ਲੇਖਕ : ਪਰਗਟ ਸਿੰਘ ਸਤੌਜ
ਧਰਮਸ਼ਾਲਾ ਦੇ ਵਿਹੜੇ ਵਿਚਲੇ ਵੱਡੇ ਪਿੱਪਲ ਦੇ ਪੱਤਿਆਂ ਨਾਲ ਖਹਿੰਦਾ ਸੂਰਜ ਡੁੱਬਦਾ ਜਾ ਰਿਹਾ ਸੀ। ਉਸ ਦੀਆਂ ਕਿਰਨਾਂ ਹੁਣ ਲਾਲ ਭਾਅ ਮਾਰਨ ਲੱਗੀਆਂ ਸਨ। ਅਸਮਾਨ ਵਿਚ ਘਰ ਵਾਪਸੀ ਕਰਦੇ ਪੰਛੀਆਂ ਦੀ ਚਹਿਲ-ਪਹਿਲ ਵਧ ਗਈ ਸੀ। ਬਾਬੇ ਮੋਹਨ ਦਾਸ ਦੇ ਗੁਰੂ ਘਰ ਵੱਲੋਂ ਰਹਿਰਾਸ ਦੇ ਪਾਠ ਦੀ ਆ ਰਹੀ ਮਿੱਠੀ-ਮਿੱਠੀ ਆਵਾਜ਼ ਕੰਨਾਂ ਵਿਚ ਰਸ ਘੋਲ ਰਹੀ ਸੀ। ਕੋਠੇ ਉੱਪਰ ਖੜ੍ਹੇ ਤਰਨ ਨੇ ਸਾਹਮਣੇ ਚੁਬਾਰੇ ਵੱਲ ਵੇਖਿਆ। ਨਿਮਰ ਬਿਨਾਂ ਉਸਨੂੰ ਚੁਬਾਰਾ ਬੇ-ਰੌਣਕਾ ਜਿਹਾ ਲੱਗਾ।
‘ਅਜੇ ਤੱ

ਕ ਚੜ੍ਹੀ ਕਿਉਂ ਨਹੀਂ?’ ਲਾਲ ਸੂਰਜ ਵੱਲ ਵੇਖਦਿਆਂ ਉਸ ਨੇ ਆਪਣੇ ਹੀ ਮਨ ਨੂੰ ਸਵਾਲ ਪਾਇਆ। ‘ਅਜੇ ਤਾਂ ਸੂਰਜ ਵੀ ਚੱਜ ਨਾਲ ਨੀਂ ਡੁੱਬਿਆ। ਮੇਰਾ ਤਾਂ ਊਈਂ ਮਨ ਕਾਹਲਾ ਪਿਆ ਹੋਇਐ।” ਉਸ ਨੇ ਖ਼ੁਦ ਹੀ ਆਪਣੇ ਆਪ ਨੂੰ ਜਵਾਬ ਵੀ ਦੇ ਲਿਆ।
ਉਹ ਨਿਸਚਿੰਤ ਹੋ ਕੇ ਮੰਜੇ ‘ਤੇ ਬੈਠ ਗਿਆ। ਸਾਹਮਣੇ ਚੁਬਾਰੇ ਦੇ ਬਨੇਰੇ ‘ਤੇ ਦੋ ਮੋਰਨੀਆਂ ਮੜਕ ਨਾਲ ਤੁਰਦੀਆਂ ਕਲੋਲ ਕਰ ਰਹੀਆਂ ਸਨ। ਉਸ ਦੀ ਨਜ਼ਰ ਕੁੱਝ ਦੇਰ ਲਈ ਮੋਰਨੀਆਂ ਉੱਤੇ ਕੇਂਦਰਿਤ ਹੋਈ। ਅਚਾਨਕ ਉਸਦੀ ਜੇਬ ਵਿਚ ਮੋਬਾਈਲ ਕੰਬਿਆ। ਉਸ ਨੇ ਕੱਢ ਕੇ ਵੇ
ਖਿਆ। ਪਿੰਡੋਂ ਆਸਿਫ਼ ਦਾ ਫੋਨ ਸੀ।
”ਹਾਂ ਬਾਈ?” ਉਹ ਮੰਜੇ ਤੋਂ ਖੜ੍ਹਾ ਹੋ ਗਿਆ ਅਤੇ ਨਿਮਰ ਕੇ ਚੁਬਾਰੇ ਵੱਲ ਫਿਰ ਨਜ਼ਰਾਂ ਗੱਡ ਲਈਆਂ।
”ਪਿੰਡ ਕਦੋਂ ਆਉਣੈ?”
”ਕੱਲ੍ਹ ਨੂੰ ਆਮਾਂਗੇ।”
”ਫੇਰ ਕੱਲ੍ਹ ਨੂੰ ਪੱਕਾ ਆ ਜੀਓਂ। ਨਾਟਕ ਕਰਵਾਉਣ ਬਾਰੇ ਫੰਡ-ਫੁੰਡ ਕੱਟਣ ਦੀ ਸਲਾਹ ਕਰੀਏ।” ਆਸਿਫ਼ ਨੇ ਇਕ ਤਰ੍ਹਾਂ ਨਾਲ ਹੁਕਮ ਸੁਣਾ ਦਿੱਤਾ।
”ਅਸੀਂ ਕੱਲ੍ਹ ਨੂੰ ਪਕਾ ਆਜਾਂਗੇ। ਤੂੰ ਸਾਰਿਆਂ ਨੂੰ ਕੱਲ੍ਹ ਸ਼ਾਮ ਦੀ ਮੀਟਿੰਗ ਦਾ ਸੁਨੇਹਾ ਲਾ ਦੀਂ।”
”ਨਾਟਕਕਾਰ ਕਿਹੜਾ ਬੁਲਾਉਣੈ?” ਆਸਿਫ਼ ਨੇ ਪੁੱਛਿਆ।
”ਉਹ ਵੀ ਆ ਕੇ ਸਲਾਹ ਕਰਲਾਂਗੇ ਸਾਰਿਆਂ ਨਾਲ।”
”ਚੰਗਾ ਫੇਰ।”
”ਚੰਗਾ ਓਕੇ।” ਤਰਨ ਨੇ ਮੋਬਾਈਲ ਕੱਟ ਕੇ ਜੇਬ ਵਿਚ ਪਾ ਲਿਆ ਤੇ ਲੰਬਾ ਪੈ ਗਿਆ। ਅਸਮਾਨ ਵੱਲ ਨਜ਼ਰ ਗਈ ਤਾਂ ਵੇਖਿਆ, ਗੁਆਂਢੀ ਮੁੰਡੇਦੇ ਚੀਨੇ ਕਬੂਤਰ ਤਾਰੀਆਂ ਲਾ ਰਹੇ ਸਨ। ਉਹ, ਉਨ੍ਹਾਂ ਨੂੰ ਉਤਾਰਨ ਲਈ ਅਵਾਜ਼ਾਂ ਮਾਰ ਰਿਹਾ ਸ। ਤਰਨ ਦੀ ਨਜ਼ਰ ਵੀ ਕਬੂਤਰਾਂ ਦੇ ਨਾਲ-ਨਾਲ ਖੁੱਲ੍ਹੇ ਅਸਮਾਨ ਵਿਚ ਤਾਰੀਆਂ ਲਾਉਣ ਲੱਗੀ।
ਤਰਨ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਏਨੀ ਦੂਰ, ਇਸ ਪਿੰਡ ਵਿਚ ਆਵੇਗਾ। ਜਦੋਂ ਉਨ੍ਹਾਂ ਨੇ ਬੀ.ਪੀ. ਐੱਡ. ਕਰਨ ਦੀ ਸਲਾਹ ਬਣਾਈ ਸੀ, ਫਿਰ ਹੀ ਲੱਭਦੇ-ਲਭਾਉਂਦੇ ਇਹ ਪਿੰਡ ਸਾਹਮਣੇ ਆਇਆ ਸੀ। ਬਾਕੀ ਸਾਰੇ ਕਾਲਜਾਂ ਨਾਲੋਂ ਉਨ੍ਹਾਂ ਨੂੰ ਹਿ ਸਭ ਤੋਂ ਬਿਹਤਰ ਲੱਗਿਆ ਸੀ ਤੇ ਉਨ੍ਹਾਂ ਦੋਵਾਂ ਨੇ ਇੱਥੇ ਹੀ ਦਾਖ਼ਲਾ ਲੈ ਲਿਆ ਸੀ। ਇਸ ਕਿਰਾਏ ਦੇ ਮਕਾਨ ਵਿਚ ਪਹਿਲਾਂ-ਪਹਿਲ ਤਰਨ ਤੇ ਸਕੀਮੀ ਹੀ ਆਏ ਸਨ। ਇਹਨਾਂ ਨੇ ਗਲੀ ਨਾਲ ਲੱਗਦਾ ਕਮਰਾ ਪਸੰਦ ਕਰ ਕੇ ਆਪਣਾ ਸਾਮਾਨ ਉਸ ਵਿਚ ਟਿਕਾ ਲਿਆ ਸੀ। ਸ਼ੁਰੂ-ਸ਼ੁਰੂ ਵਿਚ ਉਨ੍ਹਾਂ ਦਾ ਇਸ ਓਪਰੇ ਅਤੇ ਸੁੰਨੇ ਘਰ ਵਿਚ ਜੀਅ ਨਹੀਂ ਲੱਗਿਆ ਸੀ। ਕੁਝ ਦਿਨਾਂ ਬਾਅਦ ਉਪਰਲਾ ਚੁਬਾਰਾ ਇਹਨਾਂ ਦੇ ਕਲਾਸਮੇਟ ਹਰਿੰਦਰ ਗਰੇਵਾਲ ਅਤੇ ਹੇਠ ਖਾਲੀ ਪਿਆ ਦੂਸਰਾ ਕਮਰਾ ਲਾਲੀ ਨੇ ਲੈ ਲਿਆ ਸੀ। ਘਰ ਵਿਚ ਰੌਣਕ ਵੱਧ ਗਈ ਸੀ। ਹਾਸਾ ਗੂੰਜਣ ਲੱਗਿਆ ਸੀ। ਦੋਸਤੀਆਂ ਗੂੜੀਆਂ ਹੋਈਆਂ ਸਨ। ਕਿਰਾਏ ‘ਤੇ ਲਿਆ ਬੇਗਾਨਾ ਘਰ ਆਪਣਾ ਆਪਣਾ ਲੱਗਣ ਲੱਗ ਪਿਆ ਸੀ।
ਅੱਜ ਸ਼ਾਮ ਦੀ ਐਕਟੀਵਿਟੀ ਨਾ ਲੱਗਣ ਕਰਕੇ ਸਾਰੇ ਮੁੰਡੇ-ਕੁੜੀਆਂ ਧੋਣ ਵਾਲੇ ਕੱਪੜਿਆਂ ਦੇ ਬੈਗ ਲੈ ਕੇ ਘਰਾਂ ਨੂੰ ਚਲੇ ਗਏ ਸਨ। ਤਰਨ ਨੇ ਸਕੀਮੀ ਨੂੰ ਇਕ ਕਿਉਂਕਿ ਦੋਵੇਂ ਇੱਕੋ ਪਿੰਡ ਦੇ ਸਨ ਤੇ ਇਕੱਠੇ ਹੀ ਇੱਕੋ ਮੋਟਰਸਾਈਕਲ ‘ਤੇ ਆਉਂਦੇ-ਜਾਂਦੇ ਸਨ। ਹੁਣ ਸਕੀਮੀ ਮੋਟਰਸਾਈਕਲ ਲੈ ਕੇ ਲੋਹਗੜ੍ਹ ਚੌਂਕ ਵਾਲੀ ਡੇਅਰੀ ‘ਤੇ ਦੁੱਧ ਲੈਣ ਲਈ ਚਲਾ ਗਿਆ ਸੀ ਤੇ ਤਰਨ ਨੇ ਆਪਣੀ ਡਿਊਟੀ ਸਾਂਭ ਲਈ ਸੀ।
ਬੀਹੀ ਵਿਚ ਮੋਟਰਸਾਈਕਲ ਦੀ ਆਵਾਜ਼ ਸੁਣ ਕੇ ਉਹ ਇਸ ਤਰ੍ਹਾਂ ਤ੍ਰਬਕ ਕੇ ਉੱਠਿਆ ਜਿਵੇਂ ਉਸ ਨੂੰ ਇੱਥੇ ਪਿਆਂ ਕਈ ਘੰਟੇ ਬੀਤ ਗਏ ਹੋਣ ਤੇ ਉਸ ਨੇ ਆਪਣਾ ਸੁਨਹਿਰੀ ਮੌਕਾ ਕਦੋਂ ਦਾ ਖੁੰਝਾ ਦਿੱਤਾ ਹੋਵੇ। ਉਹ ਫੁਰਤੀ ਨਾਲ ਉੱੇਠਿਆ ਤੇ ਨਿਮਰ ਕੇ ਚੁਬਾਰੇ ਵੱਲ ਲਲਚਾਈਆਂ ਅੱਖਾਂ ਨਾਲ ਵੇਖਿਆ। ਖਾਲੀ ਚੁਬਾਰਾ ਅਜੇ ਵੀ ‘ਡੋ-ਡੋ’ ਕਰ ਰਿਹਾ ਸੀ। ਥੋੜ੍ਹੀ ਦੇਰ ਬਾਅਦ ਪੌੜੀਆਂ ‘ਚ ਥੱਪ-ਥੱਪ ਕਰਦਾ ਸਕੀਮੀ, ਦੁੱਧ ਵਾਲੀ ਕੇਨੀ ਅਤੇ ਦੋ ਗਲਾਸ ਲੈ ਕੇ ਉੱਪਰ ਆ ਚੜ੍ਹਿਆ।
”ਹੋਏ ਦਰਸ਼ਨ ਕਬੂਤਰੀ ਦੇ?” ਸਕੀਮੀ ਨੇ ਦੁੱਧ ਵਾਲੀ ਕੇਨੀ ਅਤੇ ਗਲਾਸ ਮੰਜੇ ਕੋਲ ਰੱਖਦਿਆਂ ਪੁੱਛਿਆ।
”ਨਾ ਯਾਰ! ਹਲੇ ਤਾਂ ਚੜ੍ਹੀ ਨੀਂ।” ਉਦਾਸੀ ‘ਚ ਡੁੱਬੇ ਤਰਨ ਨੇ ਜਵਾਬ ਦਿੱਤਾ।
”ਕੋਈ ਨਾ ਸਬਰ ਰੱਖ। ਸਬਰ ਦਾ ਫਲ ਮਿੱਠਾ ਹੁੰਦੈ।” ਸਕੀਮੀ ਨੇ ਬਜ਼ੁਰਗਾਂ ਵਾਲੀ ਨਸੀਹਤ ਦਿੱਤੀ।
”ਹਾਂ… ਅ, ਸਬਰ ਈ ਐ।” ਤਰਨ ਨੇ ਢਿੱਲੇ ਜਿਹੇ ਬੁੱਲ੍ਹ ਕਰਦਿਆਂ ਕਿਹਾ।
”ਲੈ ਚੱਕ ਫੇਰ। ਕੱਲ੍ਹ ਨੂੰ ਤੈਥੋਂ ਘੈਂਟ ਜਿਹੀ ਪਾਰਟੀ ਲੈਣੀ ਐ।” ਸਕੀਮੀ ਨੇ ਦੋਵੇਂ ਗਲਾਸਾਂ ਵਿਚ ਦੁੱਧ ਪਾ ਲਿਆ।
”ਕੰਮ ਤਾਂ ਬਣ ਜਾਣ ਦੇ ਸਾਲਿਆ, ਪਾਰਟੀ ਤਾਂ ਜਿਹੜੀ ਮਰਜੀ ਲੈ ਸਕੀਮੀ ਨੇ ਪੂਰੇ ਵਿਸ਼ਵਾਸ ਵਿਚ ਹਿੱਕ ਥਾਪੜੀ।
ਉਹ ਦੁੱਧ ਪੀ ਕੇ ਫਿਰ ਗੱਲਾਂ ਕਰਨ ਲੱਗ ਪਏ। ਹੁਣ ਮੂੰਹ ਹਨੇਰਾ ਹੋਣ ਲੱਗਿਆ ਸੀ। ਖੇਤਾਂ ‘ਚ ਹਰਾ-ਚਾਰਾ ਲੈਣ ਗਏ ਲੋਕ ਘਰਾਂ ਨੂੰ ਪਰਤ ਆਏ ਸਨ। ਸੂਰਜ ਵੀ ਪੱਛਮ ਦੀ ਗੋਦ ਵਿਚ ਕਦੋਂ ਦਾ ਜਾ ਸੁੱਤਾ ਸੀ। ਅਸਮਾਨ ਵਿਚ ਕੋਈ ਅਜਿਹਾ ਟਾਵਾਂ-ਟਾਵਾਂ ਪੰਛੀ ਨਜ਼ਰ ਪੈਂਦਾ ਸੀ। ਜਿਹੜਾ ਕੁਵੇਲੇ ਚੱਲਿਆ ਹੁਣ ਆਪਣੇ ਆਲ੍ਹਣਿਆਂ ਵੱਲ ਪਰਤ ਰਿਹਾ ਸੀ। ਅਚਾਨਕ ਤਰਨ ਨੂੰ ਚੁਬਾਰੇ ਦੇ ਸਾਹਮਣੇ ਖੜ੍ਹੀ ਨਿਮਰ ਨਜ਼ਰ ਪੈ ਗਈ। ਉਸ ਨੇ ਪਹਿਲਾਂ ਆਲੇ-ਦੁਆਲੇ ਸੁੰਨੇ ਕੋਠਿਆਂ ਵੱਲ ਵੇਖਿਆ ਤੇ ਪਿਰ ਨਿਮਰ ਵੱਲ ਹੱਥ ਹਿਲਾ ਦਿੱਤਾ। ਨਿਮਰ ਨੇ ਤੀਰ ਵਾਂਗ ਬਾਂਹ ਅਸਮਾਨ ਵੱਲ ਕਰਦਿਆਂ ਹਰੀ ਝੰਡੀ ਦੇ ਦਿੱਤੀ। ਇਹ ਵੇਖਦਿਆਂ ਤਰਨ ਦੇ ਉਦਾਸੇ ਚਿਹਰੇ ‘ਤੇ ਇੰਝ ਰੌਣਕ ਪਰਤ ਆਈ ਜਿਵੇਂ ਰੇਤੀਲੇ ਟਿੱਬਿਆਂ ‘ਤੇ ਅਚਾਨਕ ਫੁੱਲ ਖਿੜ ਗਏ ਹੋਣ। ਕੁਝ ਦੇਰ ਉਹ ਉੱਪਰ ਖੜ੍ਹੇ ਰਹੇ ਤੇ ਫਿਰ ਹੇਠਾਂ ਉੱਤਰ ਆਏ।
”ਯਰ ਉਹਦੀ ਮਾਸੀ ਘਰੇਂ ਐਂ। ਫੇਰ ਉਹਨਾਂ ਦੇ ਘਰ ਵਿਚਦੀ ਲੰਘ ਕੇ ਚੁਬਾਰੇ ‘ਤੇ ਜਾਣਾ ਮੈਨੂੰ ਤਾਂ ਰਿਸਕੀ ਜਾ ਲਗਦੈ।” ਤਰਨ ਦੇ ਅੰਦਰਲਾ ਡਰ ਬੋਲਿਆ।
”ਰਿਸਕੀ ਤਾਂ ਹੈਗਾ। ਜੇ ਹੁਣ ਉਖਲੀ ‘ਚ ਸਿਰ ਦੇ ਈ ਲਿਆ ਫੇਰ ਮੂਹਲਿਆਂ ਤੋਂ ਕਾਹਦਾ ਡਰ ਪੁੱਤਰਾ।”
”ਆਪਣੇ ਪਤੰਗੇ ਸਰ ਦੇ ਕਹਿਣ ਜੂੰ ਜੋਸ਼ ਨਾਲ ਹੋਸ਼ ਵੀ ਜ਼ਰੂਰੀ ਐ।”
”ਤੈਨੂੰ ਇਕ ਸਕੀਮ ਦੱਸਾਂ?” ਸਕੀਮੀ ਇਸ ਤਰ੍ਹਾਂ ਬੋਲਿਆ ਜਿਵੇਂ ਉਸ ਨੂੰ ਕੋਈ ਖਜ਼ਾਨਾ ਲੱਭ ਗਿਆ ਹੋਵੇ ਤੇ ਉਹ ਸਾਰੇ ਦਾ ਸਾਰਾ ਤਰਨ ਨੂੰ ਲੈ ਲੈਣ ਦੀ ਆਫਰ ਕਰ ਰਿਹਾ ਹੋਵੇ।
”ਕੀ?” ਤਰਨ ਦੀਆਂ ਉਮੀਦਾਂ ਵੀ ਜਾ ਪਈਆਂ।
”ਉਹਨਾਂ ਦੇ ਘਰ ਅੰਦਰ ਦੀ ਜਾਣ ਦਾ ਤਾਂ ਰਿਸਕ ਐ। ਤੂੰ ਐਂ ਕਰੀਂ, ਜਿਹੜੀਆਂ ਉਨ੍ਹਾਂ ਦੇ ਘਰ ਦੇ ਸਾਹਮਣ ੇਗਲੀ ‘ਤੇ ਸੀਮਿੰਟਡ ਚਾਦਰਾਂ ਪਾਈਆਂ ਹੋਈਆਂ ਨੇ ਤੂੰ ਉਹਨਾਂ ਉੱਪਰ ਦੀ ਜਾਈਂ। ਜਿਹੜਾ ਸਾਹਮਣੇ ਸੁੰਨਾ ਘਰ ਪਿਐ, ਉਹਦੀ ਕੰਧ ਉਤੋਂ ਦੀ ਚਾਦਰਾ ‘ਤੇ ਚਡ੍ਹ ਜੀਂ। ਫੇਰ ਚਾਦਰਾਂ ਉੱਤੋਂ ਦੀ ਉੱਥੋਂ ਸਿੱਧਾ ਚੁਬਾਰੇ।” ਸਕੀਮੀ ਨੇ ਚੁਟਕੀ ਮਾਰੀ।
”ਹਾਂ… ਓਏ! ਇਹ ਸਕੀਮ ਠੀਕ ਐ ਤੇਰੀ।” ਤਰਨਵੀ ਖੁਸ਼ ਹੋ ਗਿਆ। ਉਹ ਦੋਵੇਂ ਰੋਟੀ ਖਾਣ ਲਈ ਕਾਲਜ ਵੱਲ ਤੁਰ ਪਏ।
…………(ਚਲਦਾ)

Read more
ਲੜੀਵਾਰ ਨਾਵਲ : ਮੁਹੱਬਤ ਵੇਲਾ
ਨਾਵਲ : ਚੁਰਸਤਾ
ਲੜੀਵਾਰ ਨਾਵਲ : ਮੁਹੱਬਤ ਵੇਲਾ, ਭਾਗ-3