ਗ਼ਜ਼ਲ : ਬਲਰਾਜ ਧਾਲੀਵਾਲ

ਲਿਸ਼ਕਦਾ ਬਾਜ਼ਾਰ ਹੈ, ਹੁੰਦੀ ਤਿਜਾਰਤ ਆਮ ਹੈ,
ਤਨ, ਜ਼ਮੀਰਾਂ ਅਣਖ ਕੀ, ਹਰ ਚੀਜ਼ ਦਾ ਇੱਕ ਦਾਮ ਹੈ।

ਸੱਚ ਤੇ ਇਖਲਾਕ ਦੀ ਗੱਲ, ਮੈਂ ਸਿਖਾਉਣੀ ਜੱਗ ਨੂੰ,
ਇਉਂ ਕਹੇ ਉਹ ਆਦਮੀ, ਜੋ ਆਪ ਹੀ ਬਦਨਾਮ ਹੈ।

ਦਿਨ ਚੜ੍ਹੇ ਹੀ ਵਿਕ ਗਈ, ਸਰਘੀ ਦੀ ਕੋਰੀ ਰੌਸ਼ਨੀ,
ਦੀਵਿਆਂ ਨੇ ਸੋਚਿਆ, ਹੋਈ ਸੁਭਾਵਿਕ ਸ਼ਾਮ ਹੈ।

ਚੀਜ਼ ਇੱਕੋ ਵੇਚਦੇ ਪਏ, ਦੋ ਵਪਾਰੀ ਬੋਲ ਕੇ,
ਉਹ ਕਹੇ ਅੱਲਾ ਵਿਕਾਊ, ਵੇਚਦਾ ਇਹ ਰਾਮ ਹੈ।

ਕੱਲ੍ਹ ਖਰੀਦੀ ਸੀ ਗ਼ਜ਼ਲ, ਜਿਸ ਨੇ ਭਰੇ ਬਾਜ਼ਾਰ ‘ਚੋਂ,
ਅੱਜ ਕਵੀ ਉਹ ਆਖਦਾ, ਕਿ ਉਸਨੂੰ ਤਾਂ ਇਲਹਾਮ ਹੈ।

ਭਰ ਲਿਆ ਉਸਨੇ ਪਿਆਲੇ, ਵਿੱਚ ਲਹੂ ਇਨਸਾਨ ਦਾ,
ਫਿਰ ਪੁਜਾਰੀ ਨੇ ਕਿਹਾ, ਇਹ ਤਾਂ ਇਲਾਹੀ ਜਾਮ ਹੈ।

ਹੱਕ ਹੈ ਉਸਨੂੰ ਟਿਕਾਵੇ, ਪੈਰ ਮੇਰੀ ਲਾਸ਼ ਤੇ,
ਦੇਸ ਦਾ ਰਹਿਬਰ ਹੈ ਉਹ, ਉਸਦਾ ਜੁ ਵੱਡਾ ਨਾਮ ਹੈ।

ਭੀੜ ਹੈ ਅੰਦਰ ਬੜੀ, ਤੂੰ ਪੱਗ ਬਚਾਈਂ ਆਪਣੀ,
ਫੱਕਰਾਂ ਦਾ ਦਰ ਨਾ ਸਮਝੀਂ, ਮਜ਼੍ਹਬ ਦਾ ਇਹ ਧਾਮ ਹੈ।।