ਜਾਣ-ਪਹਿਚਾਣ
18 ਜਨਵਰੀ, 2001
ਸ਼ਹਿਰ : ਬਠਿੰਡਾ
ਜ਼ਿਲ੍ਹਾ : ਬਠਿੰਡਾ
ਸੰਪਰਕ : 84270-92318
ਐਮ.ਏ. ਅੰਗਰੇਜ਼ੀ ਕੀਤੀ ਹੈ ਹੁਣੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ, ਹੁਣ ਜਲਦੀ ਹੀ ਅੰਗਰੇਜ਼ੀ ਸਾਹਿਤ ਵਿਚ ਪੀ.ਐਚ.ਡੀ. ਸ਼ੁਰੂ ਕਰਨੀ ਹੈ। ਸਾਹਿਤ ਪੜ੍ਹਨ ਵੱਲ ਮੇਰੀ ਰੁਚੀ ਬਚਪਨ ਤੋਂ ਹੀ ਸੀ, ਕਿਉਂਕਿ ਘਰ ਦਾ ਮਾਹੌਲ ਹੀ ਏਦਾਂ ਦਾ ਸੀ ਸ਼ੁਰੂ ਤੋਂ। ਲਿਖਣ ਵਾਲ਼ੇ ਪਾਸੇ ਮੈਂ 2014-15 ਤੋਂ ਆਈ, ਤੇ ਸ਼ੁਰੂਆਤ ਕੀਤੀ ਸੀ ਬਾਲ ਕਹਾਣੀਆਂ ਤੋਂ। ਇਸੇ ਲੜੀ ‘ਚ ਮੇਰੀਆਂ ਦੋ ਪੁਸਤਕਾਂ ”ਗੁਲਦਾਉਦੀਆਂ” ਤੇ ”ਸੁਨਹਿਰੀ ਸਵੇਰ” ਛਪ ਚੁੱਕੀਆਂ ਹਨ, ਜੋ ਕਿ “ਤਾਰੇ ਭਲਕ ਦੇ ਬਾਲ ਪ੍ਰਤਿਭਾ ਮੰਚ, ਪਟਿਆਲਾ“ ਵੱਲੋਂ ਬਹੁਤ ਖ਼ੂਬਸੂਰਤ ਤਰੀਕੇ ਨਾਲ਼ ਛਪਵਾਈਆਂ ਗਈਆਂ। ਫ਼ਿਰ 2017-18 ਦੇ ਕਰੀਬ ਉਨ੍ਹਾਂ ਵੱਲੋਂ ਇੱਕ ਮੇਰੇ ਸਮੇਤ ਕਾਫ਼ੀ ਬੱਚੇ ਜੋ ਬਾਲ ਲੇਖਕ ਸਨ ਉਸ ਸਮੇਂ, ਦੀਆਂ ਮੁਲਾਕਾਤਾਂ ਦੀ ਕਿਤਾਬ ਪ੍ਰਕਾਸ਼ਿਤ ਕਰਵਾਈ ਗਈ, ਜਿਸ ਦੇ ਸਰਵਰਕ ‘ਤੇ ਮੇਰੀ ਕਵਿਤਾ ਲੱਗੀ, ”ਅਸੀਂ ਸੂਰਜ ਦੇ ਹਾਂ ਵਾਰਿਸ, ਅਸੀਂ ਚਾਨਣ ਦੇ ਵਣਜਾਰੇ/ ਅਸਾਂ ਰੌਸ਼ਨ ਜਹਾਂ ਕਰਨਾ, ਅਸੀਂ ਹਾਂ ਭਲਕ ਦੇ ਤਾਰੇ…”! ਇੰਜ ਬਾਲ ਕਹਾਣੀਆਂ ਤੋਂ ਬਾਅਦ ਕਵਿਤਾ, ਤੇ ਉਸ ਤੋਂ ਬਾਅਦ ਗ਼ਜ਼ਲ ਵੱਲ ਆਈ। ਮੈਨੂੰ ਹੁਣ ਵੀ ਯਾਦ ਐ ਪਹਿਲੀ ਗ਼ਜ਼ਲ ਦਾ ਪਹਿਲਾ ਸ਼ਿਅਰ ਜਦੋਂ ਮਤਲੇ ਦੇ ਰੂਪ ‘ਚ ਜ਼ਿਹਨ ‘ਚ ਆਇਆ ਸੀ ਤੇ ਉਹਨੂੰ ਲਿਖ ਕੇ ਮੈਂ ਕਈ ਦਿਨ ਉਹਦੇ ਸਰੂਰ ਵਿਚ ਰਹੀ…
”ਬਸੰਤੀ ਮੌਸਮਾਂ ਵਿਚ ਜ਼ਰਦ ਨੇ ਪੱਤੇ, ਸਿਆਸਤ ਹੈ
ਸਰਗਮ ‘ਚ ਵੀ ਹਾਜ਼ਿਰ ਨਾ ਸੁਰ ਸੱਤੇ, ਸਿਆਸਤ ਹੈ”
ਉਹ ਦਿਨ ਤੇ ਅੱਜ ਦਾ ਦਿਨ, ਗ਼ਜ਼ਲ ਨੇ ਮੇਰਾ ਪੱਲਾ ਨਹੀਂ ਛੱਡਿਆ!
”ਤਾਰੇ ਭਲਕ ਦੇ ਬਾਲ ਪੁਰਸਕਾਰ“ ਮਿਲਿਆ ਸੀ, ਤਾਰੇ ਭਲਕ ਦੇ ਬਾਲ ਪ੍ਰਤਿਭਾ ਮੰਚ ਪਟਿਆਲਾ ਵੱਲੋਂ, 2015 ਵਿਚ। ਉਸ ਤੋਂ ਬਾਅਦ ਪੰਜਾਬ ਸਾਹਿਤ ਅਕਾਦਮੀ, ਕਲਾ ਪ੍ਰੀਸ਼ਦ ਚੰਡੀਗੜ੍ਹ, ਸਿਰਜਣਾਤਮਕ ਸਿੱਖਿਆ ਸੰਸਾਰ, ਅਦਾਰਾ ਸ਼ਬਦ ਜੋਤ, ਤੇ ਹੋਰ ਵੱਖ ਵੱਖ ਵਿੱਦਿਅਕ ਅਦਾਰਿਆਂ ਤੇ ਸਾਹਿਤਕ ਸੰਸਥਾਵਾਂ ਵੱਲੋਂ ਕਵੀ ਦਰਬਾਰਾਂ ‘ਚ ਬੁਲਾਇਆ ਜਾਂਦਾ ਰਿਹਾ, ਜੋ ਕਿ ਬਾ-ਦਸਤੂਰ ਜਾਰੀ ਹੈ (ਮੇਰੇ ਧੰਨਭਾਗ), ਤੇ ਬਹੁਤ ਮਾਣ-ਸਨਮਾਨ ਮਿਲਦੈ ਹਮੇਸ਼ਾ। ਅੱਜਕਲ੍ਹ ਗ਼ਜ਼ਲ ਲਿਖ ਰਹੀ ਹਾਂ…ਕੁਝ ਆਜ਼ਾਦ ਨਜ਼ਮਾਂ ਦੇ ਅੰਗਰੇਜ਼ੀ ਤੋਂ ਪੰਜਾਬੀ ‘ਚ ਅਨੁਵਾਦ ਵੀ ਕੀਤੇ ਹਨ, ਪਰ ਖ਼ੁਦ ਸਿਰਫ਼ ਗ਼ਜ਼ਲ।
ਮੈਂ ਇਹ ਕਹਿੰਦੀ ਹੁੰਦੀ ਆਂ ਕਿ,
ਇਹ ਛਟਪਟਾਉਂਦੀ ਜ਼ਿੰਦਗੀ ਤਲ਼ੀਆਂ ‘ਤੇ ਰੱਖ ਮੈਨੂੰ
ਜਾਣਾ ਪਿਆ ਹੈ ਜਦ ਵੀ ਕਵਿਤਾ ਨੇ ‘ਵਾਜ ਮਾਰੀ
ਮੈਂ ਹਮੇਸ਼ਾ art for art’s sake ਵਾਲ਼ੀ ਤਰਫ਼ ਖੜ੍ਹਦੀ ਹੁੰਦੀ ਆਂ। ਮੈਨੂੰ ਲਗਦਾ ਹੁੰਦੈ ਕਿ ਕਵਿਤਾ/ ਗ਼ਜ਼ਲ ਹੈ, ਤੇ ਜ਼ਿੰਦਗੀ ਜਿਊਂਣ ਲਈ ਇਹਦਾ ਹੋਣਾ ਈ ਕਾਫ਼ੀ ਐ…ਬਸ। ਮੈਂ ਸਮਾਜ ਨੂੰ ਕੋਈ ਸੇਧ ਦੇਣ ਦਾ ਦਾਅਵਾ ਨਹੀਂ ਕਰਦੀ, ਪਰ ਏਨਾ ਜ਼ਰੂਰ ਹੈ ਕਿ ਮੇਰੇ ਬਹੁਤ ਉਦਾਸ ਪਲਾਂ ‘ਚ ਜੇ ਕੁਝ ਹੈ ਜੋ ਮੈਨੂੰ ਧਰਵਾਸ ਦਿੰਦੈ, ਤਾਂ ਉਹ ਸਿਰਫ਼ ਤੇ ਸਿਰਫ਼ ਕਵਿਤਾ ਹੈ। ਜੌਨ ਏਲੀਆ ਦੀ ਸ਼ਾਇਰੀ ਪੜ੍ਹਦਿਆਂ ਮੈਨੂੰ ਲਗਦਾ ਹੁੰਦੈ ਕਿ ਮੈਂ ‘ਕੱਲੀ suffer ਨ੍ਹੀਂ ਕਰ ਰਹੀ, ਤੇ ਇਹ ਦਿਲਾਸਾ ਕਾਫ਼ੀ ਹੁੰਦੈ ਮੇਰੇ ਲਈ। ਸ਼ਾਇਦ ਆਪਾਂ ਸਾਰੇ ਪੜ੍ਹਨ ਲਿਖਣ ਵਾਲ਼ੇ relate ਕਰ ਸਕਦੇ ਆਂ ਏਸ ਗੱਲ ਨਾਲ਼… ਮੈਂ ਸਾਡੇ ਸਮਿਆਂ ਦੇ ਵੱਡੇ ਕਵੀ ਵਿਜੇ ਵਿਵੇਕ ਜੀ ਦੇ ਇੱਕ ਸ਼ਿਅਰ ਨਾਲ਼ ਆਪਣੀ ਗੱਲ ਪੂਰੀ ਕਰਦੀ ਆਂ, ਤੇ ਇਸ ਤੋਂ ਬਾਅਦ ਮੈਨੂੰ ਨ੍ਹੀਂ ਲਗਦਾ ਮੇਰੇ ਕਹਿਣ ਲਈ ਕੁਝ ਬਚਿਆ ਹੈ।
ਕਵਿਤਾ ਨੂੰ ਕਹਿ ਛੱਡਿਐ ਕਿ ਕੁਝ ਬਚਿਐ ਤਾਂ ਵੇਖ ਲਏ
ਮੈਨੂੰ ਤਾਂ ਮੇਰੀ ਕੋਈ ਜ਼ਰੂਰਤ ਨਹੀ ਰਹੀ
ਗ਼ਜ਼ਲ
ਆਖਾਂ ਦਿਲ ਦੀ ਗੱਲ ਤਾਂ ਮਸਲਾ ਬਣ ਜਾਂਦੈ।
ਮਤਲਾ ਵੀ ਅੱਜਕੱਲ੍ਹ ਤਾਂ ਮਸਲਾ ਬਣ ਜਾਂਦੈ।
ਦਿਲ ਦਰਿਆ ਲੱਖ ਮੌਨ ਵਗਣ ਕੋਈ ਮਸਲਾ ਨਈਂ,
ਜਦ ਕੋਈ ਉੱਠੇ ਛੱਲ ਤਾਂ ਮਸਲਾ ਬਣ ਜਾਂਦੈ।
ਕੀ ਮੈਂ ਹਾਲ ਸੁਣਾਵਾਂ ਸਾਡੇ ਰਿਸ਼ਤੇ ਦਾ,
ਗੱਲ ਗੱਲ ‘ਤੇ ਅੱਜਕੱਲ੍ਹ ਤਾਂ ਮਸਲਾ ਬਣ ਜਾਂਦੈ।
ਜਿਸ ਨੇ ਰਾਹ ਰੁਸ਼ਨਾਉਣਾ ਸੀ ਉਹ ਰਹਿਬਰ ਵੀ,
ਜਦੋਂ ਖਿਲਾਰੇ ਝੱਲ ਤਾਂ ਮਸਲਾ ਬਣ ਜਾਂਦੈ।
ਜ਼ਿੰਦਗੀ ਮਸਲਾ ਤਾਂ ਨਈਂ, ਪਰ ਇਸ ਮਸਲੇ ਦਾ,
ਲੱਭੇ ਨਾ ਜੇ ਹੱਲ ਤਾਂ ਮਸਲਾ ਬਣ ਜਾਂਦੈ।
ਗ਼ਜ਼ਲ
ਹਾਏ! ਉਹ ਇਸ਼ਕ ਵਾਲ਼ੀ ਤਲਵਾਰ ਤੇਜ਼-ਧਾਰੀ।
ਉਸ ਜਾਂ ਵੀ ਕੱਢ ਦਿੱਤੀ ਸੀਨੇ ਵੀ ਨਾ ਉਤਾਰੀ।
ਜਦ ਲੋਚਿਆ ਹਨੇਰਾ, ਬੱਤੀ ਬਲ਼ੀ ਅਚਾਨਕ,
ਫ਼ਿਰ ਖ਼ਿਆਲ ਵਾਲ਼ੀ ਕੰਨੀ ਹੱਥਾਂ ‘ਚੋਂ ਛੁੱਟੀ ਸਾਰੀ।
ਉਹ ਮੁਸਕੁਰਾ ਕੇ ਗ਼ੈਰਾਂ ਕੋਲ਼ੋਂ ਜਦੋਂ ਵੀ ਗੁਜ਼ਰੇ,
ਦਿਲ ‘ਤੇ ਹੈ ਜੋ ਗੁਜ਼ਰਦੀ, ਜਾਂਦੀ ਨਹੀਂ ਗੁਜ਼ਾਰੀ।
ਮੇਰੇ ਚਾਅ-ਚੂਅ, ਰੀਝਾਂ-ਰੂਝਾਂ, ਉਸ ਦੇ ਲਈ ਖੇਡਾਂ-ਖੂਡਾਂ,
ਉਹ ਜਿੱਤ ਕੇ ਨਾ ਜਿੱਤਿਆ, ਮੈਂ ਹਾਰ ਕੇ ਨਾ ਹਾਰੀ।
ਇਹ ਛਟਪਟਾਉਂਦੀ ਜ਼ਿੰਦਗੀ ਤਲ਼ੀਆਂ ‘ਤੇ ਰੱਖ ਮੈਨੂੰ,
ਜਾਣਾ ਪਿਆ ਹੈ ਜਦ ਵੀ ਕਵਿਤਾ ਨੇ ‘ਵਾਜ਼ ਮਾਰੀ।
Read more
ਦਾਦਰ ਪੰਡੋਰਵੀ
ਸੁਰਿੰਦਰ ਸੀਰਤ
ਅਮਰਿੰਦਰ ਸੋਹਲ