January 19, 2026

ਗੁਰਪਾਲ ਸਿੰਘ ਬਿਲਾਵਲ

ਜਾਣ-ਪਹਿਚਾਣ

27 ਨਵੰਬਰ, 1984
ਪਿੰਡ : ਸੰਘੇੜਾ
ਜ਼ਿਲ੍ਹਾ : ਬਰਨਾਲਾ
ਸੰਪਰਕ : 98728-30846

ਕਿੱਤੇ ਵਜੋਂ ਪੰਜਾਬੀ ਮਾਸਟਰ ਹਾਂ, ਸਰਕਾਰੀ ਹਾਈ ਸਕੂਲ ਸੰਘੇੜਾ ਜ਼ਿਲ੍ਹਾ ਬਰਨਾਲ਼ਾ ਵਿੱਚ ਆਪਣੀਆਂ ਸੇਵਾਵਾਂ ਨਿਭਾਅ ਰਿਹਾ ਹਾਂ। ਲਿਖਣ/ਪੜ੍ਹਨ ਦਾ ਸ਼ੌਕ ਸਕੂਲੀ ਪੜ੍ਹਾਈ ਦੌਰਾਨ ਹੀ ਪਾਲ਼ਿਆ। ਵੱਖ-ਵੱਖ ਪੰਜਾਬੀ ਅਖ਼ਬਾਰਾਂ ਤੋਂ ਇਲਾਵਾ ਮੈਗਜ਼ੀਨ ‘ਅੱਖਰ’ ਅਤੇ ‘ਪ੍ਰੀਤਲੜੀ’ ਵਿੱਚ ਛਪਿਆ ਹਾਂ। ਇੱਕ ਕਾਵਿ ਸੰਗ੍ਰਹਿ ‘ਪੈੜਾਂ ਦੇ ਹਰਫ਼’ 2010 ਵਿੱਚ ਪ੍ਰਕਾਸ਼ਿਤ ਹੋਇਆ ਹੈ। ਮੁੱਖ ਵਿਧਾ ਗ਼ਜ਼ਲ ਹੈ। ਸਾਹਿਤਕ ਕਾਰਜ ਦੀ ਗੱਲ ਕਰੀਏ ਤਾਂ ਗ਼ਜ਼ਲ ਮੰਚ ਬਰਨਾਲ਼ਾ ਦਾ ਜਨਰਲ ਸਕੱਤਰ ਹਾਂ। ਇਸ ਮੰਚ ਦੇ ਸਰਪ੍ਰਸਤ ਬਹੁ-ਪੱਖੀ ਲੇਖਕ ਬੂਟਾ ਸਿੰਘ ਚੌਹਾਨ ਜੀ ਹਨ।

ਗ਼ਜ਼ਲ

ਗੁਜ਼ਰੇ ਪਲਾਂ ਨੂੰ ਫਿਰ ਤੋਂ ਤਾਜ਼ਾ ਤਰੀਨ ਕਰਕੇ।
ਸਾਹਾਂ ‘ਚ ਮਹਿਕ ਭਰੀਏ ਯਾਦਾਂ ਰੰਗੀਨ ਕਰਕੇ।

ਪੈਂਦੀ ਹੈ ਸਾਂਝ ਕਿੱਦਾਂ ਲੈ ਸੁਣ ਜਵਾਬ ਇਸ ਦਾ,
ਮੇਰੇ ਅਧੀਨ ਹੋ ਜਾ ਮੈਨੂੰ ਅਧੀਨ  ਕਰਕੇ।

ਬੱਚਿਆਂ ਦੇ ਆਪ ਦੁਸ਼ਮਣ ਆਪੇ ਹੀ ਬਣ ਰਹੇ ਹਾਂ,
ਪੌਣਾਂ ‘ਚ ਜ਼ਹਿਰ ਭਰ ਕੇ ਪਾਣੀ ਮਲੀਨ ਕਰਕੇ।

ਚੁੱਪਾਂ ਦਾ ਸਾਜ਼ ਵੱਜੇ ਅੰਦਰ ਅਨੰਦ ਪਸਰੇ,
ਰੱਖੇ  ਜੇ ਕੋਈ ਹਿਰਦਾ  ਕੁਦਰਤ ‘ਚ ਲੀਨ ਕਰਕੇ।

ਸ਼ਿਕਵਾ ਤੇ ਸ਼ੱਕ ਦੋਵੇਂ  ਸੋਚਾਂ ‘ਚੋਂ ਬਾਹਰ ਕਰੀਏ,
ਪਾਣੀ  ਦੇ ਵਾਂਗ ਘੁਲ਼ੀਏ  ਅੰਦਰੋਂ  ਯਕੀਨ ਕਰਕੇ।

ਫੁੱਲਾਂ ਦਾ ਬੀਜ ਬਣ ਕੇ  ਆ ਜਾ ਤੂੰ ਐ ‘ਬਿਲਾਵਲ’,
ਮੈਂ ਹੋ  ਗਈ ਹਾਂ ਬਿਹਬਲ  ਖੁਦ ਨੂੰ ਜ਼ਮੀਨ ਕਰਕੇ।

ਗ਼ਜ਼ਲ

ਹੱਸ ਕੇ ਨਕਲੀ ਜਿਹਾ ਨਿਭਦੇ ਬਥੇਰੇ ਮਿਲਣਗੇ।
ਇੱਕ ਚਿਹਰੇ ਵਿੱਚ ਹੀ ਚਿਹਰੇ ਬਥੇਰੇ ਮਿਲਣਗੇ।

ਇਸ ਸ਼ਹਿਰ ਵਿੱਚ ਨਾ ਕੋਈ ਜੋ ਦੁੱਖ ਤੇਰਾ ਸੁਣ ਸਕੇ,
ਬੈਠ ‘ਕੱਲੇ ਸੁਲਗਦੇ ਬੰਦੇ ਬਥੇਰੇ ਮਿਲਣਗੇ।

ਅੱਜ ਭਾਵੇਂ ਪਤਝੜਾਂ ਦੀ ਹੈ ਹਕੂਮਤ ਦੋਸਤੋ,
ਬਹੁਤ ਜਲਦੀ ਪੁੰਗਰਦੇ ਪੱਤੇ ਬਥੇਰੇ ਮਿਲਣਗੇ।

ਦਿਲ ਮੇਰੇ ਦੀਆਂ ਸੁੰਨੀਆਂ ਗਲ਼ੀਆਂ ‘ਚ ਆ ਕੇ ਦੇਖ ਤੂੰ,
ਸਹਿਮ ਕੇ ਹਉਕਾ ਬਣੇ ਹਾਸੇ ਬਥੇਰੇ ਮਿਲਣਗੇ।

ਮਿਲਣਗੇ ਸਭ ਨੈਣ ਸੋਗੀ ਨਾ ਅਦਾਵਾਂ ਮਿਲਣੀਆਂ,
ਹੰਝੂਆਂ ਨਾ ਖੁਰ ਰਹੇ ਕਜ਼ਲੇ ਬਥੇਰੇ ਮਿਲਣਗੇ।

ਨਗਰ ਵਿਚ ਇਨਸਾਨੀਅਤ ਨਾ ਪਿਆਰ ਹੈ ਨਾ ਰੱਬ ਹੀ,
ਪੱਥਰਾਂ ਨੂੰ ਝੁਕ ਰਹੇ ਮੱਥੇ ਬਥੇਰੇ ਮਿਲਣਗੇ।

ਗ਼ਜ਼ਲ

ਦੌੜ ਜਾਵੇ ਦਿਲ ‘ਚੋਂ ਮਾਤਮ ਇਸ ਤਰ੍ਹਾਂ ਦੀ ਧੁਨ ਸੁਣਾ।
ਤੇ ਮਿਲੇ ਖ਼ੁਸ਼ੀਆਂ ਦਾ ਆਲਮ ਇਸ ਤਰ੍ਹਾਂ ਦੀ ਧੁਨ ਸੁਣਾ।

ਹੈ ਬੜੇ ਚਿਰ ਤੋਂ ਉਦਾਸੀ ਦਿਲ ‘ਚ ਗਹਿਰੀ ਦੋਸਤਾ,
ਦਿਲ ‘ਚ ਗੂੰਜੇ ਫੇਰ ਸਰਗਮ ਇਸ ਤਰ੍ਹਾਂ ਦੀ ਧੁਨ ਸੁਣਾ।

ਚੁਭ ਰਹੇ ਨੇ ਰੰਗ ਸੋਗੀ ਸੋਂਹਦੀਆਂ ਨਾ ਪਤਝੜਾਂ,
ਬਦਲ ਜਾਵੇ ਪਲ ‘ਚ ਮੌਸਮ ਇਸ ਤਰ੍ਹਾਂ ਦੀ ਧੁਨ ਸੁਣਾ।

ਧੁਖਦਿਆਂ ਦੇ, ਮਰਦਿਆਂ ਦੇ ਹਿਰਦਿਆਂ ਦੇ ਜ਼ਖ਼ਮ ‘ਤੇ,
ਲੱਗ ਜਾਵੇ ਬਣ ਕੇ ਮਰਹਮ ਇਸ ਤਰ੍ਹਾਂ ਦੀ ਧੁਨ ਸੁਣਾ।

ਬਿਖਰ ਜਾਵਣ ਰੰਗ ਖ਼ੁਸ਼ੀਆਂ ਖ਼ੁਸ਼ਬੋਆਂ ਤੇ ਰੋਸ਼ਨੀ,
ਨਾ ਵਰ੍ਹੇ ਕੋਈ ਅੱਖ ਛਮ-ਛਮ ਇਸ ਤਰ੍ਹਾਂ ਦੀ ਧੁਨ ਸੁਣਾ।

ਰੰਗ, ਜਾਤੀ, ਨਸਲ, ਮਜ਼ਹਬ, ਕੌਮ ਦਿਲ ‘ਚੋਂ ਭੁੱਲ ਕੇ,
ਗਾਉਣ ‘ਕੱਠੇ ਰਾਮ ਅਸਲਮ ਇਸ ਤਰ੍ਹਾਂ ਦੀ ਧੁਨ ਸੁਣਾ।

ਦਿਲ ਕਰੇ ਸੁਣ ਕੇ ‘ਬਿਲਾਵਲ’ ਯਾਤਰਾ ‘ਤੇ ਤੁਰ ਪਵਾਂ,
ਦਿਸਣ ਬਸ ‘ਨਾਨਕ’ ਤੇ ‘ਗੌਤਮ’ ਇਸ ਤਰ੍ਹਾਂ ਦੀ ਧੁਨ ਸੁਣਾ।