February 6, 2025

ਕਵਿਤਾਵਾਂ : ਸਵਾਮੀ ਅੰਤਰ ਨੀਰਵ

ਕੈਂਹ ਦੀ ਕੌਲੀ

ਪੜਦੋਹਤੀ ਪੜਪੋਤੇ ਵਾਲੀ
ਆਪਣੀ ਮਾਂ ਦੇ ਦਿੱਤੇ
ਭਾਂਡੇ ਵੰਡਦੀ ਪਈ ਹੈ ਮੇਰੀ ਮਾਂ
ਮੈਨੂੰ ਕੈਂਹ ਦੀ ਕੌਲੀ ਦਿੱਤੀ,  ਆਖੇ
ਕੈਂਹ ਹੀ ਸੁੱਚੀ ਹੁੰਦੀ
ਜਦੋਂ ਰੱਬ ਸੀ ਧਾਤ ਬਣਾਈ
ਬੰਦੇ ਝੋਲੀ ਕੈਂਹ ਸੀ ਪਾਈ
ਬੱਟਿਆਂ ਨਾਲ ਖੇਡਦਾ
ਗਾ?ਰਾਂ ਦੇ ਵਿਚ ਲੁਕਿਆ ਮ੍ਹਾਨੂੰ
ਕੈਂਹ ਦੀ ਪੌੜੀ ਚੜ੍ਹਿਆ
ਕੈਂਹ ਦਾ ਚਾਕੂ
ਕੈਂਹ ਦੀ ਟੱਲੀ
ਕੈਂਹ ਦੀ ਥਾਲੀ ਕੌਲੀ ਬਰਤਨ
ਮਿੱਟੀ ਵਿਚੋਂ ਬੰਦਾ ਉੱਠਿਆ
ਕਾਂਸਾ ਸਜਿਆ
ਕਾਂਸੇ ਦੇ ਵਿਚ
ਪੁਰਖਿਆਂ ਦੀ ਬਰਕਤ ਵੱਸਦੀ
ਰੱਬ ਨੇ
ਬੰਦੇ ਨਾਲ ਠੱਠੇਰਾ ਘੱਲਿਆ
ਨਾਲ ਸੀ ਘੱਲਿਆ ਕਾਂਸਾ
ਹੁਣ ਨਾਹੀਂ ਦਿਸਦਾ ਕਿਤੇ ਠੱਠੇਰਾ
ਬੰਦਾ ਵੀ ਦਿਸਣੋਂ ਹੱਟ ਜਾਵੇਗਾ
ਭੁਲ ਜਾਵੇਗਾ, ਕਿ
ਉਹ ਬੰਦਾ ਸੀ
ਕੈਂਹ ਦੀ ਕੌਲੀ
ਸਾਂਭ ਸਾਂਭ ਲਿਸ਼ਕਦੀ ਰੱਖਣਾ
ਤੇਰੇ ਪੂਰ ਨੂੰ
ਬੰਦਾ ਹੋਣ ਦੀ ਸਨਦ ਹਾਂ ਦਿੰਦੀ।

ਵੰਝਲੀ (ਬੇਟੀ ਨੇਹਾ ਲਈ)

ਮੱਥੇ ਦੇ ਵਿਚ ਦੀਵਾ ਬਲਦਾ
ਦੀਵੇ ਦੇ ਵਿਚ ਵੱਟੀ
ਵੱਟੀ ਦੇ ਵਿਚ ਅੱਗ ਦਾ ਬਿੰਦਲੂ
ਨੱਚੇ ਟਿੰਮਕੇ ਝਿਮਕੇ
ਬਿੰਦੂ ਦੇ ਵਿਚ ਵੰਝਲੀ ਰਹਿੰਦੀ
ਉਠ ਉਠ ਬਹਿੰਦੀ
ਕੁਝ ਕੁਝ ਕਹਿੰਦੀ
ਕੀ ਕੁਝ ਕਹਿੰਦੀ ਸਮਝ ਨਾ ਆਵੇ
ਉਸਦੀ ਬੋਲੀ ਸ਼ਬਦ ਨਹੀਂ ਹੈ
ਅਰਥ ਨਹੀਂ ਹੈ
ਗਿਆਨ ਵੀ ਨਾਂਹ
ਧਿਆਨ ਜਿਹੀ ਹੈ ਲਗਦੀ
ਜਗਦੀ ਮਘਦੀ
ਮੱਥੇ ਵਿਚੋਂ
ਲਹਿੰਦੀ ਲਹਿੰਦੀ ਦਿਲ ਤੱਕ ਆਉਂਦੀ
ਹੂਕ ਵਜਾਉਂਦੀ
ਖੁਲ੍ਹਦੀ ਜਾਂਦੀ
ਘੁਲਦੀ ਜਾਂਦੀ
ਛੁੱਲਦੀ ਜਾਂਦੀ
ਪ੍ਰਕਟ ਹੁੰਦੀ
ਆਪਣੀ ਕੁੱਖ ਚੋਂ
ਲੋਅ ਦੇ ਮੁਖ ਚੋਂ
ਧੀ ਵੰਝਲੀ
ਹਵਾ ਦਾ ਬੁੱਲ੍ਹਾ
ਕਿਰਦੀ ਤਾਨ
ਮਿਸ ਮਿਸਕਾਨ
ਦੁੱਧ ਨੂੰ ਲੱਗੀ ਲੱਗੀ ਸੌਂ ਗਈ
ਧਰਤੀ ਹੋ ਗਈ
ਉਠ ਬੱਚੜੀ ਦੀਏ ਅੰਮੀਏ ਅੜੀਏ
ਧਰਤੀ ਦੀ ਪਰਿਕਰਮਾ ਕਰੀਏ।

ਬਿੰਦਲੂ : ਬਿੰਦੂ
ਝਿਮਕਨਾ : ਡੋਲਨਾ
ਛੁੱਲਦੀ : ਓਵਰਫਲੋ ਹੁੰਦੀ
ਮਿਸ ਮਿਸਕਾਨ : ਹਲਕੀ ਮੁਸਕਾਨ

ਰੰਗ

ਪੀਲਾ
ਸਰੋਂ ਨਾਲ ਇਸ਼ਕ ਕਰਦਾ
ਭੋਗ ਕਰਦਾ
ਸੜ ਕੇ ਸਵਾਹ ਹਾਣਾ ਹੋ ਜਾਂਦਾ
ਚਿੱਟਾ
ਬਰਫ਼ ਵਿਚ ਸੁੱਤਾ ਰਹਿੰਦਾ
ਧੁੱਪ ਲੱਗਣ ਤੇ
ਉਠ ਕੇ ਟੁਰ ਜਾਂਦਾ
ਪਿੱਛੇ ਪਾਣੀ ਬਚਦਾ
ਸ਼ਾਮ ਦੇ ਸੂਰਜ ਤੋਂ
ਸੰਧੂਰੀ ਛਲਕ ਕੇ
ਪੋਸਤ ਦੇ ਫੁੱਲਾਂ ਤੇ ਆ ਡਿੱਗਾ ਹੈ
ਇਹ ਢਲਦੇ ਸੂਰਜ ਦਾ ਨਸ਼ਾ ਹੈ
ਆਸਮਾਨੋਂ
ਦਰਿਆ ਵਿਚ ਸਿਮਦਾ ਨੀਲਾ
ਮੇਰੇ ਤੱਕ ਆਂਉਂਦਾ
ਹਰਾ
ਪੱਤ ਝੜਣ ਤੱਕ
ਪੱਤਰਾਂ ਦਾ ਪਿੱਛਾ ਕਰਦਾ
ਰਾਤ ਅਜੇ ਵੀ ਕਾਲੀ।