January 17, 2025

ਗੁਰਵਿੰਦਰ

ਜਾਣ-ਪਹਿਚਾਣ

31 ਮਈ, 1992
ਪਿੰਡ : ਮਾਧੋਪੁਰ
ਜ਼ਿਲ੍ਹਾ : ਜਲੰਧਰ
ਸੰਪਰਕ : 99887-28398

ਕਵਿਤਾਵਾਂ ਛਪੀਆਂ ”ਰੂਬਰੂ” ਮੈਗਜ਼ੀਨ ਦੇ ਵੱਖ-ਵੱਖ ਅੰਕਾਂ ਵਿਚ ਤਿੰਨ ਗ਼ਜ਼ਲਾਂ ਛਪੀਆਂ। ”ਪੰਜਾਬੀ ਗ਼ਜ਼ਲ, ਸਦੀ ਦੇ ਆਰ-ਪਾਰ” (ਸੰਪਾਦਕ- ਰਾਜਿੰਦਰ ਬਿਮਲ) ਪੁਸਤਕ ਵਿਚ 2 ਗ਼ਜ਼ਲਾਂ ਛਪੀਆਂ। ਮੈਨੂੰ ਗ਼ਜ਼ਲ ਦੀ ਸੰਖੇਪਤਾ ਪਸੰਦ ਹੈ।  ਤੁਸੀਂ ਇਕ ਮਜ਼ਮੂਨ ਨੂੰ ਇਕੋ ਸ਼ੇਅਰ ਵਿਚ ਬੰਨ੍ਹ ਸਕਦੇ ਹੋ।  ਅਜੇ ਮੈਂ ਸਿੱਖ ਰਿਹਾ ਹਾਂ।  ਮੇਰੀ ਕੋਸ਼ਿਸ਼ ਤੁਹਾਡੇ ਸਾਹਮਣੇ ਹੈ।  ਪੜ੍ਹਾਈ : ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਪੰਜਾਬੀ ਲੋਕਧਾਰਾ ਅਤੇ ਸੱਭਿਆਚਾਰ ਵਿਸ਼ੇ ‘ ਤੇ ਪੀ. ਐੱਚ. ਡੀ ਦਾ ਖੋਜਾਰਥੀ।

ਗ਼ਜ਼ਲ

ਦੱਸਨਾ ਵਾਂ ਕਿ ਕਿਉਂ, ਜੰਮੀ ਏ ਪਲਕਾਂ ਥੱਲੇ ਕਾਈ।
ਗਿਲੀ ਥਾਵੇਂ ਉੱਗ ਪੈਂਦੀ ਏ, ਅਕਸਰ ਹੀ ਹਰਿਆਈ।

ਰੇਤਾ ਹੋ ਕੇ ਤੱਕਿਆ ਜਦ ਮੈਂ, ਭੇਤ ਉਜਾਗਰ ਹੋਇਆ,
ਕਦੇ ਸਮੁੰਦਰੀ ਛੱਲ ਹੁੰਦਾ, ਉਹ ਕਦੇ ਖੋਰ ਦਰਿਆਈ।

ਮੇਰਾ ਏਸ ਰਾਖ ਦੇ ਵਿਚ, ਏ ਕਿੰਨਾ ਹਿੱਸਾ ਬਾਬਾ,
ਮੈਂ ਨਈਂ ਅੱਗ ਲਗਾਈ, ਏਥੇ ਮੈਂ ਨਈਂ ਅੱਗ ਬੁਝਾਈ।

ਜੋਗੀ ਹੋਣਾ ਰਾਸ ਨਈਂ ਆਇਆ, ਏਸੇ ਕਰਕੇ ਮੈਨੂੰ,
ਹਰ ਵਾਰੀ ਇਕ ਸੁੰਦਰਾਂ ਮੋਈ, ਜਦ ਵੀ ਅਲਖ਼ ਜਗਾਈ।

ਸ਼ਿਅਰਾਂ ਦੇ ਵਿਚ ਬੰਨ੍ਹ ਦਿੱਤੇ ਨੇ, ਦਰਦਾਂ ਦੇ ਸਿਰਨਾਵੇਂ,
ਕਿਹੜੀ ਪੀੜ ਮੈਂ ਦਿਲ ਦੇ, ਕਿਹੜੇ ਖ਼ਾਨੇ ਵਿਚ ਖਪਾਈ।

ਗ਼ਜ਼ਲ

ਕਰਨਾ ਏ ਇਸ਼ਕ ਟੁੱਟ ਕੇ, ਰਹਿਣਾ ਵੀ ਹੱਦ ਅੰਦਰ।
ਐਸਾ ਹੁਨਰ ਨਹੀਂ ਹੈ, ਮੇਰੇ ਇਹ ਕੱਦ ਅੰਦਰ।

ਮਨਫ਼ੀ ਜਾ ਕਰਦਾ ਤੈਨੂੰ ਬਚਦਾ ਨਹੀਂ ਹਾਂ ਖ਼ੁਦ ਵੀ,
ਵਿਸਤਾਰ ਤੇਰਾ ਹੋਇਆ, ਇੰਝ ਮੇਰੀ ਜੱਦ ਅੰਦਰ।

ਅੱਜ ਤੀਕ ਭੱਜ ਰਿਹਾ ਏ, ਨਾ ਦਾਨਾਬਾਦ ਆਇਆ,
ਮਰਿਆ ਨਾ ਰੂਹ ਤੋਂ ਮਿਰਜ਼ਾ, ਪੀਲੂ ਦੀ ਸੱਦ ਅੰਦਰ।

ਇਹ ਇਸ਼ਕ ਦੀ ਨਿਆਮਤ, ਲੋਹੜੇ ਦੀ ਬੇਖ਼ੁਦੀ ਏ,
ਆਪੇ ਤੋਂ ਦੂਰ ਭਜਣਾ, ਆਪਣੀ ਹੀ ਹੱਦ ਅੰਦਰ।

ਹੁਣ ਦੇਖਣੇ ਨੂੰ ਏਥੇ, ਬਚਿਆ ਭਲਾ ਕੀ ਬਾਕੀ,
ਹੈ ਬੇਕਰਾਰ ਦੁਨੀਆ, ਆਦਮ ਦੀ ਜੱਦ ਅੰਦਰ।

ਗ਼ਜ਼ਲ

ਹਾਕਮ ਨੂੰ ਤੇ ਇੰਝ ਹਕੂਮਤ ਲੱਭੀ ਏ।
ਜਿਸਰਾਂ ਪੈਰ ਦੇ ਹੇਠ ਬਟੇਰੀ ਦੱਬੀ ਏ।

ਪੰਜ ਸਾਲਾ ਦੇ ਪਿੱਛੋਂ ਥੱਲੇ ਲਾਹ ਲੈਣਗੇ,
ਵੋਟਾਂ ਵਾਲੀ ਲਾਠੀ ਸਭ ਤੋਂ ਕੱਬੀ ਏ।

ਉਹੀ ਏ ਸਰਦਾਰ, ਜੀ ਏਸ ਜ਼ਮਾਨੇ ਵਿਚ,
ਜਿਹਦੇ ਹੱਥ ਵਿਚ ਨੋਟਾਂ ਵਾਲੀ ਥੱਬੀ ਏ।

ਕਰੇ ਚਲਿੱਤਰ ਬਾਬਾ ਰੀਲਾਂ ਪਾ-ਪਾ ਕੇ,
ਥੱਲੇ ਆਉਣ ਕਮੈਂਟ ਕਿ ਰੂਪ ਹੀ ਰੱਬੀ ਏ।

ਲੋਕਾਂ ਦੇ ਹੱਥ ਤੰਤਰ ਦੱਸ ਕਦ ਆਵੇਗਾ,
ਉਂਝ ਤਾਂ ਚੌਥੀ ਵਾਰ ਅਠਾਰਵੀਂ ਛੱਬੀ ਏ।

J J J