February 6, 2025

ਮ੍ਰਿਤਯੁੰਜਯ ਅਵਸਥੀ

ਚੌਕਾ

“ਅੱਗ ਲਾਉਣੀ ਸੌਖੀ
ਬੁਝਦੀ ਵੀ ਸੌਖੀ
ਸਾਂਭਣੀ ਔਖੀ…

ਅੱਗ ਦੱਬਣੀ
ਬਸ ਤੀਵੀਂ ਨੂੰ ਆਉਂਦੀ ਹੈ

ਚੌਂਕੇ ਦੇ ਚਾਅ ਨੂੰ
ਤੇਰੇ ਪਿਆਰ ਨੂੰ
ਢਿੱਡਾਂ ਦੀ ਅੱਗ ਨੂੰ
ਧੂੰਆਂ ਲਾ ਕੇ ਰੱਖਦੀ ਹਾਂ,
ਸੇਕ ਸਾਵਾਂ ਰਹੇ
ਪਤੀਲੀ ਨਾ ਸੜੇ

ਅੱਖਾਂ ‘ਚ ਚਿਣਗ ਰੱਖਣੀ
ਸਾਹਾਂ ਨਾਲ ਹਵਾ ਝੱਲਣੀ
ਦੇਹੀ ਨੂੰ ਲੱਕੜ ਕਰਨਾ
ਕੋਲ਼ਿਆਂ ਦੇ ਵਪਾਰ ਕਰਨੇ
ਮਨ ਦੀ ਸੁਆਹ ‘ਚ ਭਾਂਬੜ ਦੱਬਣਾ

ਅੱਗ
ਚੁੱਲ੍ਹੇ ਤੱਕ
ਬਹੁਤ ਦੇਰ ਨੂੰ ਪੁੱਜਦੀ ਹੈ
ਤਾਂ ਹੀ ਦੇਰ ਤੱਕ ਬਲ਼ਦੀ ਹੈ।

ਮੱਘਦੇ ਕੋਲੇ
ਸੁਆਹ ‘ਚ ਦੱਬਦੀ ਰਹੀ ਹਾਂ
ਕਿ ਪਤੀਲੀ ਰੋਜ਼ ਚੜ੍ਹੇ।