January 17, 2025

ਆਇਰਿਸ਼ ਕਹਾਣੀ : ਭੈਣਾਂ

ਲੇਖਕ : ਜੇਮਜ਼ ਜੋਆਇਸ
ਅਨੁਵਾਦ : ਚਰਨ ਗਿੱਲ

ਇਸ ਵਾਰ ਉਸ ਦੇ ਬਚਣ ਦੀ ਉਮੀਦ ਧੁੰਦਲੀ ਸੀ। ਲਕਵੇ ਦਾ ਤੀਜਾ ਹਮਲਾ ਹੋਇਆ ਸੀ। ਛੁੱਟੀਆਂ ਦੇ ਦਿਨ ਸਨ ਅਤੇ ਮੈਂ ਰਾਤ ਨੂੰ ਚਹਿਲਕਦਮੀ ਕਰਦਾ ਹੋਇਆ ਜਦੋਂ ਉਸ ਦੇ ਘਰ ਦੇ ਸਾਹਮਣਿਓਂ ਲੰਘਦਾ ਤਾਂ ਬਾਰੀ ਦੀ ਰੌਸ਼ਨ ਚੌਗਾਠ ਨੂੰ ਗ਼ੌਰ ਨਾਲ਼ ਵੇਖਿਆ ਕਰਦਾ। ਆਖ਼ਰ ਕਈ ਰਾਤਾਂ ਦੇ ਬਾਅਦ ਮੈਨੂੰ ਅੰਦਾਜ਼ਾ ਹੋਇਆ ਕਿ ਇਹ ਤਾਂ ਹਮੇਸ਼ਾ ਹੀ ਮੱਧਮ ਜਿਹੀ ਰੌਸ਼ਨ ਰਹਿੰਦੀ ਹੈ।
ਮੈਂ ਸੋਚਿਆ ਜੇਕਰ ਉਹ ਮਰ ਗਿਆ ਹੋਇਆ ਤਾਂ ਮੈਂ ਬਾਰੀ ਦੇ ਹਨੇਰੇ ਵਿੱਚ ਛੁਪੇ ਪਰਦਿਆਂ ਉੱਤੇ ਮੋਮਬੱਤੀਆਂ ਦਾ ਅਕਸ ਵੇਖ ਸਕਾਂਗਾ ਕਿਉਂਕਿ ਮੈਂ ਜਾਣਦਾ ਸੀ ਕਿ ਦੋ ਮੋਮਬੱਤੀਆਂ ਮਈਅਤ ਦੇ ਸਿਰਹਾਣੇ ਬਾਲ਼ੀਆਂ ਜਾਂਦੀਆਂ ਹਨ।
ਉਹ ਅਕਸਰ ਮੈਨੂੰ ਕਿਹਾ ਕਰਦਾ ਸੀ ਮੈਂ ਇਸ ਦੁਨੀਆਂ ਵਿੱਚ ਜ਼ਿਆਦਾ ਦੇਰ ਰਹਿਣ ਵਾਲਾ ਨਹੀਂ ਅਤੇ ਮੈਂ ਸੋਚਿਆ ਕਰਦਾ ਸੀ ਉਸ ਦੇ ਲਫ਼ਜ਼ ਕਿੰਨੇ ਬੇ-ਜਾਨ ਹਨ ਪਰ ਹੁਣ ਪਤਾ ਚੱਲਿਆ ਸੀ ਕਿ ਉਹ ਸੱਚ ਹੀ ਸਨ। ਹਰ ਰਾਤ ਜਦੋਂ ਮੈਂ ਟਹਿਲਦਾ ਹੋਇਆ ਬਾਰੀ ਦੇ ਕੋਲ਼ੋਂ ਲੰਘਦਾ ਅਤੇ ਆਪਣੇ ਆਪ ਨਾਲ਼ ਗੱਲਾਂ ਕਰਦੇ ਹੋਏ ਅਧਰੰਗ ਦਾ ਲਫ਼ਜ਼ ਦੁਹਰਾਉਂਦਾ ਹਰ ਵਾਰ ਇਹ ਲਫ਼ਜ਼ ਮੇਰੇ ਕੰਨਾਂ ਨੂੰ ਅਜਨਬੀ ਹੀ ਮਹਿਸੂਸ ਹੁੰਦਾ ਜਿਵੇਂ ਯੂਕਲਿਡ ਦੀ ਕਿਤਾਬ ਵਿੱਚ ਨੋਮਨ ਦਾ ਲਫ਼ਜ਼ ਜਾਂ ਫਿਰ ਇਸਾਈ ਸਵਾਲਨਾਮੇ ਵਿੱਚ ਵੇਚ- ਖ਼ਰੀਦ ਦਾ ਲਫ਼ਜ਼ ਹੋਵੇ, ਪਰ ਹੁਣ ਇਹ ਮੈਨੂੰ ਕਿਸੇ ਗੁਨਾਹਗਾਰ ਅਤੇ ਤਬਾਹਕਾਰੀ ਇਨਸਾਨ ਦੇ ਨਾਮ ਦੀ ਤਰ੍ਹਾਂ ਮਹਿਸੂਸ ਹੋ ਰਿਹਾ ਸੀ। ਮੇਰਾ ਦਿਲ ਜਿਵੇਂ ਖ਼ੌਫ਼ ਨਾਲ਼ ਭਰ ਗਿਆ, ਫਿਰ ਵੀ ਮੈਂ ਉਸਦੀ ਮੌਤ ਨੂੰ ਨੇੜੇ ਤੋਂ ਦੇਖਣਾ ਅਤੇ ਉਸ ਦੀਆਂ ਵਹਿਸ਼ਤਾਂ ਨੂੰ ਜਾਣਨਾ ਚਾਹੁੰਦਾ ਸੀ।

ਤੀਜੇ ਪਹਿਰ ਦੇ ਚਾਹ-ਪਾਣੀ ਲਈ ਹੇਠਲੀ ਮੰਜ਼ਿਲ ਦੀਆਂ ਪੌੜੀਆਂ ਉਤਰਦੇ ਹੋਏ ਮੈਂ ਵੇਖਿਆ, ਬੁੱਢਾ ਕੋਟਰ ਅੰਗੀਠੀ ਦੇ ਕੋਲ਼ ਬੈਠਾ ਕਸ਼ ਖਿੱਚ ਰਿਹਾ ਸੀ ਜਦੋਂ ਕਿ ਆਂਟੀ ਮੇਰੇ ਲਈ ਬਣਾਏ ਗਏ ਦਲ਼ੀਏ ਵਿੱਚ ਚਮਚਾ ਫੇਰ ਰਹੀ ਸੀ। ਇਵੇਂ ਲੱਗ ਰਿਹਾ ਸੀ ਜਿਵੇਂ ਉਹ ਆਪਣੇ ਕਿਸੇ ਪੁਰਾਣੇ ਖ਼ਿਆਲ ਤੇ ਪਰਤ ਆਇਆ ਹੋਵੇ। ਉਸ ਨੇ ਕਿਹਾ, “ਨਹੀਂ.. ਮੈਂ ਠੀਕ ਠੀਕ ਇਹ ਨਹੀਂ ਕਹਿ ਸਕਦਾ…ਪਰ ਉਸ ਵਿੱਚ ਕੁੱਝ ਨਾ ਕੁੱਝ ਅਜੀਬੋ-ਗ਼ਰੀਬ …ਕੁਝ ਨਾ ਕੁਝ ਅੱਡਰਾ ਜ਼ਰੂਰ ਸੀ।
ਮੈਂ ਤੁਹਾਨੂੰ ਆਪਣੀ ਰਾਏ ਦੱਸਾਂਗਾ. . . . “ ਉਹ ਕਸ਼ ਖਿੱਚਣ ਵਿੱਚ ਮਸ਼ਗ਼ੂਲ ਹੋ ਗਿਆ। ਬੇਸ਼ੱਕ ਉਹ ਆਪਣੇ ਖ਼ਿਆਲਾਂ ਨੂੰ ਰੂਪ ਦੇ ਰਿਹਾ ਸੀ। ਥੱਕਿਆ ਹਾਰਿਆ ਬੁੱਢਾ ਖ਼ਬਤੀ! ਸਾਡੀ ਵਾਕਫ਼ੀਅਤ ਦੇ ਸ਼ੁਰੂਆਤੀ ਦਿਨਾਂ ਵਿੱਚ ਉਹ ਬਦਰੂਹਾਂ ਅਤੇ ਛਲੇਡਿਆਂ ਦੀਆਂ ਗੱਲਾਂ ਕਰਦਾ ਹੋਇਆ ਕਾਫ਼ੀ ਦਿਲਚਸਪ ਲੱਗਦਾ। ਪਰ ਮੈਂ ਛੇਤੀ ਹੀ ਉਸ ਦੀਆਂ ਸ਼ਰਾਬ ਦੀ ਫੈਕਟਰੀ ਨਾਲ਼ ਵਾਬਸਤਾ ਕਦੇ ਨਾ ਖ਼ਤਮ ਹੋਣ ਵਾਲੀਆਂ ਕਹਾਣੀਆਂ ਤੋਂ ਅੱਕ ਚੁੱਕਿਆ ਸੀ।
ਇਸ ਬਾਰੇ ਮੇਰਾ ਆਪਣਾ ਸਿਧਾਂਤ ਹੈ। ਮੇਰਾ ਖ਼ਿਆਲ ਹੈ ਉਹ ਉਨ੍ਹਾਂ ਕੁਝ…ਅਜੀਬ ਘਟਨਾਵਾਂ ਵਿੱਚੋਂ ਇੱਕ ਸੀ….ਪਰ ਇਹ ਕਹਿਣਾ ਮੁਸ਼ਕਲ ਹੈ…..।” ਕਿਸੇ ਨਜ਼ਰੀਏ  ਨੂੰ ਸਪਸ਼ਟ ਕੀਤੇ ਬਿਨਾਂ ਉਹ ਇੱਕ ਵਾਰ ਫਿਰ ਕਸ਼ ਖਿੱਚਣ ਲੱਗ ਪਿਆ।
ਮੇਰੇ ਅੰਕਲ ਨੇ ਮੈਨੂੰ ਆਪਣੇ ਵੱਲ ਤੱਕਦੇ ਦੇਖਿਆ ਤਾਂ ਮੈਨੂੰ ਕਹਿਣ ਲੱਗੇ ਤੈਨੂੰ ਇਹ ਸੁਣਕੇ ਅਫ਼ਸੋਸ ਹੋਵੇਗਾ, ਕਿ ਤੇਰਾ ਬੁੱਢਾ ਦੋਸਤ ਮਰ ਗਿਆ ਹੈ।” ਕੌਣ?” ਮੈਂ ਪੁੱਛਿਆ।
ਫਾਦਰ ਫ਼ਲਾਇਨ।”
ਕੀ ਉਹ ਮਰ ਗਿਆ ਹੈ?”
ਸ੍ਰੀਮਾਨ ਕੋਟਰ ਇੱਥੇ ਹਨ ਉਨ੍ਹਾਂ ਨੇ ਹੁਣੇ ਦੱਸਿਆ ਉਹ ਉਨ੍ਹਾਂ ਦੇ ਘਰ ਕੋਲ਼ੋਂ ਲੰਘ ਰਹੇ ਸਨ।”
ਮੈਂ ਸਮਝ ਗਿਆ ਮੇਰੇ ਚਿਹਰੇ ਦੇ ਹਾਵਭਾਵਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਪਰ ਮੈਂ ਖਾਣਾ ਖਾਣ ਵਿੱਚ ਮਸ਼ਗ਼ੂਲ ਹੋ ਗਿਆ ਅਤੇ ਇਵੇਂ ਜ਼ਾਹਰ ਕੀਤਾ ਜਿਵੇਂ ਇਸ ਖ਼ਬਰ ਦੀ ਮੇਰੇ ਲਈ ਕੋਈ ਖ਼ਾਸ ਅਹਿਮੀਅਤ ਨਹੀਂ ਸੀ।
ਮੇਰੇ ਅੰਕਲ ਨੇ ਬੁੱਢੇ ਕੋਟਰ ਨੂੰ ਦੱਸਿਆ।
ਇਹ ਨੌਜਵਾਨ ਅਤੇ ਉਹ ਬਹੁਤ ਚੰਗੇ ਦੋਸਤ ਸਨ। ਬਜੁਰਗਵਾਰ ਨੇ ਇਸ ਨੂੰ ਬਹੁਤ ਕੁੱਝ ਸਿਖਾਇਆ, ਦੇਖੋ ਨਾ; ਲੋਕ ਕਹਿੰਦੇ ਹਨ ਕਿ ਉਨ੍ਹਾਂ ਨੂੰ ਇਸ ਤੋਂ ਵੱਡੀ ਉਮੀਦ ਸੀ।”
ਰੱਬ ਉਨ੍ਹਾਂ ਦੀ ਰੂਹ ਨੂੰ ਸ਼ਾਂਤੀ ਬਖ਼ਸ਼ੇ,” ਮੇਰੀ ਆਂਟੀ ਨੇ ਕਿਹਾ।
ਬੁੱਢਾ ਕੋਟਰ ਕੁੱਝ ਦੇਰ ਤੱਕ ਮੈਨੂੰ ਵੇਖਦਾ ਰਿਹਾ। ਮੈਂ ਮਹਿਸੂਸ ਕੀਤਾ ਜਿਵੇਂ ਉਸ ਦੀਆਂ ਛੋਟੀਆਂ ਛੋਟੀਆਂ ਚਮਕਦਾਰ ਅੱਖਾਂ ਮੈਨੂੰ ਟੋਲ੍ਹ ਰਹੀਆਂ ਸਨ ਪਰ ਮੈਂ ਪਲੇਟ ਤੋਂ ਨਜ਼ਰ ਉਠਾ ਕੇ ਉਸ ਦਾ ਮਕਸਦ ਪੂਰਾ ਨਹੀਂ ਹੋਣ ਦੇਣਾ ਚਾਹੁੰਦਾ ਸੀ।  ਉਹ ਦੁਬਾਰਾ ਆਪਣੇ ਪਾਈਪ ਵੱਲ ਮੁੜਿਆ ਅਤੇ ਭੱਦੇ ਜਿਹੇ ਢੰਗ ਨਾਲ਼ ਪੀਕਦਾਨ ਵਿੱਚ ਥੁੱਕਦੇ ਹੋਏ ਬੋਲਿਆ, “ਮੈਂ ਆਪਣੇ ਬੱਚਿਆਂ ਲਈ ਇਹ ਬਿਲਕੁਲ ਪਸੰਦ ਨਹੀਂ ਕਰਾਂਗਾ ਕਿ ਉਨ੍ਹਾਂ ਦੇ ਕੋਲ ਅਜਿਹੇ ਆਦਮੀ ਲਈ ਕਹਿਣ ਨੂੰ ਬਹੁਤ ਕੁੱਝ ਹੋਵੇ।”
ਤੁਸੀਂਂ ਕੀ ਕਹਿਣਾ ਚਾਹੁੰਦੇ ਹੋ,ਕੋਟਰ ਸਾਹਿਬ?” ਮੇਰੀ ਆਂਟੀ ਨੇ ਪੁੱਛਿਆ।
ਮੇਰੇ ਕਹਿਣ ਦਾ ਮਤਲਬ ਹੈ,” ਬੁੱਢੇ ਕੋਟਰ ਨੇ ਕਿਹਾ। “ਇਹ ਬੱਚਿਆਂ ਲਈ ਅੱਛਾ ਨਹੀਂ।  ਮੇਰਾ ਖ਼ਿਆਲ ਹੈ ਕਿ ਨੌਜਵਾਨਾਂ ਨੂੰ ਆਪਣੀ ਉਮਰ ਦੇ ਲੋਕਾਂ ਵਿੱਚ ਹੀ ਖੇਡਣਾ ਤੇ ਘੁਲ਼ਣਾ ਮਿਲ਼ਣਾ ਚਾਹੀਦਾ ਹੈ, ਨਾ ਕਿ …. . ਮੈਂ ਠੀਕ ਕਹਿ ਰਿਹਾ ਹਾਂ ਨਾ, ਜੈਕ?”
ਮੇਰਾ ਵੀ ਇਹੀ ਸਿਧਾਂਤ ਹੈ,” ਮੇਰੇ ਅੰਕਲ ਨੇ ਜਵਾਬ ਦਿੱਤਾ। “ਉਨ੍ਹਾਂ ਨੂੰ ਆਪਣੀ ਦੁਨੀਆਂ ਖ਼ੁਦ ਬਣਾਉਣ ਦਿਓ। ਇਹੀ ਗੱਲ ਮੈਂ ਉਸ ਰੋਜ਼ੇਕਰੂਸ਼ੀਅਨ ਨੂੰ ਵੀ ਹਮੇਸ਼ਾ ਤੋਂ ਕਹਿੰਦਾ ਆ ਰਿਹਾ ਹਾਂ: ਵਰਜ਼ਸ਼ ਕਰੋ।  ਮੈਨੂੰ ਵੇਖੋ, ਮੈਂ ਜਦੋਂ ਬੱਚਾ ਸੀ ਉਦੋਂ ਤੋਂ ਹੀ ਗਰਮੀ ਹੋਵੇ ਜਾਂ ਸਰਦੀ,  ਸਵੇਰੇ ਉੱਠਣਸਾਰ ਠੰਡੇ ਪਾਣੀ  ਨਾਲ਼ ਨ੍ਹਾਉਂਦਾ ਰਿਹਾ ਹਾਂ, ਤੇ ਇਹੀ ਤਰੀਕਾ ਮੇਰੇ ਲਈ ਅੱਜ ਵੀ ਬਹੁਤ ਉਪਯੋਗੀ ਹੈ। ਖ਼ੈਰ ਪੜ੍ਹਾਈ ਤਾਂ ਸਭ ਠੀਕ ਹੈ ਅਤੇ ਵਿਆਪਕ….ਕੋਟਰ ਸਾਹਿਬ …ਬੱਕਰੇ ਦੀ ਲੱਤ ਵਿੱਚੋਂ ਕੁੱਝ ਹੋਰ ਲੈਣਾ ਚਾਹੀਦਾ ਹੈ,” ਉਸ ਨੇ ਮੇਰੀ ਆਂਟੀ ਨੂੰ ਕਿਹਾ।
ਨਹੀਂ, ਨਹੀਂ, ਮੈਨੂੰ ਹੋਰ ਨਹੀਂ,” ਬੁੱਢੇ ਕੋਟਰ ਨੇ ਕਿਹਾ।
ਮੇਰੀ ਆਂਟੀ ਨੇ ਅਲਮਾਰੀ ਵਿੱਚੋਂ ਡਿਸ਼ ਕੱਢੀ ਅਤੇ ਖਾਣੇ ਦੀ ਮੇਜ਼ ਉੱਤੇ ਲਿਆ ਕੇ ਰੱਖਦੇ ਹੋਏ ਕੋਟਰ ਨੂੰ ਪੁੱਛਿਆ, “ਪਰ ਕੋਟਰ ਸਾਹਿਬ, ਤੁਸੀਂ ਕਿਉਂ ਸਮਝਦੇ ਹੋ, ਕਿ ਇਹ ਗੱਲ ਬੱਚਿਆਂ ਲਈ ਅੱਛਾ ਨਹੀਂ?”
ਇਹ ਗੱਲ ਬੱਚਿਆਂ ਲਈ ਬੁਰੀ ਹੈ,” ਬੁੱਢੇ ਕੋਟਰ ਨੇ ਵਿਆਖਿਆ ਕਰਦੇ ਹੋਏ ਕਿਹਾ। ਕਿਉਂਕਿ ਉਨ੍ਹਾਂ ਦੇ ਕੱਚੇ ਜ਼ਿਹਨ ਸੌਖ ਨਾਲ਼ ਅਸਰ ਕਬੂਲ ਕਰ ਲੈਂਦੇ ਹਨ। ਬੱਚੇ ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਵੇਖਦੇ ਹਨ, ਤੁਸੀਂ ਸਮਝ ਰਹੇ ਹੋ ਨਾ, ਉਨ੍ਹਾਂ ‘ਤੇ ਗਹਿਰਾ ਅਸਰ ਹੁੰਦਾ ਹੈ …ਮੈਂ ਆਪਣਾ ਮੂੰਹ ਦਲ਼ੀਏ ਨਾਲ਼ ਬੁਰੀ ਤਰ੍ਹਾਂ ਭਰ ਲਿਆ…ਇਸ ਖੌਫ ਨਾਲ਼ ….ਕਿਤੇ  ਗੁੱਸੇ ਵਿੱਚ ਕੁੱਝ ਕਹਿ ਨਾ ਬੈਠਾਂ। ‘ਥਕਾ ਦੇਣ ਵਾਲ਼ਾ ਬੁੱਢਾ ਲਾਲ-ਨੱਕ ਵਾਲ਼ਾ ਬੇਵਕੂਫ਼!’ ਮੈਂ ਦਿਲ ਵਿੱਚ ਕਿਹਾ। ਜਦੋਂ ਮੈਂ ਸੌਣ ਲਈ ਲਿਟਿਆ ਤਾਂ ਕਾਫ਼ੀ ਰਾਤ ਹੋ ਚੁੱਕੀ ਸੀ। ਭਾਵੇਂ ਮੈਂ ਬੁੱਢੇ ਕੋਟਰ ਦੀ ਗੱਲ ਤੋਂ ਸਖ਼ਤ ਨਰਾਜ਼ ਸੀ ਕਿ ਉਹ ਮੈਨੂੰ ਬੱਚਾ ਕਹਿਣ ‘ਤੇ ਬਜਿਦ ਸੀ, ਮੈਂ ਆਪਣਾ ਸਿਰ ਛੰਡਿਆ ਅਤੇ ਉਸ ਦੇ ਅਧੂਰੇ ਵਾਕਾਂ ਨੂੰ ਜੋੜ ਕੇ ਮਤਲਬ ਕੱਢਣ ਦੀ ਕੋਸ਼ਿਸ਼ ਕਰਨ ਲੱਗਾ। ਕਮਰੇ ਦੇ ਹਨੇਰੇ ਵਿੱਚ ਮੈਂ ਕਲਪਨਾ ਦੀ ਅੱਖ ਨਾਲ਼ ਉਹ ਭਾਰੀ ਭਰਕਮ, ਅਧਰੰਗ ਮਾਰਿਆ ਬੇਰੌਣਕ ਚਿਹਰਾ ਵੇਖਿਆ ਤਾਂ ਆਪਣਾ ਸਿਰ ਕੰਬਲ ਨਾਲ਼ ਢਕ ਲਿਆ ਅਤੇ ਕਰਿਸਮਿਸ ਬਾਰੇ ਸੋਚਣ ਦੀ ਕੋਸ਼ਿਸ਼ ਕਰਨ ਲੱਗਾ ਪਰ ਉਹ ਬੇਰੌਣਕ ਚਿਹਰਾ ਮੇਰਾ ਖਹਿੜਾ ਨਹੀਂ ਛੱਡ ਰਿਹਾ ਸੀ। ਉਸਨੇ ਗੁਣਗੁਣ ਕੀਤੀ ਤਾਂ ਮੈਂ ਸਮਝ ਗਿਆ ਕਿ ਉਹ ਕਿਸੇ ਗੱਲ ਦਾ ਇਕਬਾਲ ਕਰਨਾ ਚਾਹੁੰਦਾ ਸੀ। ਮੈਨੂੰ ਅਜਿਹਾ ਮਹਿਸੂਸ ਹੋਇਆ ਜਿਵੇਂ ਮੇਰੀ ਰੂਹ ਕਿਸੇ ਸੁਹਾਵਣੀ ਗਹਿਰਾਈ ਵਿੱਚ ਉਤਰਦੀ ਜਾ ਰਹੀ ਹੋਵੇ; ਪਰ ਉਹ ਓਥੇ ਵੀ ਮੇਰਾ ਇੰਤਜ਼ਾਰ ਕਰ ਰਿਹਾ ਸੀ। ਉਸਨੇ ਆਪਣੀ ਧੀਮੀ ਆਵਾਜ਼ ਵਿੱਚ ਇਕਬਾਲ ਕਰਨਾ ਸ਼ੁਰੂ ਕਰ ਦਿੱਤਾ ਪਰ ਮੈਂ ਇਸ ਗੱਲ ਉੱਤੇ ਹੈਰਾਨ ਹੋ ਰਿਹਾ ਸੀ ਕਿ ਆਖ਼ਰ ਉਹ ਨਿਰੰਤਰ ਮੁਸਕਰਾ ਕਿਉਂ ਰਿਹਾ ਸੀ ਅਤੇ ਉਸ ਦੇ ਹੋਠ ਥੁੱਕ ਨਾਲ਼ ਇੰਨੇ ਲਿੱਬੜੇ ਹੋਏ ਕਿਉਂ ਹਨ। ਉਦੋਂ ਮੈਨੂੰ ਖ਼ਿਆਲ ਆਇਆ ਕਿ ਉਸਦੀ ਮੌਤ ਅਧਰੰਗ ਨਾਲ਼ ਹੋਈ ਸੀ। ਤਾਂ ਮੈਨੂੰ ਮਹਿਸੂਸ ਹੋਇਆ ਕਿ ਮੈਂ ਖ਼ੁਦ ਵੀ ਮੰਦ ਮੰਦ ਮੁਸਕਰਾ ਰਿਹਾ ਸੀ ਜਿਵੇਂ ਮੈਂ ਉਸਨੂੰ ਗੁਨਾਹਾਂ ਤੋਂ ਆਜ਼ਾਦ ਕਰਨ ਦਾ ਸੌਦਾ ਕਰ ਲਿਆ ਹੋਵੇ।
ਅਗਲੀ ਸਵੇਰ ਨਾਸ਼ਤੇ ਦੇ ਬਾਅਦ ਮੈਂ ਗਰੇਟ ਬ੍ਰਿਟੇਨ ਸਟਰੀਟ ਉੱਪਰ ਸਥਿੱਤ ਉਸ ਦੇ ਛੋਟੇ ਜਿਹੇ ਮਕਾਨ ਨੂੰ ਦੇਖਣ ਚਲਾ ਗਿਆ। ਇਹ ਇੱਕ ਸਾਦਾ ਜਿਹੀ  ਦੁਕਾਨ ਸੀ, ਜੋ ਕਿ ਡਰੇਪਰੀ (ਪਰਦਿਆਂ ਅਤੇ ਕੱਪੜੇ ਦੀਆਂ ਚੀਜ਼ਾਂ ਦੀ ਦੁਕਾਨ) ਦੇ ਅਸਪਸ਼ਟ ਜਿਹੇ ਨਾਮ ‘ਤੇ ਰਜਿਸਟਰ ਸੀ। ਇਹ ਚੀਜ਼ਾਂ ਮੁੱਖ ਤੌਰ ਤੇ  ਬੱਚਿਆਂ ਦੇ ਮੌਜਿਆਂ ਅਤੇ ਛਤਰੀਆਂ ਦੀ ਦੁਕਾਨ ਸੀ; ਅਤੇ ਆਮ ਦਿਨਾਂ ਵਿੱਚ ਖਿੜਕੀ ਉੱਤੇ ਇੱਕ ਨੋਟਿਸ ਵੀ ਲੱਗਾ ਹੁੰਦਾ ਸੀ ਜਿਸ ਉੱਤੇ ਲਿਖਿਆ ਹੁੰਦਾ ਨਵੀਆਂ ਛਤਰੀਆਂ ਮਿਲ਼ਦੀਆਂ ਹਨ ਪਰ ਹੁਣ ਸ਼ਟਰ ਉੱਠਣ ‘ਤੇ ਕੋਈ ਨੋਟਿਸ ਵਿਖਾਈ ਨਹੀਂ ਦੇ ਰਿਹਾ ਸੀ।  ਹਾਂ, ਇੱਕ ਸੋਗ ਦੀ ਨਿਸ਼ਾਨੀ ਵਾਲ਼ਾ ਗੁਲਦਸਤਾ ਦਰਵਾਜ਼ੇ ਦੇ ਹੈਂਡਲ ਉੱਤੇ ਰਿਬਨ ਨਾਲ਼ ਬੱਝਿਆ ਹੋਇਆ ਸੀ।
ਦੋ ਗਰੀਬ ਜਿਹੀਆਂ ਔਰਤਾਂ ਅਤੇ ਟੈਲੀਗਰਾਮ ਵਾਲਾ ਲੜਕਾ ਗੁਲਦਸਤੇ ‘ਤੇ ਪਿੰਨ ਨਾਲ਼ ਨੱਥੀ ਕਾਰਡ ਉੱਤੇ ਲਿਖੀ ਤਹਰੀਰ ਪੜ੍ਹ ਰਹੇ ਸਨ।  ਮੈਂ ਵੀ ਉੱਥੇ ਪਹੁੰਚ ਗਿਆ ਅਤੇ ਪੜ੍ਹਨ ਲੱਗਾ:
ਇੱਕ ਜੁਲਾਈ 1895
ਦ ਰੇਵ. ਜੇਮਜ਼ ਫ਼ਲਾਇਨ (ਮੇਨ ਸਟਰੀਟ ਵਾਲ਼ੇ ਸੈਂਟ ਕੈਥਰੀਨ ਗਿਰਜਾ ਘਰ ਨਾਲ਼ ਵਾਬਸਤਾ ਰਹੇ) ਉਮਰ 65 ਸਾਲ
ਆਰ ਆਈ ਪੀ
ਇਨ੍ਹਾਂ ਸ਼ਬਦਾਂ ਨਾਲ਼ ਮੈਨੂੰ ਯਕੀਨ ਹੋ ਗਿਆ ਕਿ ਸਚਮੁਚ ਉਹ ਮਰ ਚੁੱਕਾ ਸੀ ਪਰ ਫਿਰ ਆਪਣੀ ਸਾਵਧਾਨੀ ਨੂੰ ਵੇਖਦਿਆਂ ਮੈਂ  ਬਹੁਤ ਪਰੇਸ਼ਾਨ ਹੋ ਗਿਆ। ਜੇਕਰ ਉਹ ਨਾ ਮਰਿਆ ਹੁੰਦਾ ਤਾਂ ਸ਼ਾਇਦ ਦੁਕਾਨ ਦੇ ਪਿੱਛੇ ਬਣੇ ਹੋਏ ਛੋਟੇ ਜਿਹੇ ਹਨੇਰੇ ਕਮਰੇ ਵਿੱਚ ਜਾ ਕੇ ਉਸ ਨੂੰ ਮਿਲ਼ ਚੁੱਕਾ ਹੁੰਦਾ। ਉਹ ਚੁੱਲ੍ਹੇ ਦੇ ਕੋਲ ਡਾਹੀ ਆਰਾਮ-ਕੁਰਸੀ ਉੱਤੇ ਆਪਣੇ ਓਵਰਕੋਟ ਵਿੱਚ ਲਿਪਟ ਕੇ  ਲਗਭਗ ਗੁੰਮ ਹੋਇਆ ਬੈਠਾ ਹੁੰਦਾ। ਸ਼ਾਇਦ ਮੇਰੀ ਆਂਟੀ ਨੇ ਮੈਨੂੰ ਉਸ ਲਈ ਹਾਈ ਟੋਸਟ ਦਾ ਪੈਕਟ ਦਿੱਤਾ ਹੁੰਦਾ ਅਤੇ ਇਹ ਤੋਹਫ਼ਾ ਉਸਨੂੰ ਉਸਦੀ ਅਮਲੀਆਂ ਵਾਲ਼ੀ ਪੀਨਕ ਤੋਂ ਜਗਾ ਦਿੰਦਾ। ਹਮੇਸ਼ਾ ਮੈਂ ਹੀ ਪੈਕਟ ਉਸ ਦੀ ਸਿਆਹ ਨਸਵਾਰ ਦੀ ਡੱਬੀ ਵਿੱਚ ਭਰਿਆ ਕਰਦਾ ਸੀ ਕਿਉਂਕਿ ਉਸ ਦੇ ਹੱਦੋਂ ਵੱਧ ਕੰਬਦੇ ਹੋਏ ਹੱਥ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੇ ਸਨ ਕਿ ਉਹ ਅੱਧੀ ਤੋਂ ਵੱਧ ਨਸਵਾਰ ਫ਼ਰਸ਼ ਉੱਤੇ ਗਿਰਾਏ ਬਿਨਾਂ ਡੱਬੀ ਵਿੱਚ ਪਾ ਸਕਦਾ। ਇੱਥੋਂ ਤੱਕ ਕਿ ਜਦੋਂ ਉਹ ਆਪਣਾ ਬਹੁਤ ਜਿਹਾ ਕੰਬਦਾ ਹੱਥ ਕੋਟ ਵਿੱਚੋਂ ਕੱਢ ਕੇ ਆਪਣੀ ਨੱਕ ਤੱਕ ਲੈ ਜਾਂਦਾ ਤਾਂ ਧੂੰਏਂ ਦੇ ਨਿੱਕੇ-ਨਿੱਕੇ ਬੱਦਲ ਉਸ ਦੀਆਂ ਉਂਗਲਾਂ ਵਿੱਚੋਂ ਕਿਰ ਕੇ ਉਸਦੇ ਕੋਟ ਦੇ ਪੱਲੇ ਤੇ ਜਾ ਗਿਰਦੇ ਸਨ। ਤਾਂ ਇਹੀ ਨਸਵਾਰ ਦੀ ਨਿਰੰਤਰ ਫੁਆਰ ਹੀ ਹੋਵੇਗੀ ਜਿਸ ਨੇ ਉਸ ਦੇ ਪ੍ਰਾਚੀਨ ਪਾਦਰੀ ਲਿਬਾਸ ਨੂੰ ਹਲਕੀ ਜਿਹੀ ਹਰੀ ਰੰਗਤ ਦੇ ਦਿੱਤੀ ਸੀ ਅਤੇ ਉਸ ਦੇ ਹਰ ਵਕਤ ਨਾਲ ਰਹਿਣ ਵਾਲ਼ੇ ਲਾਲ ਰੁਮਾਲ ਜਿਸਦੇ ਨਾਲ ਉਹ ਨਸਵਾਰ ਦੇ ਗਿਰ ਜਾਣ ਵਾਲੇ ਦਾਣਿਆਂ ਨੂੰ ਝਾੜਣ ਦੀ ਕੋਸ਼ਿਸ਼ ਕਰਦਾ ਸੀ ਜੋ ਹਫਤੇ ਦੌਰਾਨ ਧੱਬਿਆਂ ਨਾਲ਼ ਕਾਲ਼ਾ ਪੈ ਚੁੱਕਾ ਸੀ ਯਾਨੀ ਉਹ ਵੀ ਉਸਨੂੰ ਸਾਫ਼ ਰੱਖਣ ਵਿੱਚ ਮੂਲੋਂ ਨਾਕਾਮ ਸੀ।

ਮੇਰਾ ਦਿਲ ਕੀਤਾ  ਕਿ ਅੰਦਰ ਜਾਵਾਂ ਅਤੇ ਉਸਨੂੰ ਦੇਖਾਂ ਪਰ ਦਸਤਕ ਦੇਣ ਦੀ ਹਿੰਮਤ ਨਾ ਹੋਈ।  ਮੈਂ ਵਾਪਸ ਹੋ ਲਿਆ ਅਤੇ ਸੜਕ ਦੇ ਧੁੱਪ ਵਾਲ਼ੇ ਪਾਸੇ ਹੌਲੀ ਹੌਲੀ ਦੁਕਾਨਾਂ ਦੀਆਂ ਬਾਰੀਆਂ ਵਿੱਚ ਲਟਕਦੇ ਥੀਏਟਰ ਦੇ ਇਸ਼ਤਿਹਾਰ ਪੜ੍ਹਦਾ ਜਾ ਰਿਹਾ ਸੀ।  ਮੈਨੂੰ ਬਹੁਤ ਅਜੀਬ ਜਿਹਾ ਲੱਗਾ ਕਿ ਨਾ ਮੈਂ ਅਤੇ ਨਾ ਹੀ ਕੋਈ ਹੋਰ ਸੋਗ ਦੇ ਮੂਡ ਵਿੱਚ ਸੀ। ਸਗੋਂ ਮੈਨੂੰ ਤਾਂ ਆਪਣੇ ਅੰਦਰ ਕਿਸੇ ਕੈਦ ਤੋਂ ਰਿਹਾਈ ਪਾਉਣ ਦੇ ਅਹਿਸਾਸ ਨਾਲ਼ ਚਿੜ ਜਿਹੀ ਹੋ ਰਹੀ ਸੀ, ਜਿਵੇਂ ਮੈਨੂੰ ਉਸ ਦੀ ਮੌਤ ਨੇ ਕਿਸੇ ਬੋਝ ਤੋਂ ਆਜ਼ਾਦ ਕਰ ਦਿੱਤਾ ਹੋਵੇ। ਮੈਂ ਉਸ ਗੱਲਬਾਤ ਬਾਰੇ ਸੋਚ ਰਿਹਾ ਸੀ ਜੋ ਪਿੱਛਲੀ ਰਾਤ ਮੇਰੇ ਅੰਕਲ ਨੇ ਕੀਤੀ ਸੀ ਕਿ ਉਸਨੇ ਮੈਨੂੰ ਬਹੁਤ ਕੁੱਝ ਸਿਖਾਇਆ ਸੀ। ਉਹ ਰੁਮ ਦੇ ਆਇਰਿਸ਼ ਕਾਲਜ ਦਾ ਪੜ੍ਹਿਆ ਸੀ ਅਤੇ ਮੈਨੂੰ ਉਸ ਨੇ ਲਾਤੀਨੀ ਜ਼ੁਬਾਨ ਦਾ ਦਰੁਸਤ ਉਚਾਰਨ ਸਿਖਾਇਆ ਸੀ। ਉਸਨੇ ਮੈਨੂੰ ਤਹਿਖ਼ਾਨਿਆਂ ਦੀਆਂ ਕਬਰਾਂ ਦੀਆਂ ਕਹਾਣੀਆਂ ਸੁਣਾਈਆਂ ਸਨ ਅਤੇ ਨਪੋਲੀਅਨ ਬੋਨਾਪਾਰਟ ਬਾਰੇ ਬੜਾ ਕੁਝ ਦੱਸਿਆ ਸੀ, ਅਤੇ ਉਸਨੇ ਮੈਨੂੰ ਇਸਾਈ ਧਾਰਮਿਕ ਰੀਤਾਂ ਬਾਰੇ ਅਤੇ ਪਾਦਰੀਆਂ ਦੇ ਵੱਖ ਵੱਖ ਕਿਸਮ ਦੇ ਲਿਬਾਸ ਬਾਰੇ ਵੀ ਚਾਨਣਾ ਪਾਇਆ। ਕਈ ਵਾਰ ਉਹ ਮੈਥੋਂ ਮੁਸ਼ਕਲ ਸਵਾਲ ਪੁੱਛ ਕੇ ਖ਼ੁਸ਼ ਹੁੰਦਾ। ਮਸਲਨ ਮੈਥੋਂ ਪੁੱਛਦਾ ਕਿ ਕਿਸੇ ਨੂੰ ਫਲਾਂ ਵਿਸ਼ੇਸ਼ ਹਾਲਾਤ ਵਿੱਚ ਕੀ ਕਰਨਾ ਚਾਹੀਦਾ ਹੈ ਜਾਂ ਕਿਹੜੇ ਗੁਨਾਹ ਮੁਆਫ਼ੀ ਦੇ ਲਾਇਕ ਨਹੀਂ ਹਨ ਅਤੇ ਕਿਹੜੇ ਛੋਟੇ ਜਾਂ ਫਿਰ ਮਹਿਜ਼ ਛੋਟੀਆਂ ਮੋਟੀਆਂ ਗ਼ਲਤੀਆਂ। ਉਸ ਦੇ ਸਵਾਲਾਂ ਤੋਂ ਸਪਸ਼ਟ ਹੁੰਦਾ ਸੀ ਕਿ ਗਿਰਜਾ ਘਰ ਦੀਆਂ ਕੁਝ ਸੰਸਥਾਵਾਂ ਕਿੰਨੀਆਂ ਜਟਿਲ ਅਤੇ ਰਹੱਸਮਈ ਸਨ ਜਦ ਕਿ ਮੈਂ ਉਨ੍ਹਾਂ ਨੂੰ ਬਹੁਤ ਹੀ ਸਾਦਾ ਸਰਲ ਕਰਮ ਸਮਝਦਾ ਸੀ। ਪਾਦਰੀ ਦੀਆਂ ਜ਼ਿੰਮੇਦਾਰੀਆਂ ਅਤੇ ਫ਼ਰਜ਼ ਜੋ ਆਖ਼ਰੀ ਭੋਜ ਬਾਰੇ ਅਤੇ ਲੋਕਾਂ ਦੇ ਇਕਬਾਲੀਆ ਬਿਆਨਾਂ ਦੀ ਰਾਜ਼ਦਾਰੀ ਸੰਬੰਧੀ ਹੁੰਦੇ ਸਨ ਮੈਨੂੰ ਇੰਨੇ ਜ਼ਿਆਦਾ ਕਠਿਨ ਲੱਗਦੇ ਸਨ ਕਿ ਮੈਂ ਅਕਸਰ ਸੋਚਦਾ ਆਖ਼ਰ ਕੋਈ ਇੰਨੀ ਹਿੰਮਤ ਕਿਵੇਂ ਜੁਟਾ ਸਕਦਾ ਹੈ ਕਿ ਉਨ੍ਹਾਂ ਨੂੰ ਚੁੱਕਣ ਦਾ ਫ਼ੈਸਲਾ ਕਰ ਲਵੇ। ਮੈਨੂੰ ਇਸ ਗੱਲ ‘ਤੇ ਜ਼ਰਾ ਵੀ ਹੈਰਾਨੀ ਨਹੀਂ ਹੁੰਦੀ ਸੀ ਜਦੋਂ ਉਹ ਮੈਨੂੰ ਦੱਸਦਾ ਕਿ ਗਿਰਜਾ ਘਰ ਦੇ ਪਾਦਰੀਆਂ ਨੇ ਡਾਕਘਰ ਦੀਆਂ ਡਾਇਰੈਕਟਰੀਆਂ ਨਾਲ਼ੋਂ ਵੀ ਮੋਟੀਆਂ ਮੋਟੀਆਂ ਕਿਤਾਬਾਂ ਲਿਖੀਆਂ ਹਨ ਅਤੇ ਅਖ਼ਬਾਰਾਂ ਵਿੱਚ ਛਪਦੇ ਕਾਨੂੰਨੀ ਨੋਟਸਾਂ ਵਾਂਗ ਬਹੁਤ ਬਾਰੀਕ ਛਪੀਆਂ ਹੁੰਦੀਆਂ ਹਨ ਅਤੇ ਉਨ੍ਹਾਂ ਵਿੱਚ ਸਭਨਾਂ ਜਟਿਲ ਸਵਾਲ਼ਾਂ ਨੂੰ ਬਾਰੀਕੀ ਨਾਲ਼ ਸਪਸ਼ਟ ਕੀਤਾ ਗਿਆ ਹੁੰਦਾ ਹੈ। ਅਕਸਰ ਮੈਂ ਉਨ੍ਹਾਂ ਸਵਾਲਾਂ ਬਾਰੇ ਸੋਚਦਾ ਅਤੇ ਜਦੋਂ ਕੋਈ ਜਵਾਬ ਨਾ ਮਿਲ਼ਦਾ ਜਾਂ ਬਿਲਕੁਲ ਅਹਿਮਕਾਨਾ ਅਤੇ ਬੇਯਕੀਨੀ ਜਿਹੀ ਨਾਲ਼ ਜਵਾਬ ਦਿੰਦਾ ਤਾਂ ਉਹ ਅੱਗੋਂ ਮੁਸਕਰਾ ਦਿੰਦਾ ਅਤੇ ਆਪਣੇ ਸਿਰ ਨੂੰ ਦੋ ਜਾਂ ਤਿੰਨ ਵਾਰ ਹਿਲਾਉਂਦਾ। ਕਦੇ ਕਦੇ ਤਾਂ ਉਹ ਇਸਾਈਆਂ ਦੀ ਸਮੂਹਿਕ ਸਰਵਿਸ ਬਾਰੇ ਮੇਰੇ ਗਿਆਨ ਦਾ ਟੈਸਟ ਲਿਆ ਕਰਦਾ ਸੀ ਜੋ ਉਸਨੇ ਮੈਨੂੰ ਜਬਾਨੀ ਯਾਦ ਕਰਾਇਆ ਹੋਇਆ ਸੀ;  ਅਤੇ ਜਿਵੇਂ ਜਿਵੇਂ ਮੈਂ ਦੱਸਦਾ ਜਾਂਦਾ ਉਹ ਬੜੇ ਧਿਆਨ ਨਾਲ਼  ਸਿਰ ਹਿਲਾ  ਹਿਲਾ ਕੇ ਮੁਸਕਰਾਉਂਦਾ ਰਹਿੰਦਾ, ਅਤੇ ਨਾਲ਼ ਨਾਲ਼ ਨਸਵਾਰ ਦੀਆਂ ਚੁਟਕੀਆਂ ਭਰ ਕੇ ਦੋਨਾਂ ਨਾਸਾਂ ਵਿੱਚ ਵਾਰੀ ਵਾਰੀ ਚਾੜ੍ਹਦਾ ਰਹਿੰਦਾ। ਜਦੋਂ ਉਹ ਮੁਸਕਰਾਉਂਦਾ ਤਾਂ ਮੂੰਹ ਵਿੱਚੋਂ ਉਸਦੇ ਵੱਡੇ ਬਦਰੰਗ ਦੰਦ ਝਾਕਣ ਲੱਗ ਪੈਂਦੇ, ਉਹ ਆਪਣੇ ਹੇਠਲੇ ਬੁੱਲ੍ਹ ਉੱਤੇ ਜੀਭ ਫੇਰਨ ਲੱਗ ਪੈਂਦਾ। ਉਸਦੀ ਇਹ ਆਦਤ ਸੀ ਜਿਸ ਕਾਰਨ ਸਾਡੀ ਵਾਕਫ਼ੀਅਤ ਦੇ ਮੁਢਲੇ ਦਿਨਾਂ ਵਿੱਚ ਮੈਨੂੰ ਭਾਰੀ ਬੇਚੈਨੀ ਹੋਣ ਲੱਗਦੀ ਸੀ
ਧੁੱਪੇ ਸੜਕ ਉੱਤੇ ਚੱਲਦੇ ਹੋਏ ਮੈਨੂੰ ਬੁੱਢੇ ਕੋਟਰ ਦੇ ਸ਼ਬਦ ਯਾਦ ਆ ਰਹੇ ਸਨ ਅਤੇ ਨਾਲ ਹੀ ਇਹ ਯਾਦ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਸੁਪਨੇ ਵਿੱਚ ਬਾਅਦ ਨੂੰ ਕੀ ਵਾਪਰਿਆ। ਇਹ ਤਾਂ ਮੈਨੂੰ ਯਾਦ ਸੀ ਕਿ ਮੈਂ ਲੰਬੇ ਮਖ਼ਮਲੀ ਪਰਦੇ ਅਤੇ ਪੁਰਾਣੇ ਫੈਸ਼ਨ ਦੀ ਲਟਕਾਉਣ ਵਾਲ਼ੀ ਇੱਕ ਲਾਲਟੇਨ ਵੇਖੀ ਸੀ। ਮੈਨੂੰ ਲੱਗਿਆ ਜਿਵੇਂ ਮੈਂ ਕਾਫ਼ੀ ਦੂਰ, ਇੱਕ ਅਜਿਹੀ ਜ਼ਮੀਨ ‘ਤੇ ਜਿੱਥੋਂ ਦੇ ਰਸਮ-ਰਿਵਾਜ ਬਹੁਤ ਹੀ ਅਜੀਬ ਸਨ… ਸ਼ਾਇਦ ਈਰਾਨ ਵਿੱਚ ਨਿਕਲ ਆਇਆ ਸਾਂ ..ਮੈਂ ਬਹੁਤ ਸੋਚਿਆ ਪਰ ਮੈਨੂੰ ਸੁਪਨੇ ਦਾ ਅੰਤ ਯਾਦ ਨਾ ਆਇਆ।
ਸ਼ਾਮ ਨੂੰ ਆਂਟੀ ਮੈਨੂੰ ਮਾਤਮ ਵਾਲ਼ੇ ਘਰ ਲੈ ਗਈ।  ਸੂਰਜ ਛਿਪ ਚੁੱਕਾ ਸੀ ਪਰ ਘਰਾਂ ਦੀਆਂ ਪੱਛਮ ਵੱਲ ਖੁੱਲ੍ਹਣ ਵਾਲੀਆਂ  ਬਾਰੀਆਂ ਦੇ ਸ਼ੀਸ਼ੇ ਬੱਦਲਾਂ ਦੇ ਵੱਡੇ ਕਿੰਗਰੇ ਦੇ ਸੁਨਹਿਰੀ ਰੰਗਾਂ ਨੂੰ ਪ੍ਰਤੀਬਿੰਬਤ ਕਰ ਰਹੇ ਸਨ। ਨੈਨੀ ਨੇ ਸਾਨੂੰ ਹਾਲ ਵਿੱਚ ਬੈਠਣ ਲਈ ਕਿਹਾ। ਉਸ ਨਾਲ਼ ਉੱਚੀ ਉੱਚੀ ਗੱਲਾਂ ਕਰਨਾ ਚੰਗਾ ਨਹੀਂ ਸੀ, ਆਂਟੀ ਨੇ ਸਾਡੇ ਸਾਰਿਆਂ ਵੱਲੋਂ ਉਸ ਨਾਲ਼ ਹਥ ਮਿਲਾਇਆ।  ਬਜ਼ੁਰਗ ਔਰਤ ਨੇ ਸਵਾਲੀਆ ਅੰਦਾਜ਼ ਵਿੱਚ ਉੱਪਰ ਦੀ ਮੰਜ਼ਿਲ ਵੱਲ ਇਸ਼ਾਰਾ ਕੀਤਾ ਅਤੇ ਆਂਟੀ ਦੇ ਹਾਂ ਵਿੱਚ ਸਿਰ ਹਿਲਾਉਣ ਉੱਤੇ ਇੱਕ ਭੀੜੀ ਜਿਹੀ ਪੌੜੀ ਉੱਤੇ ਸਾਡੇ ਅੱਗੇ ਹੋ ਲਈ।  ਉਸ ਦਾ ਝੁੱਕਿਆ ਹੋਇਆ ਸਿਰ ਪੌੜੀਆਂ ਦੇ ਜੰਗਲੇ ਤੋਂ ਜਰਾ ਕੁ ਹੀ ਉੱਪਰ ਹੋਵੇਗਾ। ਪਹਿਲੀ ਮੰਜ਼ਲ ਉੱਤੇ ਪਹੁੰਚ ਕੇ ਉਹ ਰੁਕ ਗਈ ਅਤੇ ਸਾਨੂੰ ਮਈਯਤ ਦੇ ਕਮਰੇ ਦੇ ਖੁੱਲ੍ਹੇ ਦਰਵਾਜ਼ੇ ਰਾਹੀਂ ਅੰਦਰ ਜਾਣ ਦਾ ਇਸ਼ਾਰਾ ਕੀਤਾ। ਮੇਰੀ ਆਂਟੀ ਅੰਦਰ ਗਈ ਅਤੇ ਉਹ ਔਰਤ ਮੈਨੂੰ ਗ਼ੌਰ ਨਾਲ਼ ਦੇਖਣ ਲੱਗੀ ਕਿਉਂਕਿ ਮੈਂ ਅੰਦਰ ਜਾਣ ਤੋਂ ਹਿਚਕਚਾ ਰਿਹਾ ਸੀ। ਉਹ ਮੈਨੂੰ ਵਾਰ ਵਾਰ ਹੱਥ ਦੇ ਇਸ਼ਾਰੇ ਨਾਲ਼ ਅੰਦਰ ਜਾਣ ਲਈ ਕਹਿਣ ਲੱਗੀ।
ਮੈਂ ਪੱਬਾਂ ਭਾਰ ਚੱਲਦਾ ਹੋਇਆ ਅੰਦਰ ਚਲਾ ਗਿਆ।  ਜਾਲੀਦਾਰ ਪਰਦੇ ਦੇ ਵਿੱਚੀਂ ਕਮਰੇ ਵਿੱਚ ਮੱਧਮ ਜਿਹੀ ਸੁਨਹਿਰੀ ਰੌਸ਼ਨੀ ਸੀ ਅਤੇ ਮੋਮਬੱਤੀਆਂ ਜ਼ਰਦ ਪਤਲੀਆਂ ਲਾਟਾਂ ਲੱਗ ਰਹੀਆਂ ਸਨ। ਉਸਨੂੰ ਕਫ਼ਨ ਵਿੱਚ ਲਿਟਾਇਆ ਹੋਇਆ ਸੀ। ਨੈਨੀ ਨੇ ਪਹਿਲ ਕੀਤੀ ਅਤੇ ਅਸੀਂ ਤਿੰਨੋਂ ਬੈੱਡ ਦੀ ਪੈਂਦ ਵੱਲ ਨੀਵ ਗਏ। ਮੈਂ ਦੁਆ ਕਰਨ ਦਾ ਦਿਖਾਵਾ ਕਰ ਰਿਹਾ ਸੀ ਪਰ ਮੇਰੀਆਂ  ਸੋਚਾਂ ਇਕਾਗਰ ਨਹੀਂ ਹੋ ਰਹੀਆਂ ਸਨ ਕਿਉਂਕਿ ਨੈਨੀ ਦੀ ਨਿਰੰਤਰ ਬੜਬੜ ਮੇਰੀ ਸੁਰਤੀ ਭੰਗ ਕਰ ਰਹੀ ਸੀ। ਮੈਂ ਦੇਖਿਆ ਕਿ ਉਸ ਦੇ ਸਕਰਟ ਦਾ ਲੜ ਕਿੰਨੇ ਭੱਦੇ ਤਰੀਕੇ ਨਾਲ਼ ਪਿੱਛੇ ਟੰਗਿਆ ਹੋਇਆ ਸੀ ਅਤੇ ਉਸਦੀ ਤੱਪੜ ਦੀ ਜੁੱਤੀ ਦੀਆਂ ਅੱਡੀਆਂ ਕਿਵੇਂ ਵਿੰਗੀਆਂ ਹੋ ਚੁੱਕੀਆਂ ਸਨ।  ਮੈਨੂੰ ਲੱਗਿਆ ਜਿਵੇਂ ਫਾਦਰ ਫ਼ਲਾਇਨ ਆਪਣੇ ਤਾਬੂਤ ਵਿੱਚ ਲਿਟਿਆ ਮੁਸਕਰਾ ਰਿਹਾ ਹੋਵੇ।
ਪਰ ਨਹੀਂ। ਜਦੋਂ ਅਸੀਂ ਦੁਆ ਕਰਨ ਦੇ ਬਾਅਦ ਖੜੇ ਹੋਏ ਅਤੇ ਬੈੱਡ ਦੇ ਸਰ੍ਹਾਣੇ ਗਏ ਤਾਂ ਮੈਂ ਵੇਖਿਆ ਕਿ ਉਹ ਮੁਸਕਰਾ ਨਹੀਂ ਰਿਹਾ ਸੀ। ਉਹ ਆਪਣੇ ਲੰਬੇ ਪਾਦਰੀਆਂ ਵਾਲੇ ਲਬਾਦੇ ਵਿੱਚ ਲਿਪਟਿਆ ਹੋਇਆ ਬਹੁਤ ਗੰਭੀਰ ਲੱਗ ਰਿਹਾ ਸੀ। ਉਸਦੇ ਵੱਡੇ ਹੱਥਾਂ ਵਿੱਚ ਢਿੱਲੇ ਜਿਹੇ ਢੰਗ ਨਾਲ਼ ਪਿਆਲਾ ਫੜਿਆ ਹੋਇਆ ਸੀ।  ਉਸਦਾ ਚਿਹਰਾ ਬਹੁਤ ਬੇਰੌਣਕ ਅਤੇ ਬਹੁਤ ਤਣਿਆ ਹੋਇਆ ਸੀ ਅਤੇ ਉਸ ਉੱਪਰ ਚੌੜੀਆਂ ਸਿਆਹ ਨਾਸਾਂ ਸਨ ਅਤੇ ਇਸ ਨੂੰ ਟਾਵੇਂ ਟਾਵੇਂ ਚਿੱਟੇ ਵਾਲ਼ਾਂ ਨੇ ਘੇਰਿਆ ਹੋਇਆ ਸੀ। ਕਮਰੇ ਵਿੱਚ ਬਹੁਤ ਤੇਜ਼ ਗੰਧ ਸੀ…. ਉਹ ਫੁੱਲ।
ਅਸੀਂਂ ਕਰਾਸ ਦਾ ਨਿਸ਼ਾਨ ਬਣਾਇਆ ਅਤੇ ਬਾਹਰ ਆ ਗਏ। ਹੇਠਲੀ ਮੰਜ਼ਲ ਦੇ ਛੋਟੇ ਕਮਰੇ ਵਿੱਚ ਸਾਨੂੰ ਆਰਾਮ-ਕੁਰਸੀ ਵਿੱਚ ਪਸਰ ਕੇ ਬੈਠੀ ਅਲੀਜ਼ਾ ਮਿਲੀ। ਮੈਂ ਆਪਣਾ ਕੋਨੇ ਵਿੱਚ ਡਾਹੀ ਆਪਣੀ ਆਮ ਵਾਲ਼ੀ ਕੁਰਸੀ ਮੱਲ ਲਈ ਅਤੇ ਨੈਨੀ ਭਾਡਿਆਂ ਦੀ ਅਲਮਾਰੀ ਵੱਲ ਚਲ਼ੀ ਗਈ ਅਤੇ ਇਸ ਵਿੱਚੋਂ ਸ਼ੇਰੀ ਦੀ ਬੋਤਲ ਅਤੇ ਕੁੱਝ ਵਾਈਨ ਵਾਲ਼ੇ ਗਲਾਸ ਲੈ ਆਈ। ਇਹ ਉਸਨੇ ਮੇਜ਼ ਉੱਤੇ ਟਿਕਾ ਦਿੱਤੇ ਅਤੇ ਸਾਨੂੰ ਛੋਟਾ ਜਿਹਾ ਵਾਈਨ ਦਾ ਪੈੱਗ ਲਾਉਣ ਦੀ ਗੁਜ਼ਾਰਿਸ਼ ਕੀਤੀ। ਪਰ  ਫਿਰ ਆਪਣੀ ਭੈਣ ਦੇ ਕਹਿਣ ਉੱਤੇ ਸ਼ੇਰੀ ਦੇ ਗਲਾਸ ਭਰ ਕੇ ਸਾਨੂੰ ਪੇਸ਼ ਕੀਤੇ।  ਉਸਨੇ ਮੈਨੂੰ ਕੁੱਝ ਕਰੀਮ ਵਾਲ਼ੇ  ਬਿਸਕੁਟ ਲੈਣ ਲਈ ਵੀ ਜ਼ੋਰ ਦਿੱਤਾ ਪਰ ਮੈਂ ਨਾਂਹ ਕਰ ਦਿੱਤੀ ਕਿਉਂਕਿ ਉਨ੍ਹਾਂ ਨੇ ਖਾਂਦੇ ਵਕਤ ਬਹੁਤ ਅਵਾਜ਼ ਕਰਨੀ ਸੀ। ਉਹ ਮੇਰੇ ਨਾਂਹ ਕਰਨ ‘ਤੇ ਕੁੱਝ ਬੁਝ ਜਿਹੀ ਗਈ ਲੱਗਦੀ ਸੀ  ਅਤੇ ਖ਼ਾਮੋਸ਼ੀ ਨਾਲ਼ ਜਾ ਕੇ ਆਪਣੀ ਭੈਣ ਦੇ ਪਿੱਛੇ ਸੋਫ਼ੇ ਉੱਪਰ ਬੈਠ ਗਈ। ਸਭ ਖ਼ਾਮੋਸ਼ ਰਹੇ। ਅਸੀਂ ਸਾਰੇ ਖ਼ਾਲੀ ਚੁੱਲ੍ਹੇ ਨੂੰ ਤੱਕ ਰਹੇ ਸਾਂ।
ਮੇਰੀ ਆਂਟੀ ਨੇ ਉਦੋਂ ਤੱਕ ਇੰਤਜ਼ਾਰ ਕੀਤਾ ਜਦੋਂ ਤੱਕ ਅਲੀਜ਼ਾ ਨੇ ਆਹ ਨਹੀਂ ਭਰੀ ਅਤੇ ਫਿਰ ਕਿਹਾ:
ਆਹ, ਉਹ ਬਿਹਤਰ ਜਹਾਨ ਵਿੱਚ ਚਲਾ ਗਿਆ!”
ਅਲੀਜ਼ਾ ਨੇ ਦੁਬਾਰਾ ਆਹ ਭਰੀ ਅਤੇ ਆਪਣਾ ਸਿਰ ਹਿਲਾ ਕੇ ਹੁੰਗਾਰਾ ਭਰਿਆ। ਮੇਰੀ ਆਂਟੀ ਨੇ ਘੁੱਟ ਭਰਨ ਤੋਂ ਪਹਿਲਾਂ ਆਪਣਾ ਵਾਈਨ ਗਲਾਸ ਉਂਗਲੀਆਂ ਨਾਲ਼ ਟੁਣਕਾਇਆ।
ਕੀ ਉਹ…ਸ਼ਾਂਤੀ ਨਾਲ਼?” ਉਸ ਨੇ ਪੁੱਛਿਆ।
ਓਹ, ਬੇਸ਼ੱਕ, ਬਹੁਤ ਸ਼ਾਂਤੀ ਨਾਲ਼, ਮੈਮ,” ਅਲੀਜ਼ਾ ਨੇ ਜਵਾਬ ਦਿੱਤਾ। “ਤੁਸੀਂ ਕਹਿ ਨਹੀਂ ਸਕਦੇ ਕਿ ਕਦੋਂ ਉਸ ਦਾ ਸਾਹ ਰੁਕ ਗਿਆ। ਉਸਨੂੰ ਬਹੁਤ ਹੀ ਪਿਆਰੀ ਮੌਤ ਮਿਲ਼ੀ।  ਪ੍ਰਮਾਤਮਾ ਦਾ ਸੌ ਸੌ ਸ਼ੁਕਰ!!!!”
ਹੋਰ ਸਭ ਕੁੱਝ …..?”
ਫ਼ਾਦਰ ਓ ਰੂਰਕ ਮੰਗਲ ਵਾਲ਼ੇ ਦਿਨ ਉਸ ਦੇ ਨਾਲ ਸਨ। ਉਸਨੂੰ ਟਿੱਕਾ ਲਾਇਆ ਅਤੇ ਹਰ ਚੀਜ਼? ਲਈ ਤਿਆਰ ਕੀਤਾ।”
ਇਸ ਦਾ ਮਤਲਬ ਹੈ ਉਸ ਨੂੰ ਪਤਾ ਸੀ?”
ਉਹ ਹੋਣੀ ਲਈ ਤਿਆਰ ਸੀ।”
ਹਾਂ, ਉਹ ਕਾਫ਼ੀ ਤਿਆਰ ਲੱਗਦਾ ਸੀ,”  ਮੇਰੀ ਆਂਟੀ ਨੇ ਕਿਹਾ।
ਇਹੀ ਗੱਲ ਉਸ ਔਰਤ ਨੇ ਵੀ ਦੱਸੀ ਜਿਸ ਨੂੰ ਅਸੀਂਂ ਉਸਨੂੰ ਨਹਾਉਣ ਲਈ ਬੁਲਾਇਆ ਸੀ। ਉਹ ਕਹਿ ਰਹੀ ਸੀ ਉਹ ਇੰਨੇ  ਸ਼ਾਂਤ ਅਤੇ ਸੰਤੁਸ਼ਟ ਸਨ ਕਿ ਲੱਗਦਾ ਸੀ ਜਿਵੇਂ ਸੌਂ ਰਹੇ ਹੋਣ। ਕੋਈ ਵੀ ਨਹੀਂ ਸੋਚਦਾ ਸੀ ਕਿ ਉਹ ਮਰ ਕੇ ਇੰਨੇ ਅੱਛੇ ਲੱਗਣਗੇ।”
ਜੀ ਹਾਂ, ਬੇਸ਼ੱਕ,” ਮੇਰੀ ਆਂਟੀ ਨੇ ਕਿਹਾ।
ਉਸ ਨੇ ਆਪਣੇ ਗਲਾਸ ਵਿੱਚੋਂ ਹਲਕੀ ਜਿਹੀ ਘੁੱਟ ਭਰੀ ਅਤੇ ਬੋਲੀ:
ਹਾਂ, ਮਿੱਸ ਫ਼ਲਾਇਨ, ਇਹ ਜਾਨਣਾ ਤੁਹਾਡੇ ਲਈ ਬੜਾ ਸੁਖਦਾਈ ਹੋਵੇਗਾ ਕਿ ਤੁਸੀਂਂ ਉਸ ਲਈ ਜੋ ਕੁੱਝ ਕੀਤਾ ਜਾ ਸਕਦਾ ਸੀ ਉਹ ਕੀਤਾ, ਸਗੋਂ ਮੈਂ ਤਾਂ ਕਹਾਂਗੀ ਕਿ ਤੁਸੀਂ ਦੋਨੋਂ ਉਸ ਤੇ ਬਹੁਤ ਮਿਹਰਬਾਨ ਸੀ।”
ਅਲੀਜ਼ਾ ਨੇ ਗੋਡਿਆਂ ਉੱਪਰ ਆਪਣੀ ਸਕਰਟ ਠੀਕ ਕੀਤੀ।
ਆਹ, ਵਿਚਾਰਾ ਜੇਮਜ਼!” ਉਸਨੇ ਕਿਹਾ। “ਰੱਬ ਜਾਣਦਾ ਹੈ, ਸਾਥੋਂ ਜੋ ਕੁੱਝ ਹੋ ਸਕਦਾ ਸੀ ਅਸੀਂਂ ਕੀਤਾ, ਇੰਨੇ ਗ਼ਰੀਬ ਹੁੰਦੇ ਹੋਏ ਵੀ – ਅਸੀਂ ਇਹ ਨਹੀਂ ਵੇਖ ਸਕਦੇ ਸੀ ਕਿ ਉਹ ਕੁੱਝ ਚਾਹੁੰਦਾ ਹੁੰਦਾ ਅਤੇ ਅਸੀਂ ਪੂਰਾ ਨਾ ਕਰਦੇ। ਨੈਨੀ ਨੇ ਆਪਣਾ ਸਿਰ ਸੋਫ਼ੇ ਦੇ ਸਰ੍ਹਾਣੇ ਉੱਤੇ ਟਿਕਾ ਦਿੱਤਾ ਅਤੇ ਲੱਗਦਾ ਸੀ ਜਿਵੇਂ ਉਹ ਸੌਣ ਲੱਗੀ ਹੋਵੇ। ਵਿਚਾਰੀ ਨੈਨੀ, ਅਲੀਜ਼ਾ ਉਸ ਵੱਲ ਵੇਖਦੇ ਹੋਏ ਬੋਲੀ, “ਕਿੰਨਾ ਥੱਕ ਗਈ ਹੈ। ਸਾਰਾ ਕੰਮ ਅਸੀਂ ਦੋਨਾਂ ਨੇ ਕੀਤਾ ਹੈ, ਮੈਂ ਅਤੇ ਉਸਨੇ: ਨਹਾਉਣ ਵਾਲੀ ਔਰਤ ਨੂੰ ਲੈ ਕੇ ਆਈਆਂ, ਫਿਰ ਜੇਮਜ਼ ਨੂੰ ਬਾਹਰ ਲਿਆਂਦਾ ਅਤੇ ਫਿਰ ਤਾਬੂਤ ਵਿੱਚ ਲਿਟਾਇਆ ਅਤੇ ਇਸ ਦੇ ਬਾਅਦ ਗਿਰਜਾਘਰ ਵਿੱਚ ਦਫ਼ਨ ਦੀਆਂ ਰਸਮਾਂ ਦਾ ਇੰਤਜ਼ਾਮ ਕੀਤਾ। ਫ਼ਾਦਰ ਓ-ਰੂਰਕ ਦੀ ਮਿਹਰਬਾਨੀ ਸਦਕਾ। ਮੈਨੂੰ ਨਹੀਂ ਪਤਾ ਕਿ ਅਸੀਂਂ ਕੁੱਝ ਕੀਤਾ ਵੀ ਕਿ ਨਹੀਂ।  ਉਹੀ ਸਨ ਜੋ ਫੁੱਲ ਅਤੇ ਦੋ ਸ਼ਮਾਦਾਨ ਗਿਰਜਾਘਰ ਤੋਂ ਲੈਕੇ ਆਏ ਅਤੇ ਫਰੀਮੈਨ ਦੇ ਜਨਰਲ ਨੋਟਿਸ ਬੋਰਡ ਉੱਤੇ ਇੱਤਲਾ ਲਿਖੀ ਅਤੇ ਕਬਰਿਸਤਾਨ ਬਾਰੇ ਅਤੇ ਵਿਚਾਰੇ ਜੇਮਜ਼ ਦੇ ਬੀਮੇ ਦੇ ਕਾਗ਼ਜ਼ਾਤ ਵੀ ਆਪਣੇ ਜੁੰਮੇ ਲੈ ਲਏ।”
ਉਸ ਨੇ ਬਹੁਤ ਅੱਛਾ ਕੀਤਾ, ਹੈ ਨਾ?” ਮੇਰੀ ਆਂਟੀ ਨੇ ਆਖਿਆ।
ਅਲੀਜ਼ਾ ਨੇ ਆਪਣੀ ਅੱਖਾਂ ਮੁੰਦ ਲਈਆਂ ਅਤੇ ਆਪਣਾ ਸਿਰ ਹੌਲੀ-ਹੌਲੀ ਹਿਲਾਉਣ ਲੱਗੀ।
ਆਹ, ਪੁਰਾਣੇ ਦੋਸਤਾਂ ਨਾਲ਼ੋਂ ਵਧ ਕੇ ਕੋਈ ਦੋਸਤ ਨਹੀਂ ਹੋ ਸਕਦਾ,” ਉਸਨੇ ਆਖਿਆ। ਜਦੋਂ ਸਭ ਕੁੱਝ ਕਿਹਾ ਅਤੇ ਕੀਤਾ ਜਾ ਚੁੱਕਾ ਹੈ, ਕੋਈ ਦੋਸਤ ਅਜਿਹਾ ਨਹੀਂ ਹੁੰਦਾ ਜਿਸ ‘ਤੇ ਜਿਸਮ ਭਰੋਸਾ ਕਰ ਸਕੇ।”
ਬੇਸ਼ੱਕ, ਇਹ ਬਿਲਕੁਲ ਦਰੁਸਤ ਹੈ,” ਮੇਰੀ ਆਂਟੀ ਨੇ ਕਿਹਾ। “ਤੇ ਮੈਨੂੰ ਪੂਰਾ ਯਕੀਨ ਹੈ ਕਿ ਉਹ ਸਦੀਵੀ ਇਨਾਮ ਹਾਸਲ ਕਰਨ ਲਈ ਜਾ ਚੁੱਕਾ ਹੈ। ਉਹ ਤੁਹਾਨੂੰ ਦੋਨਾਂ ਨੂੰ ਨਹੀਂ ਭੁੱਲੇਗਾ ਅਤੇ ਨਾ ਤੁਹਾਡੀਆਂ ਮਿਹਰਬਾਨੀਆਂ ਨੂੰ…।
ਆਹ, ਵਿਚਾਰਾ ਜੇਮਜ਼! ਅਲੀਜ਼ਾ ਨੇ ਆਹ ਭਰੀ। “ਉਹ ਸਾਡੇ ਲਈ ਕੋਈ ਵੱਡੀ ਸਮੱਸਿਆ ਨਹੀਂ ਸੀ। ਹੁਣ ਤੁਸੀਂ ਉਸ ਦੀ ਅਵਾਜ਼ ਘਰ ਵਿੱਚ ਕਦੇ ਨਹੀਂ ਸੁਣੋਗੇ। ਫਿਰ ਵੀ, ਮੈਂ ਜਾਣਦਾ ਹਾਂ ਕਿ ਉਹ ਚਲਾ ਗਿਆ ਹੈ ਅਤੇ ਸਭ ਕੁਝ ਇਸ ਲਈ…”
ਜਦੋਂ ਸਭ ਕੁੱਝ ਨਿੱਬੜ ਜਾਵੇਗਾ ਤੱਦ ਤੁਹਾਨੂੰ ਉਸਦੀ ਯਾਦ ਬਹੁਤ ਸਤਾਏਗੀ,” ਆਂਟੀ ਨੇ ਕਿਹਾ।
ਮੈਨੂੰ ਪਤਾ ਹੈ,” ਅਲੀਜ਼ਾ ਨੇ ਜਵਾਬ ਦਿੱਤਾ। ਹੁਣ ਮੈਂ  ਉਸ ਲਈ ਬੀਫ਼ ਟੀ ਦਾ ਕੱਪ ਨਹੀਂ ਲਿਆਵਾਂਗੀ ਅਤੇ ਨਾ ਹੀ ਤੁਸੀਂ, ਮੈਮ, ਉਸ ਲਈ ਨਸਵਾਰ ਭੇਜੋਗੀ।  ਆਹ ਵਿਚਾਰਾ ਜੇਮਜ਼!”
ਉਹ ਰੁਕ ਗਈ ਜਿਵੇਂ ਸਮਝ ਗਈ ਹੋਵੇ ਕਿ ਉਹ ਅਤੀਤ ਨਾਲ਼ ਗੱਲੀਂ ਲੱਗ ਗਈ ਸੀ ਅਤੇ  ਫਿਰ ਹੁਸ਼ਿਆਰੀ ਨਾਲ਼ ਬੋਲੀ :
ਜ਼ਰਾ ਗ਼ੌਰ ਕਰਨਾ, ਆਖ਼ਰੀ ਦਿਨਾਂ ਵਿੱਚ ਬਹੁਤ ਹੀ ਅਜੀਬ ਕੁਝ ਉਸ ਤੇ ਤਾਰੀ ਹੋਇਆ ਮੈਂ ਮਹਿਸੂਸ ਕੀਤਾ ਸੀ – ਜਦੋਂ ਕਦੇ ਉਸ ਲਈ ਤਰੀ ਲੈ ਕੇ ਜਾਂਦੀ, ਉਸ ਦਾ ਗੁਟਕਾ  ਫ਼ਰਸ਼ ਉੱਤੇ ਪਿਆ ਹੁੰਦਾ। ਉਹ ਆਪ ਕੁਰਸੀ ਵਿੱਚ ਢੇਰ ਹੁੰਦਾ ਅਤੇ ਉਸ ਦਾ ਮੂੰਹ ਖੁੱਲ੍ਹਾ ਹੁੰਦਾ।”
ਉਸਨੇ ਆਪਣੀ ਉਂਗਲ ਨੱਕ ਉੱਤੇ ਰੱਖੀ ਅਤੇ ਤਿਓੜੀ ਚੜ੍ਹਾਈ। ਫਿਰ ਗੱਲ ਅੱਗੇ ਤੋਰੀ:
ਪਰ ਪਏ ਪਏ ਉਹ ਇਹੀ ਕਹਿੰਦਾ ਰਹਿੰਦਾ ਕਿ ਗਰਮੀਆਂ ਦੇ ਖ਼ਤਮ ਹੋਣ ਤੋਂ ਪਹਿਲਾਂ ਕਿਸੇ ਸੁਹਾਵਣੇ ਦਿਨ ਉਹ ਡਰਾਈਵ ਉੱਤੇ ਜਾਵੇਗਾ ਤਾਂਕਿ ਆਇਰਿਸ਼ ਕਸਬੇ ਵਿੱਚ ਆਪਣੇ ਪੁਰਾਣੇ ਘਰ ਨੂੰ ਦੁਬਾਰਾ ਵੇਖ ਸਕੇ ਜਿੱਥੇ ਅਸੀਂ ਸਭ ਪੈਦਾ ਹੋਏ ਸਾਂ ਅਤੇ ਮੈਨੂੰ ਅਤੇ ਨੈਨੀ ਨੂੰ ਵੀ ਆਪਣੇ ਨਾਲ ਲੈ ਜਾਵੇਗਾ। ਜੇਕਰ ਅਸੀਂ ਨਵੇਂ ਫ਼ੈਸ਼ਨ ਦੀ ਬਿਨਾਂ ਘੋੜੇ ਵਾਲ਼ੀ ਇੱਕ ਗੱਡੀ ਕਰਨ ਵਿੱਚ ਕਾਮਯਾਬ ਹੋ ਗਏ ਜਿਹੜੀ ਉੱਕਾ ਸ਼ੋਰ ਨਹੀਂ ਕਰਦੀ… ਜਿਸਦੇ ਟਾਇਰਾਂ ਵਾਲ਼ੇ ਪਹੀਆਂ ਬਾਰੇ ਫਾਦਰ ਓ-ਰੂਰਕ ਨੇ ਉਸਨੂੰ ਦੱਸਿਆ ਸੀ – ਸਿਰਫ਼ ਇੱਕ ਦਿਨ ਲਈ ਤਾਂ ਸਸਤੀ ਹੀ ਪਵੇਗੀ ਉਸਨੇ ਕਿਹਾ ਸੀ।  ਰਸਤੇ ਵਿੱਚ ਜੌਨੀ ਰਿਸ਼ ਕੋਲ਼ ਰੁਕਾਂਗੇ ਤੇ ਸਾਨੂੰ ਤਿੰਨਾਂ ਨੂੰ ਐਤਵਾਰ ਦੀ ਸ਼ਾਮ ਕਸਬੇ ਲੈ ਜਾਵੇਗਾ।  ਉਸਨੇ ਇਸ ਬਾਰੇ ਆਪਣਾ ਮਨ ਪੂਰੀ ਤਰ੍ਹਾਂ ਬਣਾ ਲਿਆ ਸੀ… ਆਹ ਵਿਚਾਰਾ ਜੇਮਜ਼!”
ਪਰਮਾਤਮਾ ਉਸ ਦੀ ਰੂਹ ਨੂੰ ਸ਼ਾਂਤੀ ਬਖ਼ਸ਼ੇ,” ਮੇਰੀ ਆਂਟੀ ਨੇ ਕਿਹਾ।
ਅਲੀਜ਼ਾ ਨੇ ਆਪਣਾ ਰੁਮਾਲ ਕੱਢਿਆ ਅਤੇ ਉਸ ਨਾਲ਼ ਆਪਣੀਆਂ ਭਿੱਜੀਆਂ ਹੋਈਆਂ ਅੱਖਾਂ ਸਾਫ਼ ਕੀਤੀਆਂ। ਫਿਰ ਵਾਪਸ ਆਪਣੀ ਜੇਬ ਵਿੱਚ ਰੱਖ ਲਿਆ ਅਤੇ ਕੁੱਝ ਦੇਰ ਤੱਕ ਬਿਨਾਂ ਗੱਲ ਕੀਤੇ ਖ਼ਾਲੀ ਜਾਲ਼ੀ ਨੂੰ ਘੂਰਦੀ ਰਹੀ।
ਉਹ ਹਮੇਸ਼ਾ ਬਹੁਤ ਨੇਕਨੀਤ ਅਤੇ ਸੁਹਿਰਦ ਸੀ,” ਉਸਨੇ ਕਿਹਾ। “ਪਾਦਰੀ ਦੇ ਪੇਸ਼ਾਵਰਾਨਾ ਫ਼ਰਜ਼,  ਉਸ ਨਾਲ਼ ਜ਼ਿਆਦਤੀ ਸੀ ਅਤੇ ਫਿਰ ਉਸ ਦੀ ਆਪਣੀ ਜ਼ਿੰਦਗੀ? ਤੁਸੀਂ ਕਹਿ ਸਕਦੇ ਹੋ, ਤਲਖ਼ ਸੀ।”
ਹਾਂ,” ਮੇਰੀ ਆਂਟੀ ਨੇ ਆਖਿਆ। “ਉਹ ਇੱਕ ਮਾਯੂਸ ਇਨਸਾਨ ਸੀ। ਸਾਫ਼ ਨਜ਼ਰ ਆਉਂਦਾ ਸੀ।”
ਇੱਕ ਗਹਿਰੀ ਖ਼ਾਮੋਸ਼ੀ ਇਸ ਛੋਟੇ ਜਿਹੇ ਕਮਰੇ ਵਿੱਚ ਛਾ ਗਈ ਸੀ। ਇਸ ਦੀ ਆੜ ਵਿੱਚ ਮੈਂ ਮੇਜ਼ ਕੋਲ਼ ਗਿਆ, ਸ਼ੇਰੀ ਦੀ ਘੁੱਟ ਪੀਤੀ ਅਤੇ ਚੁੱਪਚਾਪ ਕੋਨੇ ਵਿੱਚ ਆਪਣੀ ਕੁਰਸੀ ਉੱਤੇ ਵਾਪਸ ਆ ਗਿਆ।  ਅਲੀਜ਼ਾ ਕਿਸੇ ਗਹਿਰੀ ਸੋਚ ਵਿੱਚ ਡੁੱਬ ਗਈ ਲੱਗਦੀ ਸੀ।  ਅਸੀਂ ਬੜੇ ਆਦਰ ਭਾਵ ਨਾਲ਼ ਉਸ ਦੀ ਖ਼ਾਮੋਸ਼ੀ ਟੁੱਟਣ ਦਾ ਇੰਤਜ਼ਾਰ ਕਰਨ ਲੱਗੇ ਆਖ਼ਰ ਇੱਕ ਲੰਬੇ ਵਕਫ਼ੇ ਦੇ ਬਾਅਦ ਉਸ ਨੇ ਮਲਕੜੇ ਜਿਹੇ ਕਿਹਾ:
ਜਦੋਂ ਉਸਨੇ ਉਹ ਮੁਕੱਦਸ ਪਿਆਲਾ ਤੋੜ ਦਿੱਤਾ ਸੀ …ਅਸਲ ਵਿੱਚ ਤਾਂ ਉਹ ਸ਼ੁਰੂਆਤ ਸੀ।  ਬੇਸ਼ੱਕ, ਉਨ੍ਹਾਂ ਦਾ ਕਹਿਣਾ ਸੀ ਕਿ ਸਭ ਕੁੱਝ ਠੀਕ ਸੀ, ਯਾਨੀ ਉਹ ਖ਼ਾਲੀ ਸੀ। ਪਰ ਫਿਰ ਵੀ… ਉਹ ਕਹਿੰਦੇ ਸਨ ਕਿ ਇਹ ਇਸ ਮੁੰਡੇ ਦੀ ਗ਼ਲਤੀ ਸੀ। ਪਰ  ਵਿਚਾਰਾ ਜੇਮਜ਼ ਬਹੁਤ ਘਬਰਾ ਗਿਆ ਸੀ, ਪਰਮਾਤਮਾ ਉਸ ਤੇ ਰਹਿਮ ਕਰੇ!”
ਕੀ ਏਨੀ ਗੱਲ  ਸੀ?” ਮੇਰੀ ਆਂਟੀ ਨੇ ਕਿਹਾ। “ ਮੈਂ ਤਾਂ ਕੁੱਝ ਹੋਰ ਸੁਣਿਆ ਸੀ ….
ਅਲੀਜ਼ਾ ਨੇ ਸਿਰ ਹਿਲਾ ਕੇ ਹੁੰਗਾਰਾ ਭਰਿਆ।
ਇਸ ਗੱਲ ਨੇ ਉਸ ਦੇ ਜ਼ਿਹਨ ‘ਤੇ ਬੁਰਾ  ਅਸਰ ਕੀਤਾ ਸੀ,” ਉਸ ਨੇ ਆਖਿਆ। “ਇਸ ਦੇ ਬਾਅਦ ਉਹ ਆਪਣੇ ਆਪ ਵਿੱਚ ਗਰਕ ਹੁੰਦਾ ਚਲਾ ਗਿਆ, ਕਿਸੇ ਨਾਲ਼ ਗੱਲ ਨਾ  ਕਰਦਾ ਅਤੇ ਇਕੱਲਾ ਹੀ ਘੁੰਮਦਾ ਰਹਿੰਦਾ।  ਉਦੋਂ ਇੱਕ ਰਾਤ ਜਦੋਂ ਕਿਸੇ ਦੇ ਬੁਲਾਵੇ ‘ਤੇ ਭੇਜਣ ਲਈ ਉਸ ਦੀ  ਲੋੜ ਪਈ ਸੀ ਪਰ ਉਹ ਕਿਤੇ ਨਾ ਮਿਲਿਆ।  ਉਹ ਉਸਨੂੰ ਉੱਪਰ ਹੇਠਾਂ, ਹਰ ਜਗ੍ਹਾ ਢੂੰਡਦੇ ਰਹੇ, ਪਰ ਉਹ ਕਿਤੇ ਨਜ਼ਰ ਨਾ ਆਇਆ।  ਉਦੋਂ ਕਲਰਕ ਨੇ ਮਸ਼ਵਰਾ ਦਿੱਤਾ ਕਿ ਉਸਨੂੰ ਗਿਰਜਾਘਰ ਵਿੱਚ ਢੂੰਡਿਆ ਜਾਵੇ।  ਉਨ੍ਹਾਂ ਨੇ ਚਾਬੀਆਂ ਲਈਆਂ ਅਤੇ ਗਿਰਜਾਘਰ ਦਾ ਦਰਵਾਜ਼ਾ ਖੋਲ੍ਹਿਆ, ਅਤੇ, ਫਾਦਰ ਓ-ਰੂਰਕ, ਉਹ ਕਲਰਕ ਅਤੇ ਇੱਕ ਹੋਰ ਪਾਦਰੀ ਜੋ ਉੱਥੇ ਸਨ ਸ਼ਮਾ ਲੈ ਆਏ ਤਾਂਕਿ ਉਸਨੂੰ ਢੂੰਡਿਆ ਜਾ ਸਕੇ …. ਅਤੇ ਤੁਹਾਡਾ ਕੀ ਖ਼ਿਆਲ ਹੈ ਕਿ ਉਹ ਉੱਥੇ ਸੀ …. . ਉਹ ਹਨੇਰੇ ਵਿੱਚ ਆਪਣੇ ਇਕਬਾਲੀਆ ਕਟਹਿਰੇ ਵਿੱਚ ਬੈਠਾ, ਪੂਰੀ ਤਰ੍ਹਾਂ ਜਾਗਦਾ ਅਤੇ ਆਪਣੀ ਹੀ ਕਿਸੇ ਗੱਲ ‘ਤੇ ਮੰਦ ਮੰਦ ਮੁਸਕਰਾ ਰਿਹਾ?”
ਅਚਾਨਕ ਉਹ ਖ਼ਾਮੋਸ਼ ਹੋ ਗਈ ਜਿਵੇਂ ਕੁਝ ਸੁਣਦੀ ਹੋਵੇ।   ਮੈਂ ਵੀ ਕੰਨ ਲਾਇਆ; ਪਰ ਘਰ ਵਿੱਚ ਮੁਕੰਮਲ ਸੁੰਨ ਛਾਇਆ ਹੋਇਆ ਸੀ …ਕੋਈ ਅਵਾਜ਼ ਨਹੀਂ ਸੀ। ਮੈਂ ਜਾਣਦਾ ਸੀ ਕਿ ਬੁੱਢਾ ਪਾਦਰੀ ਆਪਣੇ ਤਾਬੂਤ ਵਿੱਚ ਸ਼ਾਂਤ ਲਿਟਿਆ ਹੋਇਆ ਸੀ ਜਿਵੇਂ ਕ?ਿ ਅਸੀਂ ਸਭ ਨੇ ਉਸਨੂੰ ਵੇਖਿਆ, ਮਾਣਮੱਤਾ ਅਤੇ ਬੇਖੌਫ਼ ਮੌਤ ਨਾਲ਼ ਪੂਰੀ ਤਰ੍ਹਾਂ ਇੱਕਸੁਰ, ਇੱਕ ਅਕਰਮਕ ਪਿਆਲਾ ਉਸ ਦੇ ਸੀਨੇ ਉੱਤੇ ਧਰਿਆ ਹੋਇਆ ਸੀ।
ਅਲੀਜ਼ਾ ਨੇ ਆਪਣੀ ਗੱਲ ਅੱਗੇ ਤੋਰੀ:
ਪੂਰੀ ਤਰ੍ਹਾਂ ਜਾਗਦਾ ਅਤੇ ਆਪਣੀ ਹੀ ਕਿਸੇ ਗੱਲ ‘ਤੇ ਮੰਦ ਮੰਦ ਮੁਸਕਰਾ ਰਿਹਾ … ਜਦੋਂ ਉਨ੍ਹਾਂ ਨੇ ਉਸਨੂੰ ਇਸ ਹਾਲ ਵਿੱਚ ਵੇਖਿਆ ਤਾਂ ਉਨ੍ਹਾਂ ਨੂੰ ਸਮਝ ਆ ਗਿਆ, ਉਸ ਦੇ ਨਾਲ ਜ਼ਰੂਰ ਕੁੱਝ ਬੁਰਾ ਵਾਪਰਿਆ ਸੀ।