January 19, 2026

ਸ਼ਿਰਾਜੀ

ਜਾਣ-ਪਹਿਚਾਣ

ਪਿੰਡ : ਭੋਲੂਵਾਲਾ
ਜ਼ਿਲ੍ਹਾ : ਫ਼ਰੀਦਕੋਟ
ਸੰਪਰਕ : 97795-53972

ਹਰਦੀਪ ਸਿੰਘ (ਸ਼ਿਰਾਜੀ) ਦੇ ਪਿਤਾ ਦਾ ਨਾਮ ਮੋਹਨ ਸਿੰਘ ਤੇ ਮਾਤਾ ਜੀ ਦਾ ਨਾਮ ਪਰਮਜੀਤ ਕੌਰ ਹੈ। ਉਹ ਪਿੰਡ ਭੋਲੂਵਾਲਾ, ਡਾਕਖ਼ਾਨਾ ਪੱਖੀ ਕਲਾਂ, ਤਹਿਸੀਲ ਤੇ ਜ਼ਿਲ੍ਹਾ ਫ਼ਰੀਦਕੋਟ-151203 ਦਾ ਰਹਿਣ ਵਾਲਾ ਹੈ। ਹਰਦੀਪ ਸਿੰਘ ਨੇ ਐਮ.ਏ., ਐਮ.ਫਿਲ. ਪੰਜਾਬੀ ਤੱਕ ਪੜ੍ਹਾਈ ਕੀਤੀ ਹੈ। ਉਸ ਨੂੰ ਲਿਖਣ ਦਾ ਸ਼ੌਕ ਬਚਪਨ ਤੋਂ ਹੀ ਹੈ ਤੇ ਉਸ ਦੇ ਇਸ ਸ਼ੌਂਕ ਨੇ ਉਸ ਨੂੰ ਇਕ ਚੰਗਾ ਕਵੀ ਬਣਾ ਦਿੱਤਾ ਹੈ। ਉਸ ਦੀ ਸੰਪਾਦਕ ਵਜੋਂ ਇਕ ਕਿਤਾਬ ‘ਜ਼ਿੰਦਗੀ ਦੋ ਦਿਨ ਦੀ (ਜਗੀਰ ਸੱਧਰ ਦੇ ਚੋਣਵੇਂ ਗੀਤ) ਵੀ ਛਪ ਚੁੱਕੀ ਹੈ।

ਪਵਿੱਤਰਤਾ

ਉਹ ਅਕਸਰ ਪੁੱਛਦੀ ਹੈ
ਮੇਰੀ ਪਵਿੱਤਰਤਾ ਦਾ ਰਾਜ਼ ।
ਪਰ ਉਹ
ਇਹ ਨਹੀਂ ਜਾਣਦੀ
ਕਿ

ਮਾਂ ਨੇ
ਲੋਕਾਂ ਦੇ ਘਰਾਂ ਦਾ
ਕੱਲਾ ਗੋਹਾ ਕੂੜਾ ਹੀ
ਨਹੀਂ ਸੁੱਟਿਆ।

ਮੇਰੇ ਐਬ ਵੀ ਸੁੱਟੇ।

ਮਾਂ

ਮੈਂ ਬੇਪਰਵਾਹ
ਫ਼ਕੀਰ ਆਦਮੀ
ਸੌਂ ਜਾਂਦਾ ਹਾਂ
ਇਹ ਸ਼ਬਦ ਉਚਾਰਦਿਆਂ
ਕੇ ਚਲੋ ਪਈਏ
ਭਲ਼ਕੇ ਪਤਾ ਨਈਂ ਕੀ ਹੋਣਾ
ਪਰ ਮਾਂ
ਮਾਂ ਵਧਿਆ ਆਟਾ
ਫਰਿੱਜ ‘ਚ ਲਾਉਂਦੀ
ਇਹ ਆਖਦੀ ਕਿ ਭਲਕੇ ਪਕਾਵਾਂਗੇ
ਸੌਣ ਤੋਂ ਪਹਿਲਾਂ ਮਿੱਟੀ ਭਿਓਂ ਦਿੰਦੀ
ਸੋਚਦੀ ਭਲਕੇ ਚੌਂਤਾ ਲਿੱਪਾਂਗੀ ।
ਮਾਂ ਨੂੰ ਕਿੰਨੀ ਫ਼ਿਕਰ ਏ ਨਾ
ਸ੍ਰਿਸ਼ਟੀ ਨੂੰ ਅੱਗੇ ਤੋਰਨ ਦੀ ।
ਧਿਆਨ

ਮਾਂ ਬੈਠੀ ਹੈ
ਦੂਰ… ਧਰਤੀ ਦੇ ਦੂਜੇ ਬੰਨੇ
ਮੈਂ ਇਧਰ
ਕੰਮ ਤੋਂ ਥੱਕਿਆ ਹਾਰਿਆ
ਕਮਰੇ ‘ਚ ਆਉਣ ਸਾਰ
ਦੇਖਦਾਂ ਹਾਂ ਮਾਂ ਦੀ ਫੋਟੋ ।
ਥਕਾਨ ਦੂਰ ਕਰਦੀ ਹੈ
ਮਾਂ ਨਾਲ ਕੀਤੀ ਫੋਨ ਤੇ ਗੱਲ- ਬਾਤ ।

ਪਰ

ਹੁਣ … ਹੁਣ ਗੱਲ ਵੀ ਨਹੀਂ ਹੁੰਦੀ
ਕਿਉਂ ਜੋ
ਮਾਂ ਬੈਠੀ ਹੈ
ਦੂਜੇ ਬੰਨ੍ਹੇ
ਧਰਤੀ ਦੇ ਨਹੀਂ
ਬ੍ਰਹਿਮੰਡ ਦੇ …
ਜਿਥੇ ਨਹੀਂ ਜਾਂਦਾ ਵਿਗਿਆਨ ਦੀ ਤਰੱਕੀ
ਦਾ ਦੂਰ ਸੰਚਾਰ ਮਾਡਲ
ਪਰ .. ਮੇਰਾ ਧਿਆਨ ਜ਼ਰੂਰ ਜਾ ਵੜਦਾ ।

ਕਮਰੇ ‘ਚ ਚੁੱਪ ਹੈ
ਚੀਜ਼ਾਂ ਸ਼ਾਂਤ ਬੈਠੀਆਂ ਨੇ
ਮੈਂ ਵੇਖ ਰਿਹਾਂ ਹਾਂ ਫੋਟੋ ਮਾਂ ਦੀ
ਜਾ ਪਹੁੰਚਦਾ ਹਾਂ ਚੁੱਪ ਦੀ ਪਹੀ ਤੋਂ
ਹੁੰਦਿਆਂ ਉਦਾਸੀ ਦੇ ਘੋਰ ਆਲਮ ਵਿਚ
ਪੀੜ ਦਾ ਕੋਈ ਵੀ ‘ਲਾਜ ਨਜ਼ਰ ਨਹੀਂ ਆਉਂਦਾ
ਮੈਂ ਹੈੱਡਫੋਨ ਲਾ ਗੀਤ ਸੁਣਨ ਲੱਗਦਾ ਹਾਂ
ਆਪਣੇ ਮਨ ਦੀ ਅਵਸਥਾ ਬਦਲਣ ਲਈ
ਮਨ ਨੂੰ ਕਿਸੇ ਹੋਰ ਬੰਨੇ ਲਿਜਾਣ ਲਈ।

ਤੁਸੀਂ ਬੁੱਧ ਨੂੰ ਆਖੋ
ਉਹ ਮੈਨੂੰ ਧਿਆਨ ਲਾਉਣ ਦਾ ਨਹੀਂ
ਭਟਕਾਉਣ ਦਾ ਵਲ ਦੱਸੇ।