
ਯਾਤਰਾ
ਯਾਤਰਾ ‘ਤੇ ਜਾਣ ਵੇਲੇ
ਖ਼ਾਲੀ ਝੋਲੇ ਵਿੱਚ
ਰਾਹਾਂ ਦੇ ਕੁਝ ਸਿਰਨਾਵੇਂ ਸਨ
ਜਗਿਆਸਾ ਪਿਆਸ ਸੀ
ਘਰ ਦਾ ਵਿਯੋਗ ਸੀ
ਮਾਂ, ਭੈਣ ਦੀਆਂ ਅੱਖਾਂ ‘ਚ
ਤਰਲਾ ਸੀ,ਉਡੀਕ ਸੀ
ਰਬਾਬੀ ਦਾ ਸਾਥ ਸੀ
ਪਿਤਾ ਨੂੰ ਧਰਵਾਸ ਸੀ
ਵਾਪਸ ਮੁੜਦਿਆਂ
ਝੋਲੇ ਵਿੱਚ ਅੱਖਰ ਸਨ
ਅੱਖਰਾਂ ਵਿੱਚ ਸੰਗੀਤ ਸੀ
ਮੱਥੇ ‘ਚ ਇਲਾਹੀ ਧੁਨ ਸੀ
ਥੱਕਿਆ ਥੱਕਿਆ ਮੀਤ ਸੀ
ਘਰ ਅਦਬ ‘ਚ ਝੁਕਿਆ ਸੀ
ਮਮਤਾ ਬਰੂਹਾਂ ‘ਚ ਵਿਛੀ ਸੀ
ਸੱਜਰੇ ਕੁਝ ਸਿਰਨਾਵੇਂ
ਬਾਬੇ ਦੇ ਕੋਲ ਸਨ
ਪਿਛਾਂਹ ਪਰਤਣ ਦੇ ਇਰਾਦੇ
ਚੁੱਪ ਦੇ ਬੋਲ ਸਨ
ਥੇਹਾਂ ਦੇ ਨਕਸ਼
ਪਹਿਲਾਂ ਚਿੱਠੀ ਪਾਉਣੀ
ਮਹੀਨਿਆਂ ਬੱਧੀ ਜਵਾਬ ਉਡੀਕਣਾ
ਲਿਖ-ਤੁਮ………….
ਆਗੇ ਮਿਲੇ………………
ਪੜ੍ਹ ਕਰ ਹਾਲ ਮਾਲੂਮ ਹੂਆ…….
ਖ਼ਤ ਦੇ ਸਥਾਈ ਅੰਸ਼ ਹੁੰਦੇ
ਹੁਣ ਇੱਕ ਕਲਿਕ ਨਾਲ
ਪਹੁੰਚ ਜਾਂਦੀ ਚਿੱਠੀ
ਕਲਿਕ ਨਾਲ ਜਵਾਬ ਪਰਤ ਆਉਂਦਾ
ਕਲਿਕ ਜਿੰਨਾ ਹਾਲ ਜਾਣਦੇ
ਇੱਕ ਦੂਜੇ ਦਾ
ਮਨ ਦ੍ਰਵਿਤ ਨਾ ਹੁੰਦਾ
ਚੇਤਿਆਂ ‘ਚ ਕੋਈ ਛਿਣ
ਸਾਂਭਿਆ ਨਾ ਜਾਂਦਾ
ਨਾਨਕੇ ਜਾਣਾ ਪੈਦਲ ਤੁਰ ਕੇ
ਭੂਆ ਕੋਲ ਜਾਣਾ ਸਾਇਕਲ ‘ਤੇ
ਹਫ਼ਤਿਆਂ ਬੱਧੀ ਉਥੇ ਰਹਿਣਾ
ਸਾਰਾ ਵਕਤ ਆਪਣਾ ਹੋਣਾ
ਖੇਡਾਂ,ਬਾਤਾਂ ਨਾਲ ਝੋਲੀਆਂ ਭਰ ਪਰਤਣਾ
ਅਕਸਰ ਕਰਦੇ ਹਾਂ ਅਜਿਹੀਆਂ ਗੱਲਾਂ
ਸ਼ਰਸਾਰ ਹੁੰਦੇ ਹਾਂ
ਸਾਡੇ ਚੇਤਿਆਂ ਦੀ ਅਮੀਰੀ
ਸਾਡੇ ਵੇਲਿਆਂ ਦੇ ਉਤਸਵ
ਸਾਡੇ ਬੱਚੇ
ਕਿਹੜੇ ਚੇਤਿਆਂ ਨੂੰ
ਚੇਤੇ ਕਰਿਆ ਕਰਨਗੇ
ਕਿਹੜੇ ਜਸ਼ਨਾਂ ਦੇ
ਲੁਤਫ਼ ਉਠਾਇਆ ਕਰਨਗੇ
ਅਕਸਰ ਸੋਚਦੇ ਹਾਂ
ਸ਼ੋਚਦੇ ਹਾਂ ਅਤੇ
ਕਵਿਤਾਵਾਂ ਲਿਖਦੇ ਹਾਂ
ਕਵਿਤਾਵਾਂ
ਸਾਡੇ ਅੰਦਰ ਪਏ ਥੇਹਾਂ ਦੇ ਨਕਸ਼
ਧੂਣੀ
ਨਰਾਜ਼ਗੀ ਵਰਗਾ ਵੀ ਕੁਝ ਨਹੀਂ ਸੀ
ਸਾਂਝ ਵਰਗਾ ਵੀ ਨਹੀਂ
ਪਰ ਇੱਕ ਰਿਸ਼ਤਾ ਸੀ
ਰਿਸ਼ਤੇ ਤੋਂ ਬਗੈਰ
ਕਿੰਝ ਪੁੰਗਰ ਸਕਦੀਆਂ ਸਨ ਕਵਿਤਾਵਾਂ
ਧੂਆਂ
ਧੂਣੀ ‘ਚੋਂ ਹੀ ਉੱਠਦਾ ਹੈ।
Read more
ਫ਼ੈਜ਼ ਅਹਿਮਦ ਫ਼ੈਜ਼
ਸਾਹਿਰ ਲੁਧਿਆਣਵੀ
ਫ਼ਹਮੀਦਾ ਰਿਆਜ਼