January 19, 2026

ਕਵਿਤਾਵਾਂ : ਅੰਜਨਾ ਮੈਨਨ

ਪੂਰਨਮਾਸ਼ੀ

ਗੰਗਾ ਤੱਟ ਖੜ੍ਹੀ
ਮੈਂ ਲੰਬੀ ਉਡੀਕ ਤੋਂ ਬਾਅਦ,
ਬੇਆਸ, ਹੰਝੂ ਵਹਾਉਦਿਆਂ
ਫੈਸਲਾ ਲਿਆ ਕਿ
ਅੱਜ ਯਾਦਾਂ ਦੇ ਇਸ
ਪ੍ਰੀਤ ਚਿਹਰੇ ਨੂੰ
ਕਰ ਹੀ ਦਿਆਂ ਜਲ-ਪ੍ਰਵਾਹ
ਤਾਂ ਸ਼ਾਇਦ
ਸੁਰਖੁਰੂ ਹੋ ਜਾਵਾਂ

ਕਲ-ਕਲ ਵਗਦੀ ਪਵਿੱਤਰ ਨਦੀ ‘ਚੋਂ
ਬੁੱਕ ਭਰ
ਅਤੀਤ ਦੀਆਂ ਮੁਹੱਬਤੀ ਬੂੰਦਾਂ ਦੇ
ਰੁ-ਬ-ਰੂ ਹੋਈ ਤਾਂ
ਪ੍ਰੇਮ ਮੰਥਨ ਦੇ ਅੰਮ੍ਰਿਤ ਵਿੱਚ
ਇੱਕ ਚਿਹਰਾ
ਥਿਰਕਦੇ, ਝਲਕਾਰ ਮਾਰਦਾ ਤੇ
ਰੂਹ ਠਾਰਦਾ
ਤੇ ਫਿਰ
ਜਲ ਅਰਪਿਤ ਕਰਨ ਲਈ
ਅੱਖਾਂ ਬੰਦ , ਧਿਆਨ ਧਰ, ਮੈਂ
ਹੱਥ ਆਪਣੀ ਹੋਂਦ ਤੋਂ ਕੁਝ ਉੱਪਰ ਉਠਾਏ
ਪਰ….. ਅਚਾਨਕ
ਮੈਂ ਸਾਰਾ ਜਲ ਧਾਰ ਬੰਨ੍ਹ
ਸਿਜਦੇ ‘ਚ
ਆਪਣੇ ਉੱਤੇ ਹੀ ਛਿੜਕ ਲਿਆ
ਜਿਉਂ – ਜਿਉਂ ਇਹ ਅੰਮ੍ਰਿਤ-ਪ੍ਰਵਾਹ
ਸਾਰੇ ਜਿਸਮ ਨੂੰ
ਤਰ ਕਰਦਾ ਗਿਆ
ਤਿਉਂ -ਤਿਉਂ ਧੁਰ ਅੰਦਰ ਤੀਕ
ਅਭਾਸ ਹੋਈ
ਰੂਹ ਦੀ ਤ੍ਰਿਪਤੀ

ਵਿਸਰਜਨ
ਨਹੀਂ !  ਨਹੀਂ
ਇਹ ਤਾਂ ਹੋ ਗਿਆ
ਰੂਹ’ਚ ਰੂਹ ਦਾ ਪ੍ਰਵੇਸ਼
ਜਿਉਂ ਹੀ ਨੇਤਰ ਖੋਲ੍ਹ
ਹਥੇਲੀਆਂ ਵੱਲ ਤੱਕਿਆ
ਤਾਂ …,
ਅੱਖਾਂ ਚੁੰਧਿਆ ਗਈਆਂ
ਦੋਵਾਂ ਹੱਥਾਂ ਨੂੰ ਜੋੜਦੀ
ਇੱਕ ਲਕੀਰ ‘ਚ
ਰੂਹਾਨੀ ਚਮਕ ਦਿਸੀ

ਤੇ ਹੁਣ…
ਸਖੀਆਂ ਮੈਨੂੰ ਆਂਹਦੀਆਂ ਨੇ
ਤੇਰੀਆਂ ਤਲੀਆਂ ਦੀਆਂ
ਲਕੀਰਾਂ ਦਾ ਬਣਦਾ ਚੰਦ
ਬੜਾ ਸੋਹਣਾ ਐ
ਪੂਰਾ ਗੋਲ

ਆਖਿਰ ਕਿਵੇਂ….

ਯਾਦਾਂ ਦੇ ਸ਼ਬਨਮੀ ਮੋਤੀ
ਅਜੇ ਵੀ
ਪਵਿੱਤਰ ਰੂਹਾਂ ਦੇ
ਚਮਕਦੇ ਝਲਕਾਰੇ
ਵਾਂਗ ਮਹਿਸੂਸਦੀ
ਅਪਣੀਆਂ ਅੱਖਾਂ ਦੇ
ਬਲ਼ਦੇ ਅਤ੍ਰਿਪਤੀਆਂ ਦੇ
ਜੰਗਲ ਦੀਆਂ ਲਪਟਾਂ
‘ਚ ਨਿਚੋੜਦੀ ਹਾਂ
ਮੈਂ ਇਸ ਤ੍ਰੌਂਕੇ ਦੀ ਆਮਦ ਤੋਂ
ਕੁਰਬਾਨ ਜਾਂਦੀ ਹਾਂ
ਸਦਕੇ ਵਾਰਦੀ ਹਾਂ
ਭਾਵੇਂ ਪਲ ਭਰ ਦੀ ਬੂੰਦ
ਖੁਦ ਵੀ ਸਹਿਕਦੀ ਹੈ
ਸੂਰਜ ਦੀ ਛੋਹ ਲਈ
ਤੇ .ਉਸੇ ਦੀ ਤਪਸ਼ ਚ…
ਵਿਸਮਣ ਲਈ
ਵਿਗਸਣ ਲਈ
ਮੈਂ ਤੈਨੂੰ ਕਿਵੇਂ ਭੁੱਲ ਜਾਵਾਂ

ਉਡੀਕ

ਆਂਦਰਾਂ ਦਾ ਪਲੇਠਾ ਪਿਆਰ
ਪੂਰਾ ਪੱਕਿਆ
ਰਸ ਭਰਿਆ
ਜ਼ੋਬਨ ਮੱਤਾ
ਆਪਣੀਆਂ ਰੰਗੀਨੀਆਂ ਦਾ ਮਾਲਕ ਬਣ
ਜਦੋਂ ਜੁਦਾ ਹੁੰਦਾ ਏ
ਤਾਂ ਚੂਸ ਲੈਂਦਾ ਹੈ
ਲਹੂ ਦੀ ਆਖਰੀ ਬੂੰਦ ਵੀ
ਤੇ ਉਸਨੂੰ ਮਹਿਸੂਸ ਵੀ ਨਹੀਂ ਹੁੰਦਾ
ਆਂਦਰਾ ਦਾ
ਮੁੱਕਦਾ ਹੋਇਆ ਠਾਰ
ਤੇ ਓਦਰੇਵੇਂ ਦੀਆਂ
ਤਪਦੀਆਂ ਅੱਖਾਂ ਚ
ਆਸ ਦੀਆਂ ਛੱਲਾਂ ਭਰੀ
ਉਡੀਕਾਂ ਚ
ਨਾ ਮੋਇਆਂ ਤੇ
ਨਾ ਹੀ ਜਿਉਂਦਿਆਂ ‘ਚ
ਰਹਿ ਜਾਂਦੀ ਹੈ ਉਸਦੀ