
ਚਾਹਤ
ਚਾਹਿਆ ਤਾਂ ਸੀ
ਕਿ ਤੇਰੇ ਚਿਹਰੇ ਉੱਤੇ
ਤਰਦੀਆਂ ਪੀੜਾਂ ਦਾ ਕਿਨਾਰਾ ਬਣਾ
ਤੇ ਸੁੰਨ ‘ਚ ਖੜੇ ਜੰਗਲ ਵਾਂਗ
ਤੇਰੇ ਪਾਣੀਆਂ ਦੀ ਅਵਾਜ਼ ਸੁਣਾਂ
ਤਿਹਾਇਆ ਰੇਤਾ ਜਦ
ਪੀ ਲੈਂਦਾ ਗੰਧਲੀਆਂ ਝੱਗਾਂ ਦਾ ਨਿਤਰਿਆ
ਆਪਾਂ ਡੁੱਬਦੇ ਸੂਰਜ ਦੀ ਬਾਂਹ ਫੜਦੇ
ਸਮੁੰਦਰਾਂ ਨੂੰ ਹੋਣੀ ਦਾ ਸਰਾਪ ਹੁੰਦਾ
ਹਿੱਲਦਾ ਅਸਮਾਨ ਭਟਕਦਾ ਰਹਿੰਦਾ
ਆਪਣੇ ਭਰੇ ਖ਼ਲਾਅ ਨਾਲ ਡੂੰਘੇ ਕਿਤੇ
ਜਿੱਥੇ ਰੌਸ਼ਨੀ ਤੇ ਹਨ੍ਹੇਰਾ ਇੱਕ ਹੋ ਜਾਂਦੇ ਨੇ
ਮੈਂ ਉਸ ਪਾਤਾਲ ਉੱਤੋਂ
ਤੇਰੀ ਖ਼ਾਮੋਸ਼ੀ ਦੇ ਦਸਤਖ਼ਤ ਲੱਭਦਾ
ਚਾਹਿਆ ਤਾਂ ਸੀ
ਕਿ ਮੈਂ ਧਰਤੀਆਂ ਦੇ ਕਲੰਕ ਤੋਂ ਮੁਕਤ ਹੋ ਕੇ
ਤੈਨੂੰ ਨਿਰਾ ਪੁਰਾ ਤੇਰੇ ਵਰਗਾ ਹੋ ਕੇ ਮਿਲਦਾ
ਪਰ! ਮਿੱਟੀ ਲਿੱਬੜੇ ਪੈਰ ਉੱਗ ਹੀ ਪੈਂਦੇ
ਕੋਰੀਆਂ ਠਾਹਰਾਂ ਦੇ ਸਲਾਭੇ ਰੰਗ ਜ਼ੀਰ ਜਾਂਦੇ
ਹੋਣੀ ਦੀ ਤਪੀ ਧੁੱਪ
ਤੁਰਨ ਤੋਂ ਪਹਿਲਾਂ
ਇਹ ਨਹੀਂ ਸੀ ਹੋ ਸਕਦਾ
ਕਿ ਮੈਂ ਖ਼ਿਆਲਾਂ ਦਾ ਸਿਰ ਬੰਨ੍ਹਕੇ
ਰਿਸ਼ਤਿਆਂ ਦੀ ਮੜੀ ਉੱਤੇ
ਠਰਿਆ ਧੂੰਆਂ ਸੇਕਦਾ
ਤੇ ਘੁੰਮਦੇ ਸੁਪਨਿਆਂ ਦੇ ਭੰਵਰ ਵਿਚ
ਚੱਕਰ ਖਾ ਡਿੱਗਦਾ
ਮੈਂ ਸਫ਼ਰਾਂ ਵਿਚ ਰਾਹ ਬੀਜ ਲਏ
ਇਸ ਤੋਂ ਪਹਿਲਾਂ ਕਿ ਮੇਰੀ ਸਮਾਧੀ ਉੱਤੇ
ਚੁੰਝਾਂ ਦੇ ਨਿਸ਼ਾਨ ਹਾਦਸਾ ਬਣਦੇ
ਮੈਂ ਅੱਖਾਂ ਪਿੱਛਲੇ
ਖੌਰੂ ਪਾਉਂਦੇ ਪੰਛੀਆਂ ਨੂੰ ਆਜ਼ਾਦ ਕਰ ਦਿੱਤਾ
ਮੇਰੇ ਕੋਲ਼ੋਂ ਨਹੀਂ ਸੀ ਹੋਣਾ
ਕਿ ਚਿਹਰਿਆਂ ਦੀਆਂ ਤ੍ਰੇੜਾਂ ਵਿਚ
ਸਵੇਰਾਂ ਲੱਭਦਾ
ਰਾਤਾਂ ਨੂੰ ਬੁਝੇ ਤਾਰੇ ਸੇਕਦਾ
ਜਾਂ ਖ਼ਲਾਅ ਨਾਲ ਵੱਜਕੇ
ਆਪਣੀ ਹੀ ਮਿੱਟੀ ਵਿਚ ਉੱਡਦਾ ਰਹਿੰਦਾ
ਮੈਂ ਤਾਂ ਸਿਮਰਤੀਆਂ ਦੀ ਧੁੰਦ ਪਿੱਛੇ
ਖੜੀ ਧੁੱਪ ਦੇ ਸਾਹ ਦਾ
ਖ਼ਲਾਅ ਨੂੰ ਵੱਜਿਆ ਧੱਕਾ ਹਾਂ
ਤੇ ਨਿਰੰਤਰ
ਡਿੱਗ ਰਿਹਾ ਹਾਂ ਉਸ ਧਰਤੀ ਵਲ
ਜਿੱਥੇ ਰੇਤ ਦੀ ਮਾਇਆ ਘੁੰਮਦੇ
ਦਾਇਰਿਆਂ ਦਾ ਸ਼ਹਿਰ ਹੈ
ਨਿੱਖਰੀ ਸ਼ਾਮ
ਬਹੁਤ ਲੰਮੇ ਹੋ ਗਏ ਨੇ
ਢਲਦੇ ਦਿਨ ਦੇ ਚੁੱਪ ਖੜੇ ਉਦਾਸ ਪ੍ਰਛਾਵੇਂ
ਪੱਤਿਆਂ ਉੱਤੇ ਅਸਮਾਨ ਸੇਕਦੀ ਸੰਤਰੀ ਧੁੱਪ
ਧਿਆ ਰਹੀ ਹੈ ਚੇਤਿਆਂ ਵਿਚ
ਤੁਰ ਰਹੇ ਯੋਗੀਆਂ ਦਾ ਤਿਲਸਮੀ ਗੀਤ
ਜਟਾਵਾਂ ਵਾਂਗ ਮਿੱਟੀ ਨਾਲ ਅੱਟੇ
ਬਿਰਧ ਬਿਰਖਾਂ ਦੇ ਸਿਰ
ਨਸ਼ਿਆ ਗਏ ਨੇ
ਤੇਰੇ ਲੋਰ ਦੀ ਢਲਦੀ
ਬਲੌਰੀ ਛਾਂ ਵਿਚ
ਪਰਤ ਰਹੇ ਪੰਛੀਆਂ ਕੋਲ
ਕੁਝ ਵੀ ਨਹੀਂ ਹੈ
ਸਫ਼ਰ ਤੇ ਜੰਗਲ ਤੋਂ ਸਿਵਾ
ਪਾਣੀ ਦੇ ਨਿਸ਼ਬਦ ਚਿਹਰੇ ਉੱਤੇ ਤੁਰ ਰਹੀ ਹੈ
ਦਰਿਆ ਦੇ ਇਕਲਾਪੇ ਦੀ
ਹੂੰਗਦੀ ਕਪਾਹੀ ਧੁੰਦ
ਸਾਂਭ ਰਹੇ ਨੇ ਥੱਕੇ ਕਿਨਾਰੇ
ਵਿਦਾ ਹੋਏ ਪੰਛੀਆਂ ਦੇ
ਡੁੱਬ ਰਹੇ ਪੈਰਾਂ ਦੇ ਨਿਸ਼ਾਨ
ਰੁਕ ਗਿਆ ਹੈ ਡਿਗਦੀਆਂ ਲਹਿਰਾਂ ਉੱਤੇ
ਅਬਰਕੀ ਪਿਆਸ ਦਾ
ਭਿੱਜਿਆ ਹਾਸਾ
ਸੁਣ ਰਿਹਾ ਹੈ
ਕੂਲੇ ਹਨ੍ਹੇਰੇ ਵਿਚ ਅੱਖਾਂ ਮੀਟਦਾ ਘਾਹ
ਹਰੀ ਨੀਂਦ ਦੇ ਪੀਲੇ ਪੰਛੀ ਦੀ
ਤਾਰਾ ਬਣਦੀ ਬਾਤ
ਜਿੱਥੇ ਘੁੰਮ ਰਹੀ ਕੋਸੀ ਹਵਾ
ਸਫ਼ਰ ਦੇ ਕੋਣ ਵਿਚ ਬੱਝਦੀ ਹੈ
Read more
ਫ਼ੈਜ਼ ਅਹਿਮਦ ਫ਼ੈਜ਼
ਸਾਹਿਰ ਲੁਧਿਆਣਵੀ
ਫ਼ਹਮੀਦਾ ਰਿਆਜ਼