ਲ਼ੋਹੇ ਦੀ ਚਿੱਪਰ
ਲੋਹੇ ਦੀ ਇੱਕ ਚਿੱਪਰ
ਤੇਰੇ ਕੋਲ ਸੀ
ਇੱਕ ਚਿੱਪਰ ਮੇਰੇ ਕੋਲ
ਤੂੰ ਬਣਾ ਲਿਆ ਉਸਦਾ ਹਥਿਆਰ
ਬਣ ਗਿਆ ਮੇਰਾ ਰਾਖਾ
ਰਾਖੇ ਤੋਂ ਰਹਿਬਰ….
ਮੈਂ ਬਣਾ ਲਿਆ ਹਲ ਦਾ ਫਾਲ
ਵਾਹ ਲਈ ਪੈਲੀ
ਬੀਜ ਲਈ ਫ਼ਸਲ
ਤੇਰੇ ਹਥਿਆਰ ਜਿੱਥੇ ਵੀ ਲਿਸ਼ਕੇ
ਜਿੱਥੇ ਵੀ ਚਮਕੇ
ਥਾਂ ਤੇਰੀ ਹੋ ਗਈ
ਮੈਂ ਜਿੱਥੇ ਵੀ ਸਿਆੜ ਕੱਢੇ
ਬੀਜ ਪਾਇਆ
ਹਰਿਆਵਲ ਫੁੱਟ ਪਈ
ਧਰਤੀ ਹਰੀ ਭਰੀ ਹੋ ਗਈ
ਹੁਣ ਤੇਰੇ ਬਰੂਦ ਦੀ ਮੁਸ਼ਕ ਨਾਲ
ਹਥਿਆਰਾਂ ਦੀ ਲਿਸ਼ਕ ਨਾਲ
ਮੱਧਮ ਪੈ ਗਈ ਹੈ ਖੇਤਾਂ ਦੀ ਹਰਿਆਵਲ
ਪੂਣ ਕੱਤਦੀਆਂ ਦੋਧੀਆ ਛੱਲੀਆਂ ‘ਚੋਂ
ਸੁੱਕ ਰਿਹਾ ਹੈ ਰਸ
ਤਾਂ ਮੇਰੇ ਹਲ ਦਾ ਘਸਿਆ ਫਾਲ
ਨਾ ਸੰਦ ਬਣ ਰਿਹਾ ਹੈ
ਨਾ ਢਾਲ ੩੩
ਹੁਣ ਮੈਨੂੰ ਫਿਰ ਤਲਾਸ਼ ਹੈ
ਲੋਹੇ ਦੀ ਚਿੱਪਰ ਦੀ
ਮੈਂ ਹਲ ਦਾ ਫਾਲ ਬਦਲਣਾ ਹੈ
ਦੋਧੀਆ ਛੱਲੀਆਂ ਦੀ ਰਾਖੀ ਲਈ
ਸੰਦ ਘੜਨਾ ਹੈ
ਤੂੰ ਮੇਰਾ ਰਾਖਾ ਨਹੀਂ
ਰਹਿਬਰ ਨਹੀਂ
ਕੋਈ ਹੋਰ ਹੈ
ਅਲੀ ਬਾਬਾ ਦਾ ਚਾਲ੍ਹੀਵਾਂ ਚੋਰ ਹੈਂ…
ਪਿੰਡ
ਅੰਬਰ ਹੁਣ ਵੀ ਪਿੰਡ ਉੱਤੇ
ਤਾਰਿਆਂ ਦਾ ਚੰਦੋਆ ਉਸੇ ਤਰ੍ਹਾਂ ਤਾਣਦਾ ਹੈ
ਪਰ ਤਾਰਿਆਂ ਦੀ ਲੋਅ
ਰੇਹਾਂ ਤੇ ਸਪਰੇਹਾਂ ਦੀ ਹਮਕ ਨੇ
ਪਲੀਤ ਕਰ ਦਿੱਤੀ ਹੈ
ਡੱਬ-ਖੜੱਬੀ ਹੋ ਰਹੀ ਹੈ
ਪਿੰਡ ਦੀ ਸਾਵੀ ਚਾਦਰ
ਤੇ ਬੱਚੇ ਗੂੜੇ ਰੰਗਾਂ ਦੀ ਤਲਾਸ਼ ‘ਚ
ਦਰ-ਬ-ਦਰ ਖਾਕ ਛਾਣ ਰਹੇ ਹਨ ।
ਪਿੰਡ ਹੁਣ ਉਸ ਰਾਜ ਕੁਮਾਰ ਦੀ
ਬਾਤ ਨਹੀਂ ਪਾਉਂਦਾ
ਕਥਾ ਨਹੀਂ ਛੇੜਦਾ
ਜਿਹੜਾ ਹੋਣੀਆਂ ਨਾਲ ਮੱਥਾ ਲਾਉਂਦਾ ਸੀ
‘ਵੱਡੇ’ ਖਿਡਾਰੀਆਂ ਤੇ ਸ਼ਿਕਾਰੀਆਂ ਨੂੰ
ਪੜ੍ਹਨੇ ਪਾਉਂਦਾ ਸੀ
ਪਿੰਡ ਤਾਂ ਬੱਸ ਹੁਣ ਆਲ੍ਹਣਾ ਬਚਾਉਂਦਾ ਹੈ
ਬੋਟਾਂ ਨੂੰ ‘ਸੰਭਲਕੇ’ ਰਹਿਣ ਦੇ
ਗੁਰ ਸਿਖਾਉਂਦਾ ਹੈ ।
ਪਿੰਡ ਹੁਣ ਕਥਾ ‘ਚ ਆਈ
ਉਸ ਚੌਥੀ ਕੂਟ ਵਰਗਾ ਹੈ
ਜਿੱਥੇ ਨਾਇਕ ਨੇ ਕਦਮ ਕਦਮ
ਉਲਝਣਾ ਤੇ ਅਸਤਣਾ ਹੈ
ਪਰ ਪਿੰਡ ਨੇ ਕਥਾ ਨਾਇਕ ਵਾਂਗ
ਫਤਹਿ ਦਾ ਪਰਚਮ
ਕਦੇ ਲਹਿਰਾ ਨਹੀਂ ਸਕਣਾ
ਭੌਂਅ ਭਾਂਡਾ ਗਵਾ ਕੇ ਵੀ
ਕੁਝ ਬਚਾ ਨਹੀਂ ਸਕਣਾ ।
ਪਿੰਡ ਨਮੋਸ਼ੀ ‘ਚ ਮੂੰਹ ਲਕਾਉਂਦਾ ਹੈ
ਸਿਰ ਝੁਕਾ ਕੇ – ਪਾਸਾ ਵੱਟ ਕੇ
ਦਾੜੀ ‘ਚ ਅੱਥਰੂ ਛਪਾਉਂਦਾ ਹੈ
ਹੁਬਕੀ ਹੁਬਕੀ ਰਿਸ ਰਿਹਾ ਹੈ
ਹਿਸ ਰਿਹਾ ਹੈ
ਪਿਸ ਰਿਹਾ ਹੈ
ਨਸ਼ੇੜੀ ਪੁੱਤ ਤੂੜੀ ਦੇ ਕੁੱਪ ‘ਚੋਂ
ਪੁੜੀ ਟੋਲ੍ਹਦਾ-ਭਾਲਦਾ
ਖੁਦ ਗਵਾਚ ਗਿਆ ਹੈ
ਖੇਤ ਤੋਂ ਮੁੜਿਆ ਬਿਹਾਰੀ ਕਾਮਾ
ਪੁਲਿਸ ਦੀ ਪੜਤਾਲ ਬਾਰੇ ਦੱਸਦਾ ਹੈ
ਲੋਕ ਕਥਾ ਦਾ ਡਰਾਉਣਾ ਦੈਂਤ
ਖੋਲ੍ਹ ਕੇ ਪੂਰਾ ਜਬਾੜਾ
ਭਿੜੇ ਹੋਏ ਦਰਾਂ ਦੇ ਬਾਹਰ
ਹੱਸਦਾ ਹੈ ।
ਪਿੰਡ ਦਾ ਮੱਥਾ ਠਣਕਿਆ ਹੈ
ਸਰਘੀ ਵੇਲੇ
ਬਾਣੀ ਪੜਨ ਵਾਲਾ ਭਾਈ
‘ਵਿਹੜੇ’ ਦੇ ਬਾਈਕਾਟ ਦਾ
ਫਤਵਾ ਪੜ੍ਹ ਰਿਹਾ ਹੈ
੩੩੩੩੩੩੩੩
ਸਰਬੱਤ ਦਾ ਭਲਾ ਮੰਗਣ ਵਾਲੇ
ਗੁਰੁ ਘਰ ਦੇ ਅਰਦਾਸੀਏ ਸਿੰਘ ਦੀ ਥਾਂ
ਇਹ ਕਿਸਦੀ ਅਵਾਜ਼ ਆਈ ਹੈ
ਬਾਬੇ ਨਾਨਕ ਦੇ ਦਰਬਾਰ ‘ਚ
ਅੱਜ ਕਿਹੜਾ ਭਾਈ ਹੈ
ਐਨ.ਆਰ.ਆਈ. ਵਲੋਂ ਬਣਾਏ
ਪਿੰਡ ਦੇ ਵੱਡੇ ਗੇਟ ਦੀ ਓਟ ‘ਚ
ਪੂਰਬੀਏ ਪਰਵਾਸੀ ਦੀ ਦੁਕਾਨ ਹੈ
ਵੱਖਰੀ ਜਿਹੀ ਰਹਿਤਲ
ਤੇ ਓਪਰੀ ਜਿਹੀ ਜੁਬਾਨ ਹੈ
ਉਹ ਆਪਣੇ ਭੇਤੀ ਨੁੰ
ਹੌਲੀ ਜਿਹੀ ਦੱਸਦਾ ਹੈ
“ਸਰਦਾਰ ਤੋ ਅਮਰੀਕਾ ਸੇ ਕਬ ਪਰਤੇ
ਬੀਬੀ ਜੀ ਭੀ ਨਹੀਂ ਜਾਨਤੀ
ਪਰ ਮੇਰੀ ਹਰ ਬਾਤ ਮਾਨਤੀ ਹੈ”
ਉਸਦੀਆਂ ਅੱਖਾਂ ‘ਚ
ਤਾਜੇ ਫੁੱਲਾਂ ਦੀ ਆਬ
ਤੇ ਸਾਉਲੇ ਚਿਹਰੇ ‘ਤੇ ਖੇੜਾ ਹੈ
ਹਰੇ ਇਨਕਲਾਬ ਤੋਂ ਬਾਅਦ ਦਾ ਦੌਰ ਹੈ
ਵਿਕਾਸ ਦਾ ਨਵਾਂ ਗੇੜਾ ਹੈ
ਮਾਤਮੀ ਸਫ ਵਾਂਗ ਵਿਛਿਆ ਪਿਆ ਪਿੰਡ
ਸੂਰਜ ਦੀ ਧੁੱਪ ‘ਚ ਧੋਅ ਲੈਂਦਾ ਹੈ
ਆਪਣੀ ਹਾਰ ਦੀ ਨਿਮੋਸ਼ੀ
ਚਿੱਤਕਬਰੇ ਟੋਟੇ ਨਾਲ
ਸਾਫ ਕਰ ਲੈਂਦਾ ਹੈ ਆਪਣੀ ਕਾਇਆ
ਪੁਰੇ ਦੀ ਹਵਾ ‘ਚ
ਧੂੜ ਤੇ ਧੁੰਦ ਵਾਂਗ ਉਡਦੀ ਰਹਿੰਦੀ ਹੈ
ਰਸਾਇਣ ਦੀ ਗੰਧ
ਤੇ ਸਵੇਰ ਅਜੇ ਵੀ
‘ਮਰੀਕੀਆਂ ਦੇ ਕਿੱਕਰ ‘ਚ ਫਸੀ
ਕਿਤੇ ਦੂਰ ਫੜਫੜਾ ਰਹੀ ਹੈ

Read more
ਬਲਵਿੰਦਰ ਸੰਧੂ
ਹਰਮੀਤ ਵਿਦਿਆਰਥੀ
ਅਮਰਜੀਤ ਕੌਂਕੇ