February 6, 2025

ਕਵਿਤਾਵਾਂ : ਗਗਨਮੀਤ ਕੌਰ

ਸਫ਼ਰ

ਮੈਨੂੰ
ਚਾਹੀਦਾ ਹੈ
ਇੱਕ ਚੂੰਢੀ
ਅਸਮਾਨ

ਨੀਲੱਤਣ ‘ਚ
ਭਿੱਜ
ਉਤਰਨਾ ਹੈ
ਕੈਨਵਸ ‘ਤੇ

ਬੈਠਣਾ ਹੈ
ਦੋ ਕੁ ਪਲ
ਬੋਧ ਬਿਰਖ ਹੇਠ

ਤੱਕਣੀਆਂ ਕਰੂੰਬਲਾਂ
ਸੁਣਨੀ ਹੈ
ਪੱਤਿਆਂ ਦੀ
ਸਰਸਰਾਹਟ

ਛੁਹਣਾ ਦੁਮੇਲ

ਸੂਰਜ ਦੇ
ਚੜ੍ਹਨ ਤੇ
ਲਹਿਣ ਸੰਗ
ਖੇਡਣੀ ਹੈ
ਲੁਕਣ-ਮੀਟੀ

ਇਹ ਸਫ਼ਰ ਹੈ
ਅੰਤ ਨਹੀਂ

ਮੈਂ
ਨਿਰਵਾਣ ਦੇ
ਤਲਿੱਸਮ ‘ਚ ਗੜੁੱਚ
ਭਿਖੁਣੀ ਨਹੀਂ !

ਚੰਗਾ ਨਹੀਂ ਲੱਗਦਾ

ਬਹੁਤ ਜਲਦੀ
ਸਿਆਣੀਆਂ ਹੋ ਜਾਂਦੀਆਂ ਧੀਆਂ
ਮੇਰੀ ਧੀ ਵੀ
ਵੱਡੀ ਹੋ ਗਈ
ਹੁਣ ਉਹ
ਪੜ੍ਹ ਲੈਂਦੀ ਹੈ ਅੱਖਾਂ
ਸੁਣ ਲੈਂਦੀ ਹੈ
ਚੁੱਪ ਵਿਚਲਾ ਸ਼ੋਰ

ਜਾਣ ਲੈਂਦੀ ਹੈ
ਸ਼ੋਰ ਵਿਚਲੀ ਚੁੱਪ
ਬਿਮਾਰ ਹੋਣ ‘ਤੇ
ਹਮੇਸ਼ਾਂ ਵਾਂਗ
ਪੈਰਾਸੀਟਾਮੋਲ ਨਹੀਂ ਦਿੰਦੀ

ਹੁਣ ਉਹ
ਫਰੋਲਣ ਲੱਗਦੀ ਹੈ
ਮੇਰੇ ਮਨ ਦੀਆਂ ਤੈਹਾਂ
ਤੈਹਾਂ ‘ਚੋਂ ਲੱਭ ਲੈਂਦੀ ਹੈ
ਕੁਝ ਬੋ-ਮਾਰਦੀਆਂ
ਮਰੀਆਂ ਮੱਛੀਆਂ

ਆਪਣੀਆਂ
ਬੋਝਲ ਅੱਖਾਂ ਨਾਲ
ਮੇਰੇ ਸਿਰ ‘ਤੇ ਰੱਖੀ
ਪੰਡ ਤੋਲਦੀ

ਉਹ
ਵੱਡੀ ਹੋ ਗਈ ਹੈ
ਸਿਆਣੀ ਹੋ ਗਈ ਹੈ

ਧੀਆਂ ਦਾ
ਇੰਝ ਵੱਡੇ ਹੋਣਾ
ਸਿਆਣੇ ਹੋਣਾ
ਮੈਨੂੰ
ਚੰਗਾ ਨਹੀਂ ਲੱਗਦਾ !

ਹਾਂ/ਨਹੀਂ

ਮੇਰੇ ‘ਹਾਂ’ ਤੇ ‘ਨਹੀਂ’ ਸ਼ਬਦ
ਰਲਗੱਡ ਹੋ ਗਏ ਹਨ

‘ਹਾਂ’ ਬੋਲਦੇ-ਬੋਲਦੇ
ਮੂੰਹੋਂ ‘ਨਹੀਂ’ ਨਿਕਲ ਜਾਂਦਾ ਹੈ
ਤੇ ‘ਨਹੀਂ’ ਬੋਲਣ ਲੱਗਿਆਂ
‘ਹਾਂ’ ਆਣ ਖਲੋਂਦਾ ਹੈ

ਇਸ ਘੁੰਮਣਘੇਰੀ ‘ਚ ਘੁੰਮਦੀ
ਗੁਥੱਮਗੁੱਥਾ ਹੋਏ ਅਹਿਸਾਸਾਂ ਨੂੰ ਛੁਡਾਉਂਦੀ
ਰਲਗੱਡ ਹੋਏ ਸ਼ਬਦਾਂ ਦੇ
ਅਰਥਾਂ ਨੂੰ ਫੜਨ ਦੀ ਕੋਸ਼ਿਸ਼ ਵਿੱਚ
ਰੋਜ਼ ਫ਼ੱਟੜ ਹੁੰਦੀ

ਆਪਣਾ-ਆਪ ਕਿਰਨ ਤੋਂ ਪਹਿਲਾਂ
‘ਹਾਂ’ ਨੂੰ ‘ਹਾਂ’
ਤੇ ‘ਨਹੀਂ’ ਨੂੰ ‘ਨਹੀਂ’ ਕਹਿਣ ਦਾ
ਹੌਸਲਾ ਜੁਟਾਉਂਦੀ।