
ਡਰ ਲੱਗਦਾ ਬਾਡਰਾਂ ਤੋਂ
ਹੁਣੇ ਹੀ ਤੋਰਕੇ ਆਈਂ ਆਂ
ਇਕ ਪੁੱਤ ਨੂੰ ਸਰਹੱਦ ਵੱਲ
ਤੇ ਦੂਜੇ ਨੂੰ ਸੰਤੇ ਕਿਆਂ ਦੇ ਮੁੰਡੇ ਨਾਲ।
ਸੁਣਿਆ ਕੋਈ ‘ਲੜਾਈ’ ਆ
ਦਿੱਲੀ ਦੇ ਬਾਡਰ ਤੇ
ਕਹਿੰਦੇ ਕੋਈ ਕਾਲੇ ਕਨੂੰਨ ਰੱਦ ਕਰਾਉਣੇ।
ਕਾਲੀ ਤੇ ਹਨੇਰੀ ਤਾਂ
ਪਹਿਲਾਂ ਹੀ ਜ਼ਿੰਦਗੀ ਸੀ ਮੇਰੀ ਬਥੇਰੀ।
ਖਾ ਗਿਆ ਸੀ ਅਮਲ ਤੇ ਨਸ਼ਾ
ਕਿੰਨੇ ਹੀ ਖੇਤ
ਪਿਉ ਦਾਦੇ ਦੀ ਕਮਾਈ।
ਮੇਰੇ ਸਿਰ ਦਾ ਸਾਂਈਂ
ਕਦੇ ਨਾ ਨਿਭਿਆ
ਸਿਰ ਨਾਲ।
ਨਾ ਨਿਆਣਿਆਂ ਦੀ ਚਿੰਤਾ
ਨਾ ਬੁੱਢੀ ਮਾਂ ਦਾ ਡਰ।
ਧੂਹਦਾਂ ਰਿਹਾ ਘੁਣ -ਖਾਧਾ ਸਰੀਰ
ਲੜਖੜਾਉਂਦੇ ਪੈਰਾਂ ਨਾਲ
ਅਖੀਰ ਚੰਬੜ ਗਿਆ ਮੰਜੇ ਨਾਲ
ਬਣਿਆ ਰਿਹਾ ਭਾਰ।
ਢੋਹ ਢੋਹ ਕੇ ਗੋਹਾ ਕੂੜਾ
ਗਾਂ ਮੱਝ ਦਾ
ਬਣੀ ਰਹੀ ਸਾਂ ਸਦਾ ਕੂੜਾ।
ਕਦੇ ਗਾਲਾਂ ਦੀ ਵਾਛੜ
ਕਦੇ ਲੋੜਾਂ-ਥੁੜਾਂ ਦੀ ਮਾਰ।
ਰੰਗਾਂ ਨੂੰ ਤਾਂ ਬੱਸ ਜਵਾਨੀ ‘ਚ ਤੱਕਿਆ ਸੀ ਕਿਤੇ
ਭੂਸਲੇ ਜਿਹੇ ਲੀੜਿਆਂ ‘ਚ
ਟਪਾ ਲੰਘਾ ਲਈ
ਰੰਗਹੀਣ ਉਮਰ।
ਕਰ ਗਿਆ ਸੀ ਖ਼ੁਦਕਸ਼ੀ
ਮੇਰੇ ਸਿਰ ਦਾ ਸਾਂਈਂ
ਕਿ ਸਿਰ ਦਾ ਭਾਰ?
ਨਹੀਂ ਜਾਣਦੀ, ਨ ਜਾਨਣਾ ਚਾਹੁੰਦੀ।
ਬੱਚਦੀ ਬਚਾਉਂਦੀ ਰਹੀ
ਤਨ ਮਨ ਆਪਣਾ
ਕਾਲਖ਼ਾਂ ਤੋਂ
ਰੱਖੀ ਸਦਾ ਨੀਵੀਂ ਨਜ਼ਰ।
ਕਿਰਸਾਂ ਕਰ ਕਰ
ਲਿੱਬੜੇ ਤਿੱਬੜੇ ਹੱਥਾਂ ਨਾਲ
ਹੱਡਾਂ ਦਾ ਬਾਲਣ ਬਾਲ
ਕੀਤੇ ਸੀ ਪੈਰਾਂ ਸਿਰ
ਆਪਣੇ ਦੋਵੇਂ ਲਾਲ।
ਬਚਾਏ ਸੀ ਦੋ ਸਿਆੜ
ਸ਼ਰੀਕਾਂ ਦੀਆਂ ਲੋਭੀ ਨਜ਼ਰਾਂ ਤੋਂ
ਲੁਕਾ ਲੁਕਾ ਕੇ ਰੱਖਦੀ ਰਹੀ
ਜ਼ਿੰਦਗੀ ਦੀ ਸਾਰੀ ਕਮਾਈ
ਆਪਣੇ ਲਾਲ।
ਬਣੀ ਰਹੀ ਸ਼ੇਰਨੀ
ਸਭ ਦੇ ਤਾਹਨੇ ਮਿਹਣੇ ਸਹਿੰਦੀ
ਕਦੇ ਨਾ ਤ੍ਰਹਿੰਦੀ
ਲੋੜਾਂ ਥੁੜਾਂ ਸਭ ਜਰਦੀ।
ਏਹ ਕੀ ਕੀਤਾ ਤੁਸੀਂ
ਮੇਰੇ ਮੱਥੇ ਦੇ ਲੇਖਾਂ ‘ਚ ਜੋੜ ਕੇ
ਕਾਲੇ ਕਨੂੰਨ।
ਅਜੇ ਹੁਣੇ ਹੀ ਤਾਂ ਤੋਰਕੇ
ਆਈ ਆਂ ਦੋਹਵੇਂ ਆਪਣੇ ਲਾਲ
ਇਕ ਗਿਆ ਲੇਹ ਦੇ ਬਾਡਰ ਤੇ,
ਤੇ ਦੂਜਾ ਸਿੰਘੂ ਤੇ।
ਕਾਹਲੀ ਚ ਬੂਹਾ ਵੀ ਨਹੀਂ ਭੇੜਿਆ
ਘਰ ਦੇ ਹਨੇਰਿਆਂ ਤੋਂ ਡਰਦੀ ਆਂ?
ਨਹੀਂ-ਨਹੀਂ ਬਾਡਰਾਂ ਤੋਂ ਡਰਦੀ ਆਂ
ਬਾਡਰਾਂ ਤੋਂ ਡਰਦੀ ਆਂ ਮੈਂ।
Read more
ਫ਼ੈਜ਼ ਅਹਿਮਦ ਫ਼ੈਜ਼
ਸਾਹਿਰ ਲੁਧਿਆਣਵੀ
ਫ਼ਹਮੀਦਾ ਰਿਆਜ਼