕਿਹਾ ਸੀ, ”ਮਿੱਤਰਾ, ਸਾਨੂੰ ਗੁੜ੍ਹਤੀ ਦੇਣ ਵੇਲੇ ਸ਼ਹਿਦ ਹੀ ਨਹੀਂ ਚਟਾਇਆ ਜਾਂਦਾ…ਕੰਨਾਂ ਲਾਗੇ ਬੜਕ ਵੀ ਮਾਰੀ ਜਾਂਦੀ ਆ…।”
ਉਸ ਵੇਲੇ ਬੜਾ ਉਦਾਸ ਜਿਹਾ ਹੋ ਉਸ ਜਵਾਬ ਦਿੱਤਾ ਸੀ, ”ਇਨ੍ਹਾਂ ‘ਮੱਥੇ’ ‘ਚੋਂ ਨਿਕਲਿਆਂ ਨੇ ਸਾਡੀ ਬੜਕ ਖੋਹ ਲਈ ਤੇ ਤੁਸੀਂ ਪਤਾ ਨਹੀਂ ਕਿੱਥੋਂ ਨਿਕਲੇ…ਸਾਡੇ ਕੋਲੋਂ ਤਾਂ ਤੁਹਾਡੇ ਸਾਹਮਣੇ ਵੀ ਬੜਕ ਨਹੀਂ ਵੱਜਦੀ…।” ਉਹਦੀ ਇਸ ਗੱਲ ਦਾ ਜਵਾਬ ਮੇਰੇ ਕੋਲ ਵੀ ਨਹੀਂ ਦੇ ਹੋਇਆ ਸੀ।
ਇੰਦਰ ਕਈ ਵਾਰ ਮੈਨੂੰ ਕਹਿੰਦਾ ਹੁੰਦਾ ਸੀ, ”ਇਕ ਮੈਂ ਹੀ ਤੇਰਾ ‘ਜਿਗਰੀ ਯਾਰ’ ਬਾਕੀ ਸਾਰੇ ਤੇਰੇ ‘ਖਾਊ ਯਾਰ’,” ਇੰਦਰ ਦੀ ਚੇਤੇ ਆਈ ਇਹ ਗੱਲ ਮੈਨੂੰ ਹੋਰ ‘ਕੱਲਾ ਕਰ ਗਈ ਸੀ। ਤੇ ਮੈਂ ਆਪਣੀ ‘ਕੱਲ ਤੋਂ ਘਬਰਾ ਕੇ ਲਾਗੇ-ਬੰਨੇ ਦੇ ‘ਖਾਊ ਯਾਰਾਂ’ ਨੂੰ ਆਪਣੇ ਘਰ ਬੁਲਾ ਲਿਆ ਸੀ। ਅਸੀਂ ਸ਼ਤਰੰਜ ਦੀ ਬਾਜੀ ਲਾਉਣ ਲੱਗ ਪਏ ਸੀ। ਚਿੱਤ ਵੀ ਮੇਰਾ ਪਟ ਵੀ ਮੇਰਾ ਸੀ…ਪਰ ਫਿਰ ਵੀ ਕਹਿ ਹੋ ਗਿਆ ਸੀ।
”ਚਾਲ ਨਹੀਂ ਚੱਲੀ ਜਾਂਦੀ ਹੁਣ।”
”ਬੰਦਾ ‘ਕੱਲਾ ਹੀ ਹੁੰਦਾ ਬਲਵੰਤ ਸਿਆਂ।”
”ਮੇਰੇ ਕੰਨੀਂ ਝਾਕ…ਦੋ ਪੁੱਤ ਸੀ…ਦੋਵੇਂ ਪਰਦੇਸੀ ਹੋ ਗਏ…ਜਦ ਛੋਟਾ ਘਰੋਂ ਤੁਰਿਆ ਸੀ ਤਾਂ ਮੈਂ ਕਹਿ ਬੈਠਾ-ਤੂੰ ਵੀ ਤੁਰ ਚੱਲਿਉਂ ਪਰਦੇਸ…ਕੋਈ ਤਾਂ ਫੂਕਣ ਵਾਲਾ ਰਹਿ ਜਾਂਦਾ…ਅੱਗੋਂ ਮੈਨੂੰ ਬਣਾ ਸਵਾਰ ਕੇ ਕਹਿਣ ਲੱਗਾ-ਬਾਪੂ ਅਟਕ ਕੇ ਮਰੀਂ…ਏਡੀ ਛੇਤੀ ਲਾਂਬੂ ਲਾਉਣ ਨੀ ਮੁੜਿਆ ਜਾਣਾ। ਗੱਲ ਭਾਵੇਂ ਉਸ ਹਾਸੇ ‘ਚ ਕਹੀ ਸੀ ਪਰ ਇਹ ਗੱਲ ਮੇਰੇ ਸੀਨੇ ‘ਤੇ ਆਰ ਫੇਰ ਗਈ ਸੀ। ਉਂਝ ਹੁਣ ਮੋਹ ਬਥੇਰਾ ਕਰਦਾ ਮੇਰੇ ਨਾਲ…।”
”ਚੁੱਪ ਈ ਭਲੀ ਆ ਕਰਮ ਸਿਆਂ…ਝੁੱਗਾ ਚੁੱਕੋ ਤਾਂ ਆਪਣਾ ਹੀ ਢਿੱਡ ਨੰਗਾ ਹੁੰਦਾ।”
ਗੁਲਜਾਰੀ ਸਭ ਕੁਝ ਸੁਣ ਰਿਹਾ ਸੀ ਤੇ ਉਸ ਨਿਹੋਰੇ ਜਿਹੇ ਨਾਲ ਮੈਨੂੰ ਕਿਹਾ, ”ਤੇਰੇ ਮੁੰਡੇ ਨੂੰ ਸ਼ਹਿਰ ਜਾ ਕੇ ਇਤਲਾਹ ਦਿੱਤੀ ਹੈ ਕਿ ਇਸ ਪਿੰਡ ‘ਚ ‘ਸੋਸ਼ਲ ਡੈਸਟਿੰਗ’ ਨਹੀਂ ਹੁੰਦੀ।”
ਉਹਦੀ ਗੱਲ ਨੂੰ ਟੋਕਦਿਆਂ ਮੈਂ ਕਿਹਾ, ”ਉਹ ਅਨਪੜ੍ਹਾ ‘ਸੋਸ਼ਲ ਡੈਸਟਿੰਗ’ ਨਹੀਂ, ‘ਸੋਸ਼ਲ ਡਿਸਟਿੰਸਿੰਗ’ ਹੁੰਦੀ ਹੈ।” ਉਹ ਥੋੜ੍ਹਾ ਝੇਪ ਗਿਆ ਤੇ ਫਿਰ ਪੁੱਛਣ ਲੱਗਾ, ”ਪੰਜਾਬੀ ‘ਚ ਇਹਨੂੰ ਕੀ ਕਹਿੰਦੇ…।”
”ਪੰਜਾਬੀ ‘ਚ ਇਹਨੂੰ ਕਹਿੰਦੇ ਆ ‘ਪਰੇ-ਪਰੇ ਮਰੇ ਰਹੋ…ਇਕ ਦੂਜੇ ‘ਤੇ ਨਾ ਚੜ੍ਹੇ ਰਹੋ।”
ਖਚਰਾ ਜਿਹਾ ਹਾਸਾ ਹੱਸਦਿਆਂ ਗੁਲਜਾਰੀ ਬੋਲਿਆ, ”ਉਹ ਹੁਣ ਕਿੱਥੇ ਚੜ੍ਹਨ ਜੋਗੇ, ਪਰੇ ਹੀ ਮਰੇ ਰਹੀਦਾ…। ਇਸ ਉਮਰੇ ਸੰਦੂਕ ਖ਼ਾਲੀ ਆ।”
ਉਹਦੀ ਗੱਲ ਸੁਣ ਸਾਨੂੰ ਢਿੱਡੀਂ ਪੀੜਾਂ ਪੈ ਗਈਆਂ ਸੀ। ਹੱਸਦਿਆਂ-ਹੱਸਦਿਆਂ ਹੀ ਕਰਮ ਸਿਹੁੰ ਨੇ ਕਿਹਾ, ”ਦੁਨੀਆ ਨੂੰ ਕਰੋਨਾ ਨੇ ਵਖ਼ਤ ਪਾਇਆ ਤੇ ਤੂੰ ਆਪਣੀ ‘ਲੀਲਾ’ ਦੱਸਣ ਬਹਿ ਜਾ।”
”ਤੇ ਲੀਲਾ ਈ ਉਹ ਜਿਹਦੇ ‘ਚ ਕੋਈ ਰਾਸ ਨਹੀਂ।”
ਟਿੱਚਰ-ਮਖ਼ੌਲ ਕਰ ਹੀ ਰਹੇ ਸੀ ਕਿ ਬੌਂਦਲਿਆ ਜਿਹਾ ਭਈਆ ਅੰਦਰ ਆ ਧਮਕਿਆ, ”ਸਰਦਾਰ ਜੀ ਖੇਤ ਮੇਂ ਕਰੋਨਾ ਦੇਖੀ ਮੈਂਨੇ…।”
”ਉਹ ਸਹੁਰੀ ਦਿਆ…ਕਰੋਨਾ ਕੋਈ ਗਾਜਰ ਮੂਲੀ ਆ…ਜੋ ਖੇਤਾਂ ‘ਚ ਉੱਗਦਾ।”
”ਨਾ ਸਰਦਾਰ ਜੀ…ਮੇਰੇ ਸਾਥ ਆਉ…ਜੈਸਾ ਟੀ.ਵੀ. ਮੇਂ ਦਿਖਤੀ ਕਰੋਨਾ…ਵੈਸਾ ਦੇ ਖੀ ਮੈਂਨੇ…।” ਭਈਏ ਦੇ ਕਹਿਣ ‘ਤੇ ਅਸੀਂ ਸਾਰੇ ਖੇਤਾਂ ਵੱਲ ਨੂੰ ਹੋ ਤੁਰੇ…। ਵਾਕਿਆ ਹੀ ਬਿਲਕੁਲ ਕਰੋਨਾ ਹੀ ਤਾਂ ਸੀ। ਕਰਮ ਸਿੰਘ ਜੋ ਹਮੇਸ਼ਾ ਡੱਬ ‘ਚ ਪਿਸਤੌਲ ਰੱਖਦਾ ਸੀ, ਗੁੱਸੇ ‘ਚ ਬੋਲਿਆ-”ਲੈ ਸਾਲੇ ਦਾ ਅੱਜ ਹੀ ਘੋਗਾ ਚਿੱਤ ਕਰ ਦੇਂਦੇ ਆ…ਵਖ਼ਤ ਪਾਇਆ ਇਹਨੇ ਸਭ ਨੂੰ…।”
”ਉਹ…ਖੜ੍ਹ ਜਾ…ਖੜ੍ਹ ਜਾ…ਐਵੇਂ ਗੱਲ-ਗੱਲ ‘ਤੇ ਪਿਸਤੌਲ ਕੱਢ ਕੇ ਬਹਿ ਜਾਂਦਾ…ਕਰੋਨਾ ਤਾਂ ਬੰਦੇ ਦੇ ਅੰਦਰ ਹੁੰਦਾ…ਖੇਤਾਂ ‘ਚ ਨਹੀਂ।” ਸਿਆਣਾ ਜਿਹਾ ਬਣ ਮੈਂ ਫਿਰ ਸਮਝਾਇਆ। ਕਰਮ ਸਿੰਘ ਨੂੰ ਪਤਾ ਨਹੀਂ…ਕਿਹੜੀ ਖਿਝ ਸੀ…ਉਸ ਫਾਇਰ ਕਰ ਦਿੱਤੇ। ਦੂਰ ਖਲੋਤੇ ਥਰਮੋਕੋਲ ਦੇ ਫੰਭੇ ਹਵਾ ‘ਚ ਉੱਡੇ…ਦੂਰ ਖਲੋਤੇ ਬੱਚੇ ਜੋ ਸਭ ਕਾਸੇ ਨੂੰ ਵੇਖ ਰਹੇ ਸੀ, ‘ਅਪ੍ਰੈਲ ਫੂਲ’ ਕਹਿ ਕੇ ਸ਼ੂਟਾਂ ਵੱਟ ਕੇ ਦੌੜ ਆਏ…। ਕਰਮ ਸਿੰਘ ਨੇ ਦੂਰੋਂ ਹੀ ਉਨ੍ਹਾਂ ਨੂੰ ਦਬਕਾਇਆ ਤੇ ਫਿਰ ਬੋਲੀ ਪਾ ਬਾਘੀਆਂ ਪਾਉਣ ਲੱਗ ਪਿਆ-
ਝੋਨਾ ਝੋਨਾ ਝੋਨਾ
ਤਲਾਵੇ ਵਾਲੇ ਕਰਮ ਸਿਹੁੰ ਨੇ
ਭੁੰਨ ਸੁੱਟਿਆ ਈ ਅੱਜ ਕਰੋਨਾ
ਕਿੰਨੇ ਦਿਨਾਂ ਬਾਅਦ ਖੁੱਲ੍ਹ ਕੇ ਹੱਸੇ ਸੀ। ਖੇਤਾਂ ਤੋਂ ਘਰ ਮੁੜ ਆਏ ਸੀ ਤਾਂ ਕ੍ਰਿਸ਼ਨਾ ਪੁੱਛਣ ਲੱਗਾ, ”ਸਰਦਾਰ ਜੀ, ਖਾਣਾ ਕੇ ਸਾਥ ਕੌਣ ਸੀ ਸਬਜ਼ੀ ਬਣਾਊਂ।” ”ਯੇ ਸਾਲਾ ਕਰੋਨਾ ਹੀ ਬਣਾ ਲੇ ਔਰ ਮੁਝੇ ਖਿਲਾ ਦੇ…ਸਾਰਾ ਸਿਆਪਾ ਹੀ ਮੁੱਕ ਜੇ।” ”ਸਰਦਾਰ ਜੀ, ਤੁਮ ਤੋ ਗੁੱਸਾ ਹੋ ਗੀ।” ”ਕਮਲਿਆ ਤੇਰੇ ਨਾਲ ਗੁੱਸਾ ਨਹੀਂ ਹੋਣਾ…ਤੂੰ ਹੀ ਤਾਂ ਮੈਨੂੰ ਆਪਣਾ ਲੱਗੇ।” ”ਸਰਦਾਰ ਜੀ, ਤੂੰ ਜੀਅ ਛੋਟਾ ਕਰੀਂ…ਮੈਂ ਹੂੰ ਨਾ ਯਹਾਂ…।” ”ਗੱਲ ਸੁਣ…ਛੋਟੇ ਸਰਦਾਰ ਨੂੰ ਨਹੀਂ ਦੱਸਣਾ…ਏਥੇ ਕੌਣ-ਕੌਣ ਆਤਾ।” ”ਮੈਂ ਕਮਲਾ ਨਹੀਂ…ਛੋਟੇ ਸਰਦਾਰ ਕਾ ਫੋਨ ਆਈ ਥੀ…ਮੈਂ ਝੂਠ ਬੋਲੀ ਉਸ ਸੇ…ਕਿ ਬੜਾ ਸਰਦਾਰ ਕਹੀਂ ਨਹੀਂ ਜਾਤਾ…ਔਰ ਨਾ ਹੀ ਕਿਸੀ ਕੋ ਘਰ ਮੇਂ ਬੁਲਾਤਾ।”
”ਕ੍ਰਿਸ਼ਨਾ ਦੋ ਬਾਤ ਯਾਦ ਰੱਖੀਂ…ਇਕ ਛੋਟੇ ਸਰਦਾਰ ਕੋ ਸੱਚ ਨਹੀਂ ਬਤਾਨਾ…।” ਦੂਜੀ ਗੱਲ ਅਜੇ ਮੇਰੇ ਮੂੰਹ ‘ਚ ਹੀ ਸੀ ਕਿ ਕ੍ਰਿਸ਼ਨਾ ਬੋਲਿਆ, ”ਜੋ ਭੀ ਛੋਟਾ ਸਰਦਾਰ ਬਾਤ ਕਹੇ…ਉਸਸੇ ਉਲਟ ਕਾਮ ਕਰਨਾ।” ਉਸਦੀ ਇਸ ਗੱਲ ‘ਤੇ ਮੈਂ ਖਿੜਖਿੜਾ ਕੇ ਹੱਸ ਪਿਆ…।”
* * *
ਦਿਨ ਲੰਘੀ ਜਾ ਰਹੇ ਸੀ। ਪਰ ਕਰੋਨਾ ਦੀ ਦਹਿਸ਼ਤ ਉਸੇ ਤਰ੍ਹਾਂ ਬਰਕਰਾਰ ਸੀ। ਮਹੀਨੇ ਕੁ ਤਕ ਝੋਨੇ ਦੀ ਲਵਾਈ ਸ਼ੁਰੂ ਹੋ ਗਈ ਸੀ ਪਰ ਦਿਹਾੜੀਏ ਤਾਂ ਭਾਲਿਆਂ ਨਹੀਂ ਲੱਭਦੇ ਸੀ। ‘ਲਹਿੰਦੀ ਪੱਤੀ’ ਵਾਲਿਆਂ ਦੇ ਅੱਧਿਉਂ ਜ਼ਿਆਦਾ ਘਰ ਨਰੇਗਾ ‘ਤੇ ਲੱਗੇ ਸੀ। ਭਈਏ ਵੀ ਕਰੋਨਾ ਤੋਂ ਡਰਦੇ ਆਪਣੇ ਦੇਸ਼ ਨੂੰ ਹੋ ਤੁਰੇ ਸੀ। ਦਿਹਾੜੀਦਾਰਾਂ ਦਾ ਕਾਲ ਪੈ ਗਿਆ ਸੀ। ਇਕ ਦਿਨ ਕ੍ਰਿਸ਼ਨਾ ਨੂੰ ਮੈਂ ਸੁਭਾਇਕੀ ਪੁੱਛ ਬੈਠਾ, ”ਕ੍ਰਿਸ਼ਨਾ, ਆਪਣੇ ਗਾਂਵ ਨਹੀਂ ਜਾਣਾ…।”
”ਸਰਦਾਰ ਜੀ ਮਨ ਤੋ ਹੈ…ਪਰ ਤੂੰ ਕੱਲਾ ਹੋ ਜਾਈ…।” ਉਸ ਦਿਨ ਕ੍ਰਿਸ਼ਨਾ ‘ਤੇ ਬੜਾ ਮੋਹ ਆਇਆ ਸੀ ਤੇ ਮੈਂ ਕ੍ਰਿਸ਼ਨਾ ਨੂੰ ਨਾਲ ਲੈ ਕੇ ਪਿੰਡ ਦਾ ਗੇੜਾ ਮਾਰਨ ਤੁਰ ਪਿਆ।
‘ਲਹਿੰਦੀ ਪੱਤੀ’ ਦੇ ਘਰਾਂ ਵੱਲ ਵੇਖ ਮਨ ਨੂੰ ਤਸੱਲੀ ਹੁੰਦੀ ਆ। ਇੰਦਰ ਦੀ ‘ਸਰਕਾਰੇ ਦਰਬਾਰੇ’ ਪਹੁੰਚ ਸੀ। ਮੇਰਾ ਵੀ ਅਸਰ ਰਸੂਖ ਚੰਗਾ ਸੀ। ਅਸੀਂ ਦੋਵਾਂ ਨੇ ਮਿਲ ਕੇ ਕਈ ਟੱਬਰਾਂ ਨੂੰ ਘਰ ਛੱਤਣ ਲਈ ਥਾਂ ਅਲਾਟ ਕਰਵਾਏ ਸੀ। ਸਰਪੰਚ ਬਣਨ ‘ਤੇ ਮੈਂ ਹੀ ‘ਲਹਿੰਦੀ ਪੱਤੀ’ ਵਾਲਿਆਂ ਦੇ ਸਭ ਗਲੀਆਂ ਤੇ ਨਾਲੀਆਂ ਪੱਕੀਆਂ ਕਰਵਾਈਆਂ ਸੀ। ਮੇਰੇ ਕੰਮਾਂ ਨੂੰ ਵੇਖ ਇੰਦਰ ਹਮੇਸ਼ ਮੇਰਾ ਮੋਢਾ ਥਾਪੜਦਾ ਤੇ ਇੰਦਰ ਕਰਕੇ ਹੀ ‘ਲਹਿੰਦੀ ਪੱਤੀ’ ਵਾਲਿਆਂ ਦੀਆਂ ਸਾਰੀਆਂ ਵੋਟਾਂ ਮੇਰੀਆਂ ਸੀ। ਜਦ ਵਿਹੜੇ ਵਾਲਿਆਂ ਦੀਆਂ ਨੂੰਹਾਂ ਧੀਆਂ ਮੇਰੇ ਪੈਰੀਂ ਹੱਥ ਲਾਉਂਦੀਆਂ ਤਾਂ ਮੈਂ ਮਾਨ ਨਾਲ ਭਰ ਜਾਂਦਾ। ਜਦ ਦੀ ਸਰਪੰਚੀ ਮਿਲੀ ਸੀ, ਸਹੁਰਿਉਂ ਆਈਆਂ ਕੁੜੀਆਂ ਨੂੰ ਮੈਂ ਸ਼ਗਨ ਦੇਣਾ ਨਾ ਭੁੱਲਦਾ। ਜਦ ਕੋਈ ਬਜ਼ੁਰਗ ਕਹਿੰਦਾ, ”ਤੂੰ ਤਾਂ ਭਾਈ ਸਾਡੀ ‘ਉੜਾਂ ਥੁੜਾਂ’ ‘ਚ ਬਾਂਹ ਫੜਨ ਵਾਲਾ…” ਇਹੋ ਜਿਹੇ ਵੇਲੇ ਮੈਂ ਆਪਣੇ ਆਪ ਨੂੰ ਮਹਾਰਾਜਾ ਰਣਜੀਤ ਸਿੰਘ ਤੋਂ ਘੱਟ ਨਾ ਸਮਝਦਾ ਤੇ ਜਦ ਵੀ ਮੈਂ ‘ਲਹਿੰਦੀ ਪੱਤੀ’ ਵੱਲ ਜਾਂਦਾ…ਪ੍ਰਸਿੰਨੀ ਚਾਚੀ ਦੇ ਘਰ ਜਾਣਾ ਨਾ ਭੁੱਲਦਾ। ਸਾਰੀ ਉਮਰ ਉਸ ਸਾਡੇ ਘਰ ਦੇ ਲੇਖੇ ਲਾ ਦਿੱਤੀ ਸੀ। ਮੇਰੀ ਮਾਂ ਦਾ ਰੋਗ ਅਸਾਧ ਸੀ ਤੇ ਮੈਂ ਉਹਦੇ ਹੀ ਹੱਥਾਂ ‘ਚ ਜੰਮ ਪਲ ਕੇ ਜਵਾਨ ਹੋਇਆ ਸੀ। ਉਹਦੇ ਵਿਹੜੇ ਪੈਰ ਪਾਉਂਦਿਆਂ ਹੀ ਮੈਂ ਪੁੱਛਿਆ-”ਤਗੜੀ ਆਂ ਚਾਚੀ।”
”ਆਹੋ ਪੁੱਤ, ਚੰਗੀ ਭਲੀ ਆਂ…ਪੁੱਤ ਤੂੰ ਵੀ ਗਰਦੌਰੀ ਥੋੜ੍ਹੀ ਘੱਟ ਕਰਿਆ ਕਰ…ਇਹੋ ਜਿਹੇ ਵੇਲੇ…ਐਵੇਂ ਲੋਕਾਂ ਦੇ ਭਲੇ ਕਰਦਾ ਆਪਣਾ ਨੁਕਸਾਨ ਨਾ ਕਰਵਾ ਲਵੀਂ।”
ਚਾਚੀ ਹਮੇਸ਼ਾ ਮੇਰਾ ਇੰਜ ਹੀ ਫ਼ਿਕਰ ਕਰਦੀ ਸੀ। ਉਹ ਮਾਂ ਨਹੀਂ ਸੀ…ਪਰ ਮਾਂ ਤੋਂ ਘੱਟ ਵੀ ਨਹੀਂ ਸੀ।
”ਲੈ ਚਾਚੀ ਵਰਤ-ਖਰਚ ਲਈਂ…।”
”ਪੁੱਤ ਵੱਡੀਆਂ-ਵੱਡੀਆਂ ਉਮਰਾਂ ਹੋਵਣ…ਪਤਾ ਨਹੀਂ ਕਿਹੜੇ ਜਨਮਾਂ ਦਾ ‘ਲੇਖਾ-ਸਾਬ’ ਆ ਤੇਰਾ ਤੇ ਮੇਰਾ…।”
”ਚਾਚੀ ਪੁੱਤਾਂ ਨਾਲ ਵੀ ਕੋਈ ‘ਲੇਖੇ-ਸਾਬ’ ਹੁੰਦੇ। ਮਾਰੀਂ ਕਦੇ ਘਰ ਵੱਲ ਗੇੜਾ।”
”ਆਊਂਗੀ ਪੁੱਤ…ਆ ਚੰਦਰੀ ਬਿਮਾਰੀ ਨੇ ਜਾਨ ਲੈਣੀ ਕੀਤੀ ਊ।”
ਵਾਕਿਆ ਈ ਇਸ ਚੰਦਰੀ ਬਿਮਾਰੀ ਨੇ ਸਭ ਨੂੰ ਡਰਾ ਛੱਡਿਆ ਸੀ। ਝੋਨੇ ਦੀ ਲੁਆਈ ਸਿਰ ‘ਤੇ ਸੀ ਤੇ ਭਈਏ ਆਪਣੇ ਦੇਸ ਵੱਲ ਨੂੰ ਹੋ ਤੁਰੇ ਸੀ। ‘ਚੜ੍ਹਦੀ ਪੱਤੀ’ ਵਾਲਿਆਂ ਨੇ ‘ਲਹਿੰਦੀ ਪੱਤੀ’ ਵੱਲ ਨੂੰ ਰੁਖ ਕੀਤਾ। ‘ਲਹਿੰਦੀ ਪੱਤੀ’ ਦੇ ਮੋਹਤਬਰਾਂ ਨੇ ਆਪਣੇ ਬੰਦਿਆਂ ਦੀ ਦਿਹਾੜੀ ਦੱਸ ਦਿੱਤੀ ਸੀ। ਪਹਿਲਾਂ ਦੇ ਮੁਕਾਬਲੇ ਦਿਹਾੜੀ ਬਹੁਤ ਜ਼ਿਆਦਾ ਸੀ। ਪਰ੍ਹੇ-ਪੰਚਾਇਤਾਂ ‘ਚ ਬੈਠ ਕੇ ਮਸਲੇ ਨੂੰ ਸੁਲਝਾਉਣਾ ਚਾਹਿਆ ਸੀ ਪਰ ਦੋਵੇਂ ਧਿਰਾਂ ਟਸ ਤੋਂ ਮਸ ਨਾ ਹੋਈਆਂ। ਤੇ ਮੈਂ ‘ਲਹਿੰਦੀ ਪੱਤੀ’ ਦੇ ਮੋਹਤਬਰਾਂ ਨੂੰ ਬਸ ਏ ਨਾ ਹੀ ਕਿਹਾ ਸੀ, ”ਗੱਲ ਸੁਣੋ ਭਰਾਵੋ, ਨਗਰ-ਖੇੜੇ ‘ਚ ਪਈ ਬਿਪਤਾ ਨੂੰ ਮਿਲ-ਜੁਲ ਕੇ ਨਜਿੱਠ ਲਈਏ।”
”ਉਹ ਆਪਾਂ ਕਿਹੜਾ ਤੁਹਾਡੇ ਤੋਂ ਭੱਜੇ ਆਂ…ਸਰਪੰਚ ਸਾਹਿਬ, ਤੁਸੀਂ ਸਾਡੀ ਮੰਨ ਲਉ…ਅਸੀਂ ਤੁਹਾਡੀ ਮੰਨ ਲੈਂਦੇ ਹਾਂ…।”
ਉਸ ਦਿਨ ਪਹਿਲੀ ਵਾਰ ਆਪਣੇ ਹੀ ਪਿੰਡ ਦੇ ਲੋਕ, ਮੈਨੂੰ ਓਪਰੇ ਜਿਹੇ ਲੱਗੇ ਤੇ ਮੈਂ ਨਿੰਮੋਝੂਣਾ ਜਿਹਾ ਹੋ ਘਰ ਆ ਗਿਆ।
* * *
”ਸਰਦਾਰ ਜੀ, ਚੁੱਪ-ਚੁੱਪ ਕਿਉਂ ਬੈਠੇ।”
”ਚੁੱਪ ਨੂੰ ਸਾਲਿਆ ਹੋਰ ਮੈਂ ਭੰਗੜੇ ਪਾਵਾਂ…ਝੋਨੇ ਦੀ ਲੁਆਈ ਸਿਰ ‘ਤੇ ਆ…ਬੰਦਾ ਕੋਈ ਮਿਲ ਨਹੀਂ ਰਹਾ…ਤੁਮ ਭੀ ਆਸੇ ਪਾਸੇ ਦੀ ਬਿੜਕ ਰੱਖਾ ਕਰ…ਜੇ ਕਿਸੇ ਪਾਸਿਉਂ ਭਈਓਂ ਕਾ ਇੰਤਜ਼ਾਮ ਹੋ ਜੇ…ਖੇਤਾਂ ‘ਚ ਜਾ…।”
ਅਜੇ ਮੈਂ ਚਾਰ ਸਿਆੜ ਹੀ ਕੱਢੇ ਸੀ ਤੇ ਮੈਨੂੰ ਸਾਹ ਚੜ੍ਹਣ ਲੱਗ ਪਿਆ ਸੀ।
”ਸਰਦਾਰ ਜੀ ਬੰਦਾ ਕੋਈ ਨੀ ਹੈਗੀ…ਕੰਮ ਬਹੁਤ ਪੈਂਦੀ…ਤੂੰ ਮੈਨੂੰ ਗੁੱਸੇ ਹੁੰਦੀ ਰਹਿੰਦੀ…।” ਫਿਰ ਦੂਰ ਦਲੀਪੇ ਹੁਰਾਂ ਦੇ ਖੇਤਾਂ ਵੱਲ ਵੇਖ ਕੇ ਕਹਿਣ ਲੱਗਾ, ”ਸਰਦਾਰ ਜੀ ‘ਭੋਲੇ ਔਰ ਮਧੂ’ ਕੋ ਲੈ ਆਊਂ।”
”ਇਹ ਵੀ ਕੋਈ ਪੂਛਨੇ ਵਾਲੀ ਗੱਲ ਹੈ…ਜਲਦੀ ਜਾ ਤੇ ਲੈ ਕੇ ਆ।” ਮੈਂ ਉਸ ਵੇਲੇ ਉਹਨੂੰ ਭੇਜ ਕੇ ਧਰਤੀ ਮਾਂ ਨੂੰ ਮੱਥਾ ਟੇਕਿਆ ਤੇ ਸ਼ੁਕਰ ਮਨਾਇਆ ਕਿ ਕਾਮੇ ਆ ਗਏ…।
ਕ੍ਰਿਸ਼ਨਾ ਭੱਜ ਕੇ ਬੀਬੀ ਵਾਲੇ ਕਮਰੇ ‘ਚ ਗਿਆ ਤੇ ਉਥੋਂ ਈ ਵਾਪਸ ਆ ਗਿਆ। ਮੈਂ ਉੱਚੀ ਆਵਾਜ਼ ਦੇ ਕੇ ਕਿਹਾ, ”ਹੁਣ…ਉਨ੍ਹਾਂ ਕੁਝ ਲੱਗਦਿਆਂ ਨੂੰ ਲੈ ਆ…ਰਾਹ ਵਿਚੋਂ ਹੀ ਮੁੜ ਆਇਆ…।” ਕ੍ਰਿਸ਼ਨਾ ਦੂਰੋਂ ਹੀ ਸੈਨਤਾਂ ਜਿਹੀਆਂ ਮਾਰੀ ਜਾਵੇ…ਜਿਹੜੀਆਂ ਮੇਰੇ ਪੱਲੇ ਨਾ ਪਈਆਂ। ਮੇਰੇ ਕੋਲ ਆ ਕੇ ਲਫਾਫੀਆਂ ਜਿਹੀਆਂ ਖੋਲ੍ਹ ਕੇ ਕਹਿਣ ਲੱਗਾ, ”ਸਰਦਾਰ ਜੀ…ਯੇਹ ਖਾ ਲੋ…ਜੋ ਹਰ ਦਸ-ਮਿੰਟ ਬਾਅਦ ਵੱਟ ਪੇ ਬੈਠ ਕਰ ਹੋਂਅ-ਹੋਂਅ ਕਰਨ ਲੱਗ ਜਾਏ…ਇਸ ਕੋ ਖਾਏ ਸੇ ਬੰਦ ਹੋ ਜਾਏ।”
”ਉਹ ਤੇਰੀ ਭਲੀ ਹੋ ਜੇ…ਮੈਂ ਕੁਝ ਸਮਝ ਬੈਠਾ ਤੇ ਤੂੰ ਆਹ ‘ਗੰਦ-ਪਿਲ’ ਮੇਰੇ ਅੱਗੇ ਲਿਆ ਧਰਿਆ।”
”ਸਰਦਾਰ ਜੀ ‘ਗੰਦ-ਪਿਲ’ ਮਤ ਬੋਲੋ…’ਮਧੂ ਔਰ ਭੋਲੇ’ ਕੋ…ਬੜੀ ਮਸਤ ਚੀਜ਼ ਹੈ…ਅੰਦਰ ਜਾਤੇ ਹੀ ਸਭ ਕੁਝ ਮਸਤ ਕਰ ਦੇਤੀ…।”
ਪਰ ਮੇਰੇ ਕੋਲੋਂ ਮਸਤ ਨਾ ਹੋਇਆ ਗਿਆ। ਪੁੱਤ ਦੀ ਬੇਰੁਖੀ ਮੈਨੂੰ ਉਦਾਸ ਕਰ ਗਈ ਸੀ ਤੇ ਪਿੰਡ ਵਾਲਿਆਂ ਦੀ ਖਿੱਚੋਤਾਣ ਮੈਨੂੰ ਪ੍ਰੇਸ਼ਾਨ ਕਰ ਗਈ ਸੀ। ਅਗਲੇ ਦਿਨ ਫਿਰ ਪੰਚਾਇਤ ਬੈਠੀ ਸੀ…ਦੋਹਾਂ ਧਿਰਾਂ ਦੀ ਕਾਵਾਂਰੌਲੀ ਨੇ ਗੱਲ ਕਿਸੇ ਤਣ-ਪਤਣ ਨਹੀਂ ਲੱਗਣ ਦਿੱਤੀ ਸੀ। ਲਹਿੰਦੀ ਪੱਤੀ ਵਾਲਿਆਂ ਫਿਰ ਗੱਲ ਦੁਹਰਾਈ ਸੀ, ”ਆਪਾਂ ਕਿਹੜਾ ਤੁਹਾਡੇ ਤੋਂ ਭੱਜੇ ਆਂ, ਪਰ ਦਿਹਾੜੀ ਸਾਡੀ ਮਰਜ਼ੀ ਦੀ ਹੋਊ…ਇਸ ਵਾਰ।” ਏਨਾ ਆਖ ਉਹ ਉੱਠ ਤੁਰੇ ਸੀ ਤੇ ਪਿੱਛੇ ਰਹਿ ਗਏ ‘ਚੜ੍ਹਦੀ ਪੱਤੀ’ ਵਾਲੇ ਆਪਣਾ ਗੁੱਭ ਗੁਲਾਟ ਕੱਢਣ ਬਹਿ ਗਏ।
”ਨਰੇਗਾ ਦੀ ਦਿਹਾੜੀ ਜੂ ਪਾਉਂਦੇ ਹੋਏ…ਵੇਖ ਕਿਵੇਂ ਗੱਲਾਂ ਆਉਂਦੀਆਂ…ਬਰੋਬਰ ਬਹਿ ਕੇ।” ਇਕ ਨੇ ਕਿਹਾ।
”ਆਟਾ…ਦਾਲ ਸਕੀਮ ਨੇ ਚੌੜ ਕਰ ਦਿੱਤਾ ਸਭ ਨੂੰ…ਸ਼ੁਕਰ ਕਰੋ ਭਰਾਵੋ ਸਾਰੇ ਨੀ ਨਰੇਗਾ ਤੇ…ਊਂ ਇਹ ਜਾਤ ਭੁੱਖੀ ਮਰਦੀ ਹੀ ਚੰਗੀ।” ਦੂਜੇ ਨੇ ਹਾਮੀ ਭਰੀ।
”ਚਾਰ ਅੱਖਰ ਪੜ੍ਹ ਕੀ ਗਏ…ਅਣਖ ਦੀਆਂ ਗੱਲਾਂ ਕਰਨ ਲੱਗ ਪਈ ਮੁੰਡੀਰ…’ਮਰੀਕਾ ਵਾਲੇ ਦੇ ਡਾਲਰਾਂ ਨੇ ਮਛਰਾ ਦਿੱਤੇ ਬਹੁਤਾ…ਜਦ ਘਰ ਭੰਗ ਭੁੱਜੀ…ਫਿਰ ਪਤਾ ਲੱਗੂ…।” ਤੀਜੇ ਨੇ ਵੀ ਤੀਲ੍ਹੀ ਲਾਈ।
”ਨਿਆਣੇ ਸਾਰਿਆਂ ਦੇ ਬਾਹਰ ਬੈਠੇ ਆ…ਇਨ੍ਹਾਂ ਬਿਨਾਂ ਆਪਾ ਕਾਸੇ ਜੋਗੇ ਨਈਂ…ਥੋੜ੍ਹੀ ਬਹੁਤ ਦਿਹਾੜੀ ਵਧਾ ਦੇਂਦੇ ਆਂ…। ਐਵੇਂ ਨਿੱਤ ਦਾ ਕਲੇਸ਼ ਚੰਗਾ ਨਹੀਂ ਹੁੰਦਾ…।” ਸਿਆਣੇ ਬੰਦੇ ਨੇ ਸਿਆਣੀ ਸਲਾਹ ਦਿੱਤੀ।
”ਜਾਹ ਚਾਚਾ ਬਹੁਤੀਆਂ ਸਿਆਣਪਾਂ ਨਾ ਘੋਟ…ਫਿਰ ਕੀ ਆ…ਜੇ ਨਿਆਣੇ ਬਾਹਰ ਬੈਠੇ…ਆਪਾਂ ਸਾਰੇ ਰਲ-ਮਿਲ ਕੇ ਲਾ ਲਵਾਂਗੇ ਝੋਨਾ…।” ਕਿਸੇ ਅੱਧਖੜ ਨੇ ਸਿਆਣੇ ਬੰਦੇ ਦੀ ਗੱਲ ਰਫ਼ਾ-ਦਫ਼ਾ ਕਰ ਦਿੱਤੀ।
”ਨਾ ਗੱਲ ਸੁਣ ਮੇਰੀ…ਆਹ ਜਿਹੜੀ ਕਵਿੰਟਲ ਦੀ ਗੋਗੜ ਕੱਢੀ ਫਿਰਦਾਂ…ਝੋਨਾ ਲਾਉਣਾ ਤਾਂ ਦੂਰ ਦੀ ਗੱਲ…ਤੇਰੇ ਕੋਲੋਂ ਪਾਣੀ ਦਾ ਨੱਕਾ ਵੀ ਮੋੜ ਨਹੀਂ ਹੋਣਾ…।” ਸਿਆਣੇ ਬੰਦੇ ਦੀ ਸਿਆਣੀ ਗੱਲ ਸਭ ਨੂੰ ਚੁੱਪ ਕਰਾ ਗਈ ਸੀ। ਪਰ ਉਨ੍ਹਾਂ ਦੀ ਅੜੀ ਨੂੰ ਕਿਸੇ ਪਾਸੇ ਨਾ ਲਾ ਸਕੀ। ਫਿਰ ਮੈਨੂੰ ਆਪਣੇ ਯਾਰ ਦਾ ਅਮਰੀਕਾ ਬੈਠਾ ਪੁੱਤ ਯਾਦ ਆਇਆ ਸੀ। ਇਨ੍ਹਾਂ ਸਭ ਦੀ ਮੱਤ ਨੂੰ ਉਹ ਹੀ ਟਿਕਾਣੇ ਲਿਆ ਸਕਦਾ।”
”ਪਰ ਕੁਝ ਸਿਰਫਿਰਿਆਂ ਦੀ ਮੱਤ ਨੇ ਚੜ੍ਹਦੀ ਪੱਤੀ ਦੇ ਗੁਰਦੁਆਰੇ ਤੋਂ ਅਨਾਊਂਸਮੈਂਟ ਕਰਾ ਦਿੱਤੀ ਸੀ-”ਸਾਡੇ ਲੱਖ ਬੁਲਾਉਣ ‘ਤੇ ਵੀ ਤੁਸੀਂ ਨਹੀਂ ਆਏ। ਅੱਗੇ ਤੋਂ ਤੁਹਾਡਾ ਸਾਡੇ ਖੇਤਾਂ ਵਿਚ ਆਉਣਾ ਬੰਦ…ਤੇ ਨਾ ਹੀ ਸਾਡੇ ਖੇਤਾਂ ਨੂੰ ਆਪਣੇ ਜ਼ਰੂਰੀ ਕੰਮਾਂ ਲਈ ਵਰਤੋਗੇ।”
ਉਸੇ ਸ਼ਾਮ ਲਹਿੰਦੀ ਪੱਤੀ ਵਾਲਿਆਂ ਵੀ ਆਪਣੇ ਗੁਰਦੁਆਰੇ ਤੋਂ ਮੋੜਵਾਂ ਜਵਾਬ ਦਿੱਤਾ, ”ਦਿਹਾੜੀ ਕਰਦੇ ਆਂ…ਅਸੀਂ ਕੋਈ ਭੀਖ ਨਹੀਂ ਮੰਗਦੇ…ਜੇ ਤੁਹਾਡੇ ਖੇਤ ਸਾਨੂੰ ਨਹੀਂ ਝੱਲਦੇ ਤਾਂ ਬਾਕੀ ਪਿੰਡਾਂ ਦੇ ਖੇਤ ਸਹੀ। ਜੇ ਤੁਹਾਨੂੰ ਕੋਈ ਲਿਹਾਜ ਨਹੀਂ ਤਾਂ ਸਾਨੂੰ ਵੀ ਤੁਹਾਡਾ ਹੇਜ਼ ਨਹੀਂ।”
ਅਨਾਊਂਸਮੈਂਟ ਸੁਣ ਮੇਰੇ ਅੰਦਰੋਂ ਕੁਝ ਕੜੱਕ ਕਰਕੇ ਟੁੱਟਾ ਸੀ। ਗੁੱਸਾ ਵੀ ਆਇਆ ਸੀ ‘ਲਹਿੰਦੀ ਪੱਤੀ’ ਵਾਲਿਆਂ ‘ਤੇ। ਪਰ ਅਗਲੇਰੀ ਸਰਪੰਚੀ ਸਿਰ ‘ਤੇ ਸੀ। ਤੇ ਮੈਂ ਆਪਣੇ ਗੁੱਸੇ ਨੂੰ ਜ਼ੀਰਦਿਆਂ ‘ਲਹਿੰਦੀ ਪੱਤੀ’ ਵਾਲਿਆਂ ਦੇ ਘਰ ਰਾਸ਼ਣ ਭਿਜਵਾ ਦਿੱਤਾ ਸੀ। ਪਰ ‘ਲਹਿੰਦੀ ਪੱਤੀ’ ਵਾਲਿਆਂ ਦੇ ਕੁਝ ਪਾੜਿਆਂ ਦੀ ‘ਈਗੋ’ ਨੂੰ ਸੱਟ ਪਹੁੰਚੀ ਸੀ…ਤੇ ਉਨ੍ਹਾਂ ਰਾਸ਼ਣ ਲੈਣ ਤੋਂ ਇਨਕਾਰ ਕਰ ਦਿੱਤਾ ਸੀ।
ਤਾਈ ਪ੍ਰਸਿੰਨੀ ਨੇ ਉਹਨੂੰ ਬਾਂਹੋਂ ਫੜ ਲਿਆ, ”ਪਾੜਿਆ ਆਹ ਜਿਹੜੀ ‘ਇਗੋ ਇਗੋ’ ਕਰਦਾ ਰਹਿੰਦਾ…ਇਹਦੇ ਨਾਲ ਮੱਥਾ ਤਾਂ ਡੰਮਿਆ ਜਾਊ…ਪਰ ਇਹਦੇ ਨਾਂਲ ਢਿੱਡ ਨਹੀਉਂ ਡੰਮਿਆ ਜਾਣਾ…।”
”ਲ ਤਾਈ…ਤੈਨੂੰ ਕੀ ਪਤਾ…ਸਾਡੀ ਵੀ ਅਣਖ ਦਾ ਸਵਾਲ ਆ…।” ”ਜੈ ਵੱਡੀ ਦਿਆ…ਅਣਖ ਨੂੰ ਟੰਮਣ ਚਾੜ ਛੱਡ…ਟੱਬਰ ਭਾਵੇਂ ਘਰ ਭੁੱਖਾ ਮਰ ਜੇ।” ”ਕਿਤੇ ਨੀ ਭੁੱਖੇ ਮਰਦੇ ਤਾਈ…ਲੌਕਡਾਊਨ ‘ਚ ਬਥੇਰੇ ਪਾਸਿਉਂ ਦਾਣੇ ਆਏ…ਸਰਪੰਚ ਸਾਹਿਬ…ਹੁਣ ਹਰ ਕੋਠੀ ਦਾਣੇ ਤੇ ਸਾਡੇ ਵਰਗੇ ਮਾਤੜ ਵੀ ਸਿਆਣੇ…।” ਉਹਦੀ ਗੱਲ ਬੋਚਦਿਆਂ ਮੈਂ ਕਿਹਾ, ”ਬਿਲਕੁਲ ਪੁੱਤ…ਸਾਰੀਆਂ ਸਿਆਣਪਤਾਂ ਤਾਂ ‘ਨਵੇਂ ਪੋਚ’ ਕੋਲ ਆ ਗਈਆਂ…ਮਾਤੜ ਤਾਂ ਅਸੀਂ ਬੁੱਢੇ-ਠੇਰੇ ਬਣ ਗਏ…ਨਗਰ ਖੇੜੇ ‘ਤੇ ਪਈ ਬਿਪਤਾ ਨੂੰ ਸਿਆਣਪ ਨਾਲ ਰਲ-ਮਿਲ ਨਜਿੱਠ ਲਈਏ। ਇਕ ਦੂਜੇ ਬਿਨ ਆਪਾਂ ਕਾਹਦੇ ਜੋਗੇ…।” ਉਹ ਸਭ ਚੁੱਪ ਕਰ ਗਏ ਸੀ ਤੇ ਮੈਂ ਭਰਿਆ ਪੀਤਾ ਉਥੋਂ ਤੁਰ ਆਇਆ ਸੀ…। ਆਪਣੇ ਗੁੱਸੇ ‘ਤੇ ਜ਼ਾਬਤਾ ਰੱਖ ਮੈਂ ਚੜ੍ਹਦੀ ਪੱਤੀ ਦੇ ਮੋਹਤਬਰ ਬੰਦਿਆਂ ਨੂੰ ਆਪਣੇ ਘਰ ਸੱਦ ਲਿਆ ਸੀ। ਬੜੀ ਹਲੀਮੀ ਨਾਲ ਮੈਂ ਗੱਲ ਸ਼ੁਰੂ ਕੀਤੀ ਸੀ, ”ਆਪਣੇ ਪਿੰਡ ਦਾ ਮਸਲਾ…ਘਰ ਦੀ ਗੱਲ…ਘਰ ‘ਚ ਹੀ ਨਿਬੇੜ ਲਈਏ।” ਮੈਂ ਬਸ ਏਨਾ ਹੀ ਕਿਹਾ ਸੀ ਤੇ ਉਹ ਸਭ ਝੂਠੀਆਂ-ਸੱਚੀਆਂ ਤੁਹਮਤਾਂ ਮੇਰੇ ਮੱਥੇ ਮੜਣ ਲੱਗੇ…।
”ਗੱਲ ਸੁਣ ਲਾ ਬਲਵੰਤ ਸਿਆਂ…ਜ਼ਮੀਨ ਜੈਦਾਦਾਂ ਵਾਲੇ ਹੋ ਕੇ ਅਸੀਂ ‘ਮੱਛਰੀ ਮੰਡੀਰ’ ਦੇ ਤਲਵੇ ਨਹੀਂ ਚੱਟਣੇ…ਕੱਲ੍ਹ ਦੇ ਛੋਕਰੇ ਅਨਾਊਂਸਮੈਂਟ ਕਰਨ ਬਹਿਗੇ..। ਹੁਣ ਤਾਂ ਆਰ-ਪਾਰ ਦੀ ਲੜਾਈ ਲੜਣੀ ਹੁਣ…।”
”ਬਲਵੰਤ ਸਿਆਂ…ਤੂੰ ਚੰਗੀ ਨਹੀਉਂ ਕੀਤੀ…ਲਹਿੰਦੀ ਪੱਤੀ ਵਾਲਿਆਂ ਨੂੰ ਰਾਸ਼ਣ ਪਾਣੀ ਵੰਡ ਕੇ…। ਤੂੰ ਸਰਪੰਚੀ ‘ਚ ਵੋਟਾਂ ਬਟੋਰਨ ਕਰਕੇ ਸਾਡੀ ਪਿੱਠ ਲੁਆ ਦਿੱਤੀ।”
”ਭਰਾਵੋ…ਤੁਸੀਂ ਜੋ ਮਰਜ਼ੀ ਸਮਝ ਲਵੋ…ਪਰ ਮੈਂ ਆਪਣੇ ਪੁਰਖੇ ਦੀ ਪਿਰਤ ਨੂੰ ਤੋੜ ਨਹੀਂ ਸਕਦਾ। ਬਾਕੀ ਰਹੀ ਗੱਲ ਸਰਪੰਚੀ ਦੀ…ਇਸ ਵਾਰ ਦੀ ਸਰਪੰਚੀ ਗੁਲਜ਼ਾਰ ਸਿਆਂ ਤੇਰੀ।”
ਉਹ ਜਿਹੜਾ ਘੜੀ ਕੁ ਪਹਿਲਾਂ ਉੱਚੀ-ਉੱਚੀ ਫੁੰਕਾਰੇ ਛੱਡ ਰਿਹਾ ਸੀ ਤੇ ਦੂਜਿਆਂ ਨੂੰ ਵੀ ਭੜਕਾ ਰਿਹਾ ਸੀ, ਬੜਾ ਸ਼ਾਂਤ ਜਿਹਾ ਹੋ ਕੇ ਕਹਿਣ ਲੱਗਾ-”ਗੱਲ ਤਾਂ ਤੇਰੀ ਠੀਕ ਆ ਭਾਊ…ਘਰ ਦੀ ਘਰ ‘ਚ ਹੀ ਨਿਬੇੜ ਲਈਏ ਤਾਂ ਚੰਗਾ…।” ਮੈਂ ਆਪਣੀ ਚਾਲ ਚੱਲ ਗਿਆ ਸੀ ਤੇ ਉਸ ਵੇਲੇ ਸਰਪੰਚੀ ਦੇ ਤਜਰਬੇ ਨੇ ਮੈਨੂੰ ਦੱਸਿਆ ਸੀ…ਕਿ ਹੁਣ ਕਿਹੜੇ ਮੋਹਰੇ ਨਾਲ ਬਾਜੀ ਜਿੱਤੀ ਜਾ ਸਕਦੀ ਹੈ…ਤੇ ਮੈਂ ‘ਇੰਦਰ ਨਰ’ ਦੇ ਅਮਰੀਕਾ ਬੈਠੇ ਪੁੱਤ ਨੂੰ ਫ਼ੋਨ ਲਾ ਦਿੱਤਾ ਸੀ। ”ਚਾਚਾ ਕਿਵੇਂ ਯਾਦ ਆ ਗਈ…ਅੱਜ ਭਤੀਜ ਦੀ।”
”ਤੈਨੂੰ ਪਤਾ ਈ ਆ…ਸਭ।”
”ਆਹੋ ਪਤਾ ਸਭ ਮੈਨੂੰ…’ਗੁਰੂ ਘਰ’ ‘ਚੋਂ ਕਿਹੜੀਆਂ ਕਿਹੀਆਂ ਅਨਾਊਂਸਮੈਂਟਾਂ ਹੋ ਰਹੀਆਂ…।”
”ਪੁੱਤਰਾ…ਚੜੋਖਤੀ ਦੋਵਾਂ ਧਿਰਾਂ ਵੱਲੋਂ ਹੋਈ।”
”ਪਰ ਪਹਿਲ ‘ਤੇਰੇ ਬੰਦਿਆਂ’ ਨੇ ਕੀਤੀ…ਹੁਣ ਉਹ ਵੇਲੇ ਨਹੀਂ ਰਹੇ ਚਾਚਾ…’ਆਪਣੇ ਬੰਦਿਆਂ’ ਨੂੰ ਇਹ ਗੱਲ ਸਮਝਾ ਛੱਡ…।”
”ਮੈਨੂੰ ਵੀ ਪਤਾ ਹੁਣ ਉਹ ਵੇਲੇ ਨਹੀਂ ਰਹੇ…ਪਰ ਹੁਣ ਇਸ ਵੇਲੇ ਨੂੰ ਰਲ-ਮਿਲ ਸਾਂਭ ਲਈਏ…ਪੁੱਤਰਾ, ਤੇਰੀਆਂ ਰਗ਼ਾਂ ‘ਚ ਮੇਰੇ ਯਾਰ ਦਾ ਖ਼ੂਨ ਆ…ਮੈਨੂੰ ਪਿੱਠ ਨਾ ਦੇਵੀਂ ਹੁਣ…।”
”ਚਾਚਾ ਨਾ ਪਿੱਠ ਮੈਂ ਤੇਰੀ ਲੱਗਣ ਦੇਣੀ ਤੇ ਨਾ ‘ਆਪਣੇ ਬੰਦਿਆਂ’ ਦੀ…।”
”ਮੇਰੇ ਮਨੋਂ ਤੂੰ ਭਾਰ ਲਾਹ ਦਿੱਤਾ ਪੁੱਤਰਾ…।”
”ਪੁੱਤ-ਭਤੀਜੇ ਹੋਰ ਕਾਹਦੇ ਲਈ ਹੁੰਦੇ ਚਾਚਾ…ਸਿਰਹਾਣੇ ਥੱਲੇ ਬਾਂਹ ਦੇ ਕੇ ਸੌਂ…ਘਬਰਾਈ ਨਾ…ਤੇਰੀ ਪਿੱਠ ‘ਤੇ ਅਮਰੀਕਾ ਖਲੋਤਾ…।”
ਦਿਨ ਚੜ੍ਹੇ ਹੀ ‘ਲਹਿੰਦੀ ਪੱਤੀ’ ਵਾਲੇ ਮੇਰੇ ਘਰ ਦੀਆਂ ਬਰੂਹਾਂ ‘ਤੇ ਆ ਖਲੋਤੇ ਸੀ…ਅੰਦਰੋਂ ਮੈਂ ਖ਼ੁਸ਼ ਸੀ…ਪਰ ਫਿਰ ਵੀ ‘ਆਪਣੇ ਬੰਦਿਆਂ’ ਸਾਹਮਣੇ ਰੋਹਬ ਜਿਹੇ ਨਾਲ ਕਿਹਾ, ”ਹਾਂ, ਦਿਹਾੜੀ ਪਾਉਣੀ ਫਿਰ…ਕਰ ਲੈਣੇ ਸੀ ‘ਸਾਬ ਕਿਤਾਬ’…।”
ਉਹ ਸਾਰੇ ਚੁੱਪ ਸਨ। ਪਰ ਉਨ੍ਹਾਂ ਵਿਚੋਂ ਬੀ.ਏ. ਪਾਸ ਉਨ੍ਹਾਂ ਦਾ ਲੀਡਰ ਬੋਲਿਆ, ”ਸਰਪੰਚ ਸਾਬ ! ਤੁਸੀਂ ਧਰਤ ਦੇ ਮਾਲਕ, ਅਸੀਂ ਧਰਤੀ ਦੇ ਪੁੱਤ…’ਹਿਸਾਬ-ਕਿਤਾਬ’ ਮਾਲਕਾਂ ਦਾ ਹੁੰਦਾ ਹੋਊ…’ਮਾਂ-ਪੁੱਤ’ ਦੇ ਕਾਹਣੇ ਹਿਸਾਬ ਕਿਤਾਬ…। ਉਹਦੀ ਗੱਲ ਸੁਣ ਮੈਂ ਝੇਪ ਜਿਹਾ ਗਿਆ ਸੀ।
ਕੋਲ ਖਲੋਤੇ ਗੁਲਜ਼ਾਰੀ ਨੇ ਟਿੱਚਰ ਜਿਹੀ ‘ਚ ਆਖਿਆ, ”ਫਿਰ ਵੀ ਵਾਧੇ ਘਾਟੇ ਸੋਚ ਲੈਣ ਸੀ ਆਪਣੇ…।” ”ਸਰਪੰਚ ਸਾਹਿਬ…’ਆਪਣੇ ਬੰਦਿਆਂ’ ਨੂੰ ਸਮਝਾ ਲਾ…ਅਸੀਂ ਵਾਧੂ ਘਾਟੂ ਗੱਲਾਂ ਸੁਣਨ ਨਹੀਂ ਆਏ…ਆਪਣੇ ਬੰਦੇ ਦੇ ਕਹਿਣ ‘ਤੇ ਮੈਂ ਇਨ੍ਹਾਂ ਨੂੰ ਛੱਡਣ ਆ ਗਿਆ…। ਵਾਪਸ ਚਲੇ ਜਾਂਦੇ ਆ…ਫਿਰ ਵੇਖ ਲਿਉ ‘ਵਾਧੇ ਘਾਟੇ’ ਕਿਨ੍ਹਾਂ ਨੂੰ ਪੈਂਦੇ ਆ…।”
ਇਕ ਪਲ ਮੈਨੂੰ ਲੱਗਾ ਬਣੀ-ਬਣਾਈ ਗੱਲ ਹੱਥੋਂ ਖਿਸਕ ਚੱਲੀ ਸੀ। ਨਾ ਚਾਹੁੰਦਿਆਂ ਹੋਇਆਂ ਵੀ ਉਸ ਨਵੇਂ-ਨਵੇਂ ਬਣੇ ਮੋਹਤਬਰ ਨੂੰ ਆਪਣੇ ਕਲਾਵੇ ‘ਚ ਲੈ ਲਿਆ ਸੀ। ਮੈਂ ਕੁਝ ਕਹਿਣ ਹੀ ਵਾਲਾ ਸੀ ਕਿ ਭੀੜ ‘ਚੋਂ ਬਚਨਾ ਅਮਲੀ ਬੋਲ ਪਿਆ, ”ਗੁਲਜ਼ਾਰ ਸਿਆਂ…ਸਰਪੰਚ ਦੀ ਪਿੱਠ ‘ਤੇ ਵੀ ‘ਮਰੀਕਾ ਤੇ ਸਾਡੀ ਪਿੱਠ ‘ਤੇ ਵੀ ‘ਮਰੀਕਾ…ਸਾਡਾ ਦੋਵਾਂ ਦਾ ਇਕੋ ਤਰੀਕਾ ਤੇ ਫਿਰ ਰੌਲਾ ਕਾਹਦਾ…।”
ਵਾਕਿਆ ਹੀ ਫਿਰ ਕੋਈ ਰੌਲਾ ਨਹੀਂ ਰਿਹਾ ਸੀ। ਧਿਰਾਂ ਦੀ ਰਜ਼ਾਮੰਦਰੀ ਨਾਲ ਮੇਰੇ ਸਿਰ ਤੋਂ ਮਣਾਂ-ਮੂੰਹੀਂ ਭਾਰ ਲੱਥ ਗਿਆ ਸੀ। ‘ਅਜੇ ਨਰ’ ਨੂੰ ਫੋਨ ਕਰ ਕਹਿੰਦਾ ਹਾਂ, ”ਪੁੱਤਰ ਪਿਉ ਤੇਰਾ ਜਨਮ ਤੋਂ ‘ਨਰ’ ਸੀ, ਮੈਂ ਕਰਮ ਤੋਂ ‘ਨਰ’…ਪਰ ਤੂੰ ਜਨਮ ਤੋਂ ਵੀ ਨਰ ਤੇ ਕਰਮ ਤੋਂ ਵੀ ਨਰ।”
”ਚਾਚਾ ਤੂੰ ਮੈਨੂੰ ਪਿਉ ਬਰੋਬਰ ਆਂ…ਬਸ ਹੁਕਮ ਕਰਿਆ ਕਰ।”
ਇਹ ਬੋਲ ਮੈਨੂੰ ਧਰਵਾਸਾ ਦੇ ਗਏ ਸੀ ਤੇ ਇਸ ਧਰਵਾਸੇ ‘ਚ ਹੀ ਮੈਂ ਆਪਣੇ ਪੁੱਤ ਨੂੰ ਫੋਨ ਚੁੱਕ ਤਾਂ ਲਿਆ ਸੀ ਪਰ ਮਾੜੀ ਮੋਟੀ ਸਤਿ ਕੁਸਤਿ ਕਰ, ਫੋਨ ਨਿਆਣਿਆਂ ਦੇ ਕੰਨਾਂ ਨੂੰ ਲਾ ਦਿੱਤਾ ਸੀ। ਉਹ ਦਿਨ ਚੜ੍ਹੇ ਹੀ ਉਹਦੀ ਇਹ ਹਰਕਤ ਮੇਰੇ ਧੁਰ ਅੰਦਰ ਤਕ ਲਾਂਬੂ ਲਾ ਗਈ ਸੀ।
ਪੁੱਤ ਦੇ ਲੱਛਣਾਂ ਨੇ ਮੈਨੂੰ ਲੂਅ ਕੇ ਰੱਖ ਦਿੱਤਾ ਸੀ ਤੇ ਮੈਂ ਸੋਚ ਰਿਹਾ ਸੀ ਇਹ ਕਰੋਨਾ ਤਾਂ ਕਿਸੇ ਦਿਨ ਖ਼ਤਮ ਹੋ ਜੂ, ਪਰ ਬੰਦੇ ਅੰਦਰ ਪਿਆ ਕਰੋਨਾ ਬਹੁਤ ਜ਼ਹਿਰੀਲਾ…ਇਸ ਪਤੰਦਰ ਕੋਲ ਇਹੋ ਜਿਹੀਆਂ ਕਲਾਬਾਜ਼ੀਆਂ…ਇਹ ਮਰਨ ਵੀ ਨਹੀਂ ਦੇਂਦੀਆਂ…ਪਰ ਜੀਣ ਜੋਗਾ ਵੀ ਨਹੀਂ ਛੱਡਦੀਆਂ…।
ਮਨ ਨੂੰ ਆਹਰੇ ਲਾਉਣ ਲਈ ਟੀ.ਵੀ. ਲਾ ਲੈਂਦਾ ਹਾਂ। ਟੀ.ਵੀ. ‘ਤੇ ਚੀਕ ਚਿਹਾੜਾ ਪੈ ਰਿਹਾ ਹੈ-ਘਰ ‘ਚ ਰਹਿੰਦੇ ਬਜ਼ੁਰਗ ਜੋੜੇ ਦੀ ਮੌਤ…ਧੀਆਂ-ਪੁੱਤਾਂ ਨੇ ਲਾਸ਼ਾਂ ਲੈਣ ਤੋਂ ਕੀਤਾ ਇਨਕਾਰ। ਮੇਰੀ ਸ਼ੂਗਰ ਘੱਟ ਹੋ ਜਾਂਦੀ ਹੈ…ਹੱਥ-ਪੈਰ ਕੰਬਣ ਲੱਗਦੇ ਆ…ਸਰੀਰ ਠੰਡਾ ਯਖ…ਅੱਖਾਂ ਮਿਚਣ ਲੱਗਦੀਆਂ ਹਨ…ਰੂਹ ਉੱਡ ਜਾਂਦੀ ਹੈ…ਕ੍ਰਿਸ਼ਨਾ ਦਰਵਾਜ਼ਾ ਖੋਲ੍ਹ ਰਿਹਾ ਹੈ…ਗਲੀ ਗੁਆਂਢ ਨੂੰ ਵਾਜਾਂ ਮਾਰ ਰਿਹਾ…ਕੋਈ ਨਹੀਂ ਬਹੁੜਦਾ…ਨੂੰਹ-ਪੁੱਤ ਵੀ ਫੋਨ ਨਹੀਂ ਚੁੱਕ ਰਹੇ…।
ਗੁਰਦੁਆਰੇ ‘ਚ ਅਨਾਊਂਸਮੈਂਟ ਹੋ ਰਹੀ ਹੈ, ”ਗੁਰੂ ਘਰ ਦੀ ਸਾਜੀ-ਨਿਵਾਜੀ ਸਾਧ ਸੰਗਤ…ਸਾਡੇ ਸਭ ਦੇ ਹਰਦਿਲ ਅਜੀਜ਼ ਬਲਵੰਤ ਸਿੰਘ ਜੀ ਸਵਰਗ ਸਿਧਾਰ ਗਏ ਹਨ…ਮਹਾਮਾਰੀ ਦੇ ਚਲਦਿਆਂ…ਅੰਤਮ ਰਸਮਾਂ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਨੇ ਲਈ ਹੈ। ਪਿੰਡੋਂ ਹਟਵੀਆਂ ਹੋਣ ਕਰਕੇ ਉਨ੍ਹਾਂ ਦਾ ਸਸਕਾਰ ‘ਲਹਿੰਦੀ ਪੱਤੀ’ ਵਾਲੇ ਸ਼ਮਸ਼ਾਨਘਾਟ ‘ਚ ਕੀਤਾ ਜਾਵੇਗਾ। ਸਾਧ ਸੰਗਤ ਨੂੰ ਬੇਨਤੀ ਹੈ ਕਿ ਸਸਕਾਰ ਵੇਲੇ ਬਹੁਤਾ ‘ਕੱਠ ਨਾ ਕੀਤਾ ਜਾਵੇ ਜੀ…।”
‘ਚੜ੍ਹਦੀ ਪੱਤੀ’ ‘ਚੋਂ ਕੋਈ ਜੀਅ-ਪਰਿੰਦਾ ਨਹੀਂ ਹਿੱਲਦਾ। ਵਿਹੜੇ ‘ਚ ਚਾਚੀ ਪ੍ਰਸਿੰਨੀ ਖਲੋ ਗਈ ਹੈ…ਉਹਦੇ ਦੁਆਲੇ ਚਿੱਟੀਆਂ ਚੁੰਨੀਆਂ ਦਾ ਝੁਰਮੱਟ ਹੈ। ‘ਦੇਹ’ ਨੂੰ ਵੇਖ ਦੂਰੋਂ ਵੈਣ ਪੈਣ ਲੱਗਦੇ ਹਨ-
ਵੇ ਸਾਡੇ ਲਈ…ਤੂੰ ਰਣਜੀਤ ਸਿਹੁੰ ਮਾਰਾਜ
ਵੇ ਉੱਠ ਕੇ ਸਾਡੇ ਕੰਨੀ ਝਾਕ
ਵੇ ਆਏ ਤੇਰੇ ਉੜਾਂ ਥੁੜਾਂ ਦੇ ਸਾਕ
ਕੋਈ ਅਣਪਛਾਣਿਆ ਚਿਹਰਾ ‘ਦੇਹ’ ਨੂੰ ‘ਲਾਂਬੂ’ ਲਾਉਣ ਲੱਗਾ ਹੈ। ਚਾਚੀ ਪ੍ਰਸਿੰਨੀ ਮੇ ਰੇ ਪੁੱਤ ਨੂੰ ਵਾਜਾਂ ਮਾਰਦੀ ਹੈ…ਪਰ ਉਹ ਨਹੀਂ ਬਹੁੜਦਾ ਤੇ ਫਿਰ ਚਾਚੀ ਪ੍ਰਸਿੰਨੀ ਨੇ ‘ਚੜ੍ਹਦੀ ਪੱਤੀ’ ਵੱਲ ਵੇਖਦਿਆਂ ਲੇਰ ਮਾਰੀ-
ਕੋਈ ਲਾਂਬੂ ਵੀ ਲਾਉਣ ਨਾ ਆਇਆ
ਵੇ ਬਹੁਤਿਆਂ ਜੈਦਾਦਾਂ ਵਾਲਿਆ।
ਮੈਂ ਉੱਠ ਖਲੋਇਆ ਸੀ, ਘਬਰਾਇਆ ਹੋਇਆ ਸੀ…ਅੱਬੜਵਾਹੇ ਮੈਂ ਆਪਣੇ ਸਰੀਰ ਨੂੰ ਟੋਂਹਦਾ ਹਾਂ…ਆਪਣੇ ਦਿਲ ‘ਤੇ ਹੱਥ ਧਰਦਾ ਹਾਂ…ਇਹ ਤਾਂ ਅਜੇ ਵੀ ਧੜਕ ਰਿਹਾ ਸੀ। ਬਾਹਰ ਆਉਂਦਾ ਹਾਂ…ਪਰ ਅੱਜ ਮੈਂ ਕ੍ਰਿਸ਼ਨਾ ਨੂੰ ਆਵਾਜ਼ ਨਹੀਂ ਮਾਰਦਾ।
ਤੇ ਅਗਲੇ ਹੀ ਪਲ ਮੈਂ ‘ਕੱਲਾ ਹੀ ‘ਲਹਿੰਦੀ ਪੱਤੀ’ ਦੀਆਂ ਮੜ੍ਹੀਆਂ ਦੇ ਰਾਹੇ ਪੈ ਜਾਂਦਾ ਹਾਂ…ਮੜ੍ਹੀਆਂ ‘ਚ ਲੱਗੇ ਬੂਟਿਆਂ ਨੂੰ ਪਾਣੀ ਦੇਂਦਾ ਹਾਂ…ਗਰਮੀ ਨਾਲ ‘ਧੁਖੇ ਫੁੱਲਾਂ’ ‘ਤੇ ਪਾਣੀ ਦਾ ਛਿੜਕਾਅ ਕਰਦਿਆਂ ਆਪਣੇ ਧੁਖਦੇ ਸਰੀਰ ਨੂੰ ਵੀ ਪਾਣੀ ਥੱਲੇ ਕਰ ਦਿੰਦੇ ਹਾਂ … ਮੇਰੇ ਅੰਦਰ ਚਿਰਾਂ ਤੋਂ ਮੱਚ ਰਿਹਾ ਲਾਂਬੂ ਹੌਲੀ-ਹੌਲੀ ਮੱਠਾ ਪੈਣ ਲੱਗਦਾ ਹੈ।

Read more
ਮੈਂ ਕੌਣ ਹਾਂ : (ਤੇਲਗੂ ਕਹਾਣੀ)
ਬੇਬਸ : (ਉੜੀਆ ਕਹਾਣੀ)
ਧੂੰਆਂ : (ਉਰਦੂ ਕਹਾਣੀ)