February 6, 2025

ਕਵਿਤਾ : ਨਿਰੰਜਨ

ਬੰਦੇ ਵਿੱਚੋਂ ਬੰਦਾ ਮਨਫੀ!

ਘਰ ਦੇ ਬਾਹਰ, ਦੂਰ ਘਰਾਂ ਤੋਂ
ਦੂਰ ਦੂਰ ਤੱਕ,ਕੋਲ ਕੋਲ ਹੀ
ਵਣ ਤ੍ਰਿਣ ਮੌਲੇ
ਜੀਵ ਜੰਤ ਸਭ ਸਗਲ ਸ੍ਰਿਸ਼ਟੀ
ਵਿਗਸ ਰਹੀ ਹੈ
ਫੁੱਲ ਪੱਤੀਆਂ ‘ਤੇ ਤ੍ਰੇਲ ਦੇ ਮੋਤੀ
ਸੂਰਜ ਕਿਰਨਾਂ ਨੂੰ ਅੰਗ ਲਾਉਂਦੇ
ਮਹਿਕ ਰਹੇ ਨੇ ਟਹਿਕ ਰਹੇ ਨੇ
ਕੂਅ ਕੂਅ ਕਰਦੇ ਨਗ਼ਮੇ ਗਾਉਂਦੇ
ਪੰਖ ਪੰਖੇਰੂ
ਕੋਲ ਜਿਹੇ ਹੀ ਸਹਿਜ ਰੂਪ ਵਿਚ
ਕਲ ਕਲ ਕਰਦੀ ਨੈਂਅ ਪਈ ਵੱਗੇ

ਕੁਦਰਤ ਕਾਦਰ ਭੇਦ ਨਾ ਕਾਈ
ਦਸੇ ਦਿਸ਼ਾਵਾਂ ਸਹਿਜ ਅਵਸਥਾ

ਮਾਰੂਥਲ ਵਿੱਚ ਭਟਕ ਰਿਹਾ ਹੈ
ਪਾਤਾਲਾਂ ਵਿੱਚ ਗ਼ਰਕ ਰਿਹਾ ਹੈ!
ਦੰਭ ਹੰਢਾਉਂਦੇ ਨੇਰ੍ਹਾ ਢੋਂਦੇ
ਬੰਦੇ ਵਿੱਚੋਂ ਬੰਦਾ ਮਨਫ਼ੀ!