January 19, 2026

ਕਵਿਤਾ : ਪ੍ਰਭਜੋਤ ਸੋਹੀ

ਅਧੂਰੇਪਣ ਦੀ ਖ਼ੂਬਸੂਰਤੀ

ਅਧੂਰੇਪਣ ਦੀ ਖ਼ੂਬਸੂਰਤੀ
ਅਧੂਰੀ ਪੇਂਟਿੰਗ ਅਧੂਰੀ ਕਵਿਤਾ
ਜਾਂ ਸਤਰ ਹੀ ਕੋਈ…
ਦਿਲਕਸ਼ ਹੋ ਸਕਦੀ ਹੈ
ਮਹਿਸੂਸ ਕਰ ਸਕਦੇ ਹਾਂ
ਅਸੀਂ ਇਹਦੇ ਅੰਦਰਲਾ
ਜਲੌਅ..ਤੜਪ
ਇਕ ਅਜੀਬ ਜਿਹੀ ਕਸ਼ਿਸ਼
ਜੋ ਤੁਹਾਨੂੰ ਆਪਣੇ ਵੱਲ ਤੱਕਣ
ਅਤੇ ਤੱਕਦੇ ਰਹਿਣ ਲਈ
ਮਜ਼ਬੂਰ ਕਰ ਦੇਂਦੀ…

ਤੁਸੀਂ ਚਾਹ ਕੇ ਵੀ
ਨਜ਼ਰ ਚੁਰਾ ਨਹੀਂ ਸਕਦੇ
ਕਿਧਰੇ ਹੋਰ ਜਾ ਨਹੀਂ ਸਕਦੇ।
ਅਧੂਰੇ ਰਿਸ਼ਤੇ ਵੀ ਹੁੰਦੇ
ਕੁਝ ਇਸੇ ਤਰਾਂ ਦੇ
ਖੂਬਸੂਰਤ ਹੋਣ ਵਾਸਤੇ
ਜ਼ਰੂਰੀ ਨਹੀਂ
ਮੁਕੰਮਲ ਹੋਣਾ।