February 6, 2025

ਜਗਮੀਤ ਮੀਤ

ਜਾਣ-ਪਹਿਚਾਣ

10 ਜੁਲਾਈ, 1995
ਪਿੰਡ : ਬਾਹਮਣੀਵਾਲ, ਪੱਟੀ
ਜ਼ਿਲ੍ਹਾ : ਤਰਨ ਤਾਰਨ
ਸੰਪਰਕ : 95013-34135
meetsidhu337@gmail.com

ਕਿੱਤਾ : ਅਧਿਆਪਨ
ਛਪੀਆਂ ਕਿਤਾਬਾਂ : ‘ਸੋਹਬਤ (2021)’, ‘ਹਕੀਕਤ (2024)’
ਅਨੁਵਾਦਿਤ :- ਵਾਰਡ ਨੰਬਰ 6 ਐਂਤਨ ਚੈਖ਼ਵ (2022)
ਲਿਪੀਅੰਤਰਨ : ਕਾਤਲ ਕਾਰੀਗਰ ਲਗਦਾ ਏ – ਅਰਸ਼ਦ ਮਨਜ਼ੂਰ (2022)
ਕੁਝ ਬੰਦਿਆਂ ਦੇ ਨਾਂ ਵੀ ਸੋਹਣੇ ਲੱਗਦੇ ਨੇ – ਇਰਸ਼ਾਦ ਸੰਧੂ (2023)

ਗ਼ਜ਼ਲ

ਬਦਲ ਸਕਦਾ ਨਹੀਂ ਮੈਂ ਸੋਚ ਨੂੰ ਵਿਸਥਾਰ ਦੀ ਖ਼ਾਤਰ।
ਕਿ ਬਣਿਆ ਹੀ ਨਹੀਂ ਹਾਂ ਮੈਂ ਕਿਸੇ ਬਾਜ਼ਾਰ ਦੀ ਖ਼ਾਤਰ।

ਗਤੀ ਏਨੀ ਕਿ ਸਾਡੇ ਪੈਰ ਵੀ ਲੱਗਦੇ ਨਾ ਧਰਤੀ ‘ਤੇ,
ਸਬਰ ਏਨਾਂ ਕੁ ਹੈ ਚੱਲਦੇ ਵੀ ਹਾਂ ਇੰਤਜ਼ਾਰ ਦੀ ਖ਼ਾਤਰ।

ਜਦੋਂ ਵੀ ਜੀਅ ਜਿਹਾ ਕੀਤਾ ਉਦੋਂ ਫਿਰ ਪਿੱਠ ਨਾ ਵੇਖੀਂ,
ਮੈਂ ਸੀਨਾ ਸਾਂਭ ਰੱਖਿਆ ਹੈ ਤੁਸਾਂ ਦੇ ਵਾਰ ਦੀ ਖ਼ਾਤਰ।

ਤੁਸੀਂ ਜਿੱਤੇ ਮੁਬਾਰਕ ਹੈ ਮਗਰ ਇਹ ਟੌਂਟ ਨਾ ਮਾਰੋ,
ਕਦੇ ਮੈਂ ਖੇਡਿਆ ਹੀ ਨਹੀਂ ਤੁਸਾਂ ਦੀ ਹਾਰ ਦੀ ਖ਼ਾਤਰ।

ਤੁਸੀਂ ਹੋ ਮੀਤ ਉਹਨਾਂ ਦੇ ਜਿਹੜੇ ਕੁਰਸੀ ਤੇ ਬੈਠੇ ਨੇ,
ਅਗਰ ਹੈ ਝੂਠ ਤਾਂ ਖੁੱਲ੍ਹ ਕੇ ਤੁਰੋ ਯਲਗ਼ਾਰ ਦੀ ਖ਼ਾਤਰ।

ਗ਼ਜ਼ਲ

ਅਸਾਂ ਦਾ ਭਰਮ ਹੁੰਦਾ ਏ ਕੋਈ ਕਰਦਾ ਅਸਾਂ ਦਾ ਹੈ।
ਮਗਰ ਛੇਤੀ ਉਤਰ ਜਾਂਦਾ ਇਹ ਵੀ ਪਰਦਾ ਅਸਾਂ ਦਾ ਹੈ।

ਸੁਣੋ ਇਹ ਵਹਿਮ ਨਾ ਰੱਖੋ ਤੁਸਾਂ ਬਿਨ ਮਰ ਹੀ ਜਾਵਾਂਗੇ,
ਅਸੀਂ ਤਾਂ ਰੱਬ ਭੁੱਲ ਜਾਂਦੇ ਜਦੋਂ ਸਰਦਾ ਅਸਾਂ ਦਾ ਹੈ।

ਕਿਸੇ ਮੈਂ ਗ਼ੈਰ ਨੂੰ ਕਾਹਤੋਂ ਕਹਾਂ ਮਾੜਾ ਜ਼ਰਾ ਦੱਸੋ,
ਜਦੋਂ ਇਹ ਦਰਦ ਮਿਲਿਆ ਜੋ ਇਹ ਵੀ ਘਰਦਾ ਅਸਾਂ ਦਾ ਹੈ।

ਜ਼ਰਾ ਵੀ ਫਿਕਰ ਨਾ ਕਰ ਤੂੰ ਨਵਾਂ ਵੇਲ਼ਾ ਵਸਾ ਜਾ ਕੇ,
ਤੇਰੇ ਬੀਤੇ ਜ਼ਮਾਨੇ ‘ਤੇ ਅਜੇ ਪਰਦਾ ਅਸਾਂ ਦਾ ਹੈ।

ਲਵਾਂਗੇ ਨਾਲ਼ ਸੀਨੇ ਲਾ ਤੁਸੀਂ ਜੇ ਲੋਟ ਕੇ ਆਵੋ,
ਅਜੇ ਵੀ ਦਿਲ ਤੁਸਾਂ ਉੱਤੇ ਬੜਾ ਮਰਦਾ ਅਸਾਂ ਦਾ ਹੈ।

ਗ਼ਜ਼ਲ

ਜਦੋਂ ਤਾਂ ਮੈਂ ਕਹਾਂ ਕੁਝ ਵੀ ਉਦੋਂ ਤਾਂ ਸਮਝਦੇ ਮੋਤੀ।
ਨਹੀਂ ਤਾਂ ਬਿਨ ਵਜ੍ਹਾ ਹੀ ਉਲਝਦੇ ਨੇ ਜਾਪਦੇ ਮੋਤੀ।

ਤੁਸੀਂ ਪਾਵੋ ਗਲੇ ਤਾਂ ਹੀ ਇਨ੍ਹਾਂ ਨੂੰ ਚੈਨ ਹੁੰਦਾ ਏ,
ਤੁਸਾਂ ਦਾ ਦਰਸ਼ ਨਾ ਹੋਵੇ ਬੜਾ ਹੀ ਤੜਫ਼ਦੇ ਮੋਤੀ।

ਕਿਸੇ ਦਾ ਰੰਗ ਹੁੰਦਾ ਹੈ ਕਿਸੇ ਥਾਂ ਹੋਰ ਲੱਗਦਾ ਏ,
ਤਲਾਂ ‘ਚੋਂ ਲੱਭਦੇ ਨੇ ਪਰ ਥਲਾਂ ਤੇ ਚਮਕਦੇ ਮੋਤੀ।

ਤੁਸਾਂ ਦੇ ਨਗਰ ਦੇ ਪੈਂਡੇ ਅਸਾਂ ਸੰਗ ਰਾਬਤਾ ਕਰਦੇ,
ਤੁਸਾਂ ਦੇ ਹਾਰ ਵਿਚ ਜਿਹੜੇ ਅਸਾਂ ਨੂੰ ਜਾਣਦੇ ਮੋਤੀ।

ਜਦੋਂ ਦੇ ਕਿਰ ਗਏ ਗਾਨੀ ‘ਚੋਂ ਮੈਂ ਸੀ ਸਾਂਭ ਕੇ ਰੱਖੇ,
ਉਦੋਂ ਤੋਂ ਹਰ ਸਮੇਂ ਮਿਲਣਾ ਤੁਸਾਂ ਨੂੰ ਤਰਸਦੇ ਮੋਤੀ।

ਤੁਸਾਂ ਨੂੰ ਮਿਲਣ ਦੀ ਫਿਰ ਤੋਂ ਤੁਸਾਂ ਦਾ ਮੀਤ ਹੋਵਣ ਨੂੰ,
ਤੁਹਾਨੂੰ ਯਾਦ ਜਦ ਕਰਦੇ ਕਹਾਣੀ ਸਿਰਜਦੇ ਮੋਤੀ।