January 17, 2025

ਫ਼ਾਰਸੀ ਕਹਾਣੀ : ਬੁੱਢੀ ਔਰਤ ਅਤੇ ਉਸ ਦਾ ਸੁਨਹਿਰੀ ਚੂਚਾ

ਲੇਖਕ : ਸਮਦ ਬਹਰੰਗੀ
ਅਨੁਵਾਦ : ਚਰਨ ਗਿੱਲ

ਇੱਕ ਬੁੱਢੀ ਔਰਤ ਸੀ ਜਿਸ ਦਾ ਦੁਨੀਆ ਵਿਚ ਕੋਈ ਨਹੀਂ ਸੀ। ਪਰ ਹਾਂ, ਉਸ ਦਾ ਇੱਕ ਸੁਨਹਿਰੀ ਚੂਚਾ ਸੀ। ਉਸ ਚੂਚਾ ਵੀ ਉਸ ਨੂੰ ਇੱਕ ਦਿਨ ਸੁਫ਼ਨੇ ਵਿੱਚ ਮਿਲਿਆ ਸੀ। ਬੁੱਢੀ ਬੱਟਣਾ ਬਣਾਉਂਦੀ ਸੀ ਅਤੇ ਇਸ਼ਨਾਨ ਘਰਾਂ ਦੇ ਕੋਲ ਲੈ ਜਾ ਕੇ ਵੇਚਦੀ। ਬੁੱਢੀ ਦਾ ਸੁਨਹਿਰੀ ਚੂਚਾ ਵੀ ਉਸ ਦੀ ਝੌਂਪੜੀ ਅਤੇ ਵਿਹੜੇ ਵਿੱਚ ਕੀੜਿਆਂ ਮਕੌੜਿਆਂ ਅਤੇ ਮੱਕੜੀਆਂ ਦੇ ਪਿੱਛੇ ਫਿਰਦਾ ਰਹਿੰਦਾ। ਸੁਨਹਿਰੀ ਚੂਚੇ  ਦੀ ਮੌਜੂਦਗੀ  ਵਿੱਚ ਕੋਈ ਕੀੜਾ ਬੁੱਢੀ ਦੀ ਝੌਂਪੜੀ ਅਤੇ ਵਿਹੜੇ ਵਿੱਚ ਕਦਮ ਰੱਖਣ ਦੀ ਜੁਰਅਤ ਨਹੀਂ ਸੀ ਕਰਦਾ। ਇੱਥੋਂ ਤੱਕ ਕਿ ਤੇਜ਼ ਤਰਾਰ ਅਤੇ ਉੱਡਣ ਵਾਲ਼ੇ ਕੀੜੇ ਵੀ ਦੂਰ ਹੀ ਰਹਿੰਦੇ। ਸੁਨਹਿਰੀ ਚੂਚਾ ਕੀੜਿਆਂ ਨੂੰ ਅੱਛਾ ਜਾਂ ਬੁਰਾ ਸਮਝੇ ਬਿਨਾਂ ਚੁੰਝ ਮਾਰਦਾ ਅਤੇ ਬਿਨਾਂ ਕਿਸੇ ਉਚੇਚ ਦੇ ਡਕਾਰ ਜਾਂਦਾ ਸੀ। ਬਸ ਆਵਾਰਾ ਬਿੱਲੀਆਂ ਕਦੇ ਕਦੇ ਆਉਂਦੀਆਂ ਜੋ ਇੱਕ ਬੋਟੀ ਮਾਸ ਦੇ ਲਈ ਇਸ ਜਗ੍ਹਾ ਅਤੇ ਉਸ ਜਗ੍ਹਾ ਝਾਕਦੀਆਂ ਫਿਰਦੀਆਂ ਅਤੇ ਸਭ ਕੁਝ ਬਰਬਾਦ ਕਰ ਦਿੰਦੀਆਂ।

ਬੁੱਢੀ ਦੇ ਵਿਹੜੇ ਵਿੱਚ ਅਖ਼ਰੋਟ ਦਾ ਇੱਕ ਸੰਘਣਾ ਹਰਾ ਭਰਾ ਦਰਖ਼ਤ ਵੀ ਸੀ। ਜਦੋਂ ਅਖ਼ਰੋਟਾਂ ਦੀ ਰੁੱਤ ਆਉਂਦੀ ਤਾਂ ਸੁਨਹਿਰੀ ਚੂ

ਚੇ ਦੀ ਚੜ੍ਹ ਮੱਚਦੀ, ਹਵਾ ਚਲਦੀ, ਅਖ਼ਰੋਟ ਡਿੱ

ਗਦੇ, ਚੂਚਾ ਭੰਨਦਾ ਅਤੇ ਖਾ ਜਾਂਦਾ। ਇੱਕ ਮੱਕੜੀ ਨੇ ਵੀ ਬੁੱਢੀ ਦੇ ਬੁਢਾਪੇ ਤੇ ਇਕੱਲੇਪਣ ਦਾ ਫ਼ਾਇਦਾ ਚੁੱਕ ਕੇ ਰੈਕ ਦੀਆਂ ਸ਼ੈਲਫਾਂ ਵਿੱਚ ਖ਼ਾਲੀ ਡੱਬਿਆਂ ਦੇ ਪਿੱਛੇ ਜਾਲ਼ਾ ਬੁਣ ਲਿਆ ਸੀ ਅਤੇ ਆਂਡੇ ਦੇ ਰੱਖੇ ਸਨ। ਬੁੱਢੀ  ਕਿਸੇ ਜ਼ਮਾਨੇ ਵਿੱਚ ਇਨ੍ਹਾਂ ਡੱਬਿਆਂ ਵਿੱਚ ਤਰ੍ਹਾਂ ਤਰ੍ਹਾਂ ਦੇ ਅਰਕ ਅਤੇ ਪੋਦੀਨੇ ਦਾ ਸਿਰਕੇ ਬਣਾਕੇ ਰੱਖਿਆ ਕਰਦੀ ਸੀ ਤੇ ਉਨ੍ਹਾਂ ਨੂੰ ਵੇਚ ਕੇ ਆਪਣਾ ਪੇਟ ਪਾਲਦੀ ਸੀ। ਬੁੱਢੀ ਹੁਣ ਸਿਰਫ ਬੱਟਣਾ ਬਣਾਉਂਦੀ ਸੀ ਅਤੇ ਰੰਗ ਬਰੰਗੇ ਡੱਬੇ ਹੁਣ ਖ਼ਾਲੀ ਪਏ ਸਨ।
ਮੱਕੜੀ ਦਾ ਦਿਲ ਸੁਨਹਿਰੀ ਚੂ

 

ਚੇ ਦੀ ਹਾਜ਼ਰੀ ਦੇ ਕਾਰਨ ਟਿਕਾ ਵਿੱਚ ਨਹੀਂ ਸੀ। ਉਹ ਹਮੇਸ਼ਾ ਸੋਚਦੀ ਰਹਿੰਦੀ ਕਿ ਆਖ਼ਰ ਇੱਕ ਦਿਨ ਉਸ ਨੂੰ ਸੁਨਹਿਰੀ ਚੂਚੇ ਦਾ ਸ਼ਿਕਾਰ ਬਣਨਾ ਪਏਗਾ। ਖ਼ਾਸ ਤੌਰ ਤੇ ਇਸ ਕਰਕੇ ਵੀ ਕਿ ਕਈ ਵਾਰ ਚੂਚੇ ਨੇ ਉਸਨੂੰ ਸੈਲਫ਼ ਦੇ ਕਿਨਾਰੇ ਵੇਖ ਲਿਆ ਸੀ ਅਤੇ ਉਸਨੂੰ ਧਮਕਾਇਆ ਸੀ ਕਿ ਕਿਸੇ ਨਾ ਕਿਸੇ ਦਿਨ ਉਸਨੂੰ ਆਪਣਾ ਲੁਕਮਾ ਬਣਾਏਗਾ। ਉਹ ਮੱਕੜੀ ਦੇ ਕਈ ਬੱਚਿਆਂ ਨੂੰ ਖਾ ਵੀ ਚੁੱਕਾ ਸੀ ਅਤੇ ਦੂਜਾ ਇਹ ਕਿ ਸੁਨਹਿਰੀ ਚੂਚੇ ਨੇ ਘਰ ਵਿੱਚੋਂ ਭੂਰੀਆਂ ਕੀੜੀਆਂ ਦਾ ਪੂਰਨ ਸਫ਼ਾਇਆ ਕਰ ਦਿੱਤਾ ਸੀ ਜੋ ਬੁੱਢੀ ਔਰਤ ਦੁਆਰਾ ਸ਼ੈਲਫ ‘ਤੇ ਰੱਖੇ ਰੋਟੀ ਦੇ ਟੁਕੜਿਆਂ ਦੀ ਗੰਧ ਕਾਰਨ ਹਮੇਸ਼ਾ ਖ਼ਾਲੀ ਬੋਤਲਾਂ ਦੇ ਪਿੱਛੋਂ ਲੰਘਦੀਆਂ ਸਨ, ਅਤੇ ਮੱਕੜੀ ਨੂੰ ਖ਼ੂਬ ਮਜ਼ੇਦਾਰ ਸ਼ਿਕਾਰ ਮਿਲ਼ ਜਾਇਆ ਕਰਦਾ ਸੀ।

ਇੱਕ ਰਾਤ ਮੱਕੜੀ ਸੁਪਨੇ ਵਿੱਚ ਬੁੱਢੀ ਕੋਲ਼ ਆਈ ਅਤੇ ਉਸ ਨੂੰ ਕਿਹਾ, “ਬੇਚਾਰੀ ਬੁੱਢੀਏ,  ਕੁੱਝ ਜਾਣਦੀ ਵੀ ਹੈਂ ਕਿ ਇਹ ਸੁਨਹਿਰੀ ਚੂਚਾ ਕਿਸ ਤਰ੍ਹਾਂ ਤੇਰਾ ਮਾਲ ਦੌਲਤ ਛਕ ਰਿਹਾ ਹੈ?”
ਬੁੱਢੀ ਨੇ ਕਿਹਾ, “ਮਰ ਪਰੇ, ਮੇਰਾ ਸੁਨਹਿਰੀ ਚੂਚਾ ਏਨਾ ਪਿਆਰਾ ਅਤੇ ਦਿਆਲੂ ਹੈ ਕਿ ਕਦੇ ਇਸ ਤਰ੍ਹਾਂ ਦਾ ਕੰਮ ਕਰ ਹੀ ਨਹੀਂ ਸਕਦਾ।”
ਮੱਕੜੀ ਨੇ ਆਖਿਆ, “ਬਸ ਤੁਹਾਨੂੰ ਪਤਾ ਨਹੀਂ। ਤੁਸੀਂ ਤਾਂ ਕਬੂਤਰ ਦੀ ਤਰ੍ਹਾਂ ਅੱਖਾਂ ਮੀਚ ਰੱਖੀਆਂ ਹਨ ਅਤੇ ਸਾਰੀ ਦੁਨੀਆਂ ਤੋਂ ਬੇਖ਼ਬਰ ਹੋ।”
ਬੁੱਢੀ ਔਰਤ ਬੇਤਾਬ ਹੋ ਕੇ ਬੋਲੀ, “ਤੇਰਾ ਮਤਲਬ ਕੀ ਹੈ, ਠੀਕ ਠੀਕ ਦੱਸ?”
ਮੱਕੜੀ ਨੇ ਜਵਾਬ ਦਿੱਤਾ, “ਦੱਸ ਦਾ ਕੀ ਫ਼ਾਇਦਾ। ਸੁਨਹਿਰੀ ਚੂਚੇ ਦੇ ਨਾਜ਼ ਅਤੇ ਨਖ਼ਰੇ ਨੇ ਤੁਹਾਨੂੰ ਏਨਾ ਅੰਨ੍ਹਾ ਕਰ ਰੱਖਿਆ ਹੈ ਕਿ ਤੁਸੀਂ ਮੇਰੀਆਂ ਗੱਲਾਂ ਦਾ ਯਕੀਨ ਹੀ ਨਹੀਂ ਕਰਨਾ।”
ਬੁੱਢੀ ਨੇ ਵਿਆਕੁਲ ਹੋ ਕੇ ਕਿਹਾ, “ਅਗਰ ਤੇਰੇ ਕੋਲ ਪੱਕਾ ਪ੍ਰਮਾਣ ਹੋਵੇ  ਕਿ ਸੁਨਹਿਰੀ ਚੂਚਾ ਮੇਰਾ ਮਾਲ ਹਰਾਮ ਕਰ ਰਿਹਾ ਹੈ ਅਜਿਹੀ ਸਜ਼ਾ ਦੇਵਾਂਗੀ ਕਿ ਕੀੜੇ ਵੀ ਵੇਖ ਕੇ ਰੋਣ ਲੱਗ ਜਾਣ।”
ਮੱਕੜੀ ਨੇ ਜਦੋਂ ਵੇਖਿਆ ਕਿ ਬੁੱਢੀ ਨੂੰ ਖ਼ੂਬ ਵਡਿਆ ਲਿਆ ਹੈ ਤਾਂ ਕਿਹਾ, “ਤਾਂ ਕੰਨ ਖੋਲ੍ਹ ਕੇ ਸੁਣੋ, ਮੈਂ ਦੱਸਦੀ ਹਾਂ। ਬੇਚਾਰੀ ਬੁੱਢੀਏ, ਤੁਸੀਂ ਤਾਂ ਆਪਣੀ ਜਾਨ ਦੇ ਦੇ ਕੇ ਬੱਟਣਾ ਬਣਾਉਂਦੀ ਹੋ ਅਤੇ ਲੋਕਾਂ ਦੇ ਗ਼ੁਸਲਖ਼ਾਨਿਆਂ ਵਾਸਤੇ ਵੇਚਦੀ ਹੋ ਅਤੇ ਇੱਕ ਲੁਕਮਾ ਰੋਟੀ ਹਾਸਲ ਕਰਦੀ ਹੋ ਤਾਂ ਕਿ ਆਪਣਾ ਪੇਟ ਭਰ ਸਕੋ ਅਤੇ  ਉਹ ਹੰਕਾਰੀ ਅਤੇ ਪੇਟੂ ਚੂਚੇ ਨੂੰ ਉੱਕਾ ਅਹਿਸਾਸ ਨਹੀਂ ਹੈ ਕਿ ਇਨ੍ਹਾਂ ਸਾਰੇ ਅਖ਼ਰੋਟਾਂ ਵਿੱਚੋਂ ਕੁੱਝ ਤੁਹਾਡੇ ਲਈ ਵੀ ਛੱਡ ਦੇਵੇ ਜਿਨ੍ਹਾਂ ਨੂੰ ਵੇਚ ਕੇ ਤੁਸੀਂ ਦੋ ਚਾਰ ਦਿਨ ਆਰਾਮ ਦੀ ਜ਼ਿੰਦਗੀ ਗੁਜ਼ਾਰ ਸਕੋ ਅਤੇ ਦਿਨ ਰਾਤ ਦਾ ਅੱਛਾ ਖਾਣਾ ਖਾ ਸਕੋ। ਹੁਣ ਤਾਂ ਤੁਹਾਨੂੰ ਯਕੀਨ ਆ ਗਿਆ ਕਿ ਸੁਨਹਿਰੀ ਚੂਚਾ ਤੁਹਾਡਾ ਮਾਲ ਹਰਾਮ ਕਰ ਰਿਹਾ ਹੈ।”
ਬੁੱਢੀ ਗੁੱਸੇ ਵਿੱਚ ਤੇਜ਼ੀ ਨਾਲ਼ ਜਾਗ ਪਈ ਅਤੇ ਸੁਨਹਿਰੀ ਚੂਚੇ ਲਈ ਪ੍ਰੋਗਰਾਮ ਬਣਾਇਆ। ਸਵੇਰੇ ਬੱਟਣਾ ਵੇਚਣ ਨਾ ਗਈ। ਆਪਣੀ ਝੌਂਪੜੀ ਵਿੱਚ ਬੈਠੀ ਰਹੀ ਅਤੇ ਸੁਨਹਿਰੀ ਚੂਚੇ ਤੇ ਨਜ਼ਰ ਰੱਖੀ ਜੋ ਬਹੁਤ ਪਹਿਲਾਂ ਉੱਠ ਕੇ ਸੂਰਜ ਚੜ੍ਹਨ ਦਾ ਤਮਾਸ਼ਾ ਵੇਖ ਰਿਹਾ ਸੀ।
ਸੁਨਹਿਰੀ ਚੂਚਾ ਅਖ਼ਰੋਟ ਦੇ ਦਰਖਤ ਦੇ ਹੇਠਾਂ ਆਇਆ ਅਤੇ ਉਸ ਨੂੰ ਬੋਲਿਆ, “ਦੋਸਤਾ, ਇੱਕ ਦੋ ਗਿਰਾ ਦੇ ਤਾਂ ਕਿ ਮੇਰਾ ਨਾਸ਼ਤਾ ਹੋ ਜਾਵੇ।  ਅਖਰੋਟ ਨੇ ਆਪਣੀ ਇੱਕ ਟਾਹਣੀ ਹਿਲਾ ਦਿੱਤੀ।  ਕੁਝ ਪੱਕੇ ਅਖ਼ਰੋਟ ਜ਼ਮੀਨ ਉੱਤੇ ਡਿੱਗ ਪਏ। ਸੁਨਹਿਰੀ ਚੂਚੇ ਨੇ ਚਾਹਿਆ ਕਿ ਅਖ਼ਰੋਟਾਂ ਵੱਲ ਦੌੜ ਕੇ ਜਾਵੇ ਪਰ ਓਧਰੋਂ ਬੁੱਢੀ ਦੀ ਆਵਾਜ ਸੁਣਾਈ ਦਿੱਤੀ। ‘ਏ ਪਿੱਲੇ ਚੂਚੇ ! ਉਨ੍ਹਾਂ ਨੂੰ ਹੱਥ ਨਾ ਲਾਈਂ। ਤੈਨੂੰ ਕੋਈ ਹੱਕ ਨਹੀਂ ਕਿ ਮੇਰੇ ਅਖ਼ਰੋਟਾਂ ਨੂੰ ਭੰਨੇ ਤੇ ਖਾਏਂ।’ ਸੁਨਹਿਰੀ ਚੂਚੇ ਨੇ  ਬੁੱਢੀ  ਵੱਲ ਹੈਰਾਨੀ ਨਾਲ਼ ਵੇਖਿਆ ਅਤੇ ਉਸ ਨੂੰ ਮਹਿਸੂਸ ਹੋਇਆ ਕਿ ਜਿਵੇਂ ਇਹ ਕੋਈ ਹੋਰ ਬੁੱਢੀ ਹੋਵੇ। ਉਹ ਖ਼ੁਸ਼ ਅਤੇ ਦਿਆਲੂ ਅੱਖਾਂ, ਉਹ ਹੱਸਦਾ ਅਤੇ ਚਮਕਦਾ ਚਿਹਰਾ ਤੇ ਉਹ ਫੁੱਲ ਵਰਗਾ ਅਤੇ ਮਿੱਠਾ ਮੂੰਹ ਹੁਣ ਨਜ਼ਰ ਨਾ ਆਇਆ। ਉਹ ਕੁੱਝ ਨਾ ਬੋਲਿਆ। ਖ਼ਾਮੋਸ਼ ਖੜ੍ਹਾ ਰਿਹਾ। ਬੁੱਢੀ ਉਸ ਦੇ ਕੋਲ਼ ਆਈ ਅਤੇ ਲੱਤ ਮਾਰ ਕੇ ਉਸਨੂੰ ਦੂਜੇ ਪਾਸੇ ਧੱਕ ਦਿੱਤਾ ਤੇ ਅਖ਼ਰੋਟ ਚੁੱਕ ਕੇ ਆਪਣੀ ਜੇਬ ਵਿੱਚ ਪਾ ਲਏ। ਸੁਨਹਿਰੀ ਚੂਚਾ ਆਖ਼ਰ ਬੋਲਿਆ, “ਅੰਮਾਂ, ਅੱਜ ਤੈਨੂੰ ਕੀ ਹੋ ਗਿਆ? ਲੱਗਦਾ ਹੈ ਕਿ ਤੇਰੇ ਅੰਦਰ  ਸ਼ੈਤਾਨ ਦਾਖ਼ਲ ਹੋ ਗਿਆ ਹੈ।”
ਬੁੱਢੀ ਬੋਲੀ, ਦਫ਼ਾ ਹੋ ਜਾ !…ਬਹੁਤ ਢੀਠ ਹੋ ਗਿਆ ਹੈਂ ਤੂੰ। ਇੱਕ ਵਾਰ ਜਦੋਂ ਮੈਂ ਕਹਿ ਦਿੱਤਾ ਕਿ ਮੇਰੇ ਅਖ਼ਰੋਟਾਂ ਨੂੰ ਖਾਣ ਦਾ ਹੱਕ ਤੈਨੂੰ ਨਹੀਂ ਹੈ। ਮੈਂ  ਇਨ੍ਹਾਂ ਨੂੰ ਵੇਚਾਂਗੀ।”
ਸੁਨਹਿਰੀ ਚੂਚੇ ਨੇ ਆਪਣਾ ਸਿਰ ਨਿਵਾ ਲਿਆ ਅਤੇ ਜਾ ਕੇ ਦਰਖ਼ਤ ਦੇ ਹੇਠਾਂ ਬੈਠ ਗਿਆ। ਬੁੱਢੀ ਔਰਤ ਝੁੱਗੀ ਵਿੱਚ ਚਲੀ ਗਈ। ਥੋੜ੍ਹਾ ਵਕਤ ਬੀਤਿਆ, ਚੂਚਾ ਮੁੜ ਚੱਲ ਫਿਰ ਕੇ ਦਰਖ਼ਤ ਦੇ ਕੋਲ਼ ਜਾ ਕੇ ਬੋਲਿਆ, “ਚੰਗੇ ਦੋਸਤ ਦਰਖ਼ਤ, ਇੱਕ ਦੋ ਹੋਰ ਗਿਰਾ ਦੇ।  ਦੇਖਾਂ ਇਸ ਵਾਰ ਕੀ ਹੁੰਦਾ ਹੈ ਅੱਜ ਤਾਂ ਮੇਰਾ ਸਵੇਰੇ ਦਾ ਨਾਸ਼ਤਾ ਬਿਲਕੁਲ ਜ਼ਹਿਰ ਹੋ ਗਿਆ।”
ਦਰਖ਼ਤ ਨੇ ਆਪਣੀ ਇੱਕ ਦੂਜੀ ਟਹਿਣੀ ਹਿਲਾਈ ਅਤੇ ਕੁਝ ਅਖ਼ਰੋਟ ਜ਼ਮੀਨ ਉੱਤੇ ਡਿੱਗ ਪਏ।  ਚੂਚਾ ਤੇਜ਼ੀ ਨਾਲ਼ ਦੌੜ ਕੇ ਗਿਆ, ਉਨ੍ਹਾਂ ਨੂੰ ਭੰਨਿਆ ਅਤੇ ਖਾ ਗਿਆ। ਬੁੱਢੀ ਦੌੜੀ ਆਈ ਅਤੇ ਚੀਖ਼ੀ, “ਪਿੱਲੇ ਚੂਚੇ, ਹੁਣ ਮੈਂ ਤੈਨੂੰ ਦੱਸਾਂਗੀ ਕਿ ਮੇਰੇ ਅਖ਼ਰੋਟਾਂ ਨੂੰ ਖਾ ਜਾਣ ਦਾ ਕੀ ਮਤਲਬ ਹੁੰਦਾ ਹੈ।”
ਬੁੱਢੀ ਨੇ ਇਹ ਕਿਹਾ ਅਤੇ ਜਾ ਕੇ ਅੰਗੀਠੀ ਬਾਲ਼ੀ।  ਫਿਰ ਆਕੇ ਸੁਨਹਿਰੇ ਚੂਚੇ ਨੂੰ ਫੜਿਆ ਅਤੇ ਇੱਕ ਸਲਾਖ਼ ਨਾਲ਼ ਟੰਗ ਕੇ ਅੰਗੀਠੀ ਉੱਪਰ ਅੱਗ ਦੀਆਂ ਲਾਟਾਂ ਉੱਤੇ ਰੱਖ ਦਿੱਤਾ। ਸੁਨਹਿਰੀ ਚੂਚੇ ਦੀ ਪੂਛ ਝੁਲਸ ਗਈ ਅਤੇ ਜਲ਼ ਗਈ। ਅਖ਼ਰੋਟ ਦਾ ਦਰਖ਼ਤ ਜ਼ੋਰ ਨਾਲ਼ ਹਿੱਲਿਆ ਅਤੇ ਅਖ਼ਰੋਟ ਬੁੱਢੀ ਦੇ ਸਿਰ ਉੱਤੇ ਵੱਜੇ ਤੇ ਉਹ ਜਖ਼ਮੀ ਹੋ ਗਈ। ਬੁੱਢੀ ਨੇ ਚੂਚੇ ਨੂੰ ਛੱਡ ਦਿੱਤਾ ਅਤੇ ਜਦੋਂ ਅਖ਼ਰੋਟ ਚੁਗਣ ਲੱਗੀ ਤਾਂ ਵੇਖਿਆ ਕਿ ਸਭ ਪੱਥਰ ਦੇ ਸਨ। ਉਸ ਨੇ ਇੱਕ ਨਜ਼ਰ ਦਰਖ਼ਤ ਉੱਤੇ ਸੁੱਟੀ ਅਤੇ ਇੱਕ ਚੂਚੇ ਉੱਤੇ ਅਤੇ ਫਿਰ ਆਪਣੇ ਆਪ ਉੱਤੇ ਅਤੇ ਫਿਰ ਝੁੱਗੀ ਵਿੱਚ ਜਾ ਕੇ ਬਹਿ ਗਈ।
ਸੁਨਹਿਰੀ ਚੂਚਾ ਆਪਣਾ ਸਿਰ ਆਪਣੇ ਖੰਭਾਂ ਵਿੱਚ ਦੇ ਕੇ ਵਿਹੜੇ ਦੇ ਕੋਨੇ ਵਿੱਚ ਦੁਬਕਿਆ ਬੈਠਾ ਸੀ। ਕਦੇ ਕਦੇ ਆਪਣਾ ਸਿਰ ਬਾਹਰ ਕੱਢਦਾ ਅਤੇ ਆਪਣੀ ਜਲ਼ੀ ਹੋਈ ਪੂਛ ਵੇਖਦਾ ਅਤੇ ਖੰਭ ਦੀ ਨੋਕ ਨਾਲ਼ ਅੱਖਾਂ ਦੇ ਅੱਥਰੂ ਪੂੰਝਦਾ ਅਤੇ ਫਿਰ ਆਪਣੇ ਅੰਦਰ ਸੁੰਗੜ ਜਾਂਦਾ।  ਬੁੱਢੀ ਦੀ ਨਜ਼ਰ ਆਪਣੇ ਸੁਨਹਿਰੀ ਚੂਚੇ ਤੇ ਸੀ। ਦੁਪਹਿਰ ਦੇ ਕਰੀਬ ਹਵਾ ਜ਼ੋਰ ਨਾਲ਼ ਚੱਲੀ ਅਤੇ ਹਲੂਣ ਕੇ ਬਹੁਤ ਸਾਰੇ ਅਖ਼ਰੋਟ ਗਿਰਾ ਦਿੱਤੇ। ਚੂਚਾ ਆਪਣੀ ਜਗ੍ਹਾ ਤੋਂ ਨਾ ਹਿੱਲਿਆ।  ਫਿਰ ਹਵਾ ਚੱਲੀ ਅਤੇ ਹੋਰ ਅਖ਼ਰੋਟ ਗਿਰਾਏ ਅਤੇ ਸੁਨਹਿਰੀ ਚੂਚਾ ਉਸੇ ਤਰ੍ਹਾਂ ਆਪਣੇ ਖੰਭਾਂ ਵਿੱਚ ਸਿਰ ਦੇ ਕੇ ਪਿਆ ਰਿਹਾ ਅਤੇ ਹਿੱਲਦਾ ਤੱਕ ਨਹੀਂ ਸੀ। ਸ਼ਾਮ ਹੁੰਦੇ ਹੁੰਦੇ ਅਖ਼ਰੋਟਾਂ ਨੇ ਗਿਰ ਗਿਰ ਕੇ ਕੋਈ ਜਗ੍ਹਾ ਖ਼ਾਲੀ ਨਾ ਛੱਡੀ। ਬੁੱਢੀ ਉਸੇ ਤਰ੍ਹਾਂ ਬੈਠੀ ਰਹੀ ਅਤੇ ਸੁਨਹਿਰੀ ਚੂਚੇ ਦੇ ਇਲਾਵਾ ਕੋਈ ਹੋਰ ਚੀਜ਼ ਨਹੀਂ ਵੇਖ ਰਹੀ ਸੀ। ਅਚਾਨਕ ਇੱਕ ਅਵਾਜ਼ ਸੁਣਾਈ ਦਿੱਤੀ ਜੋ ਕਹਿ ਰਹੀ ਸੀ, “ਏ ਬਹਾਦੁਰ ਬੁੱਢੀਏ, ਤੂੰ ਪਿੱਲੇ ਚੂਚੇ ਨੂੰ ਉਸ ਦੀ ਜਗ੍ਹਾ ਬਿਠਾ ਦਿੱਤਾ।  ਹੁਣ ਤੂੰ ਦੇਰ ਕਿਉਂ ਕਰ ਰਹੀ ਹੈ? ਉਠ ਅਤੇ ਆਪਣੇ ਅਖ਼ਰੋਟ ਚੁਗ ਲੈ ਅਤੇ ਵੇਚਣ ਲਈ ਲੈ ਜਾ। ਸੂਰਜ ਡੁੱਬਣ ਵਾਲ਼ਾ ਹੈ ਅਤੇ ਰਾਤ ਪੈਣ ਵਾਲ਼ੀ ਹੈ ਅਤੇ ਤੂੰ ਅਜੇ ਤੱਕ ਰੋਟੀ ਦਾ ਚੂਰਾ ਨਹੀਂ ਲਿਆਂਦਾ।”
ਬੁੱਢੀ ਔਰਤ ਨੇ ਗਰਦਨ ਘੁਮਾ ਕੇ ਵੇਖਿਆ ਕਿ ਇੱਕ ਜ਼ਬਰਦਸਤ ਮੱਕੜੀ ਸ਼ੈਲਫ ਤੋਂ ਹੇਠਾਂ ਰੀਂਗਦੀ ਆ ਰਹੀ ਸੀ। ਆਪਣੇ ਪੈਰ ਦੀ ਇੱਕ ਜੁੱਤੀ ਉਸ ਦੇ ਕੋਲ ਪਈ ਹੋਈ ਸੀ। ਉਸਨੂੰ ਚੁੱਕਿਆ ਅਤੇ ਜ਼ੋਰ ਨਾਲ਼ ਮੱਕੜੀ ਦੇ ਵਗਾਹ ਮਾਰੀ। ਥੋੜ੍ਹੀ ਦੇਰ ਬਾਅਦ ਕੰਧ ‘ਤੇ ਚਿਪਕ ਗਈ ਮੱਕੜੀ ਦੀ ਸਿਰਫ਼ ਸ਼ਕਲ ਵਿਖਾਈ ਦੇ ਰਹੀ ਸੀ। ਇਸ ਵਕਤ ਬੁੱਢੀ ਨੇ ਆਪਣੀ ਚਾਦਰ ਦੇ ਕੋਨੇ ਨਾਲ਼ ਆਪਣੀਆਂ ਅੱਖਾਂ ਦੇ ਅੱਥਰੂ ਪੂੰਝੇ ਅਤੇ ਉੱਠ ਕੇ ਆਪਣੇ ਸੁਨਹਿਰੀ ਚੂਚੇ ਦੇ ਕੋਲ਼ ਗਈ ਅਤੇ ਉਸ ਨੂੰ ਬੋਲੀ, “ਮੇਰੇ ਚੰਗੇ ਅਤੇ ਦਿਆਲੂ ਚੂਚੇ। ਅਖ਼ਰੋਟ ਤੇਰੇ ਪੈਰਾਂ ਥੱਲੇ ਬਿਖਰੇ ਪਏ ਹਨ। ਕੀ ਤੂੰ ਨਹੀਂ ਚਾਹੁੰਦਾ ਕਿ ਉਨ੍ਹਾਂ ਨੂੰ ਭੰਨ ਕੇ ਖਾਏਂ?”
”ਬੁੱਢੀਏ, ਇੰਨੀ ਜਲਦੀ ਤੂੰ ਭੁੱਲ ਗਈ ਹੈਂ ਕਿ ਤੂੰ ਮੇਰੀ ਪੂਛ ਜਲ਼ਾ ਦਿੱਤੀ? ਬੁੱਢੀ ਔਰਤ ਨੇ ਆਪਣੇ ਹੱਥ ਨਾਲ਼ ਆਪਣੇ ਸੁਨਹਿਰੀ ਚੂਚੇ ਨੂੰ ਮੁਹੱਬਤ ਅਤੇ ਰਹਿਮ ਨਾਲ਼ ਪਲੋਸਿਆ ਅਤੇ ਬੋਲੀ, “ਮੇਰੇ ਚੰਗੇ ਅਤੇ  ਦਿਆਲੂ ਚੂਚੇ ਅਖ਼ਰੋਟ ਤੇਰੇ ਕਦਮਾਂ ਵਿੱਚ ਬਿਖਰੇ ਪਏ ਹਨ ਕੀ ਉਨ੍ਹਾਂ ਨੂੰ ਭੰਨ ਕੇ ਨਹੀਂ ਖਾਏਂਗਾ?”
ਸੁਨਹਿਰੀ ਚੂਚੇ ਨੇ ਇਸ ਵਾਰ ਆਪਣੀ ਗਰਦਨ ਉੱਚੀ ਕੀਤੀ ਅਤੇ ਬੁੱਢੀ ਵੱਲ ਵੇਖਿਆ ਕਿ ਉਹੀ ਪੁਰਾਣੀਆਂ ਖ਼ੁਸ਼ ਅਤੇ ਦਿਆਲੂ ਅੱਖਾਂ, ਉਹੀ ਹੱਸਦੀ ਅਤੇ ਮੁਸਕਰਾਉਂਦੀ ਸੂਰਤ ਤੇ ਉਹੀ  ਫੁੱਲ ਵਰਗਾ ਅਤੇ ਮਿੱਠਾ ਮੂੰਹ ਫਿਰ ਪਰਤ ਆਇਆ ਹੈ। ਬੋਲਿਆ, “ਮੈਂ ਕਿਉਂ ਨਹੀਂ ਖਾਵਾਂਗਾ, ਪਿਆਰੀ ਅੰਮਾਂ, ਤੂੰ ਮੇਰੇ ਜ਼ਖ਼ਮਾਂ ‘ਤੇ ਮਲ੍ਹਮ ਵੀ ਲਗਾਏਂਗੀ?”
ਬੁੱਢੀ ਬੋਲੀ : ਕਿਉਂ ਨਹੀਂ ਮੇਰੇ ਪਿਆਰੇ ਅਤੇ ਦਿਆਲੂ ਸੁਨਹਿਰੀ ਚੂਚੇ। ਉਠ ਚੱਲ ਆਪਾਂ ਝੁੱਗੀ ਅੰਦਰ ਚੱਲੀਏ। ਉਸ ਰਾਤ ਬੁੱਢੀ ਅਤੇ ਸੁਨਹਿਰੀ ਚੂਚੇ ਦੇ ਮੇਜ਼ ਉੱਤੇ ਸਿਰਫ਼ ਅਖ਼ਰੋਟ ਦੀਆਂ ਗਿਰੀਆਂ ਸਨ। ਸਵੇਰੇ ਜਦੋਂ ਬੁੱਢੀ ਔਰਤ ਜਾਗੀ ਤਾਂ ਉਸ ਨੇ ਜਿੱਥੇ ਕਿਤੇ ਵੀ ਮੱਕੜੀ ਦਾ ਜਾਲ਼ਾ ਸੀ ਉਸਨੂੰ ਸਾਫ਼ ਕੀਤਾ ਅਤੇ ਝਾੜ ਪੂੰਝ ਕੇ ਬਾਹਰ ਸੁੱਟ ਦਿੱਤਾ।