January 19, 2026

ਮਨਦੀਪ ਲੁਧਿਆਣਾ

ਜਾਣ-ਪਹਿਚਾਣ

20 ਅਗਸਤ, 1984
ਪਿੰਡ : ਗੌਸਪੁਰ
ਜ਼ਿਲ੍ਹਾ : ਲੁਧਿਆਣਾ
ਸੰਪਰਕ : 98159-54575

ਮੈਂ ਮਨਦੀਪ ਲੁਧਿਆਣਾ, ਪੂਰਾ ਨਾਮ ਮਨਦੀਪ ਧਾਰੀਵਾਲ ਹੈ । ਮੈਂ ਪਿੰਡ ਗੌਂਸਪੁਰ ਦਾ ਰਹਿਣ ਵਾਲਾ ਹਾਂ ਤੇ ਮੈਂ 12ਵੀਂ ਜਮਾਤ ਤੱਕ ਸਰਕਾਰੀ ਸਕੂਲ ਹੰਬੜਾਂ ਤੋਂ ਸਿੱਖਿਆ ਪ੍ਰਾਪਤ ਕੀਤੀ ਹੈ। ਮੈਂ ਇਸ ਸਮੇਂ ਜਗਰਾਉਂ ਇੱਕ ਪ੍ਰਾਈਵੇਟ ਫੈਕਟਰੀ ਵਿੱਚ ਲਿਖਾਈ ਪੜ੍ਹਾਈ (ਮੁਨੀਮੀ) ਦਾ ਕੰਮ ਕਰ ਰਿਹਾ ਹਾਂ । ਮੈਂ ਗ਼ਜ਼ਲ ਕਹਿਣ ਦੀ ਸਿੱਖਿਆ ਉਸਤਾਦ ਜਨਾਬ ਸੁਖਦੇਵ ਸਿੰਘ ਅਰਮਾਨ ਹੋਰਾਂ ਤੋਂ ਲਈ ਹੈ । ਕਈ ਸਾਲਾਂ ਤੋਂ ਗ਼ਜ਼ਲ ਕਹਿ ਰਿਹਾ ਹਾਂ ਪਰ ਛਪਣ ਲਈ ਕਦੇ ਕਿਸੇ ਮੈਗਜ਼ੀਨ ਨੂੰ ਨਹੀਂ ਭੇਜੀਆਂ, ਪੰਜਾਬੀ ਨਕਸ਼ ਮੈਗਜ਼ੀਨ ਵਿਚ ਮੇਰੀਆਂ ਗ਼ਜ਼ਲਾਂ ਪਹਿਲੀ ਵਾਰ ਛਪ ਰਹੀਆਂ ਹਨ।

ਗ਼ਜ਼ਲ

ਲਾਲ ਸੂਹੇ ਗੁਲਾਬ ਦੇ ਬਦਲੇ ।
ਜਾਨ ਹਾਜ਼ਿਰ, ਜਵਾਬ ਦੇ ਬਦਲੇ ।

ਜ਼ਿੰਦਗੀ, ਜ਼ਿੰਦਗੀ ਨਹੀਂ ਰਹਿਣੀ ,
ਨੈਣ ਜੇਕਰ ਜਨਾਬ ਦੇ ਬਦਲੇ ।

ਲੋਕ ਚਾਹੁੰਦੇ ਨੇ ਮੈਂ ਉਨ੍ਹਾਂ ਵਾਂਗੂੰ ,
ਖ਼ੂਨ ਪੀਵਾਂ ਸ਼ਰਾਬ ਦੇ ਬਦਲੇ ।

ਦਰਦ ਸਾਰਾ ਨਿਚੋੜਤਾ ਦਿਲ ਦਾ ,
ਸ਼ਾਇਰੀ ਦੀ ਕਿਤਾਬ ਦੇ ਬਦਲੇ ।

ਵੇਚ ਦਿੰਦੈ ਹਰੇਕ ਹੀ ਅੱਜਕਲ੍ਹ ,
ਅਸਲ ਚਿਹਰਾ ਨਕਾਬ ਦੇ ਬਦਲੇ ।

ਗ਼ਜ਼ਲ

ਤੂੰ ਇਹ ਨ ਸੋਚ ਕਿ ਤੇਰੇ ਤੋਂ ਹੈ ਜੁਦਾ ਕਿਹੜਾ।
ਤੂੰ ਇਹ ਵਿਚਾਰ, ਤੇਰੇ ਨਾਲ਼ ਹੈ ਖੜ੍ਹਾ ਕਿਹੜਾ ।

ਹਰੇਕ ਜ਼ਖ਼ਮ ਬੜਾ ਲੁਤਫ਼ ਦੇ ਰਿਹੈ ਅੱਜਕਲ੍ਹ,
ਇਹ ਜ਼ਖ਼ਮ ਜਿਸਮ ਨੂੰ ਮੇਰੇ ਕਰੇ ਅਤਾ ਕਿਹੜਾ?

ਮਿਲੇ ਹਯਾਤ ਹਰਿਕ ਥਾਂ ‘ਤੇ ਹਾਦਸਾ ਬਣਕੇ,
ਕਰਾਂ ਬਿਆਨ ਭਲਾ ਫਿਰ ਮੈਂ ਹਾਦਸਾ ਕਿਹੜਾ ।

ਮੇਰੇ ਗਰਾਂ ਚੋਂ ਮੇਰੀ ਮੌਤ ਦੀ ਵਜ੍ਹਾ ਪੁੱਛੀਂ,
ਫਿਰ ਅਪਣੇ ਆਪ ਤੋਂ ਪੁੱਛੀਂ, ਹੈ ਬੇਵਫ਼ਾ ਕਿਹੜਾ?

ਮੈਂ ਏਹੋ ਸੋਚ ਕੇ ਆਖ਼ਿਰ ਨੂੰ ਖ਼ੁਦਕੁਸ਼ੀ ਕਰ ਲਈ,
ਮਰੇ ਉਡੀਕ ‘ਚ ਤੇਰੀ ਜ਼ਰਾ ਜ਼ਰਾ ਕਿਹੜਾ।

ਮੇਰਾ ਇਹ ਵਹਿਮ ਪਲਾਂ ਵਿੱਚ ਹੀ ਹਵਾ ਹੋਇਆ,
”ਕਿ ਹੈ ਜਹਾਨ ‘ਤੇ ਮੇਰੇ ਜਿਹਾ ਖ਼ੁਦਾ ਕਿਹੜਾ”।

ਗ਼ਜ਼ਲ

ਨਿਆਣੇ ਵਾਂਗਰਾਂ ਉਡਦਾ ਗੁਬਾਰਾ ਭਾਲਦਾ ਫਿਰਦਾਂ ।
ਮੈਂ ਅਪਣੇ ਨਾਲ਼ ਦਾ ਇੱਕ ਬੇਸਹਾਰਾ ਭਾਲਦਾ ਫਿਰਦਾਂ ।

ਸਿਕੰਦਰ ਹੋਣ ਦੀ ਚਾਹਤ ਨੇ ਪੱਲੇ ਕੁਝ ਨਹੀਂ ਛੱਡਿਆ ,
ਮੈਂ ਸੂਰਜ ਠਾਰ ਕੇ ਅਪਣਾ, ਸ਼ਰਾਰਾ ਭਾਲਦਾ ਫਿਰਦਾਂ ।

ਮੇਰੀ ਮੂਰਖ਼ ਮਤੀ ਨੂੰ, ਕੀ ਕਹੋਗੇ, ਆਪ ਹੀ ਸੋਚੋ ,
ਮੁਹੱਬਤ ਦੇ ਸਮੁੰਦਰ ਦਾ ਕਿਨਾਰਾ ਭਾਲਦਾ ਫਿਰਦਾਂ ।

ਹਨੇਰਾ ਦੇਖ ਕੇ, ਖ਼ਬਰੇ ਉਹ ਕਿੱਥੇ ਰਹਿ ਗਿਆ ਪਿੱਛੇ ,
ਤੇ ਮੈਂ ਪਰਛਾਵੇਂ ਅਪਣੇ ਦਾ ਸਹਾਰਾ ਭਾਲਦਾ ਫਿਰਦਾਂ ।

ਮੈਂ ਜਿਸਨੂੰ ਵੇਚਣਾ ਚਾਹਿਆ ਸੀ ਇੱਕ ਦਿਨ ਆਖ ਕੇ ਖੰਡਰ ,
ਉਸੇ ਖੰਡਰ ‘ਚੋਂ ਅਪਣਾ ਘਰ ਦੁਬਾਰਾ ਭਾਲਦਾ ਫਿਰਦਾਂ।