ਹਵਾ ‘ਚ ਦੁਰਗੰਧ ਘੁਲ ਗਈ ਹੈ, ਜੋ ਹਰ ਥਾਂ ਨਫ਼ਰਤ ਖਿਲਾਰ ਆਈ।
ਚਮਨ ਦੀ ਇੱਜ਼ਤ ਬਚਾਉਣ ਵਾਲੀ, ਚਮਨ ਦੀ ਇੱਜ਼ਤ ਉਤਾਰ ਆਈ।
ਉਦਾਸ ਬੁਲਬੁਲ, ਨਿਰਾਸ਼ ਜੁਗਨੂੰ, ਹੱਤਾਸ਼ ਘੁੱਗੀਆਂ, ਦੁਖੀ ਗੁਟਾਰਾਂ,
ਝੜੇ ਨੇ ਸ਼ਾਖਾਂ ਦੇ ਅਧ ਖਿੜੇ ਫੁੱਲ, ਚਮਨ ‘ਚ ਕੈਸੀ ਬਹਾਰ ਆਈ।
ਜਿਧਰ ਵੀ ਉਠਦੀ ਨਜ਼ਰ ਹੈ ਯਾ ਰਬ! ਲਹੂ ਦਾ ਦਰਿਆ ਦਿਖਾਈ ਦਿੰਦੈ,
ਇਹ ਕੈਸਾ ਮੌਸਮ ਹੈ, ਬੱਦਲਾਂ ‘ਚੋਂ ਸਦਾ ਬਾਰੂਦੀ ਫ਼ੁਹਾਰ ਆਈ।
ਕਿਸੇ ਨੇ ਪਾਈ ਨਾ ਖ਼ੈਰ ਇਸ ਨੂੰ, ਕਿਸੇ ਨਾ ਇਸ ਨੂੰ ਬੇਖ਼ੌਫ਼ ਕੀਤਾ,
ਇਹ ਜ਼ਿੰਦਗੀ ਦਰ ‘ਤੇ ਰਹਿਬਰਾਂ ਦੇ, ਹਜ਼ਾਰ ਦਾਮਨ ਪਸਾਰ ਆਈ।
ਅਜਬ ਜਿਹਾ ਸੇਕ ਹੈ ਫ਼ਜ਼ਾ ਵਿਚ, ਇਹ ਅੱਗ ਭੜਕਣ ਦੀ ਹੈ ਨਿਸ਼ਾਨੀ,
ਇਲਾਹੀ! ਗੁਲਸ਼ਨ ਸੜੇ ਨਾ ਮੇਰਾ, ਮਸਾਂ ਹੈ ਇਸ ‘ਤੇ ਬਹਾਰ ਆਈ।
ਇਹ ਗਰਮ ਮੌਸਮ, ਇਹ ਸਰਦ ਹੌਕੇ, ਇਹ ਭਰੀਆਂ ਅੱਖਾਂ, ਇਹ ਖਾਲੀ ਦਾਮਨ,
ਅਵਾਜ਼ੇ ਕੱਸਦੇ ਨੇ, ਕਹਿ ਰਹੇ ਨੇ, ਕਿ ਰੁੱਤ ਹੈ ਕਿਆ ਖ਼ੁਸ਼ਗਵਾਰ ਆਈ।
ਇਹ ਟੁੱਟੇ ਡਾਹਣੇ, ਪੁਟੀਂਦੇ ਬੂਟੇ, ਸਿਸਕਦੇ ਬੋਟ, ਉੱਜੜੇ ਆਸ਼ੀਆਨੇ,
ਪੁਕਾਰਦੇ ਸਨ, ‘ਬਚਾਓ ਸਾਨੂੰ’, ਕਿਸੇ ਨੂੰ ਗ਼ੈਰਤ ਨਾ ਯਾਰ ਆਈ।
ਇਹ ਠੀਕ ਹੈ, ਬਣ ਗਿਐ ਮੁਹੱਜ਼ਬ, ਇਹ ਬੰਦਾ ਜੰਗਲੀ ਕਹਾਉਣ ਵਾਲਾ,
ਮਗਰ ਮੁਹੱਬਤ ਬਚਾ ਨਾ ਸਕਿਆ, ਨਾ ਇਸ਼ਕ ਦੀ ਇਸ ਨੂੰ ਸਾਰ ਆਈ।
ਨਾ ਕੋਈ ਰਸਤਾ, ਨਾ ਕੋਈ ਮੰਜ਼ਿਲ, ਨਾ ਕੋਈ ਰਹਿਬਰ, ਨਾ ਕੋਈ ਰਾਖਾ,
ਕਿਧਰ ਨੂੰ ਚਲਿਆ ਹੈ ਕਾਫ਼ਿਲਾ ਇਹ, ਕਿਸੇ ਨੂੰ ਇਹ ਨਾ ਵਿਚਾਰ ਆਈ।
ਹਰੇਕ ਮਹਿਫ਼ਿਲ ‘ਚ ਸੋਗ ਕਿਉਂ ਹੈ, ਹਰੇਕ ਘਰ ਵਿਚ ਵਿਲਾਪ ਹੈ ਕਿਉਂ,
ਹੈ ਪਹੁੰਚੀ ਵਹਿਸ਼ਤ ਸਿਖ਼ਰ ‘ਤੇ ਕਾਹਤੋਂ, ਮਨੁਖਤਾ ਕਿਉਂ ਬਾਜ਼ੀ ਹਾਰ ਆਈ।
ਇਹ ਘਰ ਦਾ ‘ਦੀਪਕ’ ਨਾ ਘਰ ਜਲਾਵੇ, ਨਾ ਗ਼ੈਰ ਕਰਦਾ ਰਹੇ ਸ਼ਰਾਰਤ,
ਓ ਦਿਲ ਪ੍ਰਸਤੋ! ਤੁਰੋ ਸੰਭਲ ਕੇ, ਹੈ ਸਿਰ ‘ਤੇ ਆਫ਼ਤ ਹਜ਼ਾਰ ਆਈ।

Read more
ਐੱਸ. ਨਸੀਮ
ਪੰਜਾਬ ਸਿੰਘ
ਹਰਜਿੰਦਰ ਕੰਗ