January 17, 2025

ਰਣਧੀਰ ਸਿੰਘ

ਜਾਣ-ਪਹਿਚਾਣ

18 ਜੁਲਾਈ, 1990
ਪਿੰਡ : ਘਨੌੜ ਰਾਜਪੂਤਾਂ (ਦਿੜ੍ਹਬਾ)
ਜ਼ਿਲ੍ਹਾ : ਸੰਗਰੂਰ
ਸੰਪਰਕ : 9478750491

ਰਣਧੀਰ ਅਧਿਆਪਨ ਕਿੱਤੇ ਨਾਲ਼ ਜੁੜਿਆ ਜ਼ਹੀਨ ਸ਼ਾਇਰ ਹੈ, ਜੋ ਵਿਧਾ ਪੱਖੋਂ ਤਕਰੀਬਨ ਦੋ ਅਰਸੇ ਤੋਂ ਖੁੱਲ੍ਹੀ ਕਵਿਤਾ ਲਿਖ ਰਿਹਾ ਹੈ। ਨਵੀਂ ਪੰਜਾਬੀ ਕਵਿਤਾ ‘ਚ ਉਸ ਦਾ ਵਿਸ਼ੇਸ਼ ਸਥਾਨ ਹੈ।  ਸਦਾ ਸਹਿਜ ਅਤੇ ਅਣ-ਸੁਖਾਵੀਂ ਭੀੜ ਤੋਂ ਦੂਰੀ ਰੱਖਣ ਵਾਲ਼ੇ ਰਣਧੀਰ ਦੀਆਂ ਨਜ਼ਮਾਂ ਪੰਜਾਬੀ ਸਾਹਿਤ ਦੇ ਮਿਆਰੀ ਰਸਾਲੇ ‘ਹੁਣ’ ਅਤੇ ਅਖ਼ਬਾਰ ‘ਪੰਜਾਬੀ ਟ੍ਰਿਬਿਊਨ’ ਵਿਚ ਛਪ ਚੁੱਕੀਆਂ ਹਨ।

ਸਾਂਚਾ

ਹੁੰਦਾ ਤਾਂ ਇਉਂ ਹੀ ਏ
ਇਕ ਸਾਂਚਾ ਹੁੰਦਾ
ਇਕ ਬੰਦਾ ਹੁੰਦਾ
ਇਕ ਪੰਛੀ ਹੁੰਦਾ
ਮੋਟਾ ਪਤਲਾ
ਤੁਰਦਾ ਉਡਦਾ
ਸਾਂਚਿਆ ਅੱਗੇ ਆ ਬਹਿੰਦਾ ।
ਪਰ ਸਾਂਚੇ ਕਰੂਰ ਹੀ ਹੁੰਦੇ ਨੇ
ਉਡਾਣ ,ਕੱਦ , ਆਕਾਰ ਨਹੀਂ ਦੇਖਦੇ
ਵਾਧਾ ਘਾਟਾ ਨਹੀਂ ਜ਼ਰਦੇ
ਆਪਣਾ ਮੇਚਾ ਨਹੀਂ ਬਦਲਦੇ
ਉਡਾਣ ਨੂੰ, ਪਰਾਂ ਨੂੰ
ਖ਼ਿਆਲਾ ਨੂੰ ਲੋੜਾਂ-ਥੋੜਾਂ ਨੂੰ
ਸਭ ਕਾਸੇ ਨੂੰ ਬਦਲ ਦਿੰਦੇ ਨੇ
ਬੰਦਾ ਐਵੇ ਤਾਂ ਨਹੀਂ
ਸਿੱਧਾ ਤੁਰਨ ਲਗਦਾ
ਸੱਚ-ਝੂਠ
ਪਾਪ-ਪੁੰਨ ਕਹਿਣ ਲੱਗਦਾ
ਹੁੰਦਾ ਤਾ ਇਉਂ ਹੀ ਏ
ਬਸ ਇਕ ਸਾਂਚਾ ਹੁੰਦਾ।

ਬੰਦਾ

ਮੈਂ
ਪੁਰਖਿਆਂ ਨਾਲ਼ੋਂ ਕੁਝ ਅਲੱਗ ਸੋਚਿਆ
ਘਰ ਖ਼ਬਰ ਪਹੁੰਚੀ
ਸੰਸਦ ‘ਚੋਂ ਚਿੱਠੀ ਆਈ
ਕਿਸੇ ਲੀਡਰ ਨੇ ਸਫ਼ੈਦ ਕਮੀਜ਼ ਝਾੜੀ।
ਮੇਰਾ ਨਵਾਂ ਅਭਿਸ਼ੇਕ ਹੋਇਆ
ਤਗਮੇ ਬਦਲੇ
ਪ੍ਰਮਾਣ ਪੱਤਰ ਤੇ ਲਾਲ ਸਿਆਹੀ ਡੋਲ੍ਹੀ
ਚਿਹਰੇ ‘ਤੇ ਨਿਸ਼ਾਨ ਉਭਾਰੇ
ਘਰ ਤੋਂ ਚੱਕ ਸੰਸਦ ਤੱਕ ਘੜੀਸਿਆ
ਹੈਰਾਨ ਅੱਖਾਂ ਨਾਲ
ਅਨੇਕਾਂ ਪਸ਼ੂਆਂ ਨੂੰ ਮਿਲਦਾ
ਤੁਰਦਾ-ਤੁਰਦਾ
ਕਿਤੇ ਨਹੀਂ ਪਹੁਚਿਆ
ਮੇਰੀ ਸ਼ਨਾਖ਼ਤ ਬਦਲ ਗਈ
ਪਿੱਤਰਾਂ ਨੂੰ ਲਾਹਨਤ ਪਈ
ਮਾਂ ਘਬਰਾਈ ਕੋਲ ਆਈ
ਮਾਫੀਆਂ ਮੰਗਦੀ
ਕੌੜਾ ਬੋਲਦੀ ਕਹਿੰਦੀ
”ਸਿੱਧਾ ਦੇਖਿਆ ਕਰ ਪੁੱਤਰਾ
ਰੱਜ ਕੇ ਖਾ
ਮੌਜਾਂ ਨਾਲ ਜੂਨ ਹੰਢਾਂ
ਚਲਦਾ ਚਲਦਾ ਅੱਗੇ ਜਾ
ਐਵੇਂ ਨਾ ਬਹੁਤਾ ਖ਼ੁਦ ਉਲਝ
ਤੇ ਨਾ ਸਾਨੂੰ ਉਲਝਾ”
ਉਹ ਚੁੱਪ ਹੋ ਗਈ
ਜਨਮ ਦੇਣ ਦਾ ਵਾਸਤਾ ਪਾ
ਅੱਗੇ ਵਧਦਾ ਮੈਂ
ਹੁਣ ਵੀ ਅੱਡ ਹੀ ਸੋਚਦਾਂ
ਬਸ ਬੰਦਾ ਹੋਣਾ ਲੋਚਦਾਂ।

ਮੈਂ ਯਾਤਰਾ ‘ਤੇ ਹਾਂ

ਅਜੇ ਸਿਰਫ਼ ਸਮੁੰਦਰ ਮੁਕਿਆ ਹੈ
ਮੈਂ ਪਾਣੀ ਦਾ ਸਫ਼ਰ ਨਹੀਂ
ਨਾ ਹੀ ਧਰਤੀ ਦੇ ਘੁੰਮਣ ਵਰਗੀ ਕੋਈ ਖੇਡ
ਮੈਂ ਤਾਂ ਮਹਿਬੂਬ ਦੀ ਹਿੱਕ ‘ਚ
ਧੜਕਦੇ ਦਿਲ ਦੀ ਹੂਕ ਹਾਂ
ਜੋ ਵਕਤ ਨਾਲ ਧੀਮੀ ਹੋ ਜਾਂਦੀ ਏ
ਪਰ ਰੁਕਦੀ ਕਦੇ ਨਹੀਂ
ਤੁਸੀਂ ਸੁੱਕੇ ਥਲਾਂ ‘ਤੇ
ਸੁੱਟੇ ਕਿਸ਼ਤੀਆਂ ਦੇ ਲੰਗਰਾਂ ਤੋਂ
ਇਹ ਅੰਦਾਜ਼ਾ ਨਾ ਲਗਾਉਣਾ
ਕਿ ਯਾਤਰਾ
ਮਹਿਜ਼ ਪੈਰਾਂ-ਸਾਧਨਾ ‘ਤੇ ਹੁੰਦੀ ਹੈ
ਇਹ ਕੋਈ
ਦਫਤਰੀ ਪ੍ਰਵਾਨਗੀ ਨਹੀਂ
ਇਹਨੇ ਵਾਪਰਨਾ ਹੀ ਹੁੰਦਾ
ਚਲਦੇ ਰਹਿਣ ‘ਚ ਹੀ ਏ
ਜੀਵਨ
ਮੇਰੇ ਮਰ ਜਾਣ ਤੋਂ ਬਾਅਦ
ਗਵਾਹੀ ਨਾ ਭਰਿਓ ਮੇਰੇ ਹੋਣ ਦੀ
ਤੁਰ ਜਾਵਾਂਗਾ
ਚਾਰ ਗ਼ਮ ਅੱਧਾ ਸੁੱਖ ਹੰਢਾ
ਫਿਰ ਵੀ ਹਾਦਸੇ ਵਾਂਗ
ਤੁਹਾਡੇ ਸਾਹਮਣੇ ਹੋਵੇਗਾ
ਮੇਰਾ ਸਫ਼ਰ
ਜਿਸ ਦਾ ਆਗਾਜ਼ ਹੈ
ਕੋਈ ਅੰਤ ਨਹੀਂ
ਜੋ ਰੁਕਦਾ ਨਹੀਂ ਕਦੇ
ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਨਾ
ਮੈਂ ਯਾਤਰਾ ‘ਤੇ ਹਾਂ