ਜਾਣ-ਪਹਿਚਾਣ
੧੫ ਮਈ, ੧੯੮੬
ਪਿੰਡ : ਕਾਠਗੜ੍ਹ, ਬਲਾਚੌਰ
ਜ਼ਿਲ੍ਹਾ : ਸ਼ਹੀਦ ਭਗਤ ਸਿੰਘ ਨਗਰ
ਸੰਪਰਕ : ੮੨੬੪੨-੫੦੯੫੬
ਨੌਜਵਾਨ ਸ਼ਾਇਰ ਅਨੀ ਕਾਠਗੜ੍ਹ ਸਮਕਾਲੀ ਪੰਜਾਬੀ ਗ਼ਜ਼ਲ ਦਾ ਮਹੱਤਵਪੂਰਣ ਨਾਮ ਹੈ। ਉਸ ਦੇ ਸ਼ਿਅਰਾਂ ‘ਚ ਕਿਧਰੇ ਵੀ ਬਨਾਵਟ ਨਜ਼ਰ ਨਹੀਂ ਆਉਂਦੀ। ਉਸ ਦੀ ਗ਼ਜ਼ਲ ਪੜ੍ਹਦਿਆਂ ਸ਼ਿਅਰਾਂ ਦੀ ਪਕਿਆਈ ਵੇਖ ਕੇ ਅੰਦਾਜ਼ਾ ਹੁੰਦਾ ਹੈ ਕਿ ਪੰਜਾਬੀ ਗ਼ਜ਼ਲ ਦਾ ਭਵਿੱਖ ਬੜਾ ਸ਼ਾਨਦਾਰ ਹੈ। ਕਵਿਤਾਵਾਂ ਛਾਪੀਆਂ : ਸਰੋਕਾਰ, ਆਪਣੀ ਆਵਾਜ਼, ਤਾਸਮਨ।
ਗ਼ਜ਼ਲ
ਉਸ ਰਾਤ ਭਟਕਦੇ ਲਈ ਬਣਿਆ ਸੀ ਜੋ ਸਹਾਰਾ।
ਲਾਜ਼ਿਮ ਨਹੀਂ ਉਹ ਤਾਰਾ ਚਮਕੇਗਾ ਫਿਰ ਦੁਬਾਰਾ।
ਮੈਂ ਧਿਆਨ ਲਾ ਰਿਹਾ ਸਾਂ, ਫਿਰ ਧਿਆਨ ਵਿੱਚ ਆ ਕੇ,
ਉਸ ਤਹਿਸ-ਨਹਿਸ ਕਰਤਾ ਮੇਰਾ ਜੋਗ-ਜੂਗ ਸਾਰਾ।
ਖ਼ੂੰਖ਼ਾਰ ਖ਼ੰਜਰਾਂ ਨੂੰ ਨਜ਼ਮਾਂ ਸੁਣਾ ਰਿਹਾ ਹਾਂ,
ਐ ਮੁਨਸਿਫੋ ਵਕੀਲੋ ਬਣਦੀ ਏ ਕਿਹੜੀ ਧਾਰਾ।
ਤੂੰ ਮੌਨ ਵੇਖ ਮੈਨੂੰ ਹਰਗਿਜ਼ ਭਰਮ ਨਾ ਖਾਵੀਂ,
ਅਸਮਾਨ ਤੱਕ ਉਛਲਦੈ ਕਈ ਵਾਰ ਮੇਰਾ ਪਾਰਾ।
ਮਿੱਟੀ, ਅਕਾਸ਼, ਪਾਣੀ, ‘ਵਾ, ਅੱਗ ਤੋਂ ਬਿਨਾਂ ਵੀ,
ਕੁਝ ਹੈ, ਬਗ਼ੈਰ ਜਿਸਦੇ ਹੁੰਦਾ ਨਹੀਂ ਗੁਜ਼ਾਰਾ।
ਸੁਲਘਦੀ ਰੁੱਤ ਵਿਚ ਕੁਝ ਪਲ ਲਈ ਪਾਲ਼ਾ ਬਣੇ ਕੋਈ,
ਰਗਾਂ ਦੀ ਟਕ-ਟਕਾ-ਟਕ ਦੀ ਸਮਝ ਵਾਲ਼ਾ ਬਣੇ ਕੋਈ।
ਸਰੋਤੇ ਮੋਰ ਵੀ ਬਣਦੇ, ਸਰੋਤੇ ਨਾਗ ਵੀ ਬਣਦੇ,
ਜ਼ਰਾ ਅਲਗੋਜ਼ਿਆਂ ਨੂੰ ਸੁਰ ਕਰਨ ਵਾਲ਼ਾ ਬਣੇ ਕੋਈ।
ਬੜਾ ਕੁਝ ਛੇਦਿਆ ਜਾਏ ਕਿਸੇ ਪੱਥਰ ਦੇ ਗਲ਼ ਖ਼ਾਤਿਰ,
ਕਈ ਮਾਸੂਮ ਕਲੀਆਂ ਦੀ ਜਦੋਂ ਮਾਲ਼ਾ ਬਣੇ ਕੋਈ।
ਪਤੰਗਾ ਭਰਮ ਖਾ ਜਾਏ ਉਹ ਖਾ ਜਾਏ ਪਤੰਗੇ ਨੂੰ,
ਪਤੰਗਾ ਹਜ਼ਮ ਹੋ ਮਕੜੀ ਦਾ ਫਿਰ ਜਾਲ਼ਾ ਬਣੇ ਕੋਈ।
ਕਹੇ ਹਰ ਦਿਲ, ਸੁਣੇ ਹਰ ਦਿਲ, ਜ਼ੁਬਾਂ ਹੋਵੇ ਜਾਂ ਨਾ ਹੋਵੇ,
ਕੋਈ ਭਾਸ਼ਾ ਬਣੇ ਐਸੀ ਵਰਣਮਾਲ਼ਾ ਬਣੇ ਕੋਈ।
ਗ਼ਜ਼ਲ
ਉਲੀਕੇ ਆਪ ਬਹੁਰੰਗੇ ਤਸੱਵਰ ਵਿਚ, ਅਪਣੇ ਆਪ ਨੂੰ ਉਲਝਾ ਰਿਹਾ ਹੈ।
ਇਹ ਸਿਰਫਿਰਿਆ ਜਿਹਾ ਅਜ਼ਗਰ, ਜ਼ਿਹਨ ਵਿਚ ਨਿਗਲਦਾ ਆਪ ਨੂੰ ਹੀ ਜਾ ਰਿਹਾ ਹੈ।
ਬਚੇਗਾ ਏਸ ‘ਤੋਂ ਕਿਹੜਾ ਅਦਾਰਾ, ਸਿਆਸਤ ਲਹੂ ਵਿਚ ਹੈ ਅਸਾਡੇ,
‘ਬੜਾ ਕੁਝ’ ਹੈ ਅਸਾਡੇ ਆਦਿ ਤੋਂ ਜੋ, ਅਸਾਡੇ ਨਾਲ਼ ਤੁਰਿਆ ਆ ਰਿਹਾ ਹੈ।
ਨਜ਼ਰੀਆ ਮੁਖ਼ਤਲਿਫ਼ ਹੈ ਹਰ ਨਜ਼ਰ ਦਾ, ਕੋਈ ‘ਕਾਸਦ’ ਕੋਈ ‘ਦੀਵਾਰ’ ਆਖੇ,
ਧਰਾ ਅਸਮਾਨ ਦੇ ਵਿਚਕਾਰ ਇਹ ਜੋ, ਸਲੇਟੀ-ਮੇਘ ਬਣਕੇ ਛਾ ਰਿਹਾ ਹੈ।
ਵਸੇ ਨੇ ਸ਼ੋਰ ਵਿਚ ਵੀ ਸੁਰ, ਸੁਣੋ ਤਾਂ! ਕੋਈ ਵੀ ਰੰਗ ਬਦਰੰਗਾ ਨਹੀਂ ਹੈ,
ਕਦੋਂ, ਕਿੱਥੇ ਤੇ ਕਿਸ ਮਿਕਦਾਰ ਵਿਚ, ਬਸ ਮੁਸੱਵਰ ਇਹ ਸਮਝ ਨਾ ਪਾ ਰਿਹਾ ਹੈ।
ਬਦਲਦੇ ਵਕਤ ਪੀ ਕੇ ਫ਼ਲਸਫ਼ੇ ਵੀ, ਨਸ਼ਾ ਕੇਵਲ ਸ਼ਰਾਬਾਂ ਵਿਚ ਨਹੀਂ ਹੈ,
ਸੁਰਾਂ ਵਰਗੀ ਮਨਾਂ ਦੀ ਮਾਨਸਿਕਤਾ, ਅਰੋਹ, ਅਵਰੋਹ ਬਦਲਦਾ ਜਾ ਰਿਹਾ ਹੈ।
ਨਜ਼ਰ ਇਕ ਦੂਰ ਦੀ ਕਮਜ਼ੋਰ, ਆਖੇ! ਕਿ ਪਹਿਲੀ ਵਾਰ ਇਹ ਸਭ ਹੋ ਰਿਹਾ ਹੈ,
ਨਵਾਂ ਕੁਝ ਵੀ ਨਹੀਂ, ਇਤਿਹਾਸ ਕਹਿੰਦੈ, ‘ਅਨੀ’ ਜੋ ਹੋ ਰਿਹੈ, ਹੁੰਦਾ ਰਿਹਾ ਹੈ।
Read more
ਦਾਦਰ ਪੰਡੋਰਵੀ
ਸੁਰਿੰਦਰ ਸੀਰਤ
ਅਮਰਿੰਦਰ ਸੋਹਲ